ਹੜਾਂ ਨਾਲ ਹੋਏ ਨੁਕਸਾਨ ਦਾ ਮੁਆਵਜ਼ਾ ਬਿਨਾਂ ਦੇਰੀ ਖਾਤਿਆਂ ਵਿੱਚ ਪਾਵੇ ਸਰਕਾਰ, ਰੇਤਾ ਵੇਚਣ ਦਾ ਹੱਕ ਦਿੱਤਾ ਜਾਵੇ ਕਿਸਾਨਾਂ ਮਜ਼ਦੂਰਾਂ ਨੂੰ – ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ
ਹੜਾਂ ਨਾਲ ਹੋਏ ਨੁਕਸਾਨ ਦਾ ਮੁਆਵਜ਼ਾ ਬਿਨਾਂ ਦੇਰੀ ਖਾਤਿਆਂ ਵਿੱਚ ਪਾਵੇ ਸਰਕਾਰ, ਰੇਤਾ ਵੇਚਣ ਦਾ ਹੱਕ ਦਿੱਤਾ ਜਾਵੇ ਕਿਸਾਨਾਂ ਮਜ਼ਦੂਰਾਂ ਨੂੰ – ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ

ਫਿਰੋਜ਼ਪੁਰ, 31-08-2025: ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜ਼ਿਲ੍ਹਾ ਫਿਰੋਜ਼ਪੁਰ ਦੇ ਕੋਰ ਕਮੇਟੀ ਮੈਂਬਰਾਂ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਇੰਦਰਜੀਤ ਸਿੰਘ ਬਾਠ ਦੀ ਪ੍ਰਧਾਨਗੀ ਹੇਠ ਹਰਫੂਲ ਸਿੰਘ ਦੂਲੇਵਾਲਾ ਦੇ ਗ੍ਰਹਿ ਵਿਖੇ ਹੋਈ ਤੇ ਮੀਟਿੰਗ ਵਿੱਚ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਸਭਰਾ ਨੇ ਬੋਲਦਿਆਂ ਕਿਹਾ ਕਿ ਅੱਜ ਪੰਜਾਬ ਦੀ 75% ਆਬਾਦੀ ਹੜਾਂ ਦੀ ਮਾਰ ਝੱਲ ਰਹੀ ਹੈ ਤੇ ਇਸ ਆਫ਼ਤ ਨਾਲ ਵੱਡੀ ਪੱਧਰ ਤੇ ਜਿਥੇ ਫ਼ਸਲਾਂ ਦੇ ਖਾਤਮੇ ਹੋਣ ਦੇ ਨਾਲ ਲੋਕਾਂ ਦੇ ਪਸ਼ੂ ਤੇ ਹੋਰ ਜਾਨਵਰ ਵੀ ਪਾਣੀ ਦੀ ਲਪੇਟ ਵਿੱਚ ਆ ਗਏ ਹਨ ਤੇ ਉਹਨਾਂ ਦੇ ਜਾਨੀ ਨੁਕਸਾਨ ਵੀ ਹੋ ਗਏ ਹਨ, ਫ਼ਸਲਾਂ ਦਾ ਮੁਆਵਜ਼ਾ ਪ੍ਰਤੀ ਏਕੜ 70 ਹਜ਼ਾਰ, ਪਸ਼ੂਆਂ ਦੇ 1 ਲੱਖ ਤੇ ਪਾਣੀ ਦੀ ਲਪੇਟ ਵਿੱਚ ਆ ਕੇ ਮਰ ਚੁੱਕੇ ਜੀਅ ਦੇ ਪਰਿਵਾਰ ਨੂੰ 10 ਲੱਖ ਮੁਆਵਜ਼ਾ ਤੇ ਨੌਕਰੀ ਦਿੱਤੀ ਜਾਵੇ।
