Ferozepur News

ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਹੈਜ਼ੇ ਦੀ ਬਿਮਾਰੀ ਦੀ ਰੋਕਥਾਮ ਲਈ ਵੱਖ-ਵੱਖ ਵਿਭਾਗਾਂ ਨੂੰ ਆਦੇਸ਼ ਜਾਰੀ

ਫ਼ਿਰੋਜ਼ਪੁਰ 22 ਜੂਨ 2018 (Manish Bawa ) ਜ਼ਿਲ੍ਹਾ ਮੈਜਿਸਟ੍ਰੇਟ ਸ਼੍ਰੀ ਰਾਮਵੀਰ ਆਈ. ਏ. ਐਸ. ਨੇ ਪੰਜਾਬ ਸਰਕਾਰ ਦੇ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੀ ਅਧਿਸੂਚਨਾ ਰਾਹੀਂ ਆਪਣੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲ੍ਹੇ ਵਿਚ ਲੋਕਾਂ ਨੂੰ ਹੈਜ਼ੇ ਦੀ ਬਿਮਾਰੀ ਤੋਂ ਬਚਾਅ ਲਈ ਜਾਗਰੂਕ ਕਰਨ ਲਈ ਹੁਕਮ ਜਾਰੀ ਕੀਤੇ ਹਨ। ਇਹ ਹੁਕਮ 31 ਦਸੰਬਰ 2018 ਤੱਕ ਲਾਗੂ ਰਹਿਣਗੇ। 
ਜ਼ਿਲ੍ਹਾ ਮੈਜਿਸਟ੍ਰੇਟ ਸ੍ਰੀ ਰਾਮਵੀਰ (ਆਈ.ਏ.ਐਸ)  ਨੇ ਜਾਰੀ ਕੀਤੇ ਆਪਣੇ ਹੁਕਮਾਂ ਵਿਚ ਕਿਹਾ ਕਿ ਜ਼ਿਲ੍ਹੇ ਵਿਚ ਹੈਜ਼ੇ ਵਰਗੀ ਬਿਮਾਰੀ ਦੀ ਰੋਕਥਾਮ ਲਈ ਸਾਰੀ ਕਿਸਮ ਦੀਆਂ ਮਠਿਆਈਆਂ, ਕੇਕ, ਬਰੈੱਡ, ਖ਼ੁਰਾਕ ਸਬੰਧੀ ਸਾਰੀਆਂ ਵਸਤਾਂ ਜਿਸ ਵਿੱਚ ਲੱਸੀ, ਗੰਨੇ ਦਾ ਰਸ, ਸਰਬਤ ਅਤੇ ਹੋਰ ਖਾਣ-ਪੀਣ ਵਾਲੀਆਂ ਵਸਤਾਂ ਜੇਕਰ ਢੱਕੀਆਂ ਹੋਈਆਂ ਜਾਂ ਸ਼ੀਸ਼ੇ ਦੀ ਅਲਮਾਰੀ ਵਿਚ ਨਹੀਂ ਰੱਖੀਆਂ ਗਈਆਂ ਤਾਂ ਇਨ੍ਹਾਂ ਵਸਤਾਂ ਦੀ ਵੇਚ ਤੇ ਪਾਬੰਦੀ  ਹੋਵੇਗੀ। ਇਸ ਦੇ ਨਾਲ ਹੀ ਜ਼ਿਆਦਾ ਪੱਕੇ, ਘੱਟ ਪੱਕੇ, ਕੱਟੇ ਹੋਏ ਫ਼ਲ ਸਬਜ਼ੀਆਂ ਨੂੰ ਵੇਚਣ ਦੀ ਵੀ ਮਨਾਹੀ ਹੋਵੇਗੀ। ਉਨ੍ਹਾਂ ਕਿਹਾ ਕਿ ਬਰਫ਼, ਆਈਸ ਕਰੀਮ, ਕੈਂਡੀ, ਸੋਡਾ ਵੇਚਣ, ਬਾਹਰੋਂ ਲਿਆਉਣ, ਭੇਜਣ ਦੀ ਤਦ ਤੱਕ ਮਨਾਹੀ ਹੋਵੇਗੀ ਜਦ ਤੱਕ ਇਨ੍ਹਾਂ ਵਸਤਾਂ ਨੂੰ ਤਿਆਰ ਕਰਨ ਲਈ ਲਿਆਂਦਾ ਪਾਣੀ ਬੈਕਟੀਰੀਆਲੋਜਿਸਟ ਪੰਜਾਬ ਵੱਲੋਂ ਪਾਸ ਨਾ ਕੀਤਾ ਗਿਆ ਹੋਵੇ। ਉਨ੍ਹਾਂ ਨਗਰ ਕੌਂਸਲ, ਜਨ ਸਿਹਤ ਵਿਭਾਗ ਵੱਲੋਂ ਪਬਲਿਕ ਨੂੰ ਪੀਣ ਲਈ ਸਪਲਾਈ ਕੀਤੇ ਜਾਣ ਵਾਲੇ ਪਾਣੀ ਨੂੰ ਕਲੋਰੀਨੇਟ ਕਰਕੇ ਸਪਲਾਈ ਕਰਨ ਦੇ ਹੁਕਮ ਦਿੱਤੇ ਹਨ। 
