ਬੰਜਰ ਜ਼ਮੀਨ
ਕੁਲਵਿੰਦਰ ਕੌਰ ਨੇ ਗੁਰਦੁਆਰਿਓ ਬਾਹਰ ਆਉਂਦੇ ਆਪਣੀਆਂ ਅੱਖਾਂ ਸਾਹਮਣੇ ਗਲੀ ਚੋਂ ਨਿਕਲਦੀ ਇਕ ਕਾਰ ਨੂੰ ਆਪਣੇ ਖੱਬੇ ਪਾਸੇ ਦੇ ਟਾਇਰ ਥੱਲੇ ਦੋ- ਤਿੰਨ ਮਹੀਨੇ ਦੇ ਬੱਚੇ ਨੂੰ ਲਤਾੜਕੇ ਤੇਜ਼ ਸਪੀਡ ਨਾਲ ਨਿਕਲਦੇ ਦੇਖਿਆ। ਬੱਚਾ ਕੁਰਲਾ ਰਿਹਾ ਸੀ । ਕਾਰ ਵਾਲੇ ਨੂੰ ਸੌ- ਸੌ ਲਾਹਨਤਾਂ ਪਾਉਂਦੀ ਉਸ ਦੌੜ ਕੇ ਸੜਕ ਪਾਰ ਕੀਤੀ ਅਤੇ ਬੱਚੇ ਨੂੰ ਉਲਟ- ਪੁਲਟ ਕੇ ਦੇਖਿਆ। ਉਸ ਦੀਆਂ ਅਗਲਿਆਂ ਦੋਵੇਂ ਲੱਤਾਂ ਦੇ ਪੰਜੇ ਖੂਨੋ- ਖੂਨ ਸਨ ।
ਅੰਨੇ ਹੋਏ ਨੇ, ਚਾਰ ਪੈਸੇ ਕੀ ਆ ਜਾਂਦੇਂ ਐ, ਅਖਾਂ ਪਥਰਾਂ ਜਾਂਦੀਆਂ ਨੇ ।
ਕੁਲਵਿੰਦਰ ਨੇਂ ਉਸਨੂੰ ਨੇੜੇ ਪਈ ਇੱਕ ਅਖ਼ਬਾਰ ਵਿੱਚ ਲਵੇਟਿਆ, ਗੋਦੀ ਚੁਕਿਆ, ਆਪਣੇ ਸਕੂਟਰ ਨੂੰ ਸਟਾਰਟ ਕੀਤਾ ਅਤੇ ਸਰਕਾਰੀ ਵੈਟਰਨਰੀ ਹਸਪਤਾਲ ਲੈ ਕੇ ਦੌੜੀ । ਇੱਕ ਹੱਥ ਨਾਲ ਸਕੂਟਰ ਚਲਾਣ ਦਾ ਖ਼ਤਰਾ ਮੁੱਲ ਲੈ ਕੇ ਕੁੜੀ ਡਾਕਟਰ ਦੇ ਉਠਣ ਤੋਂ ਪਹਿਲਾਂ ਹਸਪਤਾਲ ਪਹੁੰਚ ਗਈ ।
ਡਾਕਟਰ ਨੇ ਬੱਚੇ ਦਾ ਮੁਆਇਨਾ ਕੀਤਾ।
ਸ਼ੁਕਰ ਐ ਲਤਾਂ ਅਤੇ ਪੰਜੇ ਸਾਬਤ ਨੇ, ਸਿਰਫ਼ ਜ਼ਖ਼ਮ ਨੇ ।
ਪੱਟੀ ਕੀਤੀ, ਦੋ ਤਿੰਨ ਟੀਕੇ ਲਾਏ ਅਤੇ ਦਵਾਈ ਦਿੰਦੇ ਕਿਹਾ, ਇਹਨੂੰ ਹਫ਼ਤਾ ਕੁ ਐਥੇ ਪੱਟੀ ਅਤੇ ਟੀਕੇ ਲਈ ਲਿਆਉਣਾ ਪਵੇਗਾ।
ਕਮਪੳਡਰ ਨੇ ਰਜਿਸਟਰ ਵਿੱਚ ਐਂਟਰੀ ਕਰਣ ਲਈ ਬੱਚੇ ਦਾ ਨਾਂ ਪੁੱਛਿਆ।
ਨਾਂ ਤਾਂ ਹਾਲੇ ਰਖਿਆ ਈ ਨਹੀਂ।
ਚਲੋ ਹੁਣ ਰਖ ਲੳ । ਮੇਲ ਐ ਕਿ ਫਿ਼ਮੇਲ ?
