ਭਗਤ ਸਿੰਘ ,ਰਾਜਗੁਰੂ ਅਤੇ ਸੁਖਦੇਵ ਦੀ ਸ਼ਹੀਦੀ ਨੇ ਆਜ਼ਾਦੀ ਦੇ ਸੰਘਰਸ਼ ਨੂੰ ਨਵੀਂ ਦਿਸ਼ਾ ਪ੍ਰਦਾਨ ਕੀਤੀ
ਇਤਿਹਾਸ ਦੀ ਅਨਮੋਲ ਧਰੋਹਰ ਹੈ-ਹੁਸੈਨੀਵਾਲਾ ਸਮਾਰਕ, ਨੌਜਵਾਨਾਂ ਲਈ ਪ੍ਰੇਰਣਾ ਸਥਲ ਹੈ-ਹੁਸੈਨੀਵਾਲਾ ਸਮਾਰਕ
ਇਤਿਹਾਸ ਦੀ ਅਨਮੋਲ ਧਰੋਹਰ ਹੈ— ਹੁਸੈਨੀਵਾਲਾ ਸਮਾਰਕ ।
ਨੌਜਵਾਨਾਂ ਲਈ ਪ੍ਰੇਰਣਾ ਸਥਲ ਹੈ…. ਹੁਸੈਨੀਵਾਲਾ ਸਮਾਰਕ।
ਭਗਤ ਸਿੰਘ ,ਰਾਜਗੁਰੂ ਅਤੇ ਸੁਖਦੇਵ ਦੀ ਸ਼ਹੀਦੀ ਨੇ ਆਜ਼ਾਦੀ ਦੇ ਸੰਘਰਸ਼ ਨੂੰ ਨਵੀਂ ਦਿਸ਼ਾ ਪ੍ਰਦਾਨ ਕੀਤੀ ।
ਸਤਲੁਜ ਦਰਿਆ ਦੇ ਵਗਦੇ ਪਾਣੀ ਦੀ ਮਧੁਰ ਅਵਾਜ਼, ਹਰਿਆ ਭਰਿਆ ਵਾਤਾਵਰਣ ਅਤੇ ਕੁਦਰਤ ਦੇ ਸੁਹੱਪਣ ਦੀ ਇਕ ਦਿਲ ਖਿੱਚਵੀਂ ਤਸਵੀਰ ਦੇਖਣ ਨੂੰ ਮਿਲਦੀ ਹੈ ਵਿਸ਼ਵ ਪ੍ਰਸਿੱਧ ਸ਼ਹੀਦੀ ਸਮਾਰਕ ਹੁਸੈਨੀ ਵਾਲਾ । ਜੋ ਹਿੰਦ- ਪਾਕਿ ਸਰਹੱਦ ਤੇ ਸਤਲੁਜ ਦਰਿਆ ਦੇ ਕੰਢੇ ਉੱਪਰ ਫਿਰੋਜ਼ਪੁਰ ਸ਼ਹਿਰ ਤੋਂ 12 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ। ਹੁਸੈਨੀਵਾਲਾ ਪਿੰਡ ਦਾ ਨਾਮ ਮੁਸਲਮਾਨ ਪੀਰ ਬਾਬਾ ਗੁਲਾਮ ਹੁਸੈਨ ਦੇ ਨਾਮ ਤੇ ਰੱਖਿਆ ਗਿਆ ਹੈ । ਦੇਸ਼ ਦੀ ਵੰਡ ਤੋਂ ਪਹਿਲਾਂ ਉਸ ਹੁਸੈਨੀ ਵਾਲਾ ਦੇਸ਼ ਦੇ ਵਪਾਰ ਦਾ ਮੁੱਖ ਕੇਂਦਰ ਸੀ 1887 ਵਿੱਚ ਸਤਲੁਜ ਦਰਿਆ ਤੇ ਇਤਿਹਾਸਕ ਪੁਲ ਕੈਸਰ ਏ ਹਿੰਦ ਬਣਨ ਨਾਲ ਅਤੇ ਬਾਅਦ ਵਿਚ ਜਲਦੀ ਹੀ ਰੇਲ ਲਿੰਕ ਜੁੜਨ ਨਾਲ ਇਸ ਸਥਾਨ ਤੋਂ ਅਫ਼ਗਾਨਿਸਤਾਨ ਤੋਂ ਲੈ ਕੇ ਪੂਰੇ ਉੱਤਰ ਭਾਰਤ ਤੱਕ ਵਪਾਰ ਦਾ ਧੁਰਾ ਬਣ ਗਿਆ । ਅੰਗਰੇਜ਼ ਹਕੂਮਤ ਵੱਲੋਂ ਬਣਵਾਇਆ ਇਹ ਵਿਲੱਖਣ ਕਿਸਮ ਦਾ ਦੂਹਰਾ ਪੁਲ ਉਸ ਸਮੇਂ ਵਿਸ਼ੇਸ਼ ਖਿੱਚ ਦਾ ਕੇਂਦਰ ਰਿਹਾ ਹੈ। ਇਸ ਦੇ ਹੇਠਲੇ ਹਿੱਸੇ ਤੇ ਰੇਲ ਗੱਡੀ ਲੰਘਦੀ ਸੀ ਅਤੇ ਉੱਪਰ ਸਡ਼ਕੀ ਆਵਾਜਾਈ ਚਲਦੀ ਸੀ ।ਪੁਲ ਦੀ ਬਦੌਲਤ ਇਹ ਇਲਾਕਾ ਵਪਾਰਕ ਪੱਖੋਂ ਬੇਹੱਦ ਖ਼ੁਸ਼ਹਾਲ ਬਣ ਗਿਆ ਸੀ । ਇਸ ਪੁਲ ਦੇ ਮਜ਼ਬੂਤ 27 ਪਿੱਲਰ ਅੱਜ ਵੀ ਮੋਜੂਦ ਹਨ।
