ਖਸਰਾ ਤੇ ਰੁਬੇਲਾ ਦੇ ਖ਼ਾਤਮੇ ਲਈ ਯੋਜਨਾਬੱਧ ਤਰੀਕੇ ਨਾਲ ਕੰਮ ਕੀਤਾ ਜਾਵੇ – ਸਾਗਰ ਸੇਤੀਆ
ਏ.ਡੀ.ਸੀ. ਨੇ ਜ਼ਿਲ੍ਹਾ ਟਾਸਕ ਫੋਰਸ ਦੀ ਮੀਟਿੰਗ ਦੌਰਾਨ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਦਿੱਤੇ ਨਿਰਦੇਸ਼
ਖਸਰਾ ਤੇ ਰੁਬੇਲਾ ਦੇ ਖ਼ਾਤਮੇ ਲਈ ਯੋਜਨਾਬੱਧ ਤਰੀਕੇ ਨਾਲ ਕੰਮ ਕੀਤਾ ਜਾਵੇ – ਸਾਗਰ ਸੇਤੀਆ
– ਏ.ਡੀ.ਸੀ. ਨੇ ਜ਼ਿਲ੍ਹਾ ਟਾਸਕ ਫੋਰਸ ਦੀ ਮੀਟਿੰਗ ਦੌਰਾਨ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਦਿੱਤੇ ਨਿਰਦੇਸ਼
ਫਿਰੋਜ਼ਪੁਰ, 23 ਨਵੰਬਰ 2022:
ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਸਾਗਰ ਸੇਤੀਆ ਆਈ.ਏ.ਐਸ ਦੀ ਪ੍ਰਧਾਨਗੀ ਹੇਠ ਦਸੰਬਰ 2023 ਤੱਕ ਖਸਰਾ ਅਤੇ ਰੁਬੇਲਾ ਦੇ ਖ਼ਾਤਮੇ ਦੇ ਮੱਦੇਨਜ਼ਰ ਨਿਯਮਿਤ ਟੀਕਾਕਰਨ ਤੇ ਨਿਗਰਾਨੀ ਸਬੰਧੀ ਜ਼ਿਲ੍ਹਾ ਟਾਸਕ ਫੋਰਸ ਦੀ ਮੀਟਿੰਗ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਵਿਖੇ ਹੋਈ। ਮੀਟਿੰਗ ਵਿਚ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੇ ਸਮੂਹ ਪ੍ਰੋਗਰਾਮ ਅਫ਼ਸਰ ਅਤੇ ਸੀਨੀਅਰ ਮੈਡੀਕਲ ਅਫ਼ਸਰ ਹਾਜ਼ਰ ਸਨ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਭਾਰਤ ਸਰਕਾਰ 2023 ਤੱਕ ਖਸਰਾ ਅਤੇ ਰੁਬੇਲਾ (ਐਮ.ਆਰ.) ਦੇ ਖ਼ਾਤਮੇ ਲਈ ਵਚਨਬੱਧ ਹੈ। ਉਨ੍ਹਾਂ ਨਿਰਦੇਸ਼ ਦਿੱਤੇ ਕਿ ਖਸਰਾ ਤੇ ਰੁਬੇਲਾ ਦੇ ਖ਼ਾਤਮੇ ਲਈ ਯੋਜਨਾਬੱਧ ਤਰੀਕੇ ਨਾਲ ਕੰਮ ਕੀਤਾ ਜਾਵੇ। ਉਨ੍ਹਾਂ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਜ਼ਿਲ੍ਹੇ ਦੇ ਸਲੱਮ ਇਲਾਕਿਆਂ, ਇੱਟਾਂ ਦੇ ਭੱਠਿਆਂ ਆਦਿ ਵਿਚ 5 ਸਾਲ ਤੱਕ ਦੇ ਬੱਚਿਆਂ ਦੇ ਮੁਕੰਮਲ ਟੀਕਾਕਰਨ ਦਾ ਨਿਰਦੇਸ਼ ਦਿੰਦਿਆਂ ਕਿਹਾ ਕਿ ਕੋਈ ਵੀ ਬੱਚਾ ਟੀਕਾਕਰਨ ਤੋਂ ਵਾਂਝਾ ਨਾ ਰਹੇ।
ਵਧੀਕ ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਟਾਸਕ ਫੋਰਸ ਨੂੰ ਟੀਕਾਕਰਨ ਗਤੀਵਿਧੀਆਂ ਨੂੰ ਤੇਜ਼ ਕਰਨ ਸਬੰਧੀ ਯੋਗ ਕਾਰਵਾਈ ਕਰਨ ਦੇ ਆਦੇਸ਼ ਦਿੱਤੇ। ਉਨ੍ਹਾਂ ਜ਼ਿਲ੍ਹਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਨੇ ਖਸਰਾ ਤੇ ਰੁਬੇਲਾ ਦਾ ਟੀਕਾਕਰਨ ਨਹੀਂ ਕਰਵਾਇਆ ਹੈ ਤਾਂ ਉਹ ਸਰਕਾਰੀ ਸਿਹਤ ਕੇਂਦਰਾਂ ਵਿਖੇ ਜਾ ਕੇ ਟੀਕਾਕਰਨ ਕਰਵਾਉਣ।
ਇਸ ਮੌਕੇ ਸਿਵਲ ਸਰਜਨ ਡਾ. ਰਾਜਿੰਦਰਪਾਲ ਨੇ ਸਮੂਹ ਅਧਿਕਾਰੀਆਂ ਨੂੰ ਟੀਕਾਕਰਨ ਮੁਹਿੰਮ ਦੀ ਸੁਪਰਵਿਜ਼ਨ ਵਧਾਉਣ ਦੀ ਹਦਾਇਤ ਕੀਤੀ। ਮੀਟਿੰਗ ਦੌਰਾਨ ਡਾ. ਮੀਨਾਕਸ਼ੀ ਅਬਰੋਲ ਜ਼ਿਲ੍ਹਾ ਟੀਕਾਕਰਨ ਅਫ਼ਸਰ ਅਤੇ ਡਾ. ਮੇਘਾ ਪ੍ਰਕਾਸ਼ ਸਰਵੇਲੈਂਸ ਅਫ਼ਸਰ ਵਿਸ਼ਵ ਸਿਹਤ ਸੰਸਥਾ ਨੇ ਸਮੂਹ ਐਸ.ਐਮ.ਓਜ਼ ਨੂੰ ਜ਼ਿਲ੍ਹੇ ਵਿੱਚ 0-5 ਸਾਲ ਦੇ ਬੱਚਿਆਂ ਦਾ ਹੈੱਡ ਕਾਊਂਟ ਸਰਵੇਅ ਛੇਤੀ ਤੋਂ ਛੇਤੀ ਮੁਕੰਮਲ ਕਰ ਕੇ ਰਿਪੋਰਟ ਜਮਾਂ ਕਰਵਾਉਣ ਦੀ ਹਦਾਇਤ ਕੀਤੀ।
ਇਸ ਮੌਕੇ ਐਸ. ਐਮ. ਓਜ਼ ਡਾ. ਵਨੀਤਾ ਭੁੱਲਰ, ਡਾ. ਬਲਕਾਰ ਸਿੰਘ, ਡਾ. ਮਨਦੀਪ ਪੁਰੇਵਾਲ ਤੋਂ ਇਲਾਵਾ ਡਾ. ਰੇਖਾ ਭੱਟੀ, ਡਾ. ਕਰਨਵੀਰ ਕੌਰ, ਡਾ. ਯੁਵਰਾਜ ਨਾਰੰਗ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।