Ferozepur News
ਅਧਿਆਪਕਾਂ ਦੇ ਸਮੁੱਚੇ ਮਸਲਿਆਂ ‘ਤੇ 16 ਜੂਨ ਨੂੰ ਕੈਬਨਿਟ ਸਬ ਕਮੇਟੀ ਨਾਲ ਹੋਵੇਗੀ ਮੁਲਾਕਾਤ
ਵਿਭਾਗੀ ਮਾਮਲਿਆਂ 'ਤੇ ਜਥੇਬੰਦੀਆਂ ਦੀ ਸਿੱਖਿਆ ਸਕੱਤਰ ਅਨੰਦਿਤਾ ਮਿੱਤਰਾ ਨਾਲ ਹੋਈ ਮੀਟਿੰਗ
ਵਿਭਾਗੀ ਮਾਮਲਿਆਂ ‘ਤੇ ਜਥੇਬੰਦੀਆਂ ਦੀ ਸਿੱਖਿਆ ਸਕੱਤਰ ਅਨੰਦਿਤਾ ਮਿੱਤਰਾ ਨਾਲ ਹੋਈ ਮੀਟਿੰਗ
ਰੀਕਾਸਟ ਸੂਚੀਆਂ, ਬਦਲੀਆਂ, ਪ੍ਰੋਮੋਸ਼ਨਾਂ ਅਤੇ ਪੈਂਡਿੰਗ ਰੈਗੂਲਰਾਇਜੇਸ਼ਨ ‘ਤੇ ਖੁੱਲ ਕੇ ਹੋਈ ਵਿਚਾਰ
ਅਧਿਆਪਕਾਂ ਦੇ ਸਮੁੱਚੇ ਮਸਲਿਆਂ ‘ਤੇ 16 ਜੂਨ ਨੂੰ ਕੈਬਨਿਟ ਸਬ ਕਮੇਟੀ ਨਾਲ ਹੋਵੇਗੀ ਮੁਲਾਕਾਤ

ਫ਼ਿਰੋਜ਼ਪੁਰ 15 ਜੂਨ, 2025: ਸਿੱਖਿਆ ਸਕੱਤਰ (ਸਕੂਲਜ਼) ਸ੍ਰੀਮਤੀ ਅਨੰਦਿਤਾ ਮਿੱਤਰਾ ਵੱਲੋਂ ਮਿੰਨੀ ਸਕੱਤਰੇਤ ਚੰਡੀਗੜ੍ਹ ਵਿਖੇ ਅਧਿਆਪਕਾਂ ਦੇ ਵਿਭਾਗੀ ਮਾਮਲਿਆਂ ‘ਤੇ ਪ੍ਰਮੁੱਖ ਸੰਘਰਸ਼ੀ ਜੱਥੇਬੰਦੀਆਂ ਡੈਮੋਕ੍ਰੈਟਿਕ ਟੀਚਰਜ਼ ਫਰੰਟ (ਡੀ.ਟੀ.ਐੱਫ.) ਪੰਜਾਬ, 6635 ਈ ਟੀ ਟੀ ਅਧਿਆਪਕ ਯੂਨੀਅਨ, 4161 ਮਾਸਟਰ ਕਾਡਰ ਯੂਨੀਅਨ ਅਤੇ ਹੋਰ ਭਰਾਤਰੀ ਜਥੇਬੰਦੀਆਂ ਦੇ ਵਫ਼ਦ ਨਾਲ ਵਿਸਤਾਰਿਤ ਮੀਟਿੰਗ ਕੀਤੀ ਗਈ ਹੈ।
ਮੀਟਿੰਗ ਦੀ ਰਿਪੋਰਟਿੰਗ ਸਾਂਝੀ ਕਰਦੇ ਹੋਏ ਡੈਮੋਕ੍ਰੈਟਿਕ ਟੀਚਰਜ਼ ਫ਼ਰੰਟ (ਡੀ.ਟੀ.ਐੱਫ.) ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ, ਸੂਬਾ ਮੀਤ ਪ੍ਰਧਾਨ ਗੁਰਪਿਆਰ ਕੋਟਲੀ, 6635 ਈਟੀਟੀ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਕੁਲਦੀਪ ਖੋਖਰ ਤੇ ਸਹਾਇਕ ਸਕੱਤਰ ਜੱਗਾ ਬੋਹਾ, 4161 ਅਧਿਆਪਕਾਂ ਦੇ ਸੂਬਾ ਆਗੂ ਸੰਦੀਪ ਗਿੱਲ, ਜਸਵਿੰਦਰ ਐਤੀਆਣਾ ਅਤੇ 899 ਅੰਗਰੇਜ਼ੀ ਅਧਿਆਪਕਾਂ ਵਿੱਚੋਂ ਮੈਡਮ ਨੀਲਮ ਰਾਣੀ ਤੇ ਗੁਰਬਖਸ਼ੀਸ਼ ਸਿੰਘ ਨੇ ਦੱਸਿਆ ਕਿ ਨਿਯੁਕਤੀ ਸੂਚੀਆਂ ਰਿਕਾਸਟ ਹੋਣ ਕਾਰਨ ਸੂਚੀ ਵਿੱਚੋਂ ਬਾਹਰ ਕੀਤੇ ਵੱਖ-ਵੱਖ ਕਾਡਰਾਂ ਦੇ ਬੇਕਸੂਰ ਅਧਿਆਪਕਾਂ ਦੀ ਹੁਣ ਤੱਕ ਦੀ ਨੌਕਰੀ ਅਤੇ ਭਵਿੱਖ ਸੁਰੱਖਿਅਤ ਕਰਨ ਪ੍ਰਤੀ ਸਿੱਖਿਆ ਸਕੱਤਰ ਵੱਲੋਂ ਸਾਰਥਿਕ ਹੱਲ ਲਈ ਯਤਨ ਕਰਨ ਦਾ ਭਰੋਸਾ ਦਿੱਤਾ ਹੈ।
ਇਸੇ ਤਰ੍ਹਾਂ ਆਪਣੇ ਘਰਾਂ ਤੋਂ ਸੈਕੜੇ ਕਿਲੋਮੀਟਰ ਦੂਰ ਸੇਵਾਵਾਂ ਨਿਭਾਅ ਰਹੇ 6635 ਈਟੀਟੀ, 4161 ਤੇ 2392 ਮਾਸਟਰ, ਪੱਖਪਾਤੀ ਸਟੇਸ਼ਨ ਚੋਣ ਨੀਤੀ ਦਾ ਸ਼ਿਕਾਰ ਈਟੀਟੀ ਤੋਂ ਮਾਸਟਰ ਅਤੇ ਮਾਸਟਰ ਤੋਂ ਲੈਕਚਰਾਰ ਪ੍ਰੋਮੋਟਡ ਅਧਿਆਪਕਾਂ ਨੂੰ ਇਸੇ ਸਾਲ ਚਾਲੂ ਬਦਲੀਆਂ ਦੀ ਪ੍ਰਕਿਰਿਆ ਵਿੱਚ ਬਦਲੀਆਂ ਦਾ ਮੌਕਾ ਦੇਣ ‘ਤੇ ਹਾਂ ਪੱਖੀ ਰੂਪ ਵਿੱਚ ਵਿਚਾਰਨ ਦੀ ਗੱਲ ਆਖੀ ਹੈ। ਅਧਿਆਪਕਾਂ ਦੇ ਈਟੀਟੀ ਤੋਂ ਬੀਪੀਈਓ ਅਤੇ ਪ੍ਰਾਇਮਰੀ ਤੋਂ ਮਾਸਟਰ, ਮੁੱਖ ਅਧਿਆਪਕ, ਲੈਕਚਰਾਰ ਤੋਂ ਲੈ ਕੇ ਪ੍ਰਿੰਸੀਪਲ ਤੱਕ ਦੇ ਸਾਰੇ ਟੀਚਿੰਗ ਅਤੇ ਨਾਨ-ਟੀਚਿੰਗ ਦੀਆਂ ਪੈਡਿੰਗ ਤਰੱਕੀਆਂ ਬਿਨਾਂ ਕਿਸੇ ਪੱਖਪਾਤ ਸਾਰੇ ਖਾਲੀ ਸਟੇਸ਼ਨ ਸ਼ੋਅ ਕਰਕੇ 31 ਜੁਲਾਈ 2025 ਤੱਕ 75% ਤਰੱਕੀ ਕੋਟੇ ਅਨੁਸਾਰ ਮੁਕੰਮਲ ਕਰਨ ਦਾ ਭਰੋਸਾ ਦਿੱਤਾ ਹੈ।
ਬੀਪੀਈਓਜ਼ ਤੋਂ ਪ੍ਰਿੰਸੀਪਲ ਕਾਡਰ ਵਿੱਚ ਸਿੱਧਾ ਤਰੱਕੀ ਚੈਨਲ ਬਣਾਉਣ ‘ਤੇ ਵਿਚਾਰ ਕਰਨ ਦਾ ਭਰੋਸਾ ਦਿੱਤਾ ਹੈ। ਸਿੱਖਿਆ ਸਕੱਤਰ ਨੇ ਦੱਸਿਆ ਕਿ 5178 ਅਧਿਆਪਕਾਂ ਨੂੰ ਪਰਖ ਸਮੇਂ ਵਿੱਚ ਪੂਰੇ ਤਨਖਾਹ ਸਕੇਲ ਅਨੁਸਾਰ ਬਕਾਏ ਦੇਣ ਦੇ ਅਦਾਲਤੀ ਫੈਸਲੇ ਨੂੰ ਬਿਨਾਂ ਕਿਸੇ ਪਟੀਸ਼ਨਰ ਨਾਨ-ਪਟੀਸ਼ਨਰ ਦਾ ਵਿਖਰੇਵਾਂ ਕੀਤਿਆ ਲਾਗੂ ਕਰਨ ਲਈ ਜਲਦ ਉਨ੍ਹਾਂ ਵੱਲੋਂ ਲੋੜੀਂਦਾ ਲਿਖਤੀ ਪੱਤਰ ਜਾਰੀ ਕੀਤਾ ਜਾਵੇਗਾ। ਅਧਿਆਪਕ ਸਾਥੀ ਨਰਿੰਦਰ ਭੰਡਾਰੀ ਅਤੇ ਡਾ. ਰਵਿੰਦਰ ਕੰਬੋਜ਼, ਓਡੀਐੱਲ ਅਧਿਆਪਕਾਂ ਦੇ ਪੈਂਡਿੰਗ ਰੈਗੂਲਰ ਆਰਡਰ ਜਲਦ ਜਾਰੀ ਕਰਨ ਦਾ ਭਰੋਸਾ ਦਿੱਤਾ ਹੈ। ਸਿੱਖਿਆ ਸਕੱਤਰ ਨੇ ਦੱਸਿਆ ਕਿ ਮੈਰੀਟੋਰੀਅਸ ਸਕੂਲ ਅਧਿਆਪਕਾਂ ਅਤੇ ਸਮੱਗਰਾ ਅਧੀਨ ਨਾਨ ਟੀਚਿੰਗ ਨੂੰ ਸਿੱਖਿਆ ਵਿਭਾਗ ਵਿੱਚ ਪੂਰੇ ਲਾਭਾਂ ਸਹਿਤ ਜਲਦ ਰੈਗੂਲਰ ਕੀਤਾ ਜਾਵੇਗਾ। ਆਗੂਆਂ ਵੱਲੋਂ ਕੰਪਿਊਟਰ ਅਧਿਆਪਕਾਂ, ਐਸੋਸੀਏਟ ਟੀਚਰਜ਼ ਅਤੇ ਵਿਸ਼ੇਸ਼ ਅਧਿਆਪਕਾਂ ਨੂੰ ਵੀ ਸਿੱਖਿਆ ਵਿਭਾਗ ਵਿੱਚ ਰੈਗੂਲਰ ਕਰਨ ਦੀ ਮੰਗ ਰੱਖੀ ਗਈ।
ਪ੍ਰਿੰਸੀਪਲ ਅਤੇ ਬੀਪੀਈਓ ਦੀ ਸਿੱਧੀ ਭਰਤੀ ਰੱਦ ਕਰਨ ਦੀ ਥਾਂ 25% ਕੋਟੇ ਅਨੁਸਾਰ ਸਿੱਧੀ ਭਰਤੀ ਰਾਹੀਂ ਭਰਨ ਦੀ ਮੰਗ ਕੀਤੀ ਗਈ। 