ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਦਾ ਸਲਾਨਾ ਖੇਡ ਮੇਲਾ ਅਮਿੱਟ ਯਾਦਾਂ ਛੱਡਦਾ ਹੋਇਆ ਸੰਪਨ
ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਦਾ ਸਲਾਨਾ ਖੇਡ ਮੇਲਾ ਅਮਿੱਟ ਯਾਦਾਂ ਛੱਡਦਾ ਹੋਇਆ ਸੰਪਨ
ਫਿਰੋਜ਼ਪੁਰ 9 ਮਾਰਚ 2023 ( ) ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਫਿਰੋਜ਼ਪੁਰ ਵਲੋਂ 24ਵੇਂ ਸਲਾਨਾ ਖੇਡ ਮੇਲੇ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਵਿਦਿਆਰਥੀਆਂ ਵਲੋਂ ਵਧ ਚੜ ਕੇ ਸ਼ਮੂਲੀਅਤ ਕੀਤੀ ਗਈ। ਇਸ ਦੌਰਾਨ ਯੂਨੀਵਰਸਿਟੀ ਦੇ ਉੱਪ ਕੁਲਪਤੀ ਡਾ. ਬੂਟਾ ਸਿੰਘ ਸਿੱਧੂ ਨੇ ਮਾਰਚ ਪਾਸਟ ਦੀ ਸਲਾਮੀ ਲਈ। ਉਨ੍ਹਾਂ ਆਪਣੇ ਸੰਬੋਧਨ ਦੌਰਾਨ ਇਨਸਾਨ ਦੇ ਜੀਵਨ ਵਿੱਚ ਖੇਡਾਂ ਦੇ ਮਹੱਤਵਪੂਰਨ ਯੋਗਦਾਨ ਬਾਰੇ ਜ਼ਿਕਰ ਕਰਦਿਆਂ ਕਿਹਾ ਕਿ ਅੱਜ ਦੀ ਤੇਜ਼ ਰਫਤਾਰ ਜਿੰਦਗੀ ਵਿੱਚ ਅਸੀਂ ਖੇਡਾਂ ‘ਚ ਸਮਾਂ ਘਟ ਬਤੀਤ ਕਰਦੇ ਹਾਂ, ਜਿਸਦੇ ਸਿੱਟੇ ਵਜੋਂ ਅਸੀਂ ਸਰੀਰਕ ਤੌਰ ਦੇ ਕਮਜ਼ੋਰ ਹੋ ਰਹੇ ਹਾਂ। ਉਨ੍ਹਾਂ ਕਿਹਾ ਕਿ ਖੇਡਾਂ ਜਿੱਥੇ ਇੰਨਸਾਨ ਨੂੰ ਸਰੀਰਕ ਤੌਰ ਤੇ ਤੰਦਰੁਸਤ ਰੱਖਦੀਆਂ ਹਨ, ਓਥੇ ਮਾਨਸਿਕ ਵਿਕਾਸ ਲਈ ਵੀ ਇਹਨਾ ਦਾ ਬਹੁਤ ਯੋਗਦਾਨ ਰਹਿੰਦਾ ਹੈ। ਉਨ੍ਹਾਂ ਖੇਡਾਂ ਰਾਹੀਂ ਆਪਣਾ ਨਾਮ ਚਮਕਾ ਚੁੱਕੇ ਖਿਡਾਰੀਆਂ ਦਾ ਵਿਸ਼ੇਸ਼ ਤੌਰ ‘ਤੇ ਜ਼ਿਕਰ ਕਰਦਿਆਂ ਵਿਦਿਆਰਥੀਆਂ ਨੂੰ ਉਨ੍ਹਾਂ ਖਿਡਾਰੀਆਂ ਤੋਂ ਪ੍ਰੇਰਨਾ ਲੈ ਕੇ ਆਪਣੀ ਜਿੰਦਗੀ ਵਿਚ ਖੇਡਾਂ ਨੂੰ ਅਹਿਮ ਹਿੱਸਾ ਬਣਾਉਣ ਦੀ ਸਲਾਹ ਦਿੱਤੀ।
ਖੇਡ ਮੇਲੇ ਦੌਰਾਨ ਵਿਦਿਆਰਥੀਆਂ ਨੇ 100, 200,400,800 ਮੀਟਰ ਦੌੜਾਂ ਤੋਂ ਇਲਾਵਾ ਸ਼ਾਟ ਪੁੱਟ, ਡਿਸਕਸ ਥਰੋ, ਹਾਈ ਜੰਪ, ਲੌਂਗ ਜੰਪ, ਰੱਸਾ ਕੱਸੀ, ਵਾਲੀਵਾਲ, ਫੁੱਟਬਾਲ, ਕ੍ਰਿਕਟ, ਚੈੱਸ, ਟੈਨਿਸ, ਯੋਗਾ ਆਦਿ ਮੁਕਾਬਲਿਆਂ ‘ਚ ਵਧ ਚੜ ਕੇ ਹਿੱਸਾ ਲਿਆ। ਇਨ੍ਹਾਂ ਮੁਕਾਬਲਿਆ ਵਿਚ ਜੇਤੂ ਖਿਡਾਰੀਆਂ ਨੂੰ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ। ਖੇਡ ਮੇਲੇ ਵਿਚ ਸਰਵੋਤਮ ਖਿਡਾਰੀ ਦਾ ਖਿਤਾਬ ਬੀ-ਟੈਕ ਤੀਜੇ ਸਾਲ ਦੇ ਵਿਦਿਆਰਥੀ ਅਨਮੋਲ ਸਿੰਘ ਅਤੇ ਲੜਕੀਆਂ ਚੋਂ ਬੀ-ਟੈਕ ਚੋਥਾ ਸਾਲ ਦੀ ਵਿਦਿਆਰਥਨ ਨਵਜੋਤ ਰਾਣੀ ਨੇ ਹਾਸਲ ਕੀਤਾ। ਡਿਪਲੋਮਾ ਵਿੰਗ ਚੋਂ ਜਸਕੀਰਤ ਸਿੰਘ ਨੇ ਸਰਵੋਤਮ ਖਿਡਾਰੀ ਦਾ ਖਿਤਾਬ ਹਾਸਲ ਕੀਤਾ।
ਖੇਡ ਮੇਲੇ ਦੀ ਸਮਾਪਤੀ ਦੀ ਰਸਮ ਯੂਨੀਵਰਸਿਟੀ ਰਜਿਸਟਰਾਰ ਡਾ. ਗਜ਼ਲਪ੍ਰੀਤ ਸਿੰਘ ਅਰਣੇਜਾ ਨੇ ਨਿਭਾਈ। ਉਨ੍ਹਾਂ ਜੇਤੂ ਖਿਡਾਰੀਆਂ ਨੂੰ ਮੁਬਾਰਕਬਾਦ ਦਿੰਦਿਆਂ ਆਸ ਪ੍ਰਗਟਾਈ ਕਿ ਵਿਦਿਆਰਥੀ ਅੱਗੇ ਤੋਂ ਵੀ ਏਸੇ ਤਰਾਂ ਅਨੂਸ਼ਾਸਨ ਚ ਰਹਿ ਕੇ ਖੇਡਾਂ ਚ ਭਾਗ ਲੈਂਦੇ ਰਹਿਣਗੇ। ਉਨ੍ਹਾਂ ਸਪੋਰਟਸ ਪ੍ਰੈਜ਼ੀਡੈਂਟ ਪ੍ਰੋ. ਨਵਤੇਜ ਸਿੰਘ ਘੁੰਮਣ ਤੇ ਉਨ੍ਹਾਂ ਦੀ ਟੀਮ ਨੂੰ ਵੀ ਇਸ ਖੇਡ ਮੇਲੇ ਨੂੰ ਸਫਲਤਾ ਪੂਰਬਕ ਨੇਪਰੇ ਚਾੜਨ ਲਈ ਮੁਬਾਰਕਬਾਦ ਦਿੱਤੀ। ਅਖੀਰ ਵਿੱਚ ਸਪੋਰਟਸ ਪ੍ਰੈਜ਼ੀਡੈਂਟ ਵਲੋਂ ਸਾਰੇ ਸਟਾਫ, ਫੈਕਲਟੀ ਸਮੇਤ ਸਪੋਰਟਸ ਇੰਚਾਰਜ ਡਾ ਰਾਕੇਸ਼ ਕੁਮਾਰ, ਪ੍ਰੋ ਰਾਜੇਸ਼ ਸਿੰਗਲਾ, ਪੀ.ਆਰ.ਓ. ਯਸ਼ਪਾਲ, ਸਪੋਰਟਸ ਅਸਿਸਟੈਂਟ ਤਲਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਮਨਜੀਤ ਸਿੰਘ ਬਾਜਵਾ, ਪਰਮਿੰਦਰ ਪਾਲ ਸਿੰਘ, ਅਮਰਜੀਤ ਸਿੰਘ, ਕਮਲ ਭੱਟੀ ਦਾ ਖੇਡ ਮੇਲੇ ਨੂੰ ਸਫ਼ਲਤਾ ਪੂਰਵਕ ਨੇਪਰੇ ਚਾੜਨ ਲਈ ਦਿੱਤੇ ਸਹਿਯੋਗ ਲਈ ਧੰਨਵਾਦ ਕੀਤਾ। ਉਨ੍ਹਾਂ ਕੈਂਪਸ ਦੇ ਸਾਬਕਾ ਡਾਇਰੈਕਟਰ ਸਰੀਰਕ ਸਿੱਖਿਆ ਡਾ. ਵਰਿੰਦਰ ਸਿੰਘ ਭੁੱਲਰ ਵਲੋਂ ਖੇਡਾਂ ਚ ਸਰਬੋਤਮ ਰਹੇ ਖਿਡਾਰੀਆਂ ਨੂੰ ਟਰਾਫੀਆਂ ਸਪਾਂਸਰ ਕਰਨ ਤੇ ਬਲਵਿੰਦਰ ਸਿੰਘ ਮੋਹੀ ਦਾ ਖੇਡ ਮੇਲੇ ਚ ਵਿਸ਼ੇਸ਼ ਤੌਰ ਤੇ ਪਹੁੰਚ ਕੇ ਸਹਿਯੋਗ ਦੇਣ ਲਈ ਵਿਸ਼ੇਸ ਤੌਰ ਤੇ ਧੰਨਵਾਦ ਕੀਤਾ।