ਦੇਸ਼ ਦੀ ਵੰਡ ਤੋਂ ਬਾਅਦ 1971 ਦੀ ਹਿੰਦ- ਪਾਕਿ ਜੰਗ ਤਕ ਇਹ ਵਪਾਰ ਬਾਖ਼ੂਬੀ ਚੱਲਦਾ ਰਿਹਾ। ਪਾਕਿਸਤਾਨ ਵਾਲੇ ਪਾਸੇ ਤੋਂ ਗੰਡਾ ਸਿੰਘ ਚੈੱਕਪੋਸਟ ਅਤੇ ਹਿੰਦੁਸਤਾਨ ਦੀ ਹੁਸੈਨੀਵਾਲਾ ਚੈੱਕ ਪੋਸਟ ਤੋਂ ਅੰਗੂਰ, ਅਨਾਰ, ਚਮੜਾ, ਡਰਾਈ ਫਰੂਟ ਅਤੇ ਹੋਰ ਲੋੜੀਂਦੇ ਸਾਮਾਨ ਦਾ ਖ਼ੂਬ ਅਦਾਨ ਪ੍ਰਦਾਨ ਹੁੰਦਾ ਸੀ,ਜਿਸ ਕਾਰਨ ਇਸ ਇਲਾਕੇ ਦੇ ਲੋਕ ਆਰਥਿਕ ਪੱਖੋਂ ਖੁਸ਼ਹਾਲ ਸਨ । ਪ੍ਰੰਤੂ 1971 ਤੋਂ ਵਪਾਰ ਬੰਦ ਹੋਣ ਨਾਲ ਹੀ ਇਲਾਕੇ ਦੇ ਵਿਕਾਸ ਦੇ ਰਸਤੇ ਵੀ ਬੰਦ ਹੋਣ ਲੱਗੇ ਅਤੇ ਇਹ ਇਲਾਕਾ ਦੇਸ਼ ਦੇ ਪਿਛੜੇ ਇਲਾਕਿਆਂ ਵਿੱਚ ਸ਼ੁਮਾਰ ਹੋਣ ਲੱਗਿਆ, ਅੱਜ ਦੇਸ਼ ਦਾ ਸਭ ਤੋਂ ਪੁਰਾਣਾ ਜ਼ਿਲ੍ਹਾ ਫ਼ਿਰੋਜ਼ਪੁਰ ਦੇਸ਼ ਦੇ 100 ਸਭ ਤੋ ਪਿਛੜੇ ਜਿਲਿਆਂ ਵਿੱਚ ਸ਼ੁਮਾਰ ਹੈ। ਹੁਸੈਨੀ ਵਾਲਾ ਦੇ ਨਾਲ ਲੱਗਦੇ 15 ਪਿੰਡਾ ਦੇ ਲੋਕਾਂ ਦੀ ਆਰਥਿਕ ਅਤੇ ਸਮਾਜਿਕ
ਹਾਲਤ ਬੇਹੱਦ ਕਮਜ਼ੋਰ ਹੈ।
ਹੁਸੈਨੀਵਾਲਾ ਦਾ ਨਾਮ ਉਸ ਵਕਤ ਦੇਸ਼ ਦੇ ਹਰ ਨਾਗਰਿਕ ਦੀ ਜੁਬਾਨ ਤੇ ਪਹੁੰਚਿਆ ਜਦੋਂ 23 ਮਾਰਚ 1931 ਨੂੰ ਦੇਸ਼ ਦੇ ਮਹਾਨ ਸੁਤੰਤਰਤਾ ਸੈਨਾਨੀ ਸ਼ਹੀਦ ਏ ਆਜ਼ਮ ਭਗਤ ਸਿੰਘ ,ਰਾਜਗੁਰੂ ਅਤੇ ਸੁਖਦੇਵ ਨੂੰ ਲਾਹੌਰ ਦੀ ਕੇਂਦਰੀ ਜੇਲ੍ਹ ਵਿੱਚ ਨਿਸ਼ਚਿਤ ਸਮੇਂ ਤੋਂ ਇਕ ਦਿਨ ਪਹਿਲਾਂ ਫਾਂਸੀ ਲਗਾ ਕੇ ਚੋਰੀ ਛਿਪੇ ਇਸ ਸਥਾਨ ਤੇ ਲਿਆ ਕੇ ਬਗੈਰ ਕਿਸੇ ਰਸਮਾ ਦੇ ਅੰਤਿਮ ਸਸਕਾਰ ਕਰਕੇ ਅੱਧ ਜਲੀਆਂ ਲਾਸ਼ਾਂ ਨੂੰ ਸਤਲੁਜ ਦਰਿਆ
ਵਿੱਚ ਪ੍ਰਵਾਹ ਕੀਤਾ । ਅੰਗਰੇਜ਼ ਹਕੂਮਤ ਇਨ੍ਹਾਂ ਮਹਾਨ ਕ੍ਰਾਂਤੀਕਾਰੀਆਂ ਦਾ ਖੁਰਾਖੋਜ ਮਿਟਾਉਣਾ ਚਾਹੁੰਦੀ ਸੀ । ਪ੍ਰੰਤੂ ਇਹ ਮਹਾਨ ਯੋਧੇ ਦੇਸ਼ ਦੀ ਆਜ਼ਾਦੀ ਦੀ ਲਹਿਰ ਦੇ ਅਜਿਹੇ ਹੀਰੇ ਬਣ ਕੇ ਉੱਭਰੇ ਕਿ ਅੱਜ ਵੀ ਵੱਡੀ ਗਿਣਤੀ ਵਿੱਚ ਲੋਕ ਇਨ੍ਹਾਂ ਦੇ ਸ਼ਹੀਦੀ ਸਮਾਰਕਾਂ ਤੇ ਸ਼ਰਧਾ ਦੇ ਫੁੱਲ ਭੇਟ ਕਰਨ ਪਹੁੰਚਦੇ ਹਨ। 23 ਮਾਰਚ ਦੇ ਦਿਨ ਇਸ ਪਵਿੱਤਰ ਅਸਥਾਨ ਤੇ ਹਜ਼ਾਰਾਂ ਦੀ ਗਿਣਤੀ ਵਿਚ ਦੇਸ਼ ਦੇ ਵੱਖ ਵੱਖ ਕੋਨੇ ਤੋਂ ਲੋਕ ਪਹੁੰਚਦੇ ਹਨ । ਵੱਖ ਵੱਖ ਨੌਜਵਾਨ ਜਥੇਬੰਦੀਆਂ ਅਤੇ ਸਮਾਜ ਸੇਵੀ ਸੰਸਥਾਵਾਂ ਵੱਲੋਂ ਖੇਡ ਮੇਲੇ ,ਖੂਨਦਾਨ ਕੈਪ,ਪ੍ਰਦਰਸ਼ਨੀਆਂ ,ਨਾਟਕ ਅਤੇ ਜਾਗਰੂਕਤਾ ਰੈਲੀਆ ਦਾ