ਉਨ੍ਹਾਂ ਆਪਣੇ ਹੁਕਮਾਂ ਵਿਚ ਸਿਵਲ ਸਰਜਨ, ਸਹਾਇਕ ਸਿਵਲ ਸਰਜਨ, ਜ਼ਿਲ੍ਹਾ ਸਿਹਤ ਅਫ਼ਸਰ, ਜ਼ਿਲ੍ਹਾ ਐਪੀਡੀਮਾਲੋਜਿਸਟ, ਏ.ਐਮ.ਓ, ਏ.ਯੂ.ਓ, ਸਮੂਹ ਨਗਰ ਕੌਂਸਲ ਦੇ ਮੈਡੀਕਲ ਅਫ਼ਸਰ ਆਫ਼ ਹੈਲਥ ਸਮੂਹ ਮੈਡੀਕਲ ਅਫ਼ਸਰ, ਸੈਨੇਟਰੀ ਇੰਸਪੈਕਟਰ, ਫੂਡ ਇੰਸਪੈਕਟਰ, ਮਲਟੀਪਰਪਜ਼ ਹੈਲਥ ਸੁਪਰਵਾਈਜ਼ਰ, ਸਮੂਹ ਸੀਨੀਅਰ ਮੈਡੀਕਲ ਅਫ਼ਸਰ ਇੰਚਾਰਜ ਮੁੱਢਲਾ ਸਿਹਤ ਕੇਂਦਰ, ਸਿਵਲ ਹਸਪਤਾਲ, ਮੈਜਿਸਟ੍ਰੇਟ ਪਹਿਲਾ ਦਰਜਾ ਜ਼ਿਲ੍ਹਾ ਫ਼ਿਰੋਜ਼ਪੁਰ ਨੂੰ ਆਪਣੇ-ਆਪਣੇ ਖੇਤਰ ਵਿਚ ਮਾਰਕੀਟ, ਦੁਕਾਨਾਂ ਅਤੇ ਖ਼ੁਰਾਕ ਸਬੰਧੀ ਕਾਰਖ਼ਾਨਿਆਂ ਵਿਚ ਦਾਖ਼ਲ ਹੋਣ, ਜਾਣ, ਮੁਆਇਨਾ ਕਰਨ, ਨਾ ਖਾਣਯੋਗ ਪਦਾਰਥ ਹੋਣ ਦੀ ਸੂਰਤ ਵਿਚ ਉਨ੍ਹਾਂ ਨੂੰ ਬੰਦ ਕਰਨ ਅਤੇ ਸਬੰਧਤ ਮਾਲਕਾਂ ਦੇ ਚਲਾਨ ਕਰਨ ਦੇ ਵੀ ਅਧਿਕਾਰ ਦਿੱਤੇ ਹਨ। ਉਨ੍ਹਾਂ ਸਿਵਲ ਸਰਜਨ ਫ਼ਿਰੋਜ਼ਪੁਰ ਨੂੰ ਮੈਡੀਕਲ ਚੈੱਕ ਅਪ ਪੋਸਟਾਂ, ਹੈਜ਼ੇ ਦੀਆਂ ਚੈੱਕ ਅਪ ਪੋਸਟਾਂ ਲਾਉਣ ਦੇ ਅਧਿਕਾਰ ਵੀ ਦਿੱਤੇ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਕਿਸੇ ਵੀ ਪਿੰਡ, ਸ਼ਹਿਰ, ਕਸਬੇ ਵਿਚ ਹੈਜ਼ੇ ਦੀ ਬਿਮਾਰੀ ਹੋਣ ਦੀ ਸੂਰਤ ਵਿਚ ਸਬੰਧਤ ਖੇਤਰ ਦੇ ਵਸਨੀਕ ਹੈਜ਼ੇ ਸਬੰਧੀ ਜਾਣਕਾਰੀ ਨੇੜੇ ਦੇ ਸਰਕਾਰੀ ਹਸਪਤਾਲ ਵਿੱਚ ਦੇਣ ਅਤੇ ਇਸ ਦੀ ਰੋਕਥਾਮ ਲਈ ਨੇੜੇ ਦੀ ਸਿਹਤ ਸੰਸਥਾ ਨਾਲ ਸੰਪਰਕ ਕਰਨ। 

Related Articles

Back to top button