ਐ ਵੀ ਪਤਾ ਨਹੀਂ। ਸੜਕ ਤੋਂ ਚੁੱਕਿਆ ਤੇ ਹਸਪਤਾਲ ਨੂੰ ਦੌੜ ਪਈ ।
ਕਮਪੳਡਰ ਨੇ ਬੱਚੇ ਦੀਆਂ ਪਿਛਲੀਆਂ ਦੋਨੋਂ ਲਤਾਂ ਫੜੀਆਂ, ਉੱਤੇ ਹਵਾ’ ਚ ਚੁਕਿਆ । ਕਿਹਾ: ਫਿ਼ਮੇਲ ਡਾਗ ਐ, ਨਾਂ ਰਖੋ ਤੇ ਲਿਖਾਓ ।
ਰੋਜ਼ੀ: ਕੁਲਵਿੰਦਰ ਨੇ ਕਿਹਾ ।
ਕੁਝ- ਕੁਝ ਹਨੇਰਾ ਹੋ ਗਿਆ ਸੀ । ਹੌਲੀ- ਹੌਲੀ, ਬੜੀ ਸੰਭਾਲ ਨਾਲ ਸਕੂਟਰ ਚਲਾ ਕੇ ਕੁਲਵਿੰਦਰ ਸਮੇਤ ਰੋਜ਼ੀ ਘਰ ਪਹੁੰਚੀ । ਰੋਜ਼ੀ ਦਾ ਕੁਰਲਾਉਣਾ ਬੰਦ ਹੋ ਗਿਆ ਸੀ , ਦਵਾਈ- ਪੱਟੀ ਅਤੇ ਕੁਲਵਿੰਦਰ ਦੀ ਛਾਤੀ ਦੇ ਨਿੱਘ ਕਾਰਣ ਉਸਨੂੰ ਚੈਣ ਆ ਗਿਆ ਸੀ । ਸ਼ਾਇਦ ਉਹ ਸੌਂ ਗਈ ਸੀ ।
ਮਾਂ ਨੇ ਦੇਖਿਆ ਤਾਂ ਮੱਥੇ ਉੱਤੇ ਹੱਥ ਮਾਰਦੇ ਕੁਲਵਿੰਦਰ ਨੂੰ ਬੁਰਾ-ਭਲਾ ਕਹਿਣਾ ਲੱਗੀ । ” ਐ ਕੀ ਚੁੱਕ
ਲਿਆਈਂ ਐਂ ਬੈਂਕੋ ਵਾਪਿਸ ਆਉਂਦੀ?”
ਇਹ ਰੋਜ਼ੀ ਐ । ਇੱਕ ਕਾਰ ਵਾਲਾ ਇਸਦੇ ਅਗਲੇ ਪੈਰਾਂ ਨੂੰ ਜ਼ਖ਼ਮੀਂ ਕਰ ਗਿਆ। ਨਿੱਕੀ ਜਿਹੀ ਜਾਣ । ਕੁਰਲਾਂਦੀ ਵੇਖੀ ਨਾ ਜਾਵੇ । ਇਹ ਅੱਠ- ਦਸ ਦਿਨ ਏਥੈ ਹੀ ਰਹੂ, ਆਪਣੇ ਨਾਲ । ਰੋਜ਼ ਪੱਟੀ ਕਰਵਾਉਣੀ ਐ ਤੇ ਟੀਕਾ ਲਗਵਾਉਣੈ । ਪਸ਼ੂਆਂ ਦੇ ਡਾਕਟਰ ਨੂੰ ਦਿਖਾ ਕੇ ਆਈ ਆਂ ।
ਨਿਰੀ ਖਰਚੇ ਦੀ ਪੰਡ ਤੇ ਗੰਦ ਦਾ ਘਰ । ਮੈਂ ਨਹੀਂ ਸਮਬਾਲਣਾ । ਮਾਂ ਬੁੜਬੁੜ ਕਰਦੀ ਰਹੀ ਤੇ ਧੀ ਰੋਜ਼ੀ ਲਈ ਦੁੱਧ ਲੈਣ ਰਸੋਈ’ਚ ਚਲੀ ਗਈ। ਪੁਰਾਣਾ ਕੰਬਲ ਦੋਹਰਾ- ਚੌਹਰਾ ਕਰ, ਲਿਆ ਕੇ ਰੋਜ਼ੀ ਥੱਲੇ ਵਿਛਾਇਆ ।
