ਬਲਾਕ ਘੱਲ ਖੁਰਦ ਵਿਖੇ ਸ਼ਕਾਇਤ ਨਿਵਾਰਨ ਕੈਂਪ ਦਾ ਆਯੋਜਨ, ਡਿਪਟੀ ਕਮਿਸ਼ਨਰ ਨੇ ਲੋਕਾਂ ਦੀਆਂ ਸੁਣੀਆਂ ਸ਼ਕਾਇਤਾ
ਡਿਪਟੀ ਕਮਿਸ਼ਨਰ ਨੇ ਲੋਕਾਂ ਦੀਆਂ ਸੁਣੀਆਂ ਸ਼ਕਾਇਤਾ
ਅਧਿਕਾਰੀਆਂ ਨੂੰ ਸ਼ਕਾਇਤਾਂ/ਅਰਜ਼ੀਆਂ ਦੇ ਸਮਾਂਬੱਧ ਨਿਪਟਾਰੇ ਦੇ ਆਦੇਸ਼
ਬਲਾਕ ਘੱਲ ਖੁਰਦ ਵਿਖੇ ਸ਼ਕਾਇਤ ਨਿਵਾਰਨ ਕੈਂਪ ਦਾ ਆਯੋਜਨ
ਫਿਰੋਜ਼ਪੁਰ, 8 ਦਸੰਬਰ, 2022;
ਪੰਜਾਬ ਸਰਕਾਰ ਦੇ ਆਦੇਸ਼ਾਂ ਅਨੁਸਾਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲੋਕਾਂ ਕੋਲ ਖੁਦ ਪਹੁੰਚ ਕਰਕੇ ਉਨ੍ਹਾਂ ਦੀਆਂ ਮੁਸ਼ਕਿਲਾਂ ਦੇ ਨਿਪਟਾਰੇ ਲਈ ਸੁਵਿਧਾ ਕੈਂਪ/ਸ਼ਕਾਇਤ ਨਿਵਾਰਨ ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ਹੈ, ਜਿਸ ਤਹਿਤ ਬਲਾਕ ਘੱਲ ਖੁਰਦ ਦੇ ਸ਼ਕਾਇਤ ਨਿਵਾਰਨ ਕੈਂਪ ਦਾ ਬਲਾਕ ਵਿਕਾਸ ਤੇ ਪੰਚਾਇਤ ਦਫ਼ਤਰ ਘੱਲ ਖੁਰਦ ਵਿਖੇ ਆਯੋਜਨ ਕੀਤਾ ਗਿਆ। ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀਮਤੀ ਅਮ੍ਰਿਤ ਸਿੰਘ ਆਈ.ਏ.ਐਸ. ਨੇ ਕੈਂਪ ਵਿੱਚ ਪਹੁੰਚ ਕੇ ਬਲਾਕ ਦੇ ਵੱਖ-ਵੱਖ ਪਿੰਡਾਂ ਤੋਂ ਆਏ ਲੋਕਾਂ ਦੀਆਂ ਸ਼ਕਾਇਤਾਂ ਸੁਣੀਆਂ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਨਿਪਟਾਰੇ ਲਈ ਮੌਕੇ ਤੇ ਲੋੜੀਂਦੇ ਆਦੇਸ਼ ਜਾਰੀ ਕੀਤੇ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ-ਕਮ-ਐਸ.ਡੀ.ਐਮ. ਸ. ਰਣਜੀਤ ਸਿੰਘ ਭੁੱਲਰ, ਤਹਿਸੀਲਦਾਰ ਸ੍ਰੀਮਤੀ ਸੁਖਬੀਰ ਕੌਰ, ਬੀ.ਡੀ.ਪੀ.