ਮੁੱਖ ਮੰਤਰੀ ਨੇ ਹੁਣ ਤੱਕ ਕਿਸਾਨਾਂ ਨੂੰ ਹੜ੍ਹਾਂ ਦੇ ਨੁਕਸਾਨ ਦਾ ਮੁਆਵਜ਼ਾ ਨਾ ਦੇ ਕੇ ਪੰਜਾਬੀਆਂ ਨਾਲ ਧੋਖਾ ਕੀਤਾ: ਸੁਖਬੀਰ ਸਿੰਘ ਬਾਦਲ ਨੇ ਫਿਰੋਜ਼ਪੁਰ ਧਰਨੇ ’ਚ ਕੀਤਾ ਚੁੱਕਿਆ ਮੁੱਦਾ
ਕਿਹਾ ਕਿ ਨਸ਼ਾ ਤਸਕਰੀ ਸਿਖ਼ਰਾਂ ’ਤੇ ਹੈ ਕਿਉਂਕਿ ਆਪ ਦੇ ਵਿਧਾਇਕ ਨਸ਼ਾ ਮਾਫੀਆ ਤੋਂ ਮਹੀਨੇ ਲੈ ਰਹੇ ਹਨ
ਮੁੱਖ ਮੰਤਰੀ ਨੇ ਹੁਣ ਤੱਕ ਕਿਸਾਨਾਂ ਨੂੰ ਹੜ੍ਹਾਂ ਦੇ ਨੁਕਸਾਨ ਦਾ ਮੁਆਵਜ਼ਾ ਨਾ ਦੇ ਕੇ ਪੰਜਾਬੀਆਂ ਨਾਲ ਧੋਖਾ ਕੀਤਾ: ਸੁਖਬੀਰ ਸਿੰਘ ਬਾਦਲ ਨੇ ਫਿਰੋਜ਼ਪੁਰ ਧਰਨੇ ’ਚ ਕੀਤਾ ਚੁੱਕਿਆ ਮੁੱਦਾ
ਕਿਹਾ ਕਿ ਨਸ਼ਾ ਤਸਕਰੀ ਸਿਖ਼ਰਾਂ ’ਤੇ ਹੈ ਕਿਉਂਕਿ ਆਪ ਦੇ ਵਿਧਾਇਕ ਨਸ਼ਾ ਮਾਫੀਆ ਤੋਂ ਮਹੀਨੇ ਲੈ ਰਹੇ ਹਨ
ਫਿਰੋਜ਼ਪੁਰ, 27 ਸਤੰਬਰ, 2023: : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਨੇ ਹੜ੍ਹਾਂ ਮਾਰੇ ਕਿਸਾਨਾਂ ਨੂੰ ਹੁਣ ਤੱਕ ਮੁਆਵਜ਼ਾ ਜਾਰੀ ਨਾ ਕਰ ਕੇ ਪੰਜਾਬੀਆਂ ਨਾਲ ਧੋਖਾ ਕੀਤਾ ਹੈ ਤੇ ਉਹਨਾਂ ਜ਼ੋਰ ਦੇ ਕੇ ਆਖਿਆ ਕਿ ਪੰਜਾਬ ਵਿਚ ਨਸ਼ੇ ਦਾ ਕਾਰੋਬਾਰ ਇਸ ਕਰ ਕੇ ਵੱਧ ਰਿਹਾ ਹੈ ਕਿਉਂਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਨਸ਼ਾ ਤਸਕਰਾਂ ਦੀ ਪੁਸ਼ਤ ਪਨਾਹੀ ਕਰ ਰਹੇ ਹਨ।
ਅੱਜ ਆਪ ਸਰਕਾਰ ਵੱਲੋਂ ਹੜ੍ਹ ਮਾਰੇ ਕਿਸਾਨਾਂ ਨੂੰ ਮੁਆਵਜ਼ਾ ਲਾ ਦੇਣ ਤੇ ਨਸ਼ੇ ਦੇ ਕਾਰੋਬਾਰ ਵਿਚ ਵਾਧਾ ਹੋਣ ਖਿਲਾਫ ਪਾਰਟੀ ਦੇ ਧਰਨੇ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਆਪ ਸਰਕਾਰ ਇਸ ਇਲਾਕੇ ਦੇ ਕਈ ਹਿੱਸਿਆਂ ਨੂੰ ਜੁਲਾਈ ਵਿਚ ਝੀਲਾਂ ਵਿਚ ਤਬਦੀਲ ਕਰਨ ਲਈ ਸਿੱਧੇ ਤੌਰ ’ਤੇ ਜ਼ਿੰਮੇਵਾਰ ਹੈ ਤੇ ਹੁਣ ਸਰਕਾਰ ਕਿਸਾਨਾਂ ਦੀ ਝੋਨੇ ਦੀ ਫਸਲ ਦੇ ਹੋਏ ਨੁਕਸਾਨ ਦਾ ਮੁਆਵਜ਼ਾ ਦੇਣ ਤੋਂ ਇਨਕਾਰੀ ਹੈ।
ਸਰਦਾਰ ਸੁਖਬੀਰ ਸਿੰਘ ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਇਸ ਇਲਾਕੇ ਵਿਚ ਹੜ੍ਹ ਮਨੁੱਖ ਵੱਲੋਂ ਸਹੇੜੀ ਤ੍ਰਾਸਦੀ ਸਨ। ਉਹਨਾਂ ਕਿਹਾ ਕਿ ਇਹ ਇਲਾਕਾ ਉਦੋਂ ਹੜ੍ਹਾਂ ਦੀ ਮਾਰ ਹੇਠ ਆਇਆ ਜਦੋਂ ਆਪ ਦੇ ਐਮ ਪੀ ਨੇ ਹਰੀਕੇ ਪੱਤਣ ਦੇ 38 ਗੇਟ ਇਕੋ ਸਮੇਂ ਖੁਲ੍ਹਵਾ ਦਿੱਤੇ ਜਦੋਂ ਕਿ ਸਿੰਜਾਈ ਵਿਭਾਗ ਦੇ ਇੰਜੀਨੀਅਰਜ਼ ਨੇ ਇਸਦਾ ਵਿਰੋਧ ਕੀਤਾ ਸੀ।
ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਇਲਾਕੇ ਵਿਚ ਝੋਨੇ ਦੀ ਫਸਲ ਪੂਰੀ ਤਰ੍ਹਾਂ ਤਬਾਹ ਹੋ ਗਈ ਤੇ ਕਿਸਾਨ ਹੁਣ ਕਣਕ ਲਾਉਣ ਦੇ ਹਾਲਾਤ ਵਿਚ ਨਹੀਂ ਹਨ ਕਿਉਂਕਿ ਖੇਤਾਂ ਵਿਚ ਰੇਤਾ ਭਰ ਗਿਆ ਹੈ। ਉਹਨਾਂ ਕਿਹਾ ਕਿ ਕਿਸਾਨਾਂ ਨੂੰ ਰਾਜ ਸਰਕਾਰ ਆਪਣੇ ਖੇਤਾਂ ਵਿਚੋਂ ਰੇਤਾ ਨਹੀਂ ਹਟਾਉਣ ਦੇ ਰਹੇ ਜਿਸ ਕਾਰਨ ਇਕ ਹੋਰ ਸੰਕਟ ਤਿਆਰ ਖੜ੍ਹਾ ਹੈ।
ਸਰਦਾਰ ਬਾਦਲ ਨੇ ਮੁੱਖ ਮੰਤਰੀ ਮੌਨਸੂਨ ਤੋਂ ਪਹਿਲਾਂ ਹੜ੍ਹ ਰੋਕਥਾਮ ਕਦਮ ਚੁੱਕਣ ਵਿਚ ਨਾਕਾਮ ਰਹੇ ਹਨ। ਉਹਨਾਂ ਕਿਹਾ ਕਿ ਸਾਬਕਾ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਅਜਿਹੀਆਂ ਮੀਟਿੰਗਾਂ ਪਹਿਲਾਂ ਕਰਦੇ ਸਨ ਤੇ ਡਰੇਨਾਂ ਦੀ ਸਫਾਈ ਸਮੇਤ ਹੜ੍ਹਾਂ ਦੀ ਰੋਕਥਾਮ ਦੇ ਕੰਮਾਂ ਦਾ ਮੁਆਇਨਾ ਵੀ ਕਰਦੇ ਸਨ। ਉਹਨਾਂ ਕਿਹਾ ਕਿ ਆਪ ਸਰਕਾਰ ਨੇ ਅਜਿਹਾ ਨਹੀਂ ਕੀਤਾ ਜਿਸ ਕਾਰਨ ਨਾ ਸਿਰਫ ਵੱਡੇ ਪੱਧਰ ’ਤੇ ਖੜ੍ਹੀਆਂ ਫਸਲਾਂ ਦਾ ਨੁਕਸਾਨ ਹੋਇਆ ਬਲਕਿ ਰਿਹਾਇਸ਼ੀ ਘਰਾਂ ਦਾ ਵੀ ਨੁਕਸਾਨ ਹੋਇਆ।
ਸੂਬੇ ਵਿਚ ਨਸ਼ੇ ਦੀ ਬੁਰਾਈ ਦੀ ਗੱਲ ਕਰਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਆਪ ਦੇ ਵਿਧਾਇਕਾਂ ਵੱਲੋਂ ਨਸ਼ਾ ਤਸਕਰਾਂ ਦੀ ਪੁਸ਼ਤ ਪਨਾਹੀ ਕਰਨ ਦੇ ਕਾਰਨ ਨਸ਼ੇ ਦੇ ਕਾਰੋਬਾਰ ਵਿਚ ਚੋਖਾ ਵਾਧਾ ਹੋਇਆ ਹੈ। ਉਹਨਾਂ ਕਿਹਾ ਕਿ ਪੁਲਿਸ ਦੇ ਹੱਥ ਵੀ ਬੰਨੇ ਹੋਏ ਹਨ ਕਿਉਂਕਿ ਆਪ ਵਿਧਾਇਕ ਨਸ਼ਾ ਮਾਫੀਆ ਤੋਂ ਮਹੀਨੇ ਲੈ ਰਹੇ ਹਨ। ਉਹਨਾਂ ਕਿਹਾ ਕਿ ਇਸੇ ਕਾਰਨ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕਰਨ ਦਾ ਕੋਈ ਯਤਨ ਨਹੀਂ ਕੀਤਾ ਜਾ ਰਿਹਾ ਤੇ ਛੋਟੀਆਂ ਛੋਟੀਆਂ ਮੱਛੀਆਂ ਨੂੰ ਫੜਿਆ ਜਾ ਰਿਹਾ ਹੈ।
ਉਹਨਾਂ ਦੱਸਿਆ ਕਿ ਕਿਵੇਂ ਨੈਸ਼ਨਲ ਕੰਟਰੋਲ ਬਿਊਰੋ (ਐਨ ਸੀ ਬੀ) ਨੇ 33 ਸ਼ਰਾਬ ਦੇ ਠੇਕਿਆਂ ਤੋਂ ਨਸ਼ਾ ਫੜਿਆ ਜਦੋਂ ਮੁੱਖ ਮੰਤਰੀ ਨੇ ਠੇਕਿਆਂ ’ਤੇ ਨਸ਼ਾ ਵਿਕਣ ਦੀ ਰਾਜਪਾਲ ਤੋਂ ਮਿਲੀ ਜਾਣਕਾਰੀ ’ਤੇ ਕੋਈ ਵੀ ਕਾਰਵਾਈ ਕਰਨ ਤੋਂ ਨਾਂਹ ਕਰ ਦਿੱਤੀ ਸੀ। ਉਹਨਾਂ ਕਿਹਾ ਕਿ ਸਰ਼ਾਰਬ ਦੇ ਠੇਕੇ ਇਕ ਮਹੀਨੇ ਮਗਰੋਂ ਮੁੜ ਖੋਲ੍ਹ ਦਿੱਤੇ ਗਏ ਜਿਸ ਤੋਂ ਸਪਸ਼ਟ ਹੈ ਕਿ ਨਸ਼ਾ ਮਾਫੀਆ ਦਾ ਆਪ ਸਰਕਾਰ ’ਤੇ ਪੂਰਾ ਕੰਟਰੋਲ ਹੈ।
