ਡਿਪਟੀ ਕਮਿਸ਼ਨਰ ਨੇ ਪਿੰਡ ਵਕੀਲਾਂ ਵਾਲਾ ਦਾ ਦੌਰਾ ਕਰਕੇ ਸੁਣੀਆਂ ਪਿੰਡ ਵਾਸੀਆਂ ਦੀਆਂ ਸਮੱਸਿਆਵਾਂ
ਪਿੰਡ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਨੂੰ ਜਲਦੀ ਤੋਂ ਜਲਦੀ ਮੁਕੰਮਲ ਕਰਨ ਦੀ ਕੀਤੀ ਹਦਾਇਤ
ਡਿਪਟੀ ਕਮਿਸ਼ਨਰ ਨੇ ਪਿੰਡ ਵਕੀਲਾਂ ਵਾਲਾ ਦਾ ਦੌਰਾ ਕਰਕੇ ਸੁਣੀਆਂ ਪਿੰਡ ਵਾਸੀਆਂ ਦੀਆਂ ਸਮੱਸਿਆਵਾਂ
ਛੱਪੜ ਦੇ ਪਾਣੀ ਦੀ ਨਿਕਾਸੀ, ਅਨਾਜ ਮੰਡੀ ਉੱਚੀ ਕਰਾਉਣ, ਵਾਟਰ ਸਿਪਲਾਈ, ਖੇਡ ਗਰਾਊਂਡ, ਪਿੰਡ ਦੀ ਗਲੀ, ਸਟੇਡੀਅਮ ਦੇ ਕੰਮ ਨੂੰ ਪੂਰਾ ਕਰਵਾਉਣ ਸਬੰਧੀ ਸਬੰਧਤ ਅਧਿਕਾਰੀਆਂ ਨੂੰ ਦਿੱਤੇ ਨਿਰਦੇਸ਼
ਪਿੰਡ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਨੂੰ ਜਲਦੀ ਤੋਂ ਜਲਦੀ ਮੁਕੰਮਲ ਕਰਨ ਦੀ ਕੀਤੀ ਹਦਾਇਤ
ਫਿਰੋਜ਼ਪੁਰ/ਜ਼ੀਰਾ, 10 ਜਨਵਰੀ 2025: ਡਿਪਟੀ ਕਮਿਸ਼ਨਰ ਦੀਪਸ਼ਿਖਾ ਸ਼ਰਮਾ ਨੇ ਜ਼ਿਲ੍ਹੇ ਦੇ ਪਿੰਡ ਵਕੀਲਾਂ ਵਾਲਾ ਦਾ ਦੌਰਾ ਕਰਕੇ ਪਿੰਡ ਵਾਸੀਆਂ ਦੀਆ ਸਮੱਸਿਆਵਾਂ ਸੁਣੀਆਂ ਅਤੇ ਮੌਕੇ ਤੇ ਸਮੱਸਿਆਵਾਂ ਦੇ ਹੱਲ ਸਬੰਧੀ ਨਿਰਦੇਸ਼ ਜਾਰੀ ਕੀਤੇ। ਇਸ ਤੋਂ ਬਾਅਦ ਉਨ੍ਹਾਂ ਨੇ ਸਰਕਾਰੀ ਹਾਈ ਸਕੂਲ, ਸਰਕਾਰੀ ਪ੍ਰਾਇਮਰੀ ਸਕੂਲ, ਆਂਗਨਵਾੜੀ ਸੈਂਟਰ ਅਤੇ ਆਮ ਆਦਮੀ ਕਲੀਨਿਕ, ਖੇਡ ਸਟੇਡੀਅਮ, ਕੰਪੋਸਟ ਪਿੱਟ ਦਾ ਵੀ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਨਾਲ ਐਸ.ਡੀ.ਐਮ. ਜ਼ੀਰਾ ਗੁਰਮੀਤ ਸਿੰਘ ਵੀ ਮੌਜੂਦ ਸਨ।
ਡਿਪਟੀ ਕਮਿਸ਼ਨਰ ਨੇ ਪਿੰਡ ਵਕੀਲਾਂ ਵਾਲਾ ਦੇ ਸਰਕਾਰੀ ਹਾਈ ਸਕੂਲ ਦੇ ਦੌਰੇ ਦੌਰਾਨ ਕੰਪਿਊਟਰ ਲੈਬ, ਲਾਇਬ੍ਰੇਰੀ ਅਤੇ ਮਿਡ ਡੇ ਮੀਲ ਦਾ ਨਿਰੀਖਣ ਕੀਤਾ ਅਤੇ ਵਿਦਿਆਰਥੀਆਂ ਨਾਲ ਵੀ ਗੱਲਬਾਤ ਕੀਤੀ। ਉਨ੍ਹਾਂ ਨੇ ਵਿਦਿਆਰਥੀਆਂ ਨਾਲ ਗੱਲਬਾਤ ਕਰਦੇ ਹੋਏ ਸਕੂਲ ਵਿੱਚ ਮੁਹੱਈਆਂ ਕਰਵਾਈਆਂ ਜਾ ਰਹੀਆਂ ਸਹੂਲਤਾਂ ਅਤੇ ਮਿਡ ਡੇ ਮੀਲ ਦੀ ਗੁਣਵੱਤਾ ਸਬੰਧੀ ਜਾਣਕਾਰੀ ਹਾਸਲ ਕੀਤੀ।
ਇਸ ਉਪਰੰਤ ਇਸੇ ਸਕੂਲ ਵਿੱਚ ਡਿਪਟੀ ਕਮਿਸ਼ਨਰ ਨੇ ਮਿਲਣ ਆਏ ਪਿੰਡ ਵਾਸੀਆਂ ਦੀਆਂ ਇੱਕ-ਇੱਕ ਕਰਕੇ ਮੁਸ਼ਕਲਾਂ ਸੁਣੀਆਂ । ਪਿੰਡ ਦੇ ਸਰਪੰਚ ਵੱਲੋਂ ਪਿੰਡ ਵਿੱਚ ਛੱਪੜ ਦੇ ਪਾਣੀ ਦੀ ਨਿਕਾਸੀ, ਅਨਾਜ ਮੰਡੀ ਉੱਚੀ ਕਰਾਉਣ, ਵਾਟਰ ਸਿਪਲਾਈ, ਖੇਡ ਗਰਾਊਂਡ, ਪਿੰਡ ਦੀ ਗਲੀ, ਸਟੇਡੀਅਮ ਦੇ ਕੰਮ ਨੂੰ ਪੂਰਾ ਕਰਵਾਉਣ ਆਦਿ ਸਬੰਧੀ ਸਮੱਸਿਆਵਾਂ ਰੱਖੀਆਂ ਜਿਸ ਤੇ ਫੌਰਨ ਕਰਵਾਈ ਅਮਲ ਵਿੱਚ ਲਿਆਂਦੇ ਹੋਏ ਉਨ੍ਹਾਂ ਨੇ ਡੀ.ਡੀ.ਪੀ.ਓ. ਸਮੇਤ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੰਦੇ ਹੋਏ ਸਾਰੀਆਂ ਸਮੱਸਿਆਵਾਂ ਦਾ ਹੱਲ ਕਰਕੇ ਰਿਪੋਰਟ ਦੇਣ ਸਬੰਧੀ ਹਦਾਇਤਾਂ ਜਾਰੀ ਕੀਤੀਆਂ।
ਇਸ ਤੋਂ ਬਾਅਦ ਡਿਪਟੀ ਕਮਿਸ਼ਨਰ ਦੀਪਸ਼ਿਖਾ ਸ਼ਰਮਾ ਨੇ ਪਿੰਡ ਦੇ ਸਰਕਾਰੀ ਪ੍ਰਾਇਮਰੀ ਸਕੂਲ ਅਤੇ ਆਂਗਨਵਾੜੀ ਸੈਂਟਰ ਦਾ ਵੀ ਦੌਰਾ ਕੀਤਾ ਅਤੇ ਉੱਥੇ ਹੋ ਰਹੇ ਉਸਾਰੀ ਦੇ ਕੰਮ ਵਿੱਚ ਤੇਜ਼ੀ ਲਿਆਉਣ ਦੇ ਹੁਕਮ ਦਿੱਤੇ। ਉਨ੍ਹਾਂ ਵਕੀਲਾਂ ਵਾਲਾ ਪਿੰਡ ਦੇ ਆਮ ਆਦਮੀ ਕਲੀਨਿਕ ਦਾ ਦੌਰਾ ਕੀਤਾ ਅਤੇ ਮਰੀਜ਼ਾਂ ਨਾਲ ਗੱਲਬਾਤ ਕਰਦੇ ਹੋਏ ਕਲੀਨਿਕ ਵਿੱਚ ਕਰਵਾਏ ਜਾਂਦੇ ਸਿਹਤ ਸਬੰਧੀ ਟੈਸਟਾਂ ਅਤੇ ਦਵਾਈਆਂ ਸਬੰਧੀ ਵੀ ਜਾਣਕਾਰੀ ਲੈਂਦੇ ਹੋਏ ਡਾਕਟਰ ਅਤੇ ਪੈਰਾ ਮੈਡੀਕਲ ਸਟਾਫ ਨੂੰ ਸਿਹਤ ਸਹੂਲਤਾਂ ਵਿੱਚ ਹੋਰ ਵਾਧਾ ਕਰਨ ਲਈ ਕਿਹਾ। ਉਨ੍ਹਾਂ ਨੇ ਕਲੀਨਿਕ ਨੇੜੇ ਲਗਾਏ ਗਏ 550 ਰੁੱਖਾਂ ਦੇ ਬਗੀਚੇ ਦਾ ਵੀ ਨਿਰੀਖਣ ਕੀਤਾ ਅਤੇ ਪਿੰਡ ਦੀ ਪੰਚਾਇਤ ਅਤੇ ਸਬੰਧਤ ਅਧਿਕਾਰੀਆਂ ਨੂੰ ਰੁੱਖਾਂ ਦੀ ਸਾਂਭ-ਸੰਭਾਲ ਹੋਰ ਵਧੀਆਂ ਢੰਗ ਨਾਲ ਕਰਨ ਲਈ ਕਿਹਾ। ਇਸ ਉਪਰੰਤ ਉਨ੍ਹਾਂ ਪਿੰਡ ਦੇ ਜ਼ਮੀਨੀ ਰਿਕਾਰਡ ਬਾਰੇ ਵੀ ਜਾਣਕਾਰੀ ਹਾਸਲ ਕੀਤੀ ਅਤੇ ਮਾਲ ਵਿਭਾਗ ਦੇ ਅਧਿਕਾਰੀਆਂ ਨੂੰ ਸਮੇਂ ਸਮੇਂ ਤੇ ਰਿਕਾਰਡ ਅਪਡੇਟ ਕਰਨ ਦੀ ਹਦਾਇਤ ਕੀਤੀ।
ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ ਮੁਨੀਲਾ ਅਰੋੜਾ, ਡੀ.ਡੀ.ਪੀ.ਓ. ਹਰਜਿੰਦਰ ਸਿੰਘ, ਡੀ.ਡੀ.ਐੱਫ. ਅਦਿੱਤੀ ਸ਼ਰਮਾ, ਸਕੂਲ ਪ੍ਰਿੰਸੀਪਲ ਵਿਸ਼ੇਸ਼ ਸਚਦੇਵਾ, ਸਰਪੰਚ ਸਿਮਰਨਜੀਤ ਕੌਰ, ਸੁਖਚੈਣ ਸਿੰਘ, ਮਹਿੰਦਰ ਸਿੰਘ ਫੌਜੀ, ਕਸ਼ਮੀਰ ਸਿੰਘ, ਕੁਲਵੰਤ ਸਿੰਘ ਭੁੱਲਰ, ਸੁਖਦੀਪ ਸਿੰਘ, ਹਰਪ੍ਰੀਤ ਸਿੰਘ ਰਟੋਲ, ਹਰਦੇਵ ਸਿੰਘ ਨੰਬਰਦਾਰ, ਜੋਰਾ ਸਿੰਘ ਆਦਿ ਤੋਂ ਇਲਾਵਾ ਸਕੂਲ ਦਾ ਸਟਾਫ ਅਤੇ ਪਿੰਡ ਵਾਸੀ ਮੌਜੂਦ ਸਨ।