ਰੋਜ਼ ਤਿੰਨੇ ਟਾਇਮ ਦੁਧ ਪਿਆਉਣ, ਟੀਕਾ- ਪੱਟੀ ਹੋਣ ਅਤੇ ਦਵਾਈ ਦੇਣ ਕਾਰਣ ਰੋਜ਼ੀ ਦੇ ਜ਼ਖ਼ਮ ਠੀਕ ਹੋ ਗਏ । ਉਹ ਘਰ’ਚ ਨਿਕੀਆਂ- ਨਿਕੀਆਂ ਛਾਲਾਂ ਮਾਰਦੀ ਤੁਰੀ ਫਿਰਦੀ। ਸ਼ੁਰੂ ਵਿੱਚ ਕੁਲਵਿੰਦਰ ਨੇ ਉਸਦਾ ਮੱਲ- ਮੂਤਰ ਆਪਣੇ ਹੱਥੀਂ ਚੁਕਿਆ, ਮਾਂ ਦੇਖਕੇ ਦੁਖੀ ਹੁੰਦੀ ਬੋਲਦੀ, ਐਸੇ ਲਈ ਤੈਂਨੂ ਪੜਾਇਆ ਲਿਖਾਇਆ ਸੀ, ਵਿਆਹ ਦਾ ਫ਼ਿਕਰ ਕਰ, ਇਹਨਾਂ ਕੁੱਤੇ- ਬਿੱਲੀਆਂ ਦਾ ਖਿਆਲ ਛੱਡ ।
ਅਤੇ ਫੇਰ ਬੈਂਕ ਤੋਂ ਹਫ਼ਤੇ ਦੀ ਛੁੱਟੀ ਲੈਕੇ ਰੋਜ਼ੀ ਨੂੰ ਮਕਾਨ ਦੇ ਪਿਛਲੇ ਪਾਸੇ ਬਣੀ ਕਿਆਰੀ ਵਿੱਚ ਟੱਟੀ- ਪੇਸ਼ਾਬ ਕਰਨਾ ਸਿਖਾ ਦਿੱਤਾ। ਨਵਾਉਣ ਤੋਂ ਬਾਦ ਉਸਦਾ ਤਾਂਬੇ ਰੰਗਾ ਮਟਮੈਲਾ ਜਿਸਮ ਸੋਨੇ -ਰੰਗਾ ਨਿਕਲ ਲਿਸ਼ਕਾਂ ਮਾਰਣ ਲੱਗਾ । ਰੋਜ਼ੀ ਰੋ ਅ ਅ ਅ ਜੀ਼ ਬੁਲਾਣ ਤੇ ਪੂੰਛ ਹਿਲਾਉਂਦੀ, ਮੂੰਹ ਉੱਤੇ ਚੁੱਕ ਕੇ ਦੇਖਦੀ ।
ਰੋਜ਼ੀ ਦੀਆਂ ਇਹਨਾਂ ਅਦਾਵਾਂ ਨੇ ਉਸਨੂੰ ਕੁਲਵਿੰਦਰ ਦੇ ਇਲਾਵਾਂ ਉਸਦੀ ਮਾਂ ਦੀ ਵੀ ਚਹੇਤੀ ਬਣਾ ਦਿੱਤਾ। ਮਾਂ ਦੀ ਸਿ਼ਕਾਇਤੀ ਬੁੜ-ਬੁੜ ਬੰਦ ਹੋ ਗਈ ਅਤੇ ਰੋਜ਼ੀ ਨਾਲ ਗੱਲਾਂ ਸ਼ੁਰੂ । ਰੋਜ਼ੀ ਵੀ ਇੰਜ ਸੁਣਦੀ ਜਿੰਵੇ ਸਭ ਸਮਝ ਆ ਰਹੀ ਹੋਵੇ । ਕੁਲਵਿੰਦਰ ਦੇ ਬੈਂਕ ਗਈ ਮਗਰੋਂ ਮਾਂ ਰੋਜ਼ੀ ਦੇ ਲਾਡ ਲਡਾਉਂਦੀ, ਉਹਨੂੰ ਡਾਗ- ਫੂ਼ਡ ਖੁਆਉਂਦੀ, ਹੈਲੋ ਕਹਿ ਕੇ ਹੱਥ ਮਿਲਾਉਣਾ ਸਿਖਾਂਦੀ। ਰੋਜ਼ੀ ਉਸੇ ਘਰ ਦੀ ਹੋਕੇ ਰਹਿ ਗਈ ।
