ਡਿਪਟੀ ਸੈਕਟਰੀ ਅਤੇ ਪ੍ਰੋਟੈਕਟਰ ਆਫ ਇਮੀਗ੍ਰੈਂਟਸ ਸ਼੍ਰੀ ਯਸ਼ੂਦੀਪ ਸਿੰਘ ਆਈ.ਐਫ.ਐਸ ਨੇ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਫਿਰੋਜ਼ਪੁਰ ਦਾ ਕੀਤਾ ਦੌਰਾ

ਡਿਪਟੀ ਸੈਕਟਰੀ ਅਤੇ ਪ੍ਰੋਟੈਕਟਰ ਆਫ ਇਮੀਗ੍ਰੈਂਟਸ ਸ਼੍ਰੀ ਯਸ਼ੂਦੀਪ ਸਿੰਘ ਆਈ.ਐਫ.ਐਸ ਨੇ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਫਿਰੋਜ਼ਪੁਰ ਦਾ ਕੀਤਾ ਦੌਰਾ
ਫਿਰੋਜ਼ਪੁਰ 14 ਨਵੰਬਰ, 2025″ ਵਿਦੇਸ਼ ਮੰਤਰਾਲਾ, ਭਾਰਤ ਸਰਕਾਰ ਵੱਲੋਂ ਸ਼੍ਰੀ ਯਸ਼ੂਦੀਪ ਸਿੰਘ ਆਈ.ਐਫ.ਐਸ. ਡਿਪਟੀ ਸੈਕਟਰੀ ਅਤੇ ਪ੍ਰੋਟੈਕਟਰ ਆਫ ਇਮੀਗ੍ਰੈਂਟਸ ਚੰਡੀਗੜ੍ਹ ਵੱਲੋਂ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਫਿਰੋਜ਼ਪੁਰ ਵਿਖੇ ਵਿਜ਼ਟ ਕੀਤਾ ਗਿਆ। ਜ਼ਿਲ੍ਹਾ ਪ੍ਰਸ਼ਾਸਨ ਫਿਰੋਜ਼ਪੁਰ ਵੱਲੋਂ ਰਾਜਬੀਰ ਸਿੰਘ ਪੀ.ਸੀ.ਐਸ. (ਯੂ. ਟੀ.) ਵੱਲੋਂ ਉਹਨਾਂ ਦਾ ਸਵਾਗਤ ਕੀਤਾ ਗਿਆ। ਉਹਨਾਂ ਦੇ ਆਉਣ ਦਾ ਮੁੱਖ ਮਕਸਦ ਵਿਦੇਸ਼ ਮੰਤਰਾਲੇ ਦੇ ਫਲੈਗਸ਼ਿਪ ਪ੍ਰੋਗਰਾਮ ਪੀ.ਡਾਟ (ਪ੍ਰੀ ਡਿਪਾਰਚਰ ਓਰੀਐਨਟੇਸ਼ਨ ਟ੍ਰੇਨਿੰਗ) ਲਈ ਜ਼ਿਲ੍ਹਾ ਫਿਰੋਜ਼ਪੁਰ ਵਿਖੇ ਸੈਂਟਰ ਖੋਲ੍ਹਣ ਹਿੱਤ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਫਿਰੋਜ਼ਪੁਰ ਦਾ ਮੁਆਇਨਾ ਕਰਨਾ ਸੀ। ਉਹਨਾਂ ਦੱਸਿਆ ਕਿ ਇਸ ਪ੍ਰੋਗਰਾਮ ਰਾਹੀਂ ਵਿਦੇਸ਼ ਮੰਤਰਾਲੇ ਦੇ ਮੋਟੋ, “ਸੁਰੱਕਸ਼ਿਤ ਜਾਏਂ, ਪ੍ਰਾਸਿਕਸ਼ਿਤ ਜਾਏਂ, ਵਿਸ਼ਵਾਸ ਕੇ ਸਾਥ ਜਾਏਂ” ਦੇ ਤਹਿਤ ਰੋਜ਼ਗਾਰ ਲਈ ਵਿਦੇਸ਼ ਜਾਣ ਵਾਲੇ ਉਮੀਦਵਾਰਾਂ ਨੂੰ 8 ਘੰਟੇ ਦੀ ਮੁਫ਼ਤ ਸਿਖਲਾਈ ਦਿੱਤੀ ਜਾਵੇਗੀ ਜਿਸ ਵਿੱਚ ਕਾਨੂੰਨੀ ਅਤੇ ਗੈਰ ਕਾਨੂੰਨੀ ਏਜੰਟ, ਵਿਦੇਸ਼ ਜਾਣ ਦੇ ਤਰੀਕੇ, ਵਿਦੇਸ਼ ਵਿੱਚ ਰੋਜ਼ਗਾਰ ਲਈ ਜਾਂਦੇ ਸਮੇਂ ਕੀ ਕਰਨ ਅਤੇ ਕੀ ਨਾ ਕਰਨ, ਵਿਦੇਸ਼ ਪਹੁੰਚ ਕੇ ਉੱਥੋਂ ਦੇ ਕਾਨੂੰਨ, ਉਸ ਦੇ ਅਧਿਕਾਰਾਂ ਅਤੇ ਭਲਾਈ ਸਕੀਮਾਂ ਤੋਂ ਜਾਣੂ ਕਰਵਾਉਣ, ਵਿਦੇਸ਼ ਮੰਤਰਾਲੇ ਦੀ ਮੱਦਦ ਲੈਣ ਸਬੰਧੀ ਮਹੱਤਵਪੂਰਨ ਜਾਣਕਾਰੀ ਦਿੱਤੀ ਜਾਵੇਗੀ।
ਇਸ ਟ੍ਰੇਨਿੰਗ ਦਾ ਮਕਸਦ ਜ਼ਿਲ੍ਹੇ ਦੇ ਉਮੀਦਵਾਰਾਂ ਨੂੰ ਵੱਖ-ਵੱਖ ਤਰੀਕੇ ਨਾਲ ਕੀਤੀ ਜਾਂਦੀ ਧੋਖਾਧੜੀ ਤੋਂ ਬਚਾਉਣਾ ਹੈ। ਇਸ ਤੋਂ ਇਲਾਵਾ ਵਿਦੇਸ਼ ਜਾਣ ਦੇ ਸਹੀ ਤਰੀਕੇ, ਏਜੰਟਾਂ, ਕਾਨੂੰਨ ਪ੍ਰਣਾਲੀ ਸਬੰਧੀ ਮਾਰਗਦਰਸ਼ਨ ਕਰਨਾ ਹੈ। ਉਹਨਾਂ ਵੱਲੋਂ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਦੇ ਇਨਫਰਾਸਟਰਕਚਰ ਦੀ ਜਾਂਚ ਕੀਤੀ ਗਈ ਅਤੇ ਕੇਂਦਰ ਖੋਲ੍ਹਣ ਦੀ ਸਹਿਮਤੀ ਦਿੰਦੇ ਹੋਏ , ਜ਼ਿਲ੍ਹਾ ਰੋਜ਼ਗਾਰ ਅਫਸਰ ਨੂੰ ਪੀ.ਡਾਟ ਸੈਂਟਰ ਵਜੋਂ ਗਤੀਵਿਧੀਆਂ ਵਧਾਉਣ ਲਈ ਆਖਿਆ ਗਿਆ। ਰਾਜਬੀਰ ਸਿੰਘ ਪੀ.ਸੀ.ਐਸ. (ਯੂ. ਟੀ.) ਵੱਲੋਂ ਉਹਨਾਂ ਨੂੰ ਭਰੋਸਾ ਦਿਵਾਇਆ ਗਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਭਾਰਤ ਸਰਕਾਰ ਦੇ ਇਸ ਉਪਰਾਲੇ ਤਹਿਤ ਪੂਰਾ ਸਹਿਯੋਗ ਦਿੱਤਾ ਜਾਵੇਗਾ। ਜ਼ਿਲ੍ਹਾ ਰੋਜ਼ਗਾਰ ਅਫਸਰ, ਸ਼੍ਰੀ ਦਿਲਬਾਗ ਸਿੰਘ ਵੱਲੋਂ ਉਹਨਾਂ ਨੂੰ ਭਰੋਸਾ ਦਿੱਤਾ ਗਿਆ ਕਿ ਪੀ.ਡਾਟ ਸੈਂਟਰ ਖੁੱਲਦੇ ਹੀ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵੱਲੋਂ ਗਤੀਵਿਧੀਆਂ ਤੇਜ਼ ਕਰਦੇ ਹੋਏ ਵਿਦੇਸ਼ ਮੰਤਰਾਲੇ ਦੇ ਇਸ ਉਪਰਾਲੇ ਨੂੰ ਪਿੰਡ ਲੈਵਲ ਤੱਕ ਪਹੁੰਚਾਉਣ ਵਿੱਚ ਪੂਰੀ ਤਨਦੇਹੀ ਨਾਲ ਕੰਮ ਕੀਤਾ ਜਾਵੇਗਾ। ਇਸ ਮੌਕੇ ਗੁਰਜੰਟ ਸਿੰਘ ਪਲੇਸਮੈਂਟ ਅਫਸਰ-ਕਮ ਮਾਸਟਰ ਟ੍ਰੇਨਰ, ਸਰਬਜੀਤ ਸਿੰਘ ਜ਼ਿਲ੍ਹਾ ਸਕਿੱਲ ਮੈਨੇਜਰ ਹਾਜ਼ਰ ਸਨ।





