Ferozepur News

ਸਿੱਖਿਆ ਵਿਭਾਗ ਨੇ 1008 ਹੋਰ ਅਧਿਆਪਕਾਂ ਨੂੰ ਦਿੱਤਾ ਨਵੇਂ ਸਾਲ ਦਾ ਤੋਹਫ਼ਾ

ਫਾਜ਼ਿਲਕਾ, 1 ਜਨਵਰੀ (Vijay Monga): ਪੰਜਾਬ ਸਰਕਾਰ ਸਕੂਲ ਸਿੱਖਿਆ ਵਿਭਾਗ ਵੱਲੋਂ 6060 ਮਾਸਟਰ ਕੈਡਰ ਦੀਆਂ ਅਸਾਮੀਆਂ ਤਹਿਤ ਚੱਲ ਰਹੀ ਭਰਤੀ ਪ੍ਰਕਿਰਿਆ ਲਈ ਨਿਯੁਕਤ ਕੀਤੇ ਵੱਖ ਵੱਖ ਪੰਜਾਬੀ, ਹਿੰਦੀ, ਅੰਗ੍ਰੇਜ਼ੀ, ਸਾਇਸ, ਗਣਿਤ ਅਤ ਸਮਾਜਿਕ ਸਿੱਖਿਆ ਵਿਸ਼ਿਆਂ ਅਧੀਨ ਨਿਯੁਕਤ ਉਮੀਦਵਾਰਾਂ ਵਿਚੋਂ ਹਾਜ਼ਰ ਨਾ ਹੋਣ ਵਾਲੇ ਉਮੀਦਵਾਰਾਂ ਕਾਰਨ ਖਾਲ੍ਹੀ ਰਹਿ ਗਈਆਂ ਅਸਾਮੀਆਂ ਨੂੰ ਭਰੇ ਜਾਣ ਲਈ ਵੇਟਿੰਗ ਲਿਸਟ ਜਾਰੀ ਕਰਨ ਦਾ ਹੁਕਮ ਡਾਇਰੈਕਟਰ ਸਿੱਖਿਆ ਵਿਭਾਗ ਸੈਕੰਡਰੀ ਸਿੱਖਿਆ ਸੁਖਦੇਵ ਸਿੰਘ ਕਾਹਲੋਂ ਵੱਲੋਂ ਜਾਰੀ ਹੋਇਆ।
ਪ੍ਰਾਪਤ ਜਾਣਕਾਰੀ ਮੁਤਾਬਕ 6060 ਮਾਸਟਰ ਕੈਡਰ ਭਰਤੀ ਪ੍ਰਕਿਰਿਆ ਤਹਿਤ ਵੇਟਿੰਗ ਲਿਸਟ ਮੁਤਾਬਕ ਅੰਗ੍ਰੇਜ਼ੀ, ਪੰਜਾਬੀ, ਹਿੰਦੀ, ਗਣਿਤ, ਸਾਇੰਸ, ਸਮਾਜਿਕ ਸਿੱਖਿਆ ਵਿਸ਼ੇ ਦੀਆਂ ਉਡੀਕ ਸੂਚੀਆਂ ਦੀ ਮੈਰਿਟ ਮੁਤਾਬਕ ਉਮੀਦਵਾਰਾਂ 2017 ਸਾਲ ਦੇ ਪਹਿਲੇ ਦਿਨ ਹੀ ਸਿੱਖਿਆ ਵਿਭਾਗ ਵੱਲੋਂ ਲਗਭਗ 1008ਅਧਿਆਪਕਾਂ ਨੂੰ ਨਿਯੁਕਤੀ ਪੱਤਰ ਦੇਣ ਲਈ ਸੱਦਿਆ ਗਿਆ। ਇਹ ਉਡੀਕ ਸੂਚੀਆਂ ਵਿਭਾਗ ਵੱਲੋਂ ਵੈਬਸਾਇਟ ਤੇ ਦੇਰ ਰਾਤ ਅਪਲੋਡ ਕੀਤੀਆਂ ਗਈਆਂ। ਜਿਨ੍ਹਾਂ ਵਿਚ ਅੰਗ੍ਰੇਜ਼ੀ ਦੇ 21, ਹਿੰਦੀ ਦੇ 