ਜਿਵੇਂ- ਜਿਵੇਂ ਰੋਜ਼ੀ ਦੀ ਉਮਰ ਵਧਦੀ ਗਈ ਉਸਦਾ ਕੱਦ ਅਤੇ ਲੰਬਾਈ ਵੀ ਵਧਣ ਲੱਗੇ । ਜਵਾਨੀ ਆਉਂਦੇ – ਆਉਂਦੇ ਉਹ ਨਿਹਾਇਤ ਖੂਬਸੂਰਤ ਲਗੱਣ ਲੱਗੀ ।
ਕੁਲਵਿੰਦਰ ਬੈਂਕ ਤੋਂ ਮੁੜਦੀ ਤਾਂ ਰੋਜ਼ੀ ਭੱਜ ਕੇ ਉਹਦੀ ਗੋਦੀ ਵਿੱਚ। ਕੁਲਵਿੰਦਰ ਉਸਦਾ ਮੁੰਹ ਚੁੰਮਦੀ । ਰੋਜ਼ੀ ਕਿਹੜਾ ਘੱਟ ਸੀ । ਜੀਭ ਬਾਹਰ ਕੱਢ ਕੇ ਪੂਰੀ ਬਰਾਬਰੀ ਕਰਦੀ । ਮਾਂਵਾਂ – ਧੀਆਂ ਹੱਸ-ਹੱਸ ਦੂੱਰੀਆਂ ਹੁੰਦਿਆਂ। ਦੇਖਣ ਵਾਲੇ ਕੁਲਵਿੰਦਰ ਨੂੰ ਚੇਤਾਵਨੀ ਦਿੰਦੇ । ਇਹ ਮੁੰਹ ਦੀ ਚੂਮਾਚਾਟੀ ਨਾਂ ਕਰਿਆ ਕਰੋ, ਕੋਈ ਰੋਗ ਲਗ ਜਾਊ । ਪਰ ਕੁਲਵਿੰਦਰ ਇੱਕ ਕੰਨੋਂ ਸੁਣਦੀ ਦੂਜੇ ਕੰਨੋਂ ਕੱਢ ਸੁਟਦੀ ।
ਇੱਕ ਸਾਲ ਦੀ ਹੋਈ ਤਾਂ ਭਜ- ਭਜ ਕੇ ਬਾਹਰ ਨੂੰ ਜਾਵੇ । ਦਰਵਾਜ਼ੇ ਖੁਲਵਾਉਣ ਦੀ ਜਿ਼ਦ ਕਰੇ, ਕਈ ਥਾਵਾਂ ਤੋਂ ਜਾਲੀਆਂ ਪਾੜ ਸੁਟਿਆ। ਮਾਂ ਨੇ ਜ਼ਜੀਰ ਗਲੇ’ਚ ਪਾਕੇ ਮੰਜੀ ਦੇ ਪਾਵੇ ਨਾਲ ਬੰਨ ਦਿੱਤੀ। ਕੂਲਵਿਦੰਰ ਆਊ ਤਾਂ ਆਪੇ ਦੇਖ ਲੳ ।
ਕੁਲਵਿੰਦਰ ਆਈ, ਮਾਂ ਨੇ ਕਿਹਾ ਮੇਰੇ ਕੋਲ਼ੋਂ ਨਹੀਂ ਸਮਭਾਲੀ ਜਾਦੀਂ । ਸਕੂਟਰ ਖੜਾ ਕਰਦਿਆਂ ਓਸ ਚਾਰ-ਪੰਜ ਕੁਤਿੱਆ ਨੂੰ ਗਲੀ ਵਿੱਚ ਪੂੰਛ ਹਿਲਾਉਂਦੀਆਂ ਅਤੇ ਜੀਭਾਂ ਬਾਹਰ ਕਢਿਆ ਦੇਖਿਆਂ ਸੀ, ਜਿਸ ਤਰ੍ਹਾਂ ਜਵਾਨ ਮੁੰਡੇ ਮੋਟਰਸਾਈਕਲਾਂ ਉੱਤੇ ਗੇੜੀਆਂ ਮਾਰਦੇ ਨੇ ।ਹਟਾਣ ਤੇ ਵੀ ਪਰੇ ਨਹੀਂ ਹਟੇ । ਅਜ਼ੀਬ- ਅਜੀਬ ਅਵਾਜ਼ਾਂ ਕਢ ਰਹੇ ਸਨ।