ਆਯੋਜਨ ਕੀਤਾ ਜਾਦਾ ਹੈ। ਸਰਕਾਰ ਵੱਲੋਂ ਵੀ ਸ਼ਹੀਦਾਂ ਦੀ ਯਾਦ ਵਿੱਚ ਰਾਜ ਪੱਧਰੀ ਸਮਾਗਮ ਹਰ ਸਾਲ ਕਰਵਾਇਆ ਜਾਂਦਾ ਹੈ ।
ਹਿੰਦ ਪਾਕਿ ਬਟਵਾਰੇ ਸਮੇਂ ਇਹ ਇਤਿਹਾਸਕ ਸਥਾਨ ਪਾਕਿਸਤਾਨ ਕੋਲ ਚਲਾ ਗਿਆ ਸੀ । ਪ੍ਰੰਤੂ ਦੇਸ਼ ਦੇ ਲੋਕਾਂ ਦੀਆਂ ਭਾਵਨਾਵਾਂ ਨੂੰ ਸਮਝਦੇ ਹੋਏ ਭਾਰਤ ਸਰਕਾਰ ਵੱਲੋਂ 17 ਜਨਵਰੀ 1961 ਨੂੰ ਦੋਹਾਂ ਦੇਸ਼ਾਂ ਵਿਚ ਹੋਏ ਸਮਝੌਤੇ ਤਹਿਤ ਫ਼ਾਜ਼ਿਲਕਾ ਦੇ ਨਾਲ ਲੱਗਦੇ ਸੁਲੇਮਾਨਕੀ ਦੇ 12 ਪਿੰਡਾ ਦੇ ਕੇ ਬਦਲੇ ਵਿੱਚ ਇਹ
ਇਤਿਹਾਸਕ ਸਥਾਨ ਪ੍ਰਾਪਤ ਕੀਤਾ ਅਤੇ ਇਥੇ ਯਾਦਗਾਰ ਬਨਾਈ ਗਈ। ਇਸ ਕੌਮੀ ਯਾਦਗਾਰ ਦਾ ਨੀਹ ਪੱਥਰ 23 ਮਾਰਚ1965 ਨੂੰ ਉਸ ਸਮੇ ਦੇਸ਼ ਦੇ ਰੱਖਿਆ ਮੰਤਰੀ ਸ਼੍ਰੀ ਵਾਈ . ਬੀ . ਚਵਾਨ ਵੱਲੋ ਰੱਖਿਆ ਗਿਆ ਸੀ ਅਤੇ ਇਸ ਯਾਦਗਾਰ ਦਾ ਉਦਘਾਟਨ 23 ਮਾਰਚ 1968 ਨੂੰ ਪੰਜਾਬ ਦੇ ਮੁੱਖ ਮੰਤਰੀ ਸ. ਲਛਮਣ ਸਿੰਘ ਗਿੱਲ ਵੱਲੋ ਕਰਕੇ ਦੇਸ਼ ਨੂੰ ਸਮਰਪਿਤ ਕੀਤੀ ।
1971 ਦੀ ਹਿੰਦ -ਪਾਕਿ ਜੰਗ
ਸਮੇ ਵੀ ਇਸ ਸਥਾਨ ਦਾ ਬਹੁਤ ਨੁਕਸਾਨ ਹੋਇਆਂ । ਇਸ ਦਾ ਪੁਨਰਨਿਰਮਾਣ ਕਰਨ ਉਪਰੰਤ 23 ਮਾਰਚ 1973 ਨੂੰ ਦੁਬਾਰਾ ਸ਼ੁਰੂ ਹੋਈ।
ਸਮਾਰਕ ਦੇ ਬਿਲਕੁਲ ਨਾਲ ਕੇਸਰ ਏ ਹਿੰਦ ਪੁਲ ਦੇ ਗੇਟ ਦੀ ਇਤਿਹਾਸਕ ਉਚੀ ਇਮਾਰਤ ਹੈ ,ਜਿਸ ਉਪਰ 1965 ਅਤੇ 1971 ਦੀ ਜੰਗ ਦੋਰਾਨ ਲੱਗੀਆਂ ਗੋਲੀਆਂ ,ਰਾਕਟ ਅਤੇ ਬੰਬਾ ਕਾਰਨ ਹੋਏ ਨੁਕਸਾਨ ਦੇ ਨਿਸ਼ਾਨ ਮੋਜੂਦ ਹਨ। ਇਸ ਇਤਿਹਾਸਕ ਇਮਾਰਤ ਦੀ ਜੇ ਜਲਦ ਸੰਭਾਲ ਨਾ ਕੀਤੀ ਗਈ ਤਾ ਇਹ ਆਪਣੀ ਹੋਦ ਗਵਾ ਸਕਦੀ ਹੈ।
ਹੁਸੈਨੀ ਵਾਲਾ ਸਮਾਰਕ ਦੀ ਮਹੱਤਤਾ ਨੂੰ ਦੇਖਦੇ ਹੋਏ ਇਸ ਦੇ ਸੁੰਦਰੀਕਰਨ ਲਈ ਉਘੇ ਲੇਖਕ ਸਵ. ਸ਼੍ਰੀ ਕੁਲਦੀਪ ਨਯੱਅਰ ਮੈਂਬਰ ਰਾਜ ਸਭਾ ਵੱਲੋ ਆਪਣੀ ਅਖਤਿਆਰੀ ਕੋਟੇ ਦੀ ਇੱਕ ਸਾਲ ਦੀ ਪੁਰੀ ਗਰਾਂਟ 2 ਕਰੋੜ ਰੁਪਏ ਇਥੇ ਖਰਚ ਕਰਵਾਈ । ਜਿਸ ਨਾਲ ਬੇਹੱਦ ਖੂਬਸੂਰਤ ਵਿਸ਼ਾਲ ਪਾਰਕ ਦਾ ਨਿਰਮਾਣ ਵੀ ਕਰਵਾਇਆ ਗਿਆ ।
ਸਮਾਧੀ ਸ਼੍ਰੀ ਬੀ ਕੇ ਦੱਤ:
ਸ਼ਹੀਦ ਭਗਤ ਸਿੰਘ ਰਾਜਗੁਰੂ ਅਤੇ ਸੁਖਦੇਵ ਦੇ ਨੇੜਲੇ ਸਾਥੀ ਸ਼੍ਰੀ ਬੁਟਕੇਸ਼ਵਰ ਦੱਤ ਜਿਨ੍ਹਾਂ ਨੇ ਭਗਤ ਸਿੰਘ ਜੀ ਦੇ ਨਾਲ ਹੀ ਕੇਂਦਰੀ ਅਸੈਂਬਲੀ ਵਿੱਚ ਬੰਬ ਸੁੱਟਿਆ ਸੀ । 20 ਸਾਲ ਦੀ ਸਖ਼ਤ ਸਜ਼ਾ ਅੰਡੇਮਾਨ ਨਿਕੋਬਾਰ ਦੀ ਜੇਲ੍ਹ ਵਿੱਚ ਕੱਟਣ ਵਾਲੇ ਮਹਾਨ ਸੁਤੰਤਰਤਾ ਸੈਨਾਨੀ ਨੇ ਦੇਸ਼ ਦੀ ਸੁਤੰਤਰਤਾ ਲਈ ਘੋਰ ਤਸੀਹੇ ਸਹੇ ਅਤੇ ਬੁਰੇ ਹਾਲਾਤਾਂ ਦਾ ਸਾਹਮਣਾ ਕੀਤਾ ।ਦੇਸ਼ ਦੀ ਆਜ਼ਾਦੀ ਤੋਂ ਬਾਅਦ ਵੀ ਇਸ ਮਹਾਨ ਸਪੂਤ ਦੀ ਹਾਲਤ ਤਰਸਯੋਗ ਹੀ ਰਹੀ, 28 ਜੁਲਾਈ 1965 ਨੂੰ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਿਆ ਅਤੇ ਉਸ ਦੀ ਇੱਛਾ ਅਨੁਸਾਰ ਉਨ੍ਹਾਂ ਦਾ ਅੰਤਿਮ ਸੰਸਕਾਰ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੀ ਸਮਾਧੀ ਦੇ ਨਜ਼ਦੀਕ ਹੁਸੈਨੀ ਵਾਲਾ ਵਿਖੇ ਕੀਤਾ ਗਿਆ। ਜਿੱਥੇ ਅੱਜ ਉਨ੍ਹਾਂ ਦੀ ਯਾਦਗਾਰ ਮੌਜੂਦ ਹੈ ।
ਸਮਾਧੀ ਪੰਜਾਬ ਮਾਤਾ :
ਸ਼ਹੀਦ ਭਗਤ ਸਿੰਘ ਦੀ ਮਾਤਾ ਬੀਬੀ ਵਿੱਦਿਆਵੰਤੀ ਜਿਨ੍ਹਾਂ ਨੂੰ ਭਾਰਤ ਸਰਕਾਰ ਨੇ 1973 ਵਿੱਚ ਪੰਜਾਬ ਮ ਮਾਤਾ ਦੇ ਖਿਤਾਬ ਨਾਲ ਨਿਵਾਜਿਆ ਗਿਆ , ਦੀ ਯਾਦਗਾਰ ਵੀ ਹੁਸੈਨੀਵਾਲਾ ਵਿਖੇ ਮੌਜੂਦ ਹੈ ਮਾਤਾ ਜੀ ਦੀ ਇੱਛਾ ਅਨੁਸਾਰ ਉਨ੍ਹਾਂ ਦਾ ਅੰਤਿਮ ਸੰਸਕਾਰ ਜੂਨ 1975 ਨੂੰ ਇਸੇ ਸਥਾਨ ਤੇ ਹੀ ਕੀਤਾ ਗਿਆ ਸੀ। ਇਸ ਪਵਿੱਤਰ ਸਥਾਨ ਤੇ ਪਹੁੰਚਣ ਵਾਲੇ ਲੋਕ ਜਿੱਥੇ ਭਗਤ ਸਿੰਘ ਰਾਜਗੁਰੂ ਅਤੇ ਸੁਖਦੇਵ ਦੀ ਯਾਦਗਾਰ ਤੇ ਸ਼ਰਧਾ ਦੇ ਫੁੱਲ ਭੇਟ ਕਰਦੇ ਹਨ, ਉੱਥੇ ਪੰਜਾਬ ਮਾਤਾ ਜੀ ਦੀ ਯਾਦਗਾਰ ਤੇ ਪੂਰੇ ਸਤਿਕਾਰ ਨਾਲ ਸਿਰ ਝੁਕਾਉਦੇ ਹਨ ।
ਬੀਕਾਨੇਰ ਗੰਗ ਕਨਾਲ ( ਗੰਗ ਨਹਿਰ)
