Ferozepur News
ਡੈਮੋਕ੍ਰੇਟਿਕ ਟੀਚਰਜ਼ ਫਰੰਟ ਵਲੋਂ ਅੱਤ ਦੀ ਗਰਮੀ ਕਾਰਨ ਸਕੂਲਾਂ ਦਾ ਸਮਾਂ ਬਦਲਣ ਲਈ ਡਿਪਟੀ ਕਮਿਸ਼ਨਰ ਨੂੰ ਦਿੱਤਾ ਮੰਗ ਪੱਤਰ
ਵੱਧ ਰਹੇ ਗਰਮੀਂ ਦੇ ਪ੍ਰਕੋਪ ਕਾਰਨ ਸਕੂਲੀ ਸਮਾਂ ਬਦਲਣਾ ਅਤਿ ਜਰੂਰੀ - ਮਲਕੀਤ ਹਰਾਜ / ਲਖਵਿੰਦਰ ਸਿਮਕ
ਡੈਮੋਕ੍ਰੇਟਿਕ ਟੀਚਰਜ਼ ਫਰੰਟ ਵਲੋਂ ਅੱਤ ਦੀ ਗਰਮੀ ਕਾਰਨ ਸਕੂਲਾਂ ਦਾ ਸਮਾਂ ਬਦਲਣ ਲਈ ਡਿਪਟੀ ਕਮਿਸ਼ਨਰ ਨੂੰ ਦਿੱਤਾ ਮੰਗ ਪੱਤਰਵੱਧ ਰਹੇ ਗਰਮੀਂ ਦੇ ਪ੍ਰਕੋਪ ਕਾਰਨ ਸਕੂਲੀ ਸਮਾਂ ਬਦਲਣਾ ਅਤਿ ਜਰੂਰੀ – ਮਲਕੀਤ ਹਰਾਜ / ਲਖਵਿੰਦਰ ਸਿਮਕ
ਫਿਰੋਜ਼ਪੁਰ 20 ਮਈ, 2025: ਸੂਬੇ ਵਿਚ ਵਧ ਰਹੀ ਗਰਮੀ ਦੇ ਪ੍ਰਕੋਪ ਕਾਰਨ ਪੂਰਾ ਜਨਜੀਵਨ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋ ਰਿਹਾ ਹੈ ਤੇ ਇਸ ਦਾ ਸਭ ਤੋਂ ਵੱਧ ਅਸਰ ਬੱਚਿਆਂ ਅਤੇ ਬਜ਼ੁਰਗਾਂ ‘ਤੇ ਪੈ ਰਿਹਾ ਹੈ , ਜਿਸ ਦੇ ਚੱਲਦਿਆਂ ਅਧਿਆਪਕ ਜਥੇਬੰਦੀ ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਦੀ ਜ਼ਿਲ੍ਹਾ ਇਕਾਈ ਫ਼ਿਰੋਜ਼ਪੁਰ ਨੇ ਸੂਬਾ ਸਰਕਾਰ ਅਤੇ ਸਿੱਖਿਆ ਵਿਭਾਗ ਤੋਂ ਸਕੂਲਾਂ ਦਾ ਸਮਾਂ ਬਦਲਣ ਲਈ ਸਹਾਇਕ ਕਮਿਸ਼ਨਰ ਫ਼ਿਰੋਜ਼ਪੁਰ (ਜ) ਹਰਜੋਤ ਕੌਰ ਪੀ.ਸੀ.ਐੱਸ. ਰਾਹੀਂ ਡਿਪਟੀ ਕਮਿਸ਼ਨਰ ਫ਼ਿਰੋਜ਼ਪੁਰ ਨੂੰ ਮੰਗ ਪੱਤਰ ਦਿੱਤਾ ਗਿਆ।
