“ਸਾਡੇ ਬਜ਼ੁਰਗ ਸਾਡਾ ਮਾਣ” ਮੁਹਿੰਮ ਤਹਿਤ 13 ਅਕਤੂਬਰ ਨੂੰ ਰਾਮਬਾਗ ਫ਼ਿਰੋਜ਼ਪੁਰ ਛਾਉਣੀ ਵਿਖੇ ਲੱਗੇਗਾ ਕੈਂਪ – ਡਿਪਟੀ ਕਮਿਸ਼ਨਰ
ਜ਼ਿਲ੍ਹੇ ਦੇ ਬਜ਼ੁਰਗ ਨਾਗਰਿਕਾਂ ਨੂੰ ਕੈਂਪ ਦਾ ਵੱਧ ਤੋਂ ਵੱਧ ਫਾਇਦਾ ਲੈਣ ਦੀ ਅਪੀਲ
“ਸਾਡੇ ਬਜ਼ੁਰਗ ਸਾਡਾ ਮਾਣ” ਮੁਹਿੰਮ ਤਹਿਤ 13 ਅਕਤੂਬਰ ਨੂੰ ਰਾਮਬਾਗ ਫ਼ਿਰੋਜ਼ਪੁਰ ਛਾਉਣੀ ਵਿਖੇ ਲੱਗੇਗਾ ਕੈਂਪ – ਡਿਪਟੀ ਕਮਿਸ਼ਨਰ
– ਜ਼ਿਲ੍ਹੇ ਦੇ ਬਜ਼ੁਰਗ ਨਾਗਰਿਕਾਂ ਨੂੰ ਕੈਂਪ ਦਾ ਵੱਧ ਤੋਂ ਵੱਧ ਫਾਇਦਾ ਲੈਣ ਦੀ ਅਪੀਲ
ਫ਼ਿਰੋਜ਼ਪੁਰ, 03 ਅਕਤੂਬਰ 2023 : ਸਾਡੇ ਬਜ਼ੁਰਗ ਸਾਡਾ ਮਾਣ ਹਨ ਅਤੇ ਬਜ਼ੁਰਗਾਂ ਦੀ ਦੇਖਭਾਲ, ਸਤਿਕਾਰ ਤੇ ਸੇਵਾ ਕਰਨਾ ਸਾਡਾ ਸਾਰਿਆਂ ਦਾ ਮੁੱਢਲਾ ਫ਼ਰਜ਼ ਹੈ। ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ੍ਰੀ ਰਾਜੇਸ਼ ਧੀਮਾਨ ਆਈ.ਏ.ਐਸ. ਨੇ ਫ਼ਿਰੋਜ਼ਪੁਰ ਵਿਖੇ ‘ਸਾਡੇ ਬਜ਼ੁਰਜ ਸਾਡਾ ਮਾਣ ਮੁਹਿੰਮ‘ ਸਬੰਧੀ ਜ਼ਿਲ੍ਹੇ ਦੇ ਸਮੂਹ ਅਧਿਕਾਰੀਆਂ ਅਤੇ ਐਨ.ਜੀ.ਓਜ਼ ਨਾਲ ਵਿਸ਼ੇਸ਼ ਮੀਟਿੰਗ ਕਰਨ ਮੌਕੇ ਕੀਤਾ।
ਇਸ ਮੌਕੇ ਡਿਪਟੀ ਕਿਮ਼ਸਨਰ ਨੇ ਦੱਸਿਆ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਯੋਗ ਅਗਵਾਈ ਹੇਠ ਮਾਤਾ-ਪਿਤਾ ਅਤੇ ਬਜ਼ੁਰਗ ਨਾਗਰਿਕਾਂ ਦੀ ਦੇਖਭਾਲ ਅਤੇ ਭਲਾਈ ਐਕਟ-2007 ਅਤੇ ਬਜ਼ੁਰਗ ਵਿਅਕਤੀਆਂ ਦੀ ਭਲਾਈ ਸਬੰਧੀ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ਚਲਾਈਆਂ ਜਾ ਰਹੀਆ ਹੋਰ ਸਕੀਮਾਂ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ‘ਸਾਡੇ ਬਜ਼ੁਰਜ ਸਾਡਾ ਮਾਣ ਮੁਹਿੰਮ‘ ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਮੁਹਿੰਮ ਤਹਿਤ ਜ਼ਿਲ੍ਹੇ ਵਿੱਚ 13 ਅਕਤੂਬਰ 2023 ਨੂੰ ਰਾਮਬਾਗ ਫ਼ਿਰੋਜ਼ਪੁਰ ਛਾਉਣੀ ਵਿਖੇ ਸਵੇਰੇ 09:00 ਵਜੇ ਜ਼ਿਲ੍ਹੇ ਦੇ ਸੀਨੀਅਰ ਸਿਟੀਜਨਾਂ ਲਈ ਕੈਂਪ ਲਗਾਇਆ ਜਾਵੇਗਾ। ਇਸ ਕੈਂਪ ਵਿੱਚ ਬਜ਼ੁਰਗਾਂ ਦੀ ਸਿਹਤ ਜਾਂਚ, ਈ.ਐਨ.ਟੀ. ਚੈਕਅੱਪ, ਅੱਖਾਂ ਦਾ ਚੈਕਅੱਪ, ਨਜ਼ਰ ਵਾਲੀਆਂ ਐਨਕਾਂ ਦੀ ਵੰਡ, ਅੱਖਾਂ ਦਾ ਓਪਰੇਸ਼ਨ, ਬੁਢਾਪਾ ਪੈਨਸ਼ਨ ਲਈ ਰਜਿਸਟ੍ਰੇਸ਼ਨ, ਸੀਨੀਅਰ ਸਿਟੀਜਨ ਕਾਰਡਾਂ ਦੀ ਵੰਡ ਆਦਿ ਸੇਵਾਵਾਂ ਦਿੱਤੀਆਂ ਜਾਣਗੀਆਂ। ਉਨ੍ਹਾਂ ਕੈਂਪ ਸਬੰਧੀ ਸਾਰੇ ਪ੍ਰਬੰਧ ਮੁਕੰਮਲ ਕਰਨ ਲਈ ਸਬੰਧਤ ਵਿਭਾਗਾਂ ਨੂੰ ਹਦਾਇਤ ਕੀਤੀ।
ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਜ਼ਿਲ੍ਹੇ ਦੇ ਸਮੂਹ ਹਸਪਤਾਲਾਂ, ਸਰਕਾਰੀ ਦਫ਼ਤਰਾਂ ਅਤੇ ਸੇਵਾ ਕੇਂਦਰਾਂ ਵਿੱਚ ਵੀ ਬਜ਼ੁਰਗਾਂ/ਸੀਨੀਅਰ ਸਿਟੀਜਨਾਂ ਦੇ ਓ.ਪੀ.ਡੀ. ਚੈਕਅੱਪ ਅਤੇ ਸਰਕਾਰੀ ਕੰਮਾਂ ਨੂੰ ਪਹਿਲ ਦੇ ਆਧਾਰ ‘ਤੇ ਕਰਨ ਸਬੰਧੀ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ। ਉਨ੍ਹਾਂ ਜ਼ਿਲ੍ਹੇ ਦੇ ਬਜ਼ੁਰਗ ਨਾਗਰਿਕਾਂ ਨੂੰ ਇਸ ਕੈਂਪ ਵਿੱਚ ਵੱਧ ਤੋਂ ਵੱਧ ਸ਼ਾਮਿਲ ਹੋ ਕੇ ਲਾਹਾ ਲੈਣ ਦੀ ਅਪੀਲ ਕੀਤੀ।
ਮੀਟਿੰਗ ਵਿੱਚ ਜ਼ਿਲ੍ਹਾ ਸਿੱਖਿਆ ਅਫ਼ਸਰ ਸ. ਚਮਕੌਰ ਸਿੰਘ ਸਰਾਂ, ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀ. ਸਿੱ.) ਸ੍ਰੀ ਸਤੀਸ਼ ਕੁਮਾਰ, ਸਕੱਤਰ ਰੈੱਡ ਕਰਾਸ ਸ੍ਰੀ ਅਸ਼ੋਕ ਬਹਿਲ, ਜ਼ਿਲ੍ਹਾ ਐਪੀਡੀਮਾਲੌਜਿਸਟ ਡਾ. ਸਮਿੰਦਰਪਾਲ ਕੌਰ, ਸ੍ਰੀ ਹਰੀਸ਼ ਮੌਂਗਾ, ਡੀ.ਪੀ.ਓ. ਰਿਚਿਕਾ ਨੰਦਾ, ਸ੍ਰੀ ਹਰਪ੍ਰੀਤ ਸਿੰਘ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਤੇ ਐਨ.ਜੀ.ਓਜ਼. ਦੇ ਨੁਮਾਇੰਦੇ ਹਾਜ਼ਰ ਸਨ।