ਹੁਸੈਨੀਵਾਲਾ ਹੈੱਡਵਰਕਸ ਤੋਂ ਉਹ ਇਤਿਹਾਸਕ ਬੀਕਾਨੇਰ ਗੰਗ ਕਨਾਲ ਨਹਿਰ ਨਿਕਲਦੀ ਹੈ ,ਜਿਸ ਦਾ ਨੀਂਹ ਪੱਥਰ 1925 ਨੂੰ ਬੀਕਾਨੇਰ ਦੇ ਮਹਾਰਾਜਾ ਗੰਗਾ ਸਿੰਘ ਵੱਲੋਂ ਹੁਸੈਨੀਵਾਲਾ ਵਿਖੇ ਰੱਖਿਆ ਗਿਆ ਸੀ। ਇਹ ਨਹਿਰ ਰਾਜਸਥਾਨ ਦੀ ਪਹਿਲੀ ਸਿੰਚਾਈ ਪਰਿਯੋਜਨਾ ਸੀ ਅਤੇ ਦੇਸ਼ ਦੀਆਂ ਸਭ ਤੋਂ ਪੁਰਾਣੀਆਂ ਅਤੇ ਵਿਕਸਿਤ ਪਰਿਯੋਜਨਾ ਵਿਚੋਂ ਇਕ ਹੈ।
ਇਸ ਨਹਿਰ ਨੂੰ ਜਿਥੇ ਗੰਗਾਨਗਰ (ਰਾਜਸਥਾਨ ) ਇਲਾਕੇ ਦੀ ਜੀਵਨ ਰੇਖਾ ਅਤੇ ਆਰਥਿਕ ਖੁਸ਼ਹਾਲੀ ਦਾ ਆਧਾਰ ਕਿਹਾ ਜਾਂਦਾ ਹੈ ਉੱਥੇ ਫ਼ਿਰੋਜ਼ਪੁਰ ਵਾਸੀਆਂ ਲਈ ਇਸ ਦੀ ਬੇਹੱਦ ਇਤਿਹਾਸਕ ਮਹੱਤਤਾ ਹੈ । ਇਤਿਹਾਸਕਾਰਾਂ ਅਨੁਸਾਰ ਗੰਗ ਕਨਾਲ ਨਹਿਰ ਦੇ ਕਾਰਨ ਬੀਕਾਨੇਰ ਦੇ ਸ਼ਾਸਕਾਂ ਨੇ ਦੇਸ਼ ਦੀ ਵੰਡ ਸਮੇਂ ਫ਼ਿਰੋਜ਼ਪੁਰ ਨੂੰ ਪਾਕਿਸਤਾਨ ਵਿੱਚ ਜਾਣ ਤੋਂ ਰੋਕਣ ਲਈ ਅਣਥੱਕ ਯਤਨ ਕੀਤੇ ਅਤੇ ਰੈੱਡਕਲਿਫ ਲਾਈਨ ਦੁਬਾਰਾ ਨਿਰਧਾਰਤ ਅਤੇ ਫ਼ਿਰੋਜ਼ਪੁਰ ਪਾਕਿਸਤਾਨ ਚ ਜਾਣ ਤੋਂ ਬਚ ਗਿਆ ।
ਹੁਸੈਨੀ ਵਾਲਾ ਸਾਂਝੀ ਚੈਕ ਪੋਸਟ ਤੇ ਰੀਟ੍ਰੀਟ ਸਮਾਰੋਹ ਦਾ ਨਜ਼ਾਰਾ ।
ਹੁਸੈਨੀਵਾਲਾ ਸ਼ਹੀਦੀ ਸਮਾਰਕ ਤੋਂ ਲਗਪਗ ਇੱਕ ਕਿਲੋਮੀਟਰ ਦੀ ਦੂਰੀ ਤੇ ਸਥਿਤ ਹੁਸੈਨੀਵਾਲਾ ਸਾਂਝੀ ਚੈੱਕ ਪੋਸਟ ਅਤੇ ਪਾਕਿਸਤਾਨ ਦੀ ਚੈੱਕਪੋਸਟ ਗੰਡਾ ਸਿੰਘ ਵਾਲਾ ਉਪਰ ਹਰ ਰੋਜ਼ ਸ਼ਾਮ ਨੂੰ ਜਦੋਂ ਸੂਰਜ ਛਿਪਣ ਦਾ ਸਮਾਂ ਹੁੰਦਾ ਹੈ ਤਾਂ ਵੱਖਰਾ ਹੀ ਨਜ਼ਾਰਾ ਦੇਖਣ ਨੂੰ ਮਿਲਦਾ ਹੈ ਦੋਵਾਂ ਦੇਸ਼ਾਂ ਦੇ ਹਜ਼ਾਰਾਂ ਦਰਸ਼ਕ ਇਸ ਸਮਰੋਹ ਦਾ ਹਿੱਸਾ ਬਣਦੇ ਹਨ । ਫ਼ਿਰੋਜ਼ਪੁਰ ਵਿੱਚ ਕੋਈ ਵੀ ਸਨਮਾਨਿਤ ਸ਼ਖ਼ਸੀਅਤ, ਸਰਕਾਰੀ ਮਹਿਮਾਨ ,ਆਮ ਲੋਕਾਂ ਦੇ ਰਿਸ਼ਤੇਦਾਰ,ਮਿੱਤਰ ਜਾ ਸੈਲਾਨੀਆਂ ਦਿ ਫ਼ਿਰੋਜ਼ਪੁਰ ਯਾਤਰਾ ਹੁਸੈਨੀਵਾਲਾ ਰੀਟਰੀਟ ਸਮਾਰੋਹ ਦੇਖੇ ਬਿਨਾਂ ਅਧੂਰੀ ਹੀ ਮੰਨੀ ਜਾਂਦੀ ਹੈ ।ਜ਼ੀਰੋ ਲਾਈਨ ਤੇ ਸਥਿਤ ਇਸ ਸਾਂਝੀ ਚੈੱਕ ਪੋਸਟ ਤੇ ਸੀਮਾ ਸੁਰੱਖਿਆ ਬਲ ( ਬੀ ਐਸ ਐਫ) ਦੇ ਜਵਾਨਾਂ ਅਤੇ ਪਾਕਿਸਤਾਨੀ ਰੇਂਜਰਾਂ ਵੱਲੋਂ ਸ਼ਾਮ ਨੂੰ ਸਾਂਝੇ ਤੌਰ ਤੇ ਦੋਵਾਂ ਦੇਸ਼ਾਂ ਦਾ ਕੌਮੀ ਝੰਡਾ ਉਤਾਰਨ ਦੀ ਰਸਮ ਪੂਰੀ ਇੱਜ਼ਤ, ਸਨਮਾਨ ਅਤੇ ਪ੍ਰੋਟੋਕੋਲ ਅਨੁਸਾਰ 40 ਮਿੰਟ ਦੀ ਰੀਟਰੀਟ ਸੈਰੇਮਨੀ ਕੀਤੀ ਜਾਂਦੀ ਹੈ । ਬੀ.