ਕੁਲਵਿੰਦਰ ਅਤੇ ਉਹਦੀ ਮਾਂ ਕੋਈ ਬੱਚੀਆਂ ਥੋੜੀ ਸਨ । ਸਭ ਸਮਝ ਗਈਆਂ। ਜੇ ਰੋਜੀ਼ ਨੇਂ ਬੱਚੇ ਦੇ ਦਿੱਤੇ ਤਾਂ ਵਖ਼ਤ ਪੈ ਜਾਊ, ਦੇਖ-ਭਾਲ, ਸਫਾ਼ਈ ਕੋਣ ਕਰੂ, ਖਰਚਾ ਵੀ ਵੱਧ ਜਾਊ। । ਤਨਖ਼ਾਹ ਕਿਹੜੀ ਲਖਾਂ’ ਚ ਐ
ਜੋ ਛੇ-ਸੱਤ ਜੀਆਂ ਨੂੰ ਪਾਲ ਸਕਿਏ। ਆਪ ਓ ਨੋਕਰੀ- ਪੇਸਾ਼, ਸਵੇਰ ਦੀ ਗਈ, ਸ਼ਾਮ ਨੂੰ ਮੁੜਦੀ ਐ । ਬੁਢੀ ਮਾਂ ਦੇ ਆਰਾਮ ਕਰਣ ਦੇ ਦਿਨ ਨੇ, ਨਾਕਿ ਹੱਡ ਤੁੜਾਂਣ ਦੇ ।
ਪਸ਼ੂਆਂ ਦੇ ਡਾਕਟਰ ਨੂੰ ਪੁੱਛਿਆ । ਉਸ ਕਿਹਾ : ਰੋਜ਼ੀ ਦਾ ਓਪਰੇਸ਼ਨ ਕਰਾਕੇ ਬੱਚੇਦਾਨੀ ਕਢਵਾ ਦਿਓ, ਸਮਸਿਆ ਖ਼ਤਮ । ਸਿਰਫ਼ ਦਸ ਕੂ ਹਜ਼ਾਰ ਦੀ ਗੱਲ ਐ । ਨਹੀਂ ਤਾਂ ਹਰ ਚੋਥੇ ਦਿਨ ਜ਼ਜੀਰ ਤੁੜਾ- ਤੁੜਾ ਬਾਹਰ ਨੂੰ ਭਜੂ ।
ਓਪਰੇਸ਼ਨ ਥਿਏਟਰ ਵਿੱਚ ਕੂਲਵਿਦੰਰ ਓਦੋਂ ਤਕ ਖੜੀ ਰਹੀ ਜਦ ਤਕ ਰੋਜ਼ੀ ਨੂੰ ਬੇਹੋਸ਼ ਨਾਂ ਕਰ ਦਿੱਤਾ ਗਿਆ। ਬੇਹੋਸ਼ ਹੋਣ ਤੋਂ ਪਹਿਲਾਂ ਉਸਦੀਆਂ ਅੱਖਾਂ ਵਿੱਚ
ਰਹਿਮ ਦੀ ਅਪੀਲ ਅਤੇ ਸ਼ਿਕਾਇਤ ਸੀ ਜਿਵੇਂ ਉਹ ਜਾਣਦੀ ਹੋਵੇ ਉਸ ਨਾਲ ਕੀ ਹੋਣ ਜਾ ਰਿਹਾ ਹੈ । ਲਾਚਾਰ, ਬੇਬਸ, ਬੇਜ਼ੁਬਾਨ ।
