ਸਪੀਡ ਪੋਸਟ ਰਾਹੀ ਘਰ-ਘਰ ਭੇਜੇ ਜਾਣਗੇ ਵੋਟਰ ਕਾਰਡ – ਡਿਪਟੀ ਕਮਿਸ਼ਨਰ
ਸਪੀਡ ਪੋਸਟ ਰਾਹੀ ਘਰ-ਘਰ ਭੇਜੇ ਜਾਣਗੇ ਵੋਟਰ ਕਾਰਡ – ਡਿਪਟੀ ਕਮਿਸ਼ਨਰ
ਫਿਰੋਜ਼ਪੁਰ, 15 ਸਤੰਬਰ, 2022: ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾ ਅਨੁਸਾਰ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫਸਰ ਫਿਰੋਜ਼ਪੁਰ ਜੀ ਨੇ ਦੱਸਿਆ ਕਿ ਸਬੰਧਤ ਵੋਟਰਾਂ ਤਕ ਵੋਟਰ ਕਾਰਡ ਪਹੁੰਚਾਉਣ ਦੀ ਪ੍ਰਕਿਰਿਆ ਨੂੰ ਸੁਖਾਲਾ ਬਣਾਉਂਦੇ ਹੋਏ ਹੁਣ ਜ਼ਿਲ੍ਹੇ ਵਿੱਚ ਵੋਟਰ ਸ਼ਨਾਖਤੀ ਕਾਰਡ ਵੋਟਰਾਂ ਨੂੰ ਦਸਤੀ ਦੇਣ ਦੀ ਬਜਾਏ ਸਪੀਡ ਪੋਸਟ ਰਾਹੀ ਘਰ-ਘਰ ਭੇਜੇ ਜਾਣਗੇ। ਡਿਪਟੀ ਕਮਿਸ਼ਨਰ ਸ੍ਰੀਮਤੀ ਅਮ੍ਰਿਤ ਸਿੰਘ, ਆਈ.ਏ.ਐਸ ਨੇ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਵੋਟਰਾਂ ਨੂੰ ਵੋਟਰ ਕਾਰਡ ਉਨਾਂ ਦੇ ਇਲਾਕੇ ਦੇ ਬੀ.ਐਲ.ਓਜ਼ ਰਾਹੀਂ ਤਕਸੀਮ ਕੀਤੇ ਜਾਣ ਦੀ ਬਜਾਏ ਹੁਣ ਡਾਕ ਜਰੀਏ ਉਨ੍ਹਾਂ ਦੇ ਘਰੇਲੂ ਪਤੇ ‘ਤੇ ਭੇਜੇ ਜਾ ਰਹੇ ਹਨ। ਇਹ ਵੋਟਰ ਕਾਰਡ ਵੋਟਰ ਦੇ ਪਤੇ ‘ਤੇ ਵਿਸ਼ੇਸ਼ ਲਿਫਾਫੇ ਵਿੱਚ ਭੇਜੇ ਜਾਣਗੇ।
ਇਸ ਤੋਂ ਇਲਾਵਾ ਵੋਟਰ ਸੂਚੀ ਦੀ ਸਰਸਰੀ ਸੁਧਾਈ ਯੋਗਤਾ ਮਿਤੀ 01 ਜਨਵਰੀ, 2023 ਦੇ ਆਧਾਰ ‘ਤੇ ਦਾਅਵੇ ਅਤੇ ਇਤਰਾਜ ਪ੍ਰਾਪਤ ਕਰਨ ਲਈ ਮਿਤੀ 1 ਅਗਸਤ, 2022 ਤੇ ਨਵੇਂ ਸੋਧੇ ਫਾਰਮ 6, 6ਏ, 7 ਅਤੇ 8 ਉਪਲਬੱਧ ਕਰਵਾਏ ਜਾ ਰਹੇ ਹਨ।
ਉਨ੍ਹਾਂ ਦੱਸਿਆ ਕਿ ਇਸ ਦੇ ਨਾਲ ਹੀ ਵੋਟਰ ਸੂਚੀ ਵਿੱਚ ਪਹਿਲਾਂ ਤੋਂ ਦਰਜ ਵੋਟਰਾਂ ਦੇ ਵੋਟਰ ਕਾਰਡ ਨੂੰ ਆਧਾਰ ਨੰਬਰ ਨਾਲ ਲਿੰਕ ਕਰਨ ਲਈ ਮਿਤੀ 01 ਅਗਸਤ, 2022 ਤੋਂ ਫਾਰਮ 6ਬੀ ਵੀ ਉਪਲਬੱਧ ਕਰਵਾਇਆ ਜਾ ਰਿਹਾ ਹੈ ਅਤੇ ਮਿਤੀ 13 ਸਤੰਬਰ, 2022 ਤੱਕ ਲਗਭਗ ਆਧਾਰ ਕਾਰਡ ਲਿੰਕ ਕਰਨ ਦਾ ਕੰਮ 27 ਫੀਸਦੀ ਮੁਕੰਮਲ ਹੋ ਚੁੱਕਾ ਹੈ।
ਉਨ੍ਹਾਂ ਦੱਸਿਆ ਕਿ ਹੁਣ ਨੌਜਵਾਨ ਵੋਟਰ ਵਜੋਂ ਰਜਿਸਟਰਡ ਹੋਣ ਦੇ ਲਈ ਇਕ ਸਾਲ ਵਿਚ 4 ਵਾਰ ਭਾਵ ਯੋਗਤਾ ਮਿਤੀ 1 ਜਨਵਰੀ, 1 ਅਪ੍ਰੈਲ, 1 ਜੁਲਾਈ, 1 ਅਕਤੂਬਰ ਆਨਲਾਈਨ ਫਾਰਮ ਭਰਨ ਲਈ Voter Helpline App ‘ਤੇ ਆਪਣੇ ਕਿਸੇ ਵੀ Android ਫੋਨ ‘ਤੇ ਡਾਊਨਲੋਡ ਕਰ ਸਕਦੇ ਹਨ ਜਾਂ www.voterportal.eci.gov.in ‘ਤੇ ਅਪਲਾਈ ਕਰ ਸਕਦੇ ਹਨ ਜਾਂ ਆਪਣੇ ਹਲਕੇ ਦੇ ਈ.ਆਰ.ਓ ਦਫਤਰਾਂ ਜਾਂ ਸਬੰਧਤ ਬੀ.ਐਲ.ਓਜ਼ ਰਾਹੀ ਆਪਣਾ ਫਾਰਮ ਭਰਕੇ ਦੇ ਸਕਦੇ ਹਨ।