ਐਸ .ਐਫ ਦੇ ਜਵਾਨਾਂ ਵੱਲੋਂ ਸਮਾਰੋਹ ਦੌਰਾਨ ਤਾਕਤ ,ਜੋਸ਼, ਦੇਸ਼ਭਗਤੀ ਅਤੇ ਬਹਾਦਰੀ ਦਾ ਜਜ਼ਬਾ ਪੈਦਾ ਕਰਨ ਦੀ ਵਿਲੱਖਣ ਉਦਾਹਰਣ ਪੇਸ਼ ਕੀਤੀ ਜਾਂਦੀ ਹੈ । ਜਵਾਨਾਂ ਦੀ ਹਰ ਕਾਰਵਾਈ ,ਭਾਰੀ ਬੂਟਾਂ ਦੀ ਖੜਕਖੜਾਹਟ ਅਤੇ ਉਸ ਮੌਕੇ ਉਨ੍ਹਾਂ ਦੇ ਚਿਹਰੇ ਦੇ ਹਾਵ ਭਾਵ ਹਜ਼ਾਰਾਂ ਦਰਸ਼ਕਾਂ ਦੀਆਂ ਖੂਬ ਤਾੜੀਆਂ ਬਟੋਰਦੇ ਹਨ। ਬੀ. ਐੱਸ. ਐਫ. ਦੀ ਚੌਕੀ ਤੋਂ ਚਲਦੇ ਦੇਸ਼ ਭਗਤੀ ਦੇ ਗੀਤ, ਦਰਸ਼ਕਾਂ ਦੇ ਹੱਥ ਵਿਚ ਲਹਿਰਾਉਂਦੇ ਰਾਸ਼ਟਰੀ ਝੰਡੇ ਅਤੇ ਭਾਰਤ ਮਾਤਾ ਕੀ ਜੈ ਅਤੇ ਦੇਸ਼ ਭਗਤੀ ਦੇ ਜੋਸ਼ੀਲੇ ਨਾਅਰੇ ਸਮੁੱਚੇ ਮਾਹੌਲ ਨੂੰ ਅਜਿਹਾ ਦੇਸ਼ ਭਗਤੀ ਦੇ ਵਿਚ ਰੰਗਦੇ ਹਨ ਕਿ ਦੇਖਣ ਵਾਲਾ ਇਸ 40 ਮਿੰਟ ਦੇ ਸਮਾਰੋਹ ਨੂੰ ਹਮੇਸ਼ਾ ਲਈ ਯਾਦ ਰੱਖਦਾ ਹੈ ।
ਅਜਾਇਬ ਘਰ
ਇਸ ਸਥਾਨ ਤੇ ਬਣਿਆ ਅਜਾਇਬ ਘਰ ਸੀਮਾ ਸੁਰੱਖਿਆ ਬਲ ਦੇ ਸੁਨਹਿਰੀ ਇਤਿਹਾਸ ਨੂੰ ਸੁਚੱਜੇ ਢੰਗ ਨਾਲ ਦਰਸਾਉਂਦਾ ਹੈ ।ਸ਼ਹੀਦ ਭਗਤ ਸਿੰਘ ਦੀ ਉਹ ਪਿਸਤੌਲ ਜਿਸ ਨਾਲ ਲਾਹੌਰ ‘ਚ ਪੁਲੀਸ ਅਫ਼ਸਰ ਜਾਹਨ ਸਾਂਡਰਸ ਨੂੰ ਮਾਰਿਆ ਸੀ ,ਇਸ ਅਜਾਇਬ ਘਰ ਵਿੱਚ ਵਿਸ਼ੇਸ਼ ਖਿੱਚ ਦਾ ਕੇਂਦਰ ਹੈ । ਜਿਸ ਨੂੰ ਦੇਖਣ ਲਈ ਲੋਕ ਦੂਰ ਦੁਰਾਡੇ ਤੋ ਆਉਂਦੇ ਹਨ।
ਸ਼ਾਨ ਏ ਹਿੰਦ ਗੇਟ :
ਇਸ ਚੈੱਕ ਪੋਸਟ ਤੇ 42 ਫੁੱਟ ਲੰਬਾ , 91 ਫੁੱਟ ਚੌੜਾ ਅਤੇ 56 ਫੁੱਟ ਉੱਚਾ ਸ਼ਾਨ ਏ ਹਿੰਦ ਗੇਟ ਇਸ ਅਸਥਾਨ ਦੀ ਖੂਬਸੂਰਤੀ ਨੂੰ ਚਾਰ ਚੰਨ ਲਾਉਂਦਾ ਹੈ । ਗੇਟ ਤੋ ਪਹਿਲਾ ਹੁਣੇ ਹੁਣੇ ਲਗਾਇਆ 165 ਫੁੱਟ ਉਚਾ ਦੇਸ਼ ਦਾ ਰਾਸ਼ਟਰੀ ਝੰਡਾ ਵੀ ਸੈਲਾਨੀਆਂ ਵਿੱਚ ਦੇਸ਼ ਭਗਤੀ ਦੀ ਭਾਵਨਾ ਪੈਦਾ ਕਰਦਾ ਹੈ।
ਇਸ ਸਥਾਨ ਦਾ ਕੁਦਰਤੀ ਸੁਹੱਪਣ ,ਵੰਨ ਸੁਵੰਨੇ ਦਰੱਖਤਾਂ ਦੀ ਹਰਿਆਲੀ ਮਨਮੋਹਕ ਨਜ਼ਾਰਾ ਪੇਸ਼ ਕਰਦੀ ਹੈ ।
1965 ਅਤੇ 1971 ਦੀ ਹਿੰਦ-ਪਾਕ ਜੰਗ ਦੇ ਸ਼ਹੀਦਾ ਦੀ ਯਾਦਗਾਰ :