ਇਸ ਮੌਕੇ ਡੀ.ਟੀ.ਐੱਫ ਦੇ ਜ਼ਿਲ੍ਹਾ ਪ੍ਰਧਾਨ ਮਲਕੀਤ ਸਿੰਘ ਹਰਾਜ , ਸਕੱਤਰ ਅਮਿਤ ਕੁਮਾਰ, ਸੀਨੀਅਰ ਮੀਤ ਪ੍ਰਧਾਨ ਦਵਿੰਦਰ ਨਾਥ ਅਤੇ ਸੂਬਾ ਕਮੇਟੀ ਮੈਂਬਰ ਸਰਬਜੀਤ ਸਿੰਘ ਭਾਵੜਾ ਨੇ ਕਿਹਾ ਕਿ ਇਨ੍ਹਾਂ ਦਿਨਾਂ ਵਿਚ ਪੈ ਰਹੀ ਅੱਤ ਦੀ ਗਰਮੀ ਕਾਰਨ ਸਕੂਲੀ ਬੱਚਿਆਂ ਦੀ ਸਿਹਤ ਨਾਲ ਸੰਬੰਧਿਤ ਬਹੁਤ ਸਾਰੀਆਂ ਮੁਸ਼ਕਿਲਾਂ ਆ ਰਹੀਆਂ ਹਨ ਅਤੇ ਬਹੁਤੀਆਂ ਥਾਵਾਂ ‘ਤੇ ਬਿਜਲੀ ਦੇ ਕੱਟ ਲੱਗਣ ਕਾਰਨ ਹੋਰ ਵੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਲਈ ਪੰਜਾਬ ਸਰਕਾਰ ਨੂੰ ਤੁਰੰਤ ਸਕੂਲਾਂ ਦਾ ਸਮਾਂ ਤਬਦੀਲ ਕਰਨ ਦੇ ਹੁਕਮ ਜਾਰੀ ਕਰਨੇ ਚਾਹੀਦੇ ਹਨ।
ਜ਼ਿਲ੍ਹਾ ਆਗੂਆਂ ਨੇ ਗੁਰਵਿੰਦਰ ਸਿੰਘ ਖੋਸਾ, ਸੰਦੀਪ ਕੁਮਾਰ ਮੱਖੂ, ਮਨੋਜ ਕੁਮਾਰ, ਨਰਿੰਦਰ ਸਿੰਘ ਜੰਮੂ, ਸਵਰਨ ਸਿੰਘ ਜੋਸਨ, ਵਰਿੰਦਰਪਾਲ ਸਿੰਘ ਖਾਲਸਾ, ਸ਼ਾਮ ਸੁੰਦਰ ਨੇ ਕਿਹਾ ਕਿ ਸਕੂਲਾਂ ਦਾ ਸਮਾਂ ਸਵੇਰੇ 7:30 ਤੋਂ ਵਜੇ ਦੁਪਹਿਰ ਦੇ 12.00 ਵਜੇ ਤੱਕ ਕੀਤਾ ਜਾਵੇ ਕਿਉਂਕਿ ਪੰਜਾਬ ਵਿਚ ਤਾਪਮਾਨ 46 ਡਿਗਰੀ ਤੋਂ ਪਾਰ ਹੋਣ ਕਰਕੇ ਸਕੂਲੀ ਬੱਚਿਆਂ ਨੂੰ ਗਰਮੀ ਵਿਚ ਸਕੂਲ ਆਉਣ ਅਤੇ ਜਾਣ ਭਾਰੀ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ ਤੇ ਛੋਟੇ ਸਕੂਲੀ ਬੱਚਿਆਂ ਉਪਰ ਗਰਮੀ ਦਾ ਸਭ ਤੋਂ ਵੱਧ ਅਸਰ ਦੇਖਣ ਨੂੰ ਮਿਲ ਰਿਹਾ। ਉਨ੍ਹਾਂ ਪੰਜਾਬ ਸਰਕਾਰ, ਸਿੱਖਿਆ ਮੰਤਰੀ ਅਤੇ ਸਿੱਖਿਆ ਵਿਭਾਗ ਤੋਂ ਤੁਰੰਤ ਸਕੂਲਾਂ ਦਾ ਸਮਾਂ ਤਬਦੀਲ ਕਰਨ ਦੀ ਮੰਗ ਕੀਤੀ।