ਸਿੱਖਿਆ ਵਿਭਾਗ ਨੇ 55 ਹੋਣਹਾਰ ਵਿਦਿਆਰਥੀਆਂ ਦਾ ਲਗਵਾਇਆ ਅੰਤਰਰਾਜੀ 6 ਰੋਜ਼ਾ ਵਿਦਿਅਕ ਟੂਰ
ਵਿਗਿਆਨ ਵਿਸ਼ੇ ਨੂੰ ਰੋਚਕ ਬਨਾਉਣ ਲਈ ਵਿਭਾਗ ਦਾ ਨਿਵੇਕਲਾ ਉਪਰਾਲਾ
ਸਿੱਖਿਆ ਵਿਭਾਗ ਨੇ 55 ਹੋਣਹਾਰ ਵਿਦਿਆਰਥੀਆਂ ਦਾ ਲਗਵਾਇਆ ਅੰਤਰਰਾਜੀ 6 ਰੋਜ਼ਾ ਵਿਦਿਅਕ ਟੂਰ
ਜੈਪੁਰ, ਆਗਰਾ, ਦਿੱਲੀ ਦੇ ਵਿਦਿਅਕ ਅਤੇ ਇਤਿਹਾਸਿਕ ਸਥਾਨਾਂ ਦੀ ਸੈਰ ਕਰ ਵਾਪਸ ਪਰਤੇ ਵਿਦਿਆਰਥੀ
ਵਿਗਿਆਨ ਵਿਸ਼ੇ ਨੂੰ ਰੋਚਕ ਬਨਾਉਣ ਲਈ ਵਿਭਾਗ ਦਾ ਨਿਵੇਕਲਾ ਉਪਰਾਲਾ
ਫ਼ਿਰੋਜ਼ਪੁਰ, 11 ਫ਼ਰਵਰੀ 2025: ਰਾਜ ਵਿਦਿਆਕ ਖੋਜ ਅਤੇ ਸਿੱਖਲਾਈ ਪ੍ਰੀਸ਼ਦ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਰਾਸ਼ਟਰੀ ਅਵਿਸ਼ਕਾਰ ਅਭਿਆਨ ਤਹਿਤ ਜ਼ਿਲ੍ਹਾ ਫਿਰੋਜ਼ਪੁਰ ਦੇ ਵੱਖ-ਵੱਖ ਬਲਾਕਾਂ ਦੇ 11ਵੀਂ ਜਮਾਤ ਵਿੱਚ ਸਾਇੰਸ ਵਿਸ਼ੇ ਦੇ 55 ਹੋਣਹਾਰ ਵਿਦਿਆਰਥੀਆਂ ਦਾ 6 ਰੋਜ਼ਾ ਅੰਤਰਰਾਜੀ ਵਿਦਿਅਕ ਟੂਰ ਜ਼ਿਲਾ ਸਿੱਖਿਆ ਅਫ਼ਸਰ (ਸੈ.ਸਿੱ) ਫ਼ਿਰੋਜ਼ਪੁਰ ਸ੍ਰੀਮਤੀ ਮੁਨੀਲਾ ਅਰੋੜਾ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿੱ) ਡਾ. ਸਤਿੰਦਰ ਸਿੰਘ ਦੀ ਅਗਵਾਈ ਵਿੱਚ ਲਗਵਾਇਆ ਗਿਆ। ਇਹ ਟੂਰ ਜੈਪੁਰ- ਆਗਰਾ ਅਤੇ ਦਿੱਲੀ ਦੇ ਵੱਖ-ਵੱਖ ਵਿਗਿਆਨ ਅਤੇ ਇਤਿਹਾਸਿਕ ਮਹੱਤਤਾ ਵਾਲੇ ਸਥਾਨਾਂ ਦੀ 04 ਫਰਵਰੀ ਤੋਂ 10 ਫਰਵਰੀ ਤੱਕ ਵਿਜਿਟ ਕਰਨ ਉਪਰੰਤ ਵਾਪਸ ਫਿਰੋਜ਼ਪੁਰ ਪਰਤਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਟੂਰ ਦੇ ਨੋਡਲ ਕੁਆਰਡੀਨੇਟਰ ਸ਼੍ਰੀ ਅਨੁਕੂਲ ਪੰਛੀ ਪ੍ਰਿੰਸੀਪਲ ਨੇ ਦੱਸਿਆ ਕਿ ਇਸ ਟੂਰ ਦਾ ਉਦੇਸ਼ ਵਿਗਿਆਨ ਵਿਸ਼ੇ ਵਿੱਚ ਰੋਚਿਕਤਾ ਪੈਦਾ ਕਰਨਾ ਅਤੇ ਸਾਇੰਸ ਗਰੁੱਪ ਵਿੱਚ ਵਿਦਿਆਰਥੀਆਂ ਦੇ ਦਾਖਲੇ ਵਿੱਚ ਵਾਧਾ ਕਰਨਾ ਹੈ। ਇਸ ਟੂਰ ਲਈ ਵਿਦਿਆਰਥੀਆਂ ਦੀ ਚੋਣ ਹਰੇਕ ਬਲਾਕ ਵਿੱਚੋਂ ਮੈਰਿਟ ਦੇ ਅਧਾਰ ਤੇ ਕੀਤੀ ਗਈ ਸੀ ਅਤੇ ਵਿਦਿਆਰਥੀਆਂ ਨੂੰ ਉਤਸਾਹਿਤ ਕਰਨ ਲਈ ਟੂਰ ਦਾ ਸਮੁੱਚਾ ਖਰਚ ਵਿਭਾਗ ਵੱਲੋਂ ਕੀਤਾ ਗਿਆ ਹੈ
ਵਿਦਿਅਕ ਟੂਰ ਨਾਲ ਗਏ ਲੈਕਚਰਰ ਲਲਿਤ ਕੁਮਾਰ ਨੇ ਦੱਸਿਆ ਕਿ ਵਿਦਿਆਰਥੀਆਂ ਨੂੰ ਜੈਪੁਰ ਵਿਖੇ ਸਾਇੰਸ ਪਾਰਕ, ਨਾਹਰਗੜ੍ਹ ਬਾਇੳਲੋਜਿਕਲ , ਜੈਪੁਰ ਚਿੜੀਆ ਘਰ, ਜੰਤਰ ਮੰਤਰ, ਜੈਪੁਰ ਕਿਲਾ, ਸਿਟੀ ਪੈਲਸ, ਹਵਾ ਮਹਿਲ ਆਗਰਾ ਵਿਖੇ ਤਾਜ ਮਹਿਲ, ਆਗਰਾ ਫੋਰਟ, ਦਿੱਲੀ ਵਿੱਚ ਨੈਸ਼ਨਲ ਸਾਇੰਸ ਸੈਂਟਰ, ਨੈਸ਼ਨਲ ਕ੍ਰਾਫਟ ਮਿਊਜ਼ੀਅਮ, ਇੰਡੀਆ ਗੇਟ ਆਦਿ ਵਿਜਿਟ ਕਰਵਾਇਆ ਗਿਆ। ਉਹਨਾਂ ਕਿਹਾ ਕਿ ਇਹ ਟੂਰ ਵਿਦਿਆਰਥੀਆਂ ਲਈ ਬੇਹੱਦ ਗਿਆਨ ਵਰਧਕ ਰਿਹਾ।
ਵਿਦਿਆਰਥੀਆਂ ਦੇ ਨਾਲ ਟੂਰ ਤੇ ਗਏ ਅਧਿਆਪਕ ਮਨੋਜ ਕੁਮਾਰ, ਮਹਿੰਦਰ ਸਿੰਘ, ਰਜਨੀ ਜੱਗਾ ਅਤੇ ਰਜਨੀ ਬਾਲਾ ਨੇ ਇਹਨਾਂ ਇਤਿਹਾਸਿਕ ਸਥਾਨਾਂ ਦੀ ਮਹੱਤਤਾ ਸਬੰਧੀ ਸੁਚੱਜੇ ਢੰਗ ਨਾਲ ਜਾਣੂ ਕਰਵਾਇਆ।
ਟੂਰ ‘ਤੇ ਗਏ ਵਿਦਿਆਰਥੀ ਹਿਮਾਨੀ, ਸ਼ਰੇਆ, ਜਸਕਿਰਤ ਕੌਰ, ਅਮਨਪ੍ਰੀਤ ਕੌਰ, ਪ੍ਰਿੰਸ ਕੰਬੋਜ, ਗੁਰਕੀਰਤ, ਜਸ਼ਨ ਪ੍ਰੀਤ ਸਿੰਘ ਆਦਿ ਨੇ ਵਿਭਾਗ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਟੂਰ ਸਾਡੇ ਲਈ ਬੇਹੱਦ ਲਾਭਦਾਇਕ ਸਾਬਤ ਹੋਇਆ ਹੈ।