17 ਜੁਲਾਈ 2020 ਤੋਂ ਬਾਅਦ ਭਰਤੀਆਂ ‘ਤੇ ਲਾਗੂ ਨਵੇਂ ਸਕੇਲ ਰੱਦ ਕਰਕੇ ਛੇਵਾਂ ਪੰਜਾਬ ਤਨਖ਼ਾਹ ਸਕੇਲ ਲਾਗੂ ਕਰਨ ਦੇ ਪੱਖ ਵਿੱਚ ਆਏ ਅਦਾਲਤੀ ਫੈਸਲੇ ਨੂੰ ਲਾਗੂ ਕਰਨ, ਪੁਰਾਣੀ ਪੈਨਸ਼ਨ ਦੀ ਬਹਾਲੀ, ਰੋਕੇ ਗਏ ਸਾਰੇ ਭੱਤੇ ਅਤੇ ਏ.ਸੀ.ਪੀ. ਲਾਭ ਅਤੇ ਪੈਂਡਿੰਗ 13% ਡੀ.ਏ. ਦੀ ਮੰਗ ਵੀ ਕੀਤੀ ਗਈ। ਆਗੂਆਂ ਨੇ ਜੋਰਦਾਰ ਮੰਗ ਕੀਤੀ ਕਿ ਡਾਇਰੈਕਟਰ ਪੱਧਰ ਦੇ ਸਾਰੇ ਅਹੁਦੇ ਸਮੇਤ ਸੈਕੰਡਰੀ, ਪ੍ਰਾਇਮਰੀ ਅਤੇ ਐੱਸ.ਸੀ.ਈ.ਆਰ.ਟੀ. ਨੂੰ ਤਰੱਕੀ ਚੈਨਲ ਰਾਹੀਂ ਸਿੱਖਿਆ ਕਾਡਰ ਵਿੱਚੋਂ ਭਰਨ ਦਾ ਚਲਨ ਬਹਾਲ ਕੀਤਾ ਜਾਵੇ। 3582 ਨੂੰ ਟ੍ਰੇਨਿੰਗ ਲੱਗਣ ਦੀਆਂ ਮਿਤੀਆਂ ਤੋਂ ਸਾਰੇ ਲਾਭ ਲਾਗੂ ਕਰਨ ਦਾ ਭਰੋਸਾ ਦਿੱਤਾ ਗਿਆ।
ਇਸ ਦੌਰਾਨ 2364 ਈਟੀਟੀ ਭਰਤੀ ਵਿੱਚ ਹਾਜ਼ਰ ਹੋਏ ਅਧਿਆਪਕਾਂ ਦੀ ਰੁਕੀ ਤਨਖ਼ਾਹ, 10 ਸਾਲ ਦੀ ਸਰਵਿਸ ਪੂਰੀ ਚੁੱਕੇ 125 ਵਲੰਟੀਅਰਾਂ ਨੂੰ ਐਸੋਸੀਏਟ ਟੀਚਰਜ਼ ਦਾ ਦਰਜ਼ਾ ਦੇਣ, 180 ਈ.ਟੀ.ਟੀ. (4500 ਈ.ਟੀ.ਟੀ. ਭਰਤੀ) ਅਧਿਆਪਕਾਂ, ਪੀਟੀਆਈ ਅਤੇ ਆਰਟ ਕਰਾਫਟ ਅਧਿਆਪਕਾਂ, 5994 ਈਟੀਟੀ (ਬੈਕਲਾਗ) ਅਤੇ 2364 ਭਰਤੀ ਮੁਕੰਮਲ ਕਰਨ ਦੇ ਮਸਲੇ ਵੀ ਰੱਖੇ ਗਏ। ਪੁਰਸ਼ ਅਧਿਆਪਕਾਂ ਨੂੰ ਅਚਨਚੇਤ ਛੁੱਟੀਆਂ ਵਿੱਚ ਵਾਧੇ ਮੌਕੇ ਠੇਕਾ ਅਧਾਰਿਤ ਨੌਕਰੀ ਦੇ ਸਮੇਂ ਨੂੰ ਗਿਣਨਯੋਗ ਮੰਨਣ ਦੀ ਮੰਗ ਕੀਤੀ ਗਈ। ਇਸ ਮੌਕੇ ਡੀ.ਟੀ.ਐੱਫ. ਤੋਂ ਲਖਵੀਰ ਬਰਨਾਲਾ, ਹਰਿੰਦਰ ਪਟਿਆਲਾ, ਡਾ. ਰਵਿੰਦਰ ਕੰਬੋਜ਼, ਮੈਡਮ ਹਿਨਾ ਅਤੇ ਜੀਵਨਜੋਤ ਵੀ ਮੌਜੂਦ ਰਹੇ।