ਸਰਦਾਰ ਬਾਦਲ ਨੇ ਇਹ ਗੱਲ ਵੀ ਕੀਤੀ ਕਿ ਕਿਵੇਂ ਬੇਅਦਬੀ ਤੇ ਕੋਟਕਪੁਰਾ ਫਾਇਰਿੰਗ ਮਾਮਲਿਆਂ ’ਤੇ ਅਕਾਲੀ ਦਲ ਨੂੰ ਬਦਨਾਮ ਕੀਤਾ ਗਿਆ। ਉਹਨਾਂ ਕਿਹਾ ਕਿ ਹੁਣ ਇਹ ਸਾਹਮਣੇ ਆਇਆ ਹੈ ਕਿ ਦੋ ਵਿਅਕਤੀਆਂ ਨੇ ਪੰਜਾਬ ਪੁਲਿਸ ਮੁਲਾਜ਼ਮਾਂ ਤੋਂ ਰਾਈਫਲਾਂ ਖੋਹੀਆਂ ਤੇ ਜੋ ਗੋਲੀ ਇਕ ਵਿਖਾਵਾਕਾਰੀ ਦੇ ਪੱਟ ਵਿਚ ਲੱਗੀ, ਉਹ ਉਹਨਾਂ ਨੇ ਚਲਾਈ ਸੀ ਜਦੋਂ ਕਿ ਪੁਲਿਸ ਫੋਰਸ ਦੂਜੇ ਪਾਸੇ ਤੋਂ ਪ੍ਰਦਰਸ਼ਨਕਾਰੀਆਂ ਨਾਲ ਜੂਝ ਰਹੀ ਸੀ। ਉਹਨਾਂ ਨੇ ਇਹ ਵੀ ਦੱਸਿਆ ਕਿ ਕਿਵੇਂ ਬਲਜੀਤ ਸਿੰਘ ਦਾਦੂਵਾਲ ਅਤੇ ਧਿਆਨ ਸਿੰਘ ਮੰਡ ਵਰਗੇ ਆਗੂ ਅਕਾਲੀ ਦਲ ਨੂੰ ਕਮਜ਼ੋਰ ਕਰਨ ਵਾਸਤੇ ਕੰਮ ਕਰਦੇ ਰਹੇ ਤੇ ਉਹਨਾਂ ਸਵਾਲ ਕੀਤਾ ਕਿ ਹੁਣ ਇਹਨਾਂ ਨੇ ਬੀਤੇ ਸਮੇਂ ਵਿਚ ਹੋਈਆਂ ਬੇਅਦਬੀਆਂ ਖਿਲਾਫ ਰੋਸ ਪ੍ਰਦਰਸ਼ਨ ਕਿਉਂ ਨਹੀਂ ਕੀਤੇ। ਉਹਨਾਂ ਕਿਹਾ ਕਿ ਉਹਨਾਂ ਨੇ ਕੇਂਦਰ ਸਰਕਾਰ ਤੋਂ ਪੀ ਜੀ ਆਈ ਸੈਟਲਾਈਟ ਸੈਂਟਰ ਸਥਾਪਿਤ ਕਰਵਾਉਣ ਵਾਸਤੇ ਸਿਰਤੋੜ ਯਤਨ ਕੀਤੇ ਤੇ ਕਿਹਾ ਕਿ ਇਸ ਵਾਸਤੇ ਜ਼ਮੀਨ ਅਕਾਲੀ ਦਲ ਦੀ ਅਗਵਾਈ ਵਾਲੀ ਸਰਕਾਰ ਵੇਲੇ ਅਲਾਟ ਕੀਤੀ ਗਈ ਸੀ।
ਸੀਨੀਅਰ ਆਗੂ ਸਰਦਾਰ ਜਨਮੇਜਾ ਸਿੰਘ ਸੇਖੋਂ ਨੇ ਇਸ ਮੌਕੇ ਕਿਹਾ ਕਿ ਇਹ ਬਹੁਤ ਸ਼ਰਮ ਵਾਲੀ ਗੱਲ ਹੈ ਕਿ ਆਪ ਸਰਕਾਰ ਨੇ 6800 ਰੁਪਏ ਪ੍ਰਤੀ ਏਕੜ ਦਾ ਮੁਆਵਜ਼ਾ ਕਿਸਾਨਾਂ ਨੂੰ ਜਾਰੀ ਨਹੀਂ ਕੀਤਾ ਜੋ ਕੇਂਦਰ ਸਰਕਾਰ ਨੇ ਰਾਜ ਸਰਕਾਰ ਨੂੰ ਭੇਜਿਆ ਹੋਇਆ ਹੈ। ਇਸ ਮੌਕੇ ਸਾਬਕਾ ਵਿਧਾਇਕ ਜੋਗਿੰਦਰ ਸਿੰਘ ਜਿੰਦੂ, ਸੀਨੀਅਰ ਅਕਾਲੀ ਆਗੂ ਵਰਦੇਵ ਸਿੰਘ ਨੋਨੀ ਮਾਨ ਅਤੇ ਰੋਹਿਤ ‘ਮੋਂਟੂ’ ਵੋਹਰਾ ਨੇ ਵੀ ਸੰਬੋਧਨ ਕੀਤਾ।