ਕਿਸਾਨ ਮਜ਼ਦੂਰ ਜਥੇਬੰਦੀ ਵੱਲੋਂ ਕਿਸਾਨ ਆਗੂਆਂ ਨੂੰ ਗ੍ਰਿਫਤਾਰ ਕਰਨ ਦੀ ਨਿਖੇਧੀ ਕਰਦਿਆਂ ਤੁਰੰਤ ਰਿਹਾਅ ਕਰਨ ਤੇ ਕਿਸਾਨਾਂ ਦੇ ਸਵਾਲਾਂ ਦੇ ਜਵਾਬ ਦੇਣ ਤੋਂ ਭੱਜਣ ਦੀ ਸਖ਼ਤ ਅਲੋਚਨਾ
ਕਿਸਾਨ ਮਜ਼ਦੂਰ ਜਥੇਬੰਦੀ ਵੱਲੋਂ ਕਿਸਾਨ ਆਗੂਆਂ ਨੂੰ ਗ੍ਰਿਫਤਾਰ ਕਰਨ ਦੀ ਨਿਖੇਧੀ ਕਰਦਿਆਂ ਤੁਰੰਤ ਰਿਹਾਅ ਕਰਨ ਤੇ ਕਿਸਾਨਾਂ ਦੇ ਸਵਾਲਾਂ ਦੇ ਜਵਾਬ ਦੇਣ ਤੋਂ ਭੱਜਣ ਦੀ ਸਖ਼ਤ ਅਲੋਚਨਾ

ਫਿਰੋਜ਼ਪੁਰ, 18-1-2026: ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜ਼ਿਲ੍ਹਾ ਫਿਰੋਜ਼ਪੁਰ ਦੇ ਕਿਸਾਨਾਂ ਮਜਦੂਰਾਂ ਵਲੋਂ ਪਿੰਡ ਪੱਧਰੀ ਦੇ ਇਤਹਾਸਿਕ ਗੁਰਦੁਆਰਾ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਅਸਥਾਨਾਂ ਤੇ ਇਕੱਤਰ ਹੋ ਕੇ ਅੱਜ ਹਲਕਾ ਮਜੀਠਾ ਵਿਖੇ ਭਗਵੰਤ ਮਾਨ ਵਲੋਂ ਕੀਤੀ ਜਾ ਰਹੀ ਰੈਲੀ ਵਿੱਚ ਕਿਸਾਨ ਆਗੂਆਂ ਵਲੋਂ ਸ਼ੰਬੂ ਖਨੌਰੀ ਮੋਰਚਿਆਂ ਦੇ ਕੀਤੇ ਜਬਰ ਤੇ ਸਮਾਨ ਦੀ ਭੰਨਤੋੜ ਦੀ ਭਰਪਾਈ , ਬਿਜਲੀ ਸੋਧ ਬਿਲ 2025, ਬੀਜ ਐਕਟ ਅਤੇ ਹੋਰ ਕਿਸਾਨੀ ਮੰਗਾਂ ਤੇ ਵਾਰ ਵਾਰ ਕਿਸਾਨ ਆਗੂਆਂ ਨੂੰ ਮੀਟਿੰਗ ਦਾ ਟਾਇਮ ਦੇ ਕੇ ਮੀਟਿੰਗ ਨਾਂਹ ਕਰਨਾ ਤੇ ਆਪਣੇ ਅਹੁਦੇ ਦੀ ਮਾਣ ਮਰਿਆਦਾ ਨੂੰ ਛਿੱਕੇ ਟੰਗ ਕੇ ਸਵਾਲ ਕਰਨ ਜਾ ਰਹੇ ਕਿਸਾਨ ਆਗੂਆਂ ਨੂੰ ਜਬਰੀ ਰਾਤ ਨੂੰ ਘਰਾਂ ਵਿੱਚ ਚੁੱਕ ਕੇ ਥਾਣਿਆਂ ਵਿੱਚ ਬੰਦ ਕਰਨਾ ਅਤਿ ਹੀ ਮਾੜਾ ਵਰਤਾਰਾ ਹੈ ਤੇ ਸਵਾਲਾਂ ਤੋਂ ਭੱਜਣਾ ਕਾਇਰਾਨਾ ਹਰਕਤ ਹੈ ਤੇ ਲੋਕਤੰਤਰ ਦਾ ਘਾਣ ਹੈ।
ਕਿਸਾਨ ਆਗੂਆਂ ਨੇ ਭਗਵੰਤ ਮਾਨ ਨੂੰ ਚੋਣਾਂ ਵੇਲੇ ਕੀਤੇ ਵਾਅਦਿਆਂ ਨੂੰ ਯਾਦ ਕਰਨ ਤੇ ਕੀਤੇ ਵਾਅਦੇ ਪੂਰੇ ਕਰਨ ਦੀ ਨਸੀਹਤ ਦਿੰਦਿਆ ਕਿਹਾ ਕਿ ਸਮਾਂ ਬਲਵਾਨ ਹੁੰਦਾ ਹੈ ਤੇ ਟਾਇਮ ਆਉਣ ਤੇ ਜੇਕਰ ਲੋਕ ਤਖਤ ਤੇ ਬਿਠਾ ਸਕਦੇ ਹਨ ਤਾਂ ਲਾਹ ਵੀ ਸਕਦੇ ਹਨ, ਇਸ ਤਰ੍ਹਾਂ ਲੋਕਾਂ ਦੀ ਆਵਾਜ਼ ਨੂੰ ਦਬਾਇਆ ਨਹੀਂ ਜਾ ਸਕਦਾ।
ਇਸ ਮੌਕੇ ਸੁਰਜੀਤ ਸਿੰਘ ਫੌਜੀ, ਅਮਨਦੀਪ ਸਿੰਘ ਕੱਚਰਭੰਨ, ਬਲਜਿੰਦਰ ਸਿੰਘ ਤਲਵੰਡੀ ਨਿਪਾਲਾਂ, ਰਣਜੀਤ ਸਿੰਘ ਖੱਚਰ ਵਾਲਾ,ਰਸ਼ਪਾਲ ਸਿੰਘ ਗੱਟਾ, ਬਚਿੱਤਰ ਸਿੰਘ ਦੂਲੇਵਾਲਾ, ਜੋਗਾ ਸਿੰਘ ਵੱਟੂਭੱਟੀ, ਵਰਿੰਦਰ ਸਿੰਘ ਕੱਸੋਆਣਾ, ਆਰ ਕੇ ਜ਼ੀਰਾ, ਅਮਰਜੀਤ ਸਿੰਘ ਸੰਤੂ ਵਾਲਾ, ਸਾਹਿਬ ਸਿੰਘ ਤਲਵੰਡੀ,ਮੱਸਾ ਸਿੰਘ ਆਸਿਫ਼ ਵਾਲਾ, ਸਾਹਿਬ ਸਿੰਘ ਦੀਨੇਕੇ, ਗੁਰਮੁੱਖ ਸਿੰਘ ਕਾਮਲਵਾਲਾ ਆਦਿ ਆਗੂ ਹਾਜਰ ਸਨ।