ਓਪਰੇਸ਼ਨ ਤੋਂ ਬਾਦ ਕਈ ਦਿਨ ਰੋਜ਼ੀ ਉਦਾਸ ਅਤੇ ਸੁਸਤ ਰਹੀ । ਨਾਂ ਪਹਿਲਾਂ ਵਾਂਗ ਖਾਵੇ- ਪੀਵੇਂ, ਨਾਂ ਉਛਲੇ-ਕੁੱਦੇ, ਨਾਂ ਬੁਲਾਣ ਤੇ ਪੂੰਛ ਹਿਲਾਵੇ । ਪਤਾ ਲਗਾ ਟਾਂਕਿਆਂ ‘ਚ ਪੱਸ ਪੈ ਗਈ ਐ । ਬਥੇਰਾ ਇਲਾਜ ਕਰਵਾਇਆ, ਪਰ ਇਨਫੈਕਸ਼ਨ ਏਹਨਾਂ ਫੈਲ ਚੁੱਕਾ ਸੀ ਕਿ ਰੋਜ਼ੀ ਇੱਕ ਰਾਤ ਮਰ ਗਈ । ਅਗਲੇ ਦਿਨ ਕਮੇਟੀ ਦੇ ਜਮਾਂਦਾਰ ਦੀ ਮਦਦ ਨ੍ਹਾਲ ਉਸ ਨੂੰ ਵਿਰਾਨੇ ਵਿੱਚ ਦਫ਼ਨਾ
ਦਿੱਤਾ । ਗਵਾਂਡਣ ਨੇ ਆਕੇ ਮਾਂਵਾ-ਧੀਆਂ ਨੂੰ ਰੋਣੋ ਚੁਪ ਕਰਾਇਆ ਅਤੇ ਦਿਲਾਸਾ ਦਿੱਤਾ, ਰਾਤ ਦੀਆਂ ਭੁੱਖੀਆਂ ਨੂੰ ਰੋਟੀ ਖੁਆਈ, ਚਾਹ ਪਿਆਈ ।
ਛੇ ਮਹੀਨੇ ਬਾਦ ਕੁਲਵਿੰਦਰ ਦਾ ਵਿਆਹ ਕੈਨਡਾ ਹੋ ਗਿਆ । ਸ਼ਾਦੀ ਦੇ ਸਾਲ ਹੋਣ ਤੋਂ ਬਾਅਦ ਵੀ ਮਾਂ ਨੂੰ ਉਸ ਪਾਸੋਂ ਖੁਸ਼ੀ ਦੀ ਕੋਈ ਖ਼ਬਰ ਸੁਣਨ ਨੂੰ ਨਾਂ ਮਿਲੀ। ਪਰੇਸ਼ਾਂਨ ਹੋ ਇਕ ਦਿਨ ਮਾਂ ਨੇ ਫੋਨ ਕੀਤਾ, ਪੁਛਿਆ: ਕੋਈ ਖੁਸ਼ਖ਼ਬਰੀ ?
ਕੁਲਵਿੰਦਰ ਨੇ ਹਟਕੋਰੇ ਭਰਦਿਆਂ ਕਿਹਾ: ਚੈਕਅਪ ਕਰਵਾਇਐ, ਡਾਕਟਰ ਕਹਿੰਦਾ ਮੈਂ ਮਾਂ ਨਹੀਂ ਬਣ ਸਕਦੀ, ਮੇਰੀ ਬੱਚੇਦਾਨੀ ਦੀਆਂ ਟਿਊਬਾਂ ਕੰਮ ਨਹੀਂ ਕਰਦੀਆਂ। ਬੰਜਰ ਜ਼ਮੀਨ ਹਾਂ। ਡਾਕਟਰ ਦੀ ਸਲਾਹ ਮੰਨ ਅਸੀਂ ਇੱਕ ਬੱਚਾ ਗੋਦ ਲੈ ਲਿਐ । ਇੱਕ ਫੀ਼ਮੇਲ ਡਾਗ । ਨਾਂ ਰਖਿਐ ਰੋਜ਼ੀ । ਮਾਂ ਨੂੰ ਉਸਦੇ ਹੋਕਿਆਂ ਦੀ ਆਵਾਜ਼ ਸੁਣੀ ਅਤੇ ਅਖਾਂ ਅੱਗੇ ਰੋਜ਼ੀ ਦੀ ਵੇਹੜੇ ਵਿੱਚ ਘੁਮਦੀ ਛਾਂ।
ਚਮਨ ਅਰੋੜਾ
98156-30926