Ferozepur News

ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨਾਲ ਸਿੱਖ ਕੌਮ ਤੇ ਸਮੁੱਚੀ ਮਾਨਵਤਾ ਦੇ ਹਿਰਦੇ ਵਲੂੰਧਰੇ ਗਏ : ਸੁਖਬੀਰ ਸਿੰਘ ਬਾਦਲ

ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨਾਲ ਸਿੱਖ ਕੌਮ ਤੇ ਸਮੁੱਚੀ ਮਾਨਵਤਾ ਦੇ ਹਿਰਦੇ ਵਲੂੰਧਰੇ ਗਏ : ਸੁਖਬੀਰ ਸਿੰਘ ਬਾਦਲ
ਪੰਜਾਬ ਦੀ ਅਮਨ ਸ਼ਾਂਤੀ ਤੇ ਭਾਈਚਾਰਕ ਸਾਂਝ ਨੂੰ ਹਰ ਹਾਲਤ ਵਿਚ ਕਾਇਮ ਰੱਖਿਆ ਜਾਵੇਗਾ
 ਪੰਥ ਤੇ ਦੇਸ਼ ਵਿਰੋਧੀ ਤਾਕਤਾਂ ਦਾ ਮਨੋਰਥ ਪੰਜਾਬ ਨੂੰ ਧਾਰਮਿਕ, ਸਮਾਜਿਕ ਅਤੇ ਆਰਥਿਕ ਪੱਖੋਂ ਕਮਜ਼ੋਰ ਕਰਨਾ
 ਸੂਬੇ ਦੇ ਮੌਜੂਦਾ ਹਾਲਤਾਂ ਦਾ ਨਿਵੇਸ਼ਕ ਸੰਮੇਲਨ ਤੇ ਕੋਈ ਅਸਰ ਨਹੀਂ ਹੋਵੇਗਾ
 ਧਰਮ ਅਤੇ ਸਮਾਜ ਵਿਰੋਧੀ ਤਾਕਤਾਂ ਦਾ ਕੋਈ ਧਰਮ ਨਹੀਂ ਹੁੰਦਾ : ਕਮਲ ਸ਼ਰਮਾ
Bazidpur 1DCM at Bazidpur 2
ਫਿਰੋਜ਼ਪੁਰ 23 ਅਕਤੂਬਰ (Harish  Monga    ) ਇੱਥੋਂ ਦੇ ਇਤਿਹਾਸਕ ਗੁਰਦੁਆਰਾ ਜਾਮਨੀ ਸਾਹਿਬ ਬਜੀਦਪੁਰ ਵਿਖੇ ਪੰਜਾਬ ਦੀ ਅਮਨ ਸ਼ਾਂਤੀ ਤੇ ਭਾਈਚਾਰਕ ਸਾਂਝ ਦੀ ਮਜ਼ਬੂਤੀ ਲਈ ਰੱਖੇ ਗਏ ਸ਼੍ਰੀ ਆਖੰਡ ਪਾਠ ਸਾਹਿਬ ਦੇ ਭੋਗ ਸਮਾਗਮ ਮੌਕੇ ਪੰਜਾਬ ਦੇ ਉਪ ਮੁੱਖ ਮੰਤਰੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸ. ਸੁਖਬੀਰ ਸਿੰਘ ਬਾਦਲ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਅਤੇ ਗੁਰੂ ਦੇ ਚਰਨਾਂ ਵਿਚ ਪੰਜਾਬ ਦੀ ਖੁਸ਼ਹਾਲੀ, ਤਰੱਕੀ ਅਤੇ ਅਮਨ ਸ਼ਾਂਤੀ ਲਈ ਅਰਦਾਸ ਕੀਤੀ।
ਇਸ ਮੌਕੇ ਸਮੁੱਚੇ ਜ਼ਿਲ੍ਹੇ ਦੀਆਂ ਸੰਗਤਾਂ ਦੇ ਵਿਸ਼ਾਲ ਇੱਕਠ ਨੂੰ ਸੰਬੋਧਨ ਕਰਦਿਆਂ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪਿੱਛਲੇ ਦਿਨਾਂ ਵਿਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਵਾਪਰੀਆਂ ਘਟਨਾਵਾਂ ਨਾਲ ਜਿੱਥੇ ਸਮੁੱਚੀ ਸਿੱਖ ਕੌਮ ਅਤੇ ਸਮੁੱਚੀ ਮਾਨਵਤਾ ਦੇ ਹਿਰਦੇ ਵੰਲਧੂਰੇ ਗਏ ਹਨ ਉੱਥੇ ਉਨ੍ਹਾਂ ਦੇ ਹਿਰਦੇ ਨੂੰ ਵੀ ਇੰਨ੍ਹਾਂ ਘਟਨਾਵਾਂ ਨਾਲ ਗਹਿਰੀ ਸੱਟ ਵੱਜੀ ਹੈ। ਉਨ੍ਹਾਂ ਕਿਹਾ ਕਿ ਗੁਰੂ ਦੀ ਬੇਅਦਬੀ ਜਿਹੀ ਕੋਈ ਮਾੜੀ ਘਟਨਾ ਹੋ ਨਹੀਂ ਸਕਦੀ ਅਤੇ ਪੰਜਾਬ ਸਰਕਾਰ ਦਾ ਇੱਕੋ ਇੱਕ ਮਨੋਰਥ ਇੰਨ੍ਹਾਂ ਘਟਨਾਵਾਂ ਸਬੰਧੀ ਅਸਲ ਦੋਸ਼ੀਆਂ ਦੀ ਗ੍ਰਿਫ਼ਤਾਰੀ, ਉਨ੍ਹਾਂ ਨੂੰ ਸਜ਼ਾ ਦਿਵਾਉਣਾ ਅਤੇ ਸੱਚਾਈ ਨੂੰ ਲੋਕਾਂ ਦੇ ਸਾਹਮਣੇ ਲਿਆਉਣਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਰਾਜ ਵਿਚ ਅਮਨ ਸ਼ਾਂਤੀ ਅਤੇ ਆਪਸੀ ਭਾਈਚਾਰਕ ਸਾਂਝ ਨੂੰ ਹਰ ਹਾਲਤ ਵਿਚ ਕਾਇਮ ਰੱਖਿਆ ਜਾਵੇਗਾ ਅਤੇ ਕਿਸੇ ਨੂੰ ਵੀ ਹਾਲਾਤ ਖ਼ਰਾਬ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਉਨ੍ਹਾਂ ਕਿਹਾ ਕਿ ਪੁਲਸ ਵੱਲੋਂ ਇੰਨ੍ਹਾਂ ਘਟਨਾਵਾਂ ਦੀ ਬੜੀ ਬਾਰੀਕੀ ਅਤੇ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਸੱਚਾਈ ਸਾਹਮਣੇ ਆ ਸਕੇ।
ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲਿਆਂ ਦਾ ਸਿੱਧਾ ਸਬੰਧ ਪੰਜਾਬ, ਸ਼੍ਰੋਮਣੀ ਅਕਾਲੀ ਦਲ, ਸ਼੍ਰੀ ਅਕਾਲ ਤਖ਼ਤ ਸਾਹਿਬ ਅਤੇ ਸ਼੍ਰੋਮਣੀ ਕਮੇਟੀ ਜਿਹੀਆਂ ਸੰਸਥਾਵਾਂ ਨੂੰ ਪੂਰੀ ਤਰ੍ਹਾਂ ਕਮਜ਼ੋਰ ਕਰਨਾ ਹੈ ਪਰ ਸਮੁੱਚੀ ਸਿੱਖ ਕੌਮ ਅਤੇ ਪੰਜਾਬ ਸਰਕਾਰ ਇੰਨ੍ਹਾਂ ਤਾਕਤਾਂ ਨੂੰ ਉਨ੍ਹਾਂ ਦੇ ਮਨੋਰਥ ਵਿਚ ਕਦੇ ਵੀ ਸਫ਼ਲ ਨਹੀਂ ਹੋਣ ਦੇਵੇਗੀ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਇਤਿਹਾਸ ਕੁਰਬਾਨੀਆਂ ਭਰਿਆ ਹੈ ਅਤੇ ਇਹ 95 ਸਾਲ ਪੁਰਾਣੀ ਪਾਰਟੀ ਹੈ ਅਤੇ ਇਸ ਸੰਗਠਨ ਦੇ ਬਹਾਦਰ ਵਰਕਰਾਂ ਅਤੇ ਨੇਤਾਵਾਂ ਨੇ ਆਜ਼ਾਦੀ ਦੀ ਲੜਾਈ ਸਮੇਤ ਹਰ ਖੇਤਰ ਵਿਚ ਦੇਸ਼ ਦੇ ਵਿਕਾਸ ਵਿਚ ਆਪਣਾ ਯੋਗਦਾਨ ਪਾਇਆ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਹੀ ਸਿੱਖ ਕੌਮ ਦੀ ਸਿਰਮੌਰ ਜਥੇਬੰਦੀ ਹੈ ਅਤੇ ਕੁਝ ਤਾਕਤਾਂ ਇਸ ਨੂੰ ਕਮਜ਼ੋਰ ਕਰਨ ਲਈ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਭੜਕਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਦੇਸ਼ ਵਿਦੇਸ਼ ਦੇ ਸਿੱਖਾਂ ਦੀ ਹਰ ਮੁਸ਼ਕਿਲ ਦੀ ਘੜੀ ਵਿਚ ਅਗਵਾਈ ਅਤੇ ਮਦਦ ਕੀਤੀ ਹੈ। ਉਨ੍ਹਾਂ ਕਿਹਾ ਕਿ ਪਿੱਛਲੇ ਦਿਨਾਂ ਵਿਚ ਸ਼੍ਰੋਮਣੀ ਕਮੇਟੀ ਮੈਂਬਰਾਂ, ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕਾਂ ਤੇ ਹੋਏ ਹਮਲੇ ਸਿਆਸੀ ਸਾਜ਼ਿਸ਼ ਦਾ ਹਿੱਸਾ ਲੱਗ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੀ ਅਮਨ ਸ਼ਾਂਤੀ ਭਾਈਚਾਰਕ ਸਾਂਝ ਦੀ ਮਜ਼ਬੂਤੀ ਲਈ ਹਰੇਕ ਵਿਧਾਨ ਸਭਾ ਹਲਕੇ ਵਿਚ ਸ਼੍ਰੀ ਆਖੰਡ ਪਾਠ ਸਾਹਿਬ ਦੇ ਪਾਠ ਕਰਵਾਏ ਜਾਣਗੇ
ਸ. ਸੁਖਬੀਰ ਸਿੰਘ ਬਾਦਲ ਨੇ ਅੱਗੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਰਾਜ ਦੇ ਵਿਕਾਸ ਲਈ ਵੱਡੀ ਯੋਜਨਾ ਉਲੀਕੀ ਗਈ ਸੀ ਜਿਸ ਤਹਿਤ ਹਰੇਕ ਵਿਧਾਨ ਸਭਾ ਹਲਕੇ ਵਿਚ 25 ਤੋਂ 50 ਕਰੋੜ ਰੁਪਏ ਖਰਚ ਕਰਕੇ ਸਮੁੱਚੇ ਸੂਬੇ ਨੂੰ ਮਾਡਲ ਦਾ ਸੂਬਾ ਬਣਾਇਆ ਜਾਣਾ ਸੀ ਪਰ ਕੁਝ ਸਿਆਸੀ ਤਾਕਤਾਂ ਨੂੰ ਪੰਜਾਬ ਦਾ ਇਹ ਵਿਕਾਸ ਹਜ਼ਮ ਨਹੀ ਹੋ ਰਿਹਾ ਅਤੇ ਉਹ ਰਾਜ ਵਿਚ ਵਿਕਾਸ ਦੀ ਗੱਡੀ ਨੂੰ ਲੀਹਾਂ ਤੋਂ ਲਾਹੁਣ ਅਤੇ ਅਮਨ ਸ਼ਾਂਤੀ ਭੰਗ ਕਰਨ ਲਈ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਭੜਕਾ ਰਹੇ ਹਨ। ਉਨ੍ਹਾਂ ਸਮੂਹ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਦੁੱਖ ਦੀ ਘੜੀ ਵਿਚ ਸੰਜਮ ਤੋਂ ਕੰਮ ਲੈਣ ਅਤੇ ਪੰਜਾਬ ਸਰਕਾਰ ਦੋਸ਼ੀਆਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕਰੇਗੀ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਪਿੱਛਲੇ ਦਿਨੀਂ ਪੰਜਾਬ ਵਿਚ ਵਾਪਰੀਆਂ ਘਟਨਾਵਾਂ ਦਾ ਨਿਵੇਸ਼ਕ ਸੰਮੇਲਨ ਤੇ ਕੋਈ ਅਸਰ ਨਹੀਂ ਹੋਵੇਗਾ ਅਤੇ ਇਸ ਮਹੀਨੇ ਮੁਹਾਲੀ ਵਿਖੇ ਹੋ ਰਹੇ ਨਿਵੇਸ਼ਕ ਸੰਮੇਲਨ ਵਿਚ ਦੇਸ਼ ਵਿਦੇਸ਼ ਦੇ 100 ਤੋਂ ਵਧੇਰੇ ਵੱਡੇ ਉਦਯੋਗਿਕ ਘਰਾਣੇ ਸ਼ਮੂਲੀਅਤ ਕਰਕੇ ਰਾਜ ਅੰਦਰ ਪੂੰਜੀ ਨਿਵੇਸ਼ ਲਈ ਸਹਿਮਤੀ ਦੇਣਗੇ। ਉਨ੍ਹਾਂ ਕਿਹਾ ਕਿ ਜਲਦੀ ਹੀ ਇੱਕ ਦੋ ਥਾਵਾਂ ਤੇ ਬੰਦ ਪਏ ਰੋਡ ਖੁੱਲ੍ਹਣਗੇ ਅਤੇ ਪੰਜਾਬ ਵਿਚ ਵਿਕਾਸ ਦੀ ਗਤੀ ਹੋਰ ਤੇਜ ਕੀਤੀ ਜਾਵੇਗੀ। ਉਨ੍ਹਾਂ ਸਮੂਹ ਧਰਨਾਕਾਰੀਆਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਅਤੇ ਪੰਥ ਦੇ ਭਲੇ ਲਈ ਧਰਨਿਆਂ ਦਾ ਰਸਤਾ ਛੱਡ ਕੇ ਅਮਨ ਸ਼ਾਤੀ ਲਈ ਪਾਠਾਂ ਦੀ ਲੜੀ ਸ਼ੁਰੂ ਕਰਨ ਤਾਂ ਜੋ ਰਾਹਗੀਰਾਂ ਨੂੰ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।
ਸਮਾਗਮ ਨੂੰ ਸੰਬੋਧਨ ਕਰਦਿਆਂ ਪੰਜਾਬ ਭਾਜਪਾ ਦੇ ਪ੍ਰਧਾਨ ਸ਼੍ਰੀ ਕਮਲ ਸ਼ਰਮਾ ਨੇ ਕਿਹਾ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਮੁੱਚੀ ਮਾਨਵਤਾ ਨੂੰ ਸੱਭੇ ਸਾਂਝੀਵਾਲ ਦਾ ਸੰਦੇਸ਼ ਦਿੰਦਾ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਸਮੁੱਚੀ ਬਾਣੀ ਸਾਰੀ ਮਾਨਵਤਾ ਦਾ ਮਾਰਗ ਦਰਸ਼ਨ ਕਰਦੀ ਹੈ ਉਨ੍ਹਾਂ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਧਰਮ ਅਤੇ ਸਮਾਜ ਵਿਰੋਧੀ ਤਾਕਤਾਂ ਦਾ ਕਾਰਾ ਹੈ ਜਿਨ੍ਹਾਂ ਦਾ ਨਾਂ ਤਾਂ ਕੋਈ ਧਰਮ ਹੈ ਅਤੇ ਨਾ ਹੀ ਦੀਨ ਇਮਾਨ। ਉਨ੍ਹਾਂ ਸਮੂਹ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਔਖੀ ਘੜੀ ਵਿਚ ਆਪਸੀ ਸਾਂਝ ਬਣਾਈ ਰੱਖਣ ਅਤੇ ਅਫ਼ਵਾਹਾਂ ਤੋਂ ਸੁਚੇਤ ਰਹਿਣ। ਉਨ੍ਹਾਂ ਕਿਹਾ ਕਿ ਸਾਰੇ ਮਸਲੇ ਆਪਸੀ ਸਹਿਮਤੀ ਅਤੇ ਗੱਲਬਾਤ ਰਾਹੀਂ ਹੱਲ ਕੀਤੇ ਜਾਣੇ ਚਾਹੀਦੇ ਹਨ।
ਆਪਣੇ ਸੰਬੋਧਨ ਵਿਚ ਹਲਕਾ ਫਿਰੋਜ਼ਪੁਰ ਦਿਹਾਤੀ ਤੋਂ ਵਿਧਾਇਕ ਸ. ਜੋਗਿੰਦਰ ਸਿੰਘ ਜਿੰਦੂ, ਗੁਰੂਹਰਸਹਾਏ ਦੇ ਹਲਕਾ ਇੰਚਾਰਜ ਸ. ਵਰਦੇਵ ਸਿੰਘ ਮਾਨ ਅਤੇ ਜ਼ਿਲ੍ਹਾ ਪ੍ਰਧਾਨ ਸ. ਅਵਤਾਰ ਸਿੰਘ ਮਿੰਨਾ ਚੇਅਰਮੈਨ ਸਹਿਕਾਰੀ ਬੈਂਕ ਪੰਜਾਬ ਸਮੇਤ ਵੱਡੀ ਗਿਣਤੀ ਵਿਚ ਬੁਲਾਰਿਆਂ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਉਪ ਮੁੱਖ ਮੰਤਰੀ ਨੂੰ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਪਿੱਛਲੇ ