ਮਨੁੱਖੀ ਅਧਿਕਾਰ ਕਮਿਸ਼ਨ ਪੰਜਾਬ ਵੱਲੋਂ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਕੋਰ ਗਰੁੱਪ ਦੀ ਚੋਣ -ਗੁਰਨਾਮ ਸਿੱਧੂ, ਦਲਜੀਤ ਮਹਾਲਮ, ਨਰਿੰਦਰ ਕੇਸਰ ਸਮੇਤ 13 ਮੈਂਬਰ ਚੁਣੇ ਗਏ

ਮਨੁੱਖੀ ਅਧਿਕਾਰ ਕਮਿਸ਼ਨ ਪੰਜਾਬ ਵੱਲੋਂ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਕੋਰ ਗਰੁੱਪ ਦੀ ਚੋਣ
-ਗੁਰਨਾਮ ਸਿੱਧੂ, ਦਲਜੀਤ ਮਹਾਲਮ, ਨਰਿੰਦਰ ਕੇਸਰ ਸਮੇਤ 13 ਮੈਂਬਰ ਚੁਣੇ ਗਏ
ਫ਼ਿਰੋਜ਼ਪੁਰ, 6 ਮਾਰਚ, 2026: ਮਨੁੱਖੀ ਅਧਿਕਾਰਾਂ ਦੀ ਰੱਖਿਆ ਅਤੇ ਉਨ੍ਹਾਂ ਦੇ ਪ੍ਰਚਾਰ-ਪ੍ਰਸਾਰ ਨੂੰ ਮਜ਼ਬੂਤ ਕਰਨ ਲਈ ਮਨੁੱਖੀ ਅਧਿਕਾਰ ਕਮਿਸ਼ਨ ਪੰਜਾਬ ਰਾਜ ਅਤੇ ਚੰਡੀਗੜ੍ਹ ਵੱਲੋਂ ਜ਼ਿਲ੍ਹਾ ਫ਼ਿਰੋਜ਼ਪੁਰ ਲਈ ਕੋਰ ਗਰੁੱਪ ਦੀ ਚੋਣ ਕੀਤੀ ਗਈ ਹੈ। ਇਸ ਗਰੁੱਪ ਵਿੱਚ ਵੱਖ-ਵੱਖ ਖੇਤਰਾਂ ਨਾਲ ਸੰਬੰਧਿਤ ਸਮਾਜ ਸੇਵੀ, ਕਾਨੂੰਨੀ ਮਾਹਿਰ, ਸਿੱਖਿਆ ਅਤੇ ਜਾਗਰੂਕ ਨਾਗਰਿਕਾਂ ਨੂੰ ਸ਼ਾਮਲ ਕੀਤਾ ਗਿਆ ਹੈ, ਜੋ ਮਨੁੱਖੀ ਅਧਿਕਾਰਾਂ ਦੀ ਸੁਰੱਖਿਆ ਲਈ ਅਹਿਮ ਭੂਮਿਕਾ ਨਿਭਾਉਣਗੇ।
ਚੰਡੀਗੜ੍ਹ ਵਿਖੇ ਮਨੁੱਖੀ ਅਧਿਕਾਰ ਕਮਿਸ਼ਨ ਪੰਜਾਬ ਅਤੇ ਚੰਡੀਗੜ੍ਹ ਵੱਲੋਂ ਰੱਖੇ ਗਏ ਸੰਮੇਲਨ ਵਿੱਚ ਹਾਈਕੋਰਟ ਤੋਂ ਜੱਜ ਹਰਕੇਸ਼ ਮਨੁਜਾ ਅਤੇ ਨਮਿਤ ਕੁਮਾਰ, ਮਨੁੱਖੀ ਅਧਿਕਾਰ ਕਮਿਸ਼ਨ ਦੇ ਚੇਅਰਮੈਨ ਜਸਟਿਸ ਸੰਤ ਪ੍ਰਕਾਸ਼, ਮੈਂਬਰ ਜਸਟਿਸ ਗੁਰਬੀਰ ਸਿੰਘ, ਮੈਂਬਰ ਪਦਮ ਸ੍ਰੀ ਜਤਿੰਦਰ ਸਿੰਘ ਸ਼ੰਟੀ, ਪੰਜਾਬ ਦੇ ਡੀਜੀਪੀ ਗੌਰਵ ਯਾਦਵ, ਚੰਡੀਗੜ੍ਹ ਦੇ ਡੀਜੀਪੀ ਪ੍ਰੀਤ ਸਾਗਰ ਹੁੱਡਾ, ਸਪੈਸ਼ਲ ਡੀਜੀਪੀ ਮਨੁੱਖੀ ਅਧਿਕਾਰ ਨਰੇਸ਼ ਅਰੋੜਾ, ਮਹਿਲਾ ਕਮਿਸ਼ਨ ਚੇਅਰਪਰਸਨ ਰਾਜ ਲਾਲੀ ਗਿੱਲ, ਬੱਚਿਆਂ ਦੀ ਸੁਰੱਖਿਆ ਕਮਿਸ਼ਨ ਤੋਂ ਵਾਈਸ ਚੇਅਰਪ੍ਰਸਨ ਗੁਨੀਤ ਰੁਚੀ ਬਾਵਾ ਆਦਿ ਹਾਜ਼ਰ ਸਨ।
ਜ਼ਿਲ੍ਹਾ ਫਿਰੋਜ਼ਪੁਰ ਦੇ ਕੋਰ ਗਰੁੱਪ ਵਿਚ ਵੱਖ ਵੱਖ ਖੇਤਰਾਂ ਤੋਂ ਮੈਂਬਰ ਚੁਣੇ ਗਏ ਹਨ ਜਿਨ੍ਹਾਂ ਵਿਚ ਸਮਾਜ ਸੇਵੀ ਦਲਜੀਤ ਸਿੰਘ ਮਹਾਲਾਮ, ਨੈਸ਼ਨਲ ਅਤੇ ਸਟੇਟ ਐਵਾਰਡੀ ਗੁਰਨਾਮ ਸਿੱਧੂ, ਨਰਿੰਦਰ ਸਿੰਘ ਕੇਸਰ, ਪ੍ਰਹਲਾਦ ਸੰਗੇਲੀਆ, ਅਮਰਜੀਤ ਕੌਰ ਛਾਬੜਾ, ਸੰਦੀਪ ਕੌਰ ਸਿੱਧੂ, ਚਾਨਣ ਸਿੰਘ ਖਹਿਰਾ, ਸਤਨਾਮ ਸਿੰਘ ਵੱਲੀਆਂ, ਤੋਤਾ ਸਿੰਘ ਲਾਡੀ, ਗੁਰਨੂਰ ਸਿੰਘ ਬਰਾੜ, ਪਰਮਜੀਤ ਸਿੰਘ, ਅਮਨ ਮੌਂਗਾ, ਰੋਹਿਤ ਰਾਜਪੂਤ ਨੂੰ ਚੁਣਿਆ ਗਿਆ ਹੈ। ਕੋਰ ਗਰੁੱਪ ਦਾ ਮੁੱਖ ਉਦੇਸ਼ ਜ਼ਿਲ੍ਹੇ ਵਿੱਚ ਮਨੁੱਖੀ ਅਧਿਕਾਰਾਂ ਸਬੰਧੀ ਮਸਲਿਆਂ ਦੀ ਪਹਿਚਾਣ ਕਰਨਾ, ਪੀੜ੍ਹਤ ਲੋਕਾਂ ਨੂੰ ਸਹਾਇਤਾ ਪ੍ਰਦਾਨ ਕਰਨਾ ਅਤੇ ਸਰਕਾਰ ਤੇ ਕਮਿਸ਼ਨ ਦਰਮਿਆਨ ਸਾਂਝ ਪੈਦਾ ਕਰਨੀ ਹੈ। ਇਹ ਗਰੁੱਪ ਲੋਕਾਂ ਵਿੱਚ ਜਾਗਰੂਕਤਾ ਫੈਲਾਉਣ ਲਈ ਸਮੇਂ-ਸਮੇਂ ਤੇ ਕੈਂਪ, ਸੈਮੀਨਾਰ ਅਤੇ ਜਨ-ਸੁਣਵਾਈਆਂ ਦਾ ਆਯੋਜਨ ਵੀ ਕਰੇਗਾ।
ਚੁਣੇ ਗਏ ਮੈਂਬਰਾਂ ਨੇ ਦੱਸਿਆ ਕਿ ਜ਼ਿਲ੍ਹੇ ਚ ਜਲਦ ਦਫ਼ਤਰ ਸਥਾਪਿਤ ਕੀਤਾ ਜਾ ਰਿਹਾ ਹੈ ਜਿਥੇ ਮਨੁੱਖੀ ਅਧਿਕਾਰ ਕਮਿਸ਼ਨ ਪੰਜਾਬ ਰਾਜ ਅਤੇ ਚੰਡੀਗੜ੍ਹ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਹਰ ਸਮੱਸਿਆ ਦੇ ਹੱਲ ਲਈ ਯਤਨ ਕੀਤੇ ਜਾਣਗੇ।





