ਬਾਗਬਾਨੀ ਫ਼ਸਲਾਂ ਵਿਚ ਪਨੀਰੀ ਪ੍ਰਬੰਧਨ: ਕਿਸਾਨ ਵੀਰਾਂ ਅਤੇ ਕਿਸਾਨ ਬੀਬੀਆਂ ਲਈ ਲਾਹੇਵੰਦ ਸਹਾਇਕ ਕਿੱਤਾ

ਬਾਗਬਾਨੀ ਫ਼ਸਲਾਂ ਵਿਚ ਪਨੀਰੀ ਪ੍ਰਬੰਧਨ: ਕਿਸਾਨ ਵੀਰਾਂ ਅਤੇ ਕਿਸਾਨ ਬੀਬੀਆਂ ਲਈ ਲਾਹੇਵੰਦ ਸਹਾਇਕ ਕਿੱਤਾ
ਫਿਰੋਜ਼ਪੁਰ 8 ਅਗਸਤ, 2025: ਨਿਰਦੇਸ਼ਕ, ਪਸਾਰ ਸਿੱਖਿਆ, ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਦੇ ਦਿਸ਼ਾ ਨਿਰਦੇਸ਼ਾਂ ਅਤੇ ਡਾ. ਗੁਰਮੇਲ ਸਿੰਘ, ਡਿਪਟੀ ਡਾਇਰੈਕਟਰ (ਟ੍ਰੇਨਿੰਗ), ਕ੍ਰਿਸ਼ੀ ਵਿਗਿਆਨ ਕੇਂਦਰ, ਫਿਰੋਜ਼ਪੁਰ ਦੀ ਰਹਿਨੁਮਾਈ ਹੇਠ ਸਹਾਇਕ ਧੰਦਿਆਂ ਨੂੰ ਉਤਸ਼ਾਹਿਤ ਕਰਨ ਲਈ “ਬਾਗਬਾਨੀ ਫ਼ਸਲਾਂ ਵਿਚ ਪਨੀਰੀ ਪ੍ਰਬੰਧਨ” ਸਬੰਧੀ ਮਿਤੀ 4 ਤੋਂ 8 ਅਗਸਤ 2025 ਪੰਜ ਦਿਨਾਂ ਕਿੱਤਾ ਮੁੱਖੀ ਸਿਖਲਾਈ ਕੋਰਸ ਕਰਵਾਇਆ ਗਿਆ। ਇਸ ਸਿਖਲਾਈ ਪ੍ਰੋਗਰਾਮ ਵਿਚ ਫਿਰੋਜ਼ਪੁਰ ਅਤੇ ਫਰੀਦਕੋਟ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਦੇ 27 ਨੌਜਵਾਨ ਕਿਸਾਨਾਂ ਅਤੇ ਕਿਸਾਨ ਬੀਬੀਆਂ ਦੁਆਰਾ ਭਾਗ ਲਿਆ।
ਸਿਖਲਾਈ ਦੌਰਾਨ ਡਾ ਗੁਰਮੇਲ ਸਿੰਘ, ਡਿਪਟੀ ਡਾਇਰੈਕਟਰ (ਟ੍ਰੇਨਿੰਗ), ਕੇ.ਵੀ.ਕੇ. ਫਿਰੋਜ਼ਪੁਰ ਨੇ ਕਿਸਾਨਾਂ ਨੂੰ ਕ੍ਰਿਸ਼ੀ ਵਿਗਿਆਨ ਕੇਂਦਰ ਦੀਆਂ ਗਤੀਵਿਧੀਆਂ ਅਤੇ ਕਿੱਤਾ ਮੁਖੀ ਸਿਖਲਾਈਆਂ ਬਾਰੇ ਜਾਣੂ ਕਰਵਾਇਆ। ਉਹਨਾਂ ਸਿਖਲਾਈ ਵਿਚ ਭਾਗ ਲੈ ਰਹੇ ਨੌਜਵਾਨ ਕਿਸਾਨ ਵੀਰਾਂ ਅਤੇ ਕਿਸਾਨ ਬੀਬੀਆਂ ਨੂੰ ਸਹਾਇਕ ਧੰਦੇ ਅਪਨਾ ਕੇ ਆਮਦਨ ਵਿਚ ਵਾਧੇ ਲਈ ਪ੍ਰੇਰਿਆ।
ਡਾ. ਬੀ.ਐੱਸ ਸੇਖੋਂ, ਸਹਾਇਕ ਪ੍ਰੋਫੈਸਰ (ਸਬਜ਼ੀ ਵਿਗਿਆਨ) ਨੇ ਸਿਖਿਆਰਥੀਆਂ ਨਾਲ ਬਾਗਬਾਨੀ ਫ਼ਸਲਾਂ ਵਿਚ ਪਨੀਰੀ ਪ੍ਰਬੰਧਨ ਬਾਰੇ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ। ਇਸ ਤੋਂ ਇਲਾਵਾ ਉਨ੍ਹਾਂ ਨੇ ਜਗ੍ਹਾ ਦੀ ਚੋਣ, ਮਿਆਰੀ ਬੀਜ, ਬੀਜਾਂ ਦੀ ਪਹਿਚਾਣ, ਬੀਜ ਸੋਧ ਦੇ ਤਰੀਕੇ, ਬੈੱਡਾਂ ਦੀ ਤਿਆਰੀ, ਬੀਜ ਦੀ ਦਰ, ਅੰਕੁਰਣ ਪ੍ਰਤੀਸ਼ਤਤਾ, ਪ੍ਰਤੀ ਏਕੜ ਲੋੜੀਂਦੇ ਪੌਦਿਆਂ ਦੀ ਗਿਣਤੀ, ਟਰੇਆਂ ਵਿੱਚ ਸਬਜ਼ੀਆਂ ਦੀ ਪਨੀਰੀ ਉਗਾਉਣ ਅਤੇ ਕੀੜਿਆਂ ਅਤੇ ਬਿਮਾਰੀ ਪ੍ਰਬੰਧਨ ਬਾਰੇ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ।
ਸਿਖਲਾਈ ਦੌਰਾਨ ਸਿਖਿਆਰਥੀਆਂ ਨੂੰ ਡਾ. ਜੇ ਸੀ ਬਕਸ਼ੀ ਖੇਤਰੀ ਖੋਜ ਕੇਂਦਰ, ਅਬੋਹਰ ਦਾ ਦੌਰਾ ਵੀ ਕਰਵਾਇਆ ਗਿਆ। ਇਸ ਮੌਕੇ ਖੋਜ ਕੇਂਦਰ ਦੇ ਵਿਗਿਆਨੀ ਡਾ. ਅਨਿਲ ਕੁਮਾਰ ਕਾਮਰਾ ਨੇ “ਖਜੂਰ ਅਤੇ ਜਾਮਣ ਦੀਆਂ ਸਿਫਾਰਸ਼ ਕਿਸਮਾਂ ਅਤੇ ਬੂਟੇ ਤਿਆਰ ਕਰਨ ਦੀਆਂ ਵਿਧੀਆਂ ਬਾਰੇ”, ਡਾ ਸੰਦੀਪ ਰਹੇਜਾ ਨੇ “ਫਲਾਂ ਦੀ ਨਰਸਰੀ ਵਿਚ ਬਿਮਾਰੀ ਅਤੇ ਕੀਟ ਪ੍ਰਬੰਧਨ ਬਾਰੇ “, ਡਾ ਸੁਬਾਸ਼ ਘੋਰੇਲਾ ਨੇ “ਕਿਨੂੰ ਅਤੇ ਅਮਰੂਦ ਦੀਆਂ ਸਿਫਾਰਸ਼ ਕਿਸਮਾਂ ਅਤੇ ਬੂਟੇ ਤਿਆਰ ਕਰਨ ਦੀਆਂ ਵਿਧੀਆਂ ਬਾਰੇ” ਅਤੇ ਡਾ. ਪ੍ਰਕਾਸ਼ ਮਾਹਲਾ ਨੇ “ਸਬਜ਼ੀਆਂ ਦੀ ਮਿੱਟੀ ਰਹਿਤ ਮਾਧਿਅਮ ਵਿਚ ਪਨੀਰੀ ਤਿਆਰ ਕਰਨ” ਬਾਰੇ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ। ਇਸ ਦੌਰਾਨ ਸਿਖਿਆਰਥੀਆਂ ਨੂੰ ਬੂਟੇ ਤਿਆਰ ਕਰਨ ਲਈ ਪਿਓਂਦ ਅਤੇ ਹੋਰ ਤਰੀਕਿਆਂ ਦੇ ਪ੍ਰੈਕਟੀਕਲ ਵੀ ਕਰਵਾਏ ਗਏ।
ਪਨੀਰੀ ਉਤਪਾਦਨ ਕਰਨ ਵਾਲੇ ਅਗਾਂਹਵਧੂ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਦੁਆਰਾ ਸਨਮਾਨਿਤ ਅਤੇ ਸਟੇਟ ਅਵਾਰਡੀ ਕਿਸਾਨ, ਸ ਅਮਰਜੀਤ ਸਿੰਘ ਗਿੱਲ ਪਿੰਡ-ਭੂਰੇ ਕਲਾਂ ਨੇ ਕਿਸਾਨਾਂ ਨਾਲ ਰੂਬਰੂ ਹੁੰਦਿਆਂ ਪਨੀਰੀ ਪ੍ਰਬੰਧਨ ਬਾਰੇ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ।
ਸਿਖਿਆਰਥੀਆਂ ਨੇ ਸਿਖਲਾਈ ਪ੍ਰੋਗਰਾਮ ਦੌਰਾਨ ਡੂੰਘੀ ਦਿਲਚਸਪੀ ਲਈ ਅਤੇ ਮਾਹਿਰਾਂ ਵਲੋਂ ਉਨ੍ਹਾਂ ਦੇ ਸਵਾਲਾਂ ਦੇ ਜਵਾਬ ਵਿਸਥਾਰਪੂਰਵਕ ਤਰੀਕੇ ਨਾਲ ਸਾਂਝੇ ਕੀਤੇ ਗਏ। ਪ੍ਰੋਗਰਾਮ ਦੇ ਅੰਤ ਵਿਚ ਸਿਖਿਆਰਥੀਆਂ ਦੇ ਗਿਆਨ ਨੂੰ ਜਾਂਚਣ ਲਈ ਪ੍ਰੀਖਿਆ ਵੀ ਲਈ ਗਈ ਜਿਸ ਵਿਚ 90 ਪ੍ਰਤੀਸ਼ਤ ਸਿਖਿਆਰਥੀਆਂ ਨੇ 80 ਪ੍ਰਤੀਸ਼ਤ ਤੋਂ ਵੱਧ ਅੰਕ ਪ੍ਰਾਪਤ ਕੀਤੇ ਅਤੇ ਪਨੀਰੀ ਦੇ ਕਿੱਤੇ ਨੂੰ ਸਹਾਇਕ ਧੰਦੇ ਵਜੋਂ ਅਪਨਾਉਣ ਲਈ ਹਾਮੀ ਭਰੀ।