ਇਸ ਸਥਾਨ ਤੇ 1971 ਦਿ ਹਿੰਦ ਪਾਕ ਜੰਗ ਮੌਕੇ 15 ਪੰਜਾਬ ਬਟਾਲੀਅਨ ਜਿਸ ਨੂੰ ਪਹਿਲਾਂ ਪਟਿਆਲਾ ਬਟਾਲੀਅਨ ਕਿਹਾ ਜਾਂਦਾ ਸੀ ਦੇ ਬਹਾਦਰ ਜਵਾਨਾਂ ਦੇ ਬਲੀਦਾਨ ਨੂੰ ਸਮਰਪਿਤ ਇਕ ਜੰਗੀ ਯਾਦਗਾਰ ਦਾ ਵੀ ਨਿਰਮਾਣ 2006 ਵਿੱਚ ਕੀਤਾ ਗਿਆ ਹੈ । 03 ਅਤੇ 04 ਦਸੰਬਰ 1971 ਦੀ ਰਾਤ ਜੰਗ ਮੌਕੇ 15 ਪੰਜਾਬ ਬਟਾਲੀਅਨ ਦੀਆਂ ਸਿਰਫ 02 ਕੰਪਨੀਆਂ ਨੇ ਦੁਸ਼ਮਨ ਦੀ 5000 ਤੋ ਵੱਧ ਫੌਜ ਅਤੇ 15 ਟੈਂਕਾ ਦਾ ਬਹਾਦਰੀ ਅਤੇ ਹੌਸਲੇ ਨਾਲ ਮੁਕਾਬਲਾ ਕੀਤਾ ਅਤੇ ਦੇਸ਼ ਦੀ ਸੁਰੱਖਿਆ ਪੱਖੋਂ ਬੇਹੱਦ ਮਹੱਤਵਪੂਰਨ, ਸਤਲੁਜ ਹੈੱਡਵਰਕਸ ਦੀ ਰੱਖਿਆ ਕਰਦਿਆਂ 02 ਅਫ਼ਸਰਾਂ ਅਤੇ 53 ਜਵਾਨਾਂ ਨੇ ਦੇਸ਼ ਦੀ ਖਾਤਰ ਕੁਰਬਾਨੀ ਕੀਤੀ । ਇਸ ਸਥਾਨ ਤੇ ਸ਼ਹੀਦ ਹੋਣ ਵਾਲੇ ਮੇਜਰ ਕੰਵਲਜੀਤ ਸਿੰਘ ਅਤੇ ਮੇਜਰ ਐੱਸ.ਪੀ.ਐਸ ਵੜੈਚ ਦੀਆਂ ਲੱਗੀਆਂ ਖ਼ੂਬਸੂਰਤ ਤਸਵੀਰਾਂ ਨੌਜਵਾਨਾਂ ਵਿੱਚ ਦੇਸ਼ ਭਗਤੀ ਦਾ ਜਜ਼ਬਾ ਪੈਦਾ ਕਰਨ ਦੀ ਪ੍ਰੇਰਨਾ ਦਿੰਦੀਆਂ ਹਨ ।
ਇਸ ਦੇ ਨਾਲ ਹੀ 1965 ਦੀ ਜੰਗ ਮੌਕੇ ਇਸ ਸਥਾਨ ਤੇ ਦੇਸ਼ ਖ਼ਾਤਰ ਜਾਨ ਕੁਰਬਾਨ ਕਰਨ ਵਾਲੇ ਸ਼ਹੀਦ ਜਵਾਨਾਂ ਅਤੇ 1956 ਵਿੱਚ ਪਾਕਿਸਤਾਨ ਵੱਲੋਂ ਹੁਸੈਨੀਵਾਲਾ ਸਥਾਨ ਤੇ ਕੀਤੇ ਅਚਾਨਕ ਹਮਲੇ ਨੂੰ ਬਹਾਦਰੀ ਨਾਲ ਪਛਾੜਨ ਵਾਲੇ ਬਹਾਦਰ ਜਵਾਨਾਂ ਦੀ ਯਾਦਗਰ ਵੀ ਇੱਥੇ ਹੀ ਸਥਾਪਿਤ ਕੀਤੀ ਗਈ ਹੈ ।
ਹੁਸੈਨੀਵਾਲਾ ਰੇਲਵੇ ਸਟੇਸ਼ਨ:
ਹੁਸੈਨੀਵਾਲਾ ਹੈੱਡਵਰਕਸ ਦੇ ਨਜ਼ਦੀਕ ਸਤਲੁਜ ਦਰਿਆ ਦੇ ਕੰਢੇ ਤੇ ਇਤਿਹਾਸਕ ਹੁਸੈਨੀਵਾਲਾ ਰੇਲਵੇ ਸਟੇਸ਼ਨ ( ਟਿਕਟ ਖਿੜਕੀ )ਮੌਜੂਦ ਹੈ, ।ਇਸ ਦੀ ਵਿਲੱਖਣਤਾ ਇਹ ਹੈ ਕਿ ਇੱਥੇ ਸਾਲ ਵਿੱਚ ਸਿਰਫ਼ 02 ਦਿਨ ਹੀ ਰੇਲ ਗੱਡੀ ਚੱਲਦੀ ਹੈ 23 ਮਾਰਚ ਨੂੰ ਸ਼ਹੀਦੀ ਸਮਾਗਮ ਅਤੇ 13 ਅਪ੍ਰੈਲ ਨੂੰ ਵਿਸਾਖੀ ਦੇ ਮੇਲੇ ਮੌਕੇ ,ਬਾਕੀ ਸਾਰਾ ਸਾਲ ਇਹ ਸਟੇਸ਼ਨ ਬੰਦ ਰਹਿੰਦਾ ਹੈ ਅਤੇ ਸਟੇਸ਼ਨ ਦੀ ਥਾ ਤੇ ਸਿਰਫ ਟਿਕਟ ਖਿੜਕੀ ਹੀ ਮੋਜੂਦ ਹੈ, ਜੋ ਸਾਲ ਵਿੱਚ ਸਿਰਫ ਦੋ ਦਿਨ ਹੀ ਖੁੱਲਦੀ ਹੈ।