34, ਗਣਿਤ ਦੇ 136, ਪੰਜਾਬੀ ਦੇ 166, ਸਾਇੰਸ ਦੇ 294 ਅਤੇ ਸਮਾਜਿਕ ਸਿੱਖਿਆ ਦੇ 364 ਉਮੀਦਵਾਰਾਂ ਨੂੰ ਵਿਭਾਗ ਨੇ ਨਿਯੁਕਤੀ ਪੱਤਰ ਦੇਣ ਲਈ ਬੁਲਾਇਆ ਹੈ। ਇਸ ਉਡੀਕ ਸੂਚੀ ਨੂੰ ਵਿਭਾਗ ਵੱਲੋਂ ਜਾਰੀ ਕਰਵਾਉਣ ਵਿਚ ਅਧਿਆਪਕ ਯੋਗਤਾ ਪ੍ਰੀਖਿਆ ਪਾਸ 6060 ਮਾਸਟਰ ਕੈਡਰ ਅਧਿਆਪਕ ਯੂਨੀਅਨ ਪੰਜਾਬ ਦੇ ਪ੍ਰਧਾਨ ਰਘੁਵੀਰ ਸਿੰਘ ਭਵਾਨੀਗੜ੍ਹ ਅਤੇ ਉਨ੍ਹਾਂ ਦੀ ਪੂਰੀ ਟੀਮ ਦੀ ਮਿਹਨਤ ਦਾ ਨਤੀਜਾ ਹੈ। ਯੂਨੀਅਨ ਦੇ ਆਗੂ ਪਿਛਲੇ ਕਈ ਦਿਨਾਂ ਤੋਂ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ, ਡੀਪੀਆਈ ਸੈਕੰਡਰੀ ਸੁਖਦੇਵ ਸਿੰਘ ਕਾਹਲੋਂ, ਡਾਇਰੈਕਟਰ ਜਨਰਲ ਸਕੂਲ ਸਿੱਖਿਆ ਪ੍ਰਦੀਪ ਕੁਮਾਰ ਅਗਰਵਾਲ ਨਾਲ ਰਾਬਤਾ ਕਾਇਮ ਕਰਕੇ ਉਨ੍ਹਾਂ ਨੂੰ ਹਾਜ਼ਰ ਨਾ ਹੋਣ ਵਾਲੇ ਉਮੀਦਵਾਰਾਂ ਦੀ ਥਾਂ ਤੇ ਹੋਰ ਉਮੀਦਵਾਰਾਂ ਨੂੰ ਜੁਆਇਨ ਕਰਵਾਉਣ ਅਤ ਲਗਭਗ 1200 ਅਸਾਮੀਆਂ ਤੇ ਇੱਕ ਅਧਿਆਪਕ ਨੂੰ ਡਬਲ ਆਰਡਰ ਮਿਲ ਜਾਣ ਕਾਰਨ ਡਬਲਿੰਗ ਨੂੰ ਖ਼ਤਮ ਕਰਕੇ ਯੋਗ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਦੁਆਉਣ ਲਈ ਮੰਗ ਗਈ। ਜਿਸ ਕਾਰਨ ਵਿਭਾਗ ਵੱਲੋਂ ਇਹ ਵੇਟਿੰਗ ਲਿਸਟਾਂ ਜਾਰੀ ਕੀਤੀਆਂ ਗਈਆਂ ਹਨ। ਜਿਸ ਨਾਲ ਉਡੀਕ ਸੂਚੀ ਵਿਚ ਆਉਣ ਵਾਲੇ 1000 ਦੇ ਲਗਭਗ ਉਮੀਦਵਾਰਾਂ ਦੀ ਖੁਸ਼ੀ ਦਾ ਕੋਈ ਟਿਕਾਨਾ ਨਹੀਂ ਹੈ ਕਿ ਉਸ ਨੂੰ ਨਵੇਂ ਸਾਲ ਵਾਲੇ ਦਿਨ ਸਿੱਖਿਆ ਵਿਭਾਗ ਵੱਲੋਂ ਨੋਕਰੀ ਮਿਲ ਰਹੀ ਹੈ। ਇਹ ਵੀ ਜ਼ਿਕਰ ਯੋਗ ਹੈ ਕਿ ਯੂਨੀਅਨ ਦੀਆਂ ਕੋਸ਼ਿਸ਼ਾਂ ਸਦਕਾ ਹੀ ਵਿਭਾਗ ਨੇ ਸਮੂਹ ਜ਼ਿਲ੍ਹਾ ਸਿੱਖਿਆ ਅਧਿਕਾਰੀ ਸੈਕੰਡਰੀ ਸਿੱਖਿਆ ਨੂੰ ਮੌਕੇ ਤੇ ਹੀ ਨਿਯੁਕਤੀ ਪੱਤਰ ਦੇਣ ਲਈ ਸੱਦਿਆ ਗਿਆ ਹੈ। ਜਿਸ ਵਿਚ ਵਿਧਵਾ, ਹੈਡੀਕੈਪਟ ਦੇ ਲਗਭਗ 120 ਉਮੀਦਵਾਰਾਂ ਨੂੰ ਸਵੇਰੇ 7 ਵਜੇ ਅਤੇ ਬਾਕੀ 6 ਵਿਸ਼ਿਆਂ ਦੇ ਉਮੀਦਵਾਰਾਂ ਨੂੰ ਦੇਰ ਸ਼ਾਮ ਤੱਕ ਆਰਡਰ ਦਿੱਤੇ ਗਏ ਅਤੇ ਮੌਕੇ ਤੇ ਹੀ ਜੁਆਇੰਨ ਵੀ ਕਰਵਾਇਆ ਗਿਆ। ਯੂਨੀਅਨ ਦੀ ਮੰਗ ਨੂੰ ਮੰਨਦਿਆਂ ਵਿਭਾਗ ਨੇ ਅੱਜ ਨਿਯੁਕਤੀ ਪੱਤਰ ਲੈਣ ਵਾਲੇ ਉਮੀਦਵਾਰਾਂ ਨੂੰ ਮੈਡੀਕਲ ਕਰਵਾਉਣ ਤੋਂ ਵੀ ਛੋਟ ਦੇ ਦਿੱਤੀ ਅਤੇ ਉਨ੍ਹਾਂ ਤੋਂ ਬਿਆਨ ਹਲਫ਼ੀ ਅਤੇ ਸਵੈ ਘੋਸ਼ਨਾ ਪੱਤਰ ਲੈਕੇ ਦੇਰ ਸ਼ਾਮ ਜਾਂ ਸੋਮਵਾਰ ਸਵੇਰੇ ਸਿੱਧਾ ਸਟੇਸ਼ਨ ਤੇ ਹਾਜ਼ਰ ਕਰਵਾ ਲਿਆ ਗਿਆ ਹੈ।
ਇਸ ਸਾਰੀ ਪ੍ਰਕਿਰਿਆ ਵਿਚ ਸਮੂਹ ਪੰਜਾਬ ਦੀਆਂ ਅਧਿਆਪਕ ਜੱਥੇਬੰਦੀਆਂ ਦੇ ਨਾਲ ਨਾਲ ਜ਼ਿਲ੍ਹਾ ਫਾਜ਼ਿਲਕਾ ਦੇ ਅਧਿਆਪਕਾਂ, ਸਮਾਜਿਕ ਸੰਗਠਨਾਂ ਅਤੇ ਉਮੀਦਵਾਰਾਂ ਦੇ ਮਾਪਿਆਂ ਵਿਚ ਖੁਸ਼ੀ ਦੀ ਲਹਿਰ ਹੈ ਅਤੇ ਇਸ ਸਬੰਧੀ ਜ਼ਿਲ੍ਹਾ ਫਾਜ਼ਿਲਕਾ ਦੀ ਗੋਰਮਿੰਟ ਟੀਚਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਭਗਵੰਤ ਭਠੇਜਾ, ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਨਿਸ਼ਾਂਤ ਅਗਰਵਾਲ, ਪਰਮਜੀਤ ਸਿੰਘ, ਜ਼ਿਲ੍ਹਾ ਕਮੇਟੀ ਮੈਂਬਰ ਰਾਜੀਵ ਚਗਤੀ, ਵਿੱਤ ਸਕੱਤਰ ਲੈਕਚਰਾਰ ਸੁਸ਼ੀਲ ਕੁਮਾਰ, ਲੈਕਚਰਾਰ ਬਰਜਿੰਦਰ ਕੁਮਾਰ, ਰਾਜ ਕੁਮਾਰ ਖਤਰੀ, ਕ੍ਰਿਸ਼ਨ ਕੁਮਾਰ, ਵਰਿੰਦਰ ਸਿੰਘ, ਮਹਿੰਦਰ ਕੁਮਾਰ, ਬੀਐਡ ਅਧਿਆਪਕ ਫਰੰਟ ਦੇ ਸਤਿੰਦਰ ਸਚਦੇਵਾ, ਨੀਰਜ਼ ਸੇਠੀ, ਯੂਥ ਐਜੂਕੇਟਡ ਸੁਸਾਇਟੀ ਦੇ ਵਿਜੈ ਕੁਮਾਰ ਮੋਂਗਾ ਆਦਿ ਨੇ ਪੰਜਾਬ ਸਰਕਾਰ ਸਕੂਲ ਸਿੱਖਿਆ ਵਿਭਾਗ ਵੱਲੋਂ ਹਾਜ਼ਰ ਨਾ ਹੋਣ ਵਾਲੇ ਉਮੀਦਵਾਰਾਂ ਅਤੇ ਡੱਬਲ ਆਰਡਰ ਪ੍ਰਾਪਤ ਉਮੀਦਵਾਰਾਂ ਦੀ ਥਾਂ ਤੇ ਉਡੀਕ ਸੂਚੀ ਜਾਰੀ ਕਰਵਾਉਣ ਅਤੇ ਅੱਜ ਨਵੇਂ ਸਾਲ ਤੇ ਨਿਯੁਕਤੀ ਪੱਤਰ ਦੇ ਕੇ ਮੌਕੇ ਤੇ ਹੀ ਜੁਆਈਨਿੰਗ ਕਰਵਾਉਣ ਦੀ ਸ਼ਲਾਘਾ ਕੀਤੀ ਹੈ ਅਤੇ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਅਤੇ ਸੁਖਦੇਵ ਸਿੰਘ ਕਾਹਲੋਂ ਦੀ ਦੂਰ ਦਰਸ਼ੀ ਸੋਚ ਸਦਕਾ ਹੀ ਲੋੜਵੰਦ ਪਰਿਵਾਰਾਂ ਦੇ ਘਰ ਨੌਕਰੀ ਮਿਲੀ ਹੈ। ਉਨ੍ਹਾਂ ਮੰਗ ਕੀਤੀ ਕਿ ਪੂਰੀ 6060 ਅਧਿਆਪਕਾਂ ਦੀ ਭਰਤੀ ਪ੍ਰਕਿਰਿਆ ਡੀਰਿਜਰਵੇਸ਼ਨ ਕਰਨ ਤੋਂ ਬਾਅਦ ਆਖ਼ੀਰ ਤੱਕ ਪੂਰੀ ਕਰਨੀ ਚਾਹੀਦੀ ਹੈ ਤਾਕਿ ਪੂਰੇ 6060 ਉਮੀਦਵਾਰਾਂ ਨੂੰ ਹੀ ਨੌਕਰੀ ਪ੍ਰਾਪਤ ਹੋ ਸਕੇ।

Related Articles

Back to top button