ਪੀ.ਐਸ.ਪੀ.ਸੀ.ਐਲ. ਵੱਲੋਂ ਬਿਜਲੀ ਬੰਦ ਰਹਿਣ ਦੀ ਸੂਚਨਾ ਮੋਬਾਇਲ ‘ਤੇ ਐਸ.ਐਮ.ਐਸ. ਰਾਹੀ ਸੰਦੇਸ਼ ਭੇਜਣ ਦਾ ਸਫਲਤਾਪੂਰਵਕ ਟਰਾਇਲ
ਪੀ.ਐਸ.ਪੀ.ਸੀ.ਐਲ. ਵੱਲੋਂ ਬਿਜਲੀ ਬੰਦ ਰਹਿਣ ਦੀ ਸੂਚਨਾ ਮੋਬਾਇਲ ‘ਤੇ ਐਸ.ਐਮ.ਐਸ. ਰਾਹੀ ਸੰਦੇਸ਼ ਭੇਜਣ ਦਾ ਸਫਲਤਾਪੂਰਵਕ ਟਰਾਇਲ
ਫਿਰੋਜ਼ਪੁਰ 11 ਜਨਵਰੀ, 2023: ਫਿਰੋਜ਼ਪੁਰ ਹਲਕਾ ਅਧੀਨ ਪੈਂਦੇ 11 ਕੇ.ਵੀ ਬਸਤੀ ਟੈਂਕਾ ਵਾਲੀ ਫੀਡਰ ਤੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਮੁੱਖ ਇੰਜੀਨੀਅਰ, ਪਛਮ ਜ਼ੋਨ, ਬਠਿੰਡਾ ਦੇ ਯਤਨਾਂ ਨਾਲ ਨਿਗਰਾਨ ਇੰਜੀਨਿਅਰ ਹਲਕਾ ਫਿਰੋਜ਼ਪੁਰ ਦੀ ਅਗਵਾਈ ਹੇਠ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟਿਡ ਦੇ ਵੱਡਮੂਲੇ ਖਪਤਕਾਰਾਂ ਨੂੰ ਬਿਜਲੀ ਬੰਦ ਰਹਿਣ ਦੀ ਸੂਚਨਾ ਰਜਿਸਟਰਡ ਮੋਬਾਇਲ ਨੰਬਰਾਂ ਤੇ ਐਸ.ਐਮ.ਐਸ. ਰਾਹੀ ਸੰਦੇਸ਼ ਭੇਜਣ ਦਾ ਸਫਲਤਾਪੂਰਵਕ ਟਰਾਇਲ ਰਨ ਕੀਤਾ ਗਿਆ।
ਇਸ ਸਬੰਧੀ ਸਹਾਇਕ ਕਾਰਜਕਾਰੀ ਇੰਜੀਨੀਅਰ ਸੰਚਾਲਕ ਉਪ-ਮੰਡਲ ਕੈਂਟ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਹਿਕਮੇ ਦੇ ਸੋਫਟਵੇਅਰ ਰਾਹੀਂ ਬਸਤੀ ਟੈਂਕਾ ਵਾਲੀ ਘੁਮਿਆਰ ਮੰਡੀ, ਜੀ.ਟੀ ਰੋਡ ਹਰੀਜਨ ਕਲੋਨੀ ਅਤੇ ਚਮਰੰਗ ਮੰਡੀ ਏਰੀਏ ਦੇ 2620 ਖਪਤਕਾਰਾਂ ਨੂੰ ਇੱਕ ਦਿਨ ਪਹਿਲਾਂ ਹੀ ਰਜਿਸਟਰਡ ਮੋਬਾਇਲ ਨੰਬਰਾਂ ਤੇ ਮਿਤੀ 11 ਜਨਵਰੀ 2023 ਨੂੰ ਸਵੇਰੇ 11:00 ਤੋਂ ਦੁਪਿਹਰ 1:00 ਵਜੇ ਤੱਕ ਉਨ੍ਹਾਂ ਦੇ ਏਰਿਏ ਵਿਚ ਬਿਜਲੀ ਬੰਦ ਰਹਿਣ ਬਾਰੇ ਐਸ.ਐਮ.ਐਸ. ਭੇਜੇ ਗਏ ਸਨ। ਇਸ ਉਪਰਾਲੇ ਦੀ ਸ਼ਲਾਘਾ ਕਰਦੇ ਹੋਏ 11 ਕੇ.ਵੀ ਬਸਤੀ ਟੈਂਕਾ ਵਾਲੀ ਫੀਡਰ ਅਧੀਨ ਉਪ ਮੰਡਲ ਕੈਂਟ ਨੰ: 2 ਦੇ ਵੱਡੀ ਗਿਣਤੀ ਵਿੱਚ ਖਪਤਕਾਰਾਂ ਵੱਲੋਂ ਕਿਹਾ ਗਿਆ ਕਿ ਬਿਜਲੀ ਬੰਦ ਹੋਣ ਦੀ ਸੂਚਨਾ ਪਹਿਲਾਂ ਤੋਂ ਹੋਣ ਨਾਲ ਉਨ੍ਹਾਂ ਵੱਲੋਂ ਜ਼ਰੂਰੀ ਪ੍ਰਬੰਧ ਕਰਨ ਵਿੱਚ ਸੌਖ ਹੋਵੇਗੀ ਅਤੇ ਇਹ ਸੂਚਨਾ ਉਨ੍ਹਾਂ ਦੇ ਮੋਬਾਇਲ ਨੰਬਰਾਂ ‘ਤੇ ਐਸ.ਐਮ.ਐਸ. ਰਾਹੀਂ ਆਉਣ ਨਾਲ ਉਨ੍ਹਾਂ ਨੂੰ ਬਹੁਤ ਸਹੂਲਤ ਹੋਵੇਗੀ। ਇਸ ਸਫਲ ਟਰਾਇਲ ਰਨ ਤੋਂ ਬਾਅਦ ਇਹ ਪ੍ਰਕਰਿਆ ਫਿਰੋਜ਼ਪੁਰ ਜ਼ਿਲ੍ਹੇ ਦੀਆਂ ਸੈਪ ਉਪ ਮੰਡਲਾਂ ਅਧੀਨ ਬਾਕੀ ਫੀਡਰਾਂ ‘ਤੇ ਵੀ ਲਾਗੂ ਕੀਤੀ ਜਾਵੇਗੀ।