ਇਹ ਉਹ ਰੇਲਵੇ ਸਟੇਸ਼ਨ ਹੈ, ਜਿੱਥੇ ਦੇਸ਼ ਦੀ ਵੰਡ ਤੋਂ ਪਹਿਲਾਂ ਖ਼ੂਬ ਰੌਣਕ ਰਹਿੰਦੀ ਸੀ।ਸਿੰਜਾਈ ਵਿਭਾਗ ਦੀ ਬਹੁਤ ਵੱਡੀ ਵਰਕਸ਼ਾਪ ਇਸ ਸਥਾਨ ਤੇ ਹੋਣ ਕਾਰਨ ਕਸੂਰ ,ਲਾਹੌਰ ਅਤੇ ਹੋਰ ਨਜ਼ਦੀਕ ਲੱਗਦੇ ਇਲਾਕਿਆਂ ਤੋਂ ਵੱਡੀ ਗਿਣਤੀ ਵਿਚ ਮੁਲਾਜ਼ਮ ਇਸ ਸਟੇਸ਼ਨ ਤੇ ਆਉਂਦੇ ਜਾਦੇ ਸਨ। ਵਪਾਰਕ ਪੱਖੋਂ ਤੋ ਵੀ ਇਹ ਸਟੇਸ਼ਨ ਬਹੁਤ ਵਿਕਸਿਤ ਸੀ। ਪ੍ਰੰਤੂ ਅੱਜ ਹੁਸੈਨੀਵਾਲਾ ਰੇਲਵੇ ਸਟੇਸ਼ਨ ਅਤੇ ਹੁਸੈਨੀਵਾਲਾ ਵਰਕਸ਼ਾਪ ਦੋਵਾਂ ਦਾ ਸਿਰਫ਼ ਨਾਮ ਹੀ ਬਚਿਆ ਹੈ । ਵਰਕਸ਼ਾਪ ਦਾ ਨਾਮੋ ਨਿਸ਼ਾਨ ਮਿਟ ਚੁੱਕਿਆ ਹੈ। ਸਿੰਜਾਈ ਵਿਭਾਗ ਦਾ ਸਤਲੁਜ ਦਰਿਆ ਦੇ ਕੰਢੇ ਤੇ ਰਮਣੀਕ ਸਥਾਨ ਤੇ ਕੁਝ ਸਮਾਂ ਪਹਿਲਾਂ ਤੱਕ ਇੱਕ ਰੈਸਟ ਹਾਊਸ ਵੀ ਚੰਗੀ ਹਾਲਤ ਵਿੱਚ ਸੀ , ਹੁਣ ਉਹ ਵੀ ਬੰਦ ਹੋ ਚੁੱਕਿਆ ਹੈ । ਇਸ ਸਥਾਨ ਨੂੰ ਜੇ ਸੈਰਗਾਹ ਵਜੋਂ ਵਿਕਸਿਤ ਕੀਤਾ ਜਾਵੇ ਤਾਂ ਸੈਲਾਨੀਆਂ ਦੀ ਖਿੱਚ ਦਾ ਬਹੁਤ ਵੱਡਾ ਕੇਂਦਰ ਬਣ ਸਕਦਾ ਹੈ ।
ਵਾਹਗਾਂ ਬਾਰਡਰ ਅਮ੍ਰਿਤਸਰ ਦੀ ਤਰਾ ਜੇ ਹੁਸੈਨੀ ਵਾਲਾ ਬਾਰਡਰ ਵੀ ਵਪਾਰ ਅਤੇ ਆਮ ਲੋਕਾਂ ਲਈ ਖੋਲ ਦਿੱਤਾ ਜਾਵੇ ਤਾ ਚੜ੍ਹਦੇ ਪੰਜਾਬ ਅਤੇ ਲਹਿੰਦੇ ਪੰਜਾਬ ਦੇ ਲੋਕਾਂ ਦਾ ਮਿਲਣ ਜਿਥੇ ਦੋਹਾਂ ਦੇਸ਼ ਵਿੱਚ ਸ਼ਾਤੀ ਦੀ ਨਵੀਂ ਮਿਸਾਲ ਪੈਂਦਾ ਕਰ ਸਕਦਾ ਹੈ , ਉਥੇ ਆਰਥਿਕ ਪੱਖੋਂ ਪਿਛੜੇ ਸਰਹੱਦੀ ਖੇਤਰ ਲਈ ਦੀ ਆਰਥਿਕਤਾ ਨੂੰ ਬਹੁਤ ਵੱਡਾ ਹੁਲਾਰਾ ਮਿਲ ਸਕਦਾ ਹੈ।
ਹਰ ਸਾਲ 23 ਮਾਰਚ ਨੂੰ ਸ਼ਹੀਦੀ ਸਮਾਗਮ ਮੌਕੇ ਅਤੇ ਚੋਣਾਂ ਮੌਕੇ ਬਾਰਡਰ ਖੋਲ੍ਹਣ ਦਾ ਮੁੱਦਾ ਉਠਦਾ ਜਰੂਰ ਹੈ , ਪਰ ਦੋਹਾਂ ਪਾਸੇ ਤੋ ਕਿਸੇ ਵੀ ਕਿਸਮ ਦੀ ਪਹਿਲਕਦਮੀ ਧਰਾਤਲ ਤੇ ਨਜਰ ਨਹੀ ਆਉਂਦੀ । ਪ੍ਰੰਤ ਇਲਾਕੇ ਦੇ ਆਮ ਲੋਕ ਅਕਸਰ ਹੀ ਚਰਚਾ ਜਰੂਰ ਇਸ ਉਮੀਦ ਨਾਲ ਕਰਦੇ ਹਨ, ਕਿ ਇਹ ਸਰਹੱਦ ਇੱਕ ਦਿਨ ਜਰੂਰ ਖੁਲੇਗੀ ਅਤੇ ਚੜ੍ਹਦੇ ਅਤੇ ਲਹਿੰਦੇ ਪੰਜਾਬ ਦਾ ਮੇਲ ਹੋਵੇਗਾ ।
ਡਾ. ਸਤਿੰਦਰ ਸਿੰਘ (ਪੀ ਈ ਐਸ )
ਸਟੇਟ ਅਤੇ ਨੈਸ਼ਨਲ ਅਵਾਰਡੀ
ਪ੍ਰਿੰਸੀਪਲ
ਧਵਨ ਕਲੋਨੀ ਫਿਰੋਜ਼ਪੁਰ ਸ਼ਹਿਰ
9815427554