ਓ. ਸ੍ਰੀ ਵਿਪਨ ਕੁਮਾਰ, ਵਿਧਾਇਕ ਰਜ਼ਨੀਸ ਦਹੀਆਂ ਦੇ ਨੁਮਾਇੰਦੇ ਹਰਪਿੰਦਰ ਪਾਲ ਸਿੰਘ (ਰੌਬੀ ਸੰਧੂ), ਨਾਇਬ ਤਹਿਸੀਲਦਾਰ ਰਾਕੇਸ਼ ਅਗਰਵਾਲ, ਹਰਪ੍ਰੀਤ ਕਾਨੂੰਗੋ ਤੋਂ ਇਂਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।
ਇਸ ਮੌਕੇ ਵੱਖ-ਵੱਖ ਪਿੰਡਾ ਤੋਂ ਆਏ ਲੋਕਾਂ ਨੇ ਡਿਪਟੀ ਕਮਿਸ਼ਨਰ ਦੇ ਸਨਮੁੱਖ ਨਰੇਗਾ ਜਾਬ ਕਾਰਡ, ਨਰੇਗਾ ਦੇ ਫੰਡ ਰਲੀਜ਼ ਕਰਨ, ਲੰਬਿਤ ਪੈਨਸ਼ਨ ਕੇਸ, ਵਿਕਾਸ ਕਾਰਜਾਂ, ਤਲਵੰਡੀ ਭਾਈ ਦੇ ਬੱਸ ਸਟੈਂਡ ਵਿਖੇ ਮੂਲ ਸੁਵਿਧਾਵਾਂ ਦੀ ਘਾਟ, ਬੱਸਾਂ ਦਾ ਤਲਵੰਡੀ ਭਾਈ ਅੱਡੇ ਤੇ ਘੱਟ ਆਉਣਾ, ਛੱਪੜਾ ਦੀ ਸਫਾਈ, ਹਸਪਤਾਲਾਂ ਵਿੱਚ ਦਵਾਈਆਂ ਅਤੇ ਸਟਾਫ ਦੀ ਘਾਟ, ਨਹਿਰੀ ਪਾਣੀ ਸਮੇਤ ਵੱਖ-ਵੱਖ ਤਰ੍ਹਾਂ ਦੀਆਂ ਸਮੱਸਿਆਵਾਂ ਰੱਖੀਆਂ ਜਿਨ੍ਹਾਂ ਦੇ ਡਿਪਟੀ ਕਮਿਸ਼ਨਰ ਨੇ ਸਮਾਬੱਧ ਨਿਪਟਾਰੇ ਲਈ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਆਦੇਸ਼ ਦਿੱਤੇ।
ਡਿਪਟੀ ਕਮਿਸ਼ਨਰ ਨੇ ਇਸ ਮੌਕੇ ਹਾਜ਼ਰ ਲੋਕਾਂ ਨੂੰ ਕਿਹਾ ਕਿ ਜੇਕਰ ਉਨ੍ਹਾਂ ਵੱਲੋਂ ਭੇਜੀਆ ਸ਼ਕਾਇਤਾਂ/ਸੁਝਾਵਾਂ ਦਾ ਸਮੇਂ ਸਿਰ ਹੱਲ ਨਹੀਂ ਹੁੰਦਾ ਤਾਂ ਉਹ ਬੇ-ਝਿਜਕ ਡਿਪਟੀ ਕਮਿਸ਼ਨਰ ਦਫ਼ਤਰ ਵਿਖੇ ਪਹੁੰਚ ਕੇ ਉਨ੍ਹਾਂ ਨਾਲ ਸੰਪਰਕ ਕਰ ਸਕਦੇ ਹਨ। ਇਸ ਮੌਕੇ ਉਨ੍ਹਾਂ ਵੱਖ-ਵੱਖ ਵਿਭਾਗਾਂ ਦੇ ਹਾਜ਼ਰ ਅਧਿਕਾਰੀਆਂ ਨੂੰ ਵੀ ਹਦਾਇਤ ਕੀਤੀ ਕਿ ਲੋਕਾਂ ਦੇ ਕੰਮਾਂ ਨੂੰ ਪਹਿਲ ਦੇ ਆਧਾਰ ਤੇ ਕੀਤਾ ਜਾਵੇ ਅਤੇ ਕਿਸੇ ਨੂੰ ਵੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।