ਕਿਸਾਨ ਆਗੂਆਂ ਗੁਰਮੇਲ ਸਿੰਘ ਫੱਤੇਵਾਲਾ,ਧਰਮ ਸਿੰਘ ਸਿੱਧੂ, ਬਲਜਿੰਦਰ ਸਿੰਘ ਤਲਵੰਡੀ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਵੀ ਪਹਿਲਾਂ ਰਹਿ ਚੁੱਕੀਆਂ ਸਰਕਾਰਾਂ ਵਾਂਗ ਹੀ ਹੁਣ ਤੱਕ ਫੇਲ੍ਹ ਸਾਬਤ ਹੋਈ ਹੈ ਤੇ ਸਿਰਫ਼ ਖਬਰਾਂ ਰਾਹੀਂ ਹੀ ਡੈਮਾਂ ਦੇ ਵਧੀਆ ਪ੍ਰਬੰਧ ਕਰਨ, ਬੰਨ੍ਹਾ ਦੀ ਮੁਰੰਮਤ ਕਰਨ, ਨਵੀਆਂ ਨੋਚਾਂ ਬਣਾਉਣ ਤੇ ਪਾਣੀਆਂ ਦੇ ਰੋਕਥਾਮ ਦੇ ਪ੍ਰਬੰਧਾਂ ਦੇ ਬਿਆਨ ਦੇ ਰਹੀ ਹੈ ਤੇ ਗਰਾਉਂਡ ਲੈਵਲ ਤੇ ਕੋਈ ਵੀ ਕੰਮ ਨਹੀਂ ਕੀਤਾ ਤੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੇ ਪਿਛਲੇ ਹੜਾਂ ਦੌਰਾਨ ਦਿੱਤੇ ਬਿਆਨ ਮੁਰਗੀਆਂ, ਬੱਕਰੀਆਂ ਦੇ ਪੈਸੇ ਦੇਣ ਹਾਸੋਹੀਣੀ ਬਿਆਨਾਂ ਵਾਂਗ ਹੀ ਸਿਰਫ਼ ਹਨ ਤੇ ਅੱਜ ਵੀ ਹੜਾਂ ਵਿੱਚ ਫ਼ਸੇ ਲੋਕਾਂ ਲਈ ਰੈਸਕਿਉ (ਰਾਹਤ) ਦਾ ਕੰਮ ਕਿਸਾਨ ਮਜ਼ਦੂਰ ਜਥੇਬੰਦੀਆਂ,ਸਿੱਖ ਸੰਸਥਾਵਾਂ , ਫੈਡਰੇਸ਼ਨਾਂ, ਪੱਤਰਕਾਰ ਭਾਈਚਾਰਾ ਤੇ ਆਮ ਲੋਕ ਘਰਾਂ ਵਿੱਚੋਂ ਨਿਕਲ ਕੇ ਨੌਜਵਾਨ ਵੱਡੀ ਪੱਧਰ ਤੇ ਪਸ਼ੂਆਂ ਦੇ ਚਾਰੇ, ਦਵਾਈਆਂ ਦਾ ਪ੍ਰਬੰਧ ਕਰ ਰਹੇ ਹਨ ਤੇ ਸਰਕਾਰ ਦੇ ਨੁਮਾਇੰਦੇ ਸਿਰਫ਼ ਫੋਟੋਆਂ ਪਾਉਣ ਤੱਕ ਹੀ ਸੀਮਤ ਹਨ।
ਰਣਜੀਤ ਸਿੰਘ ਖੱਚਰਵਾਲਾ, ਅਮਨਦੀਪ ਸਿੰਘ ਕੱਚਰਭੰਨ, ਸੁਰਜੀਤ ਸਿੰਘ ਫੌਜੀ, ਨਰਿੰਦਰਪਾਲ ਸਿੰਘ ਜਤਾਲਾ ਨੇ ਅੱਗੇ ਕਿਹਾ ਕਿ ਪਾਣੀ ਕਾਰਨ ਜ਼ਮੀਨਾਂ ਬਹੁਤ ਵੱਡੀ ਪੱਧਰ ਖਰਾਬ ਹੋ ਗਈਆ ਹਨ ਤੇ ਜ਼ਮੀਨਾਂ ਵਿਚੋਂ ਰੇਤਾ ਵੇਚਣ ਦਾ ਹੱਕ ਕਿਸਾਨਾਂ, ਮਜ਼ਦੂਰਾਂ ਨੂੰ ਹੀ ਦਿੱਤਾ ਜਾਵੇ ਤੇ ਦਰਿਆਵਾਂ ਵਿਚਲੀਆਂ ਜ਼ਮੀਨਾਂ ਨੂੰ 10 ਏਕੜ ਚੌੜਾਈ ਤੱਕ ਸਰਕਾਰ ਐਕਵਾਇਰ ਕਰਕੇ ਜ਼ਮੀਨਾਂ ਦੇ ਮਾਲਕਾਂ ਨੂੰ ਪੈਸੇ ਦੇਵੇ ਤੇ ਉਸ ਦੇ ਦੋਵੇਂ ਕਿਨਾਰਿਆਂ ਤੇ ਵੱਡੇ ਬੰਨ੍ਹ ਬਣਾ ਕੇ ਨਹਿਰੀ ਰੂਪ ਦਿੱਤਾ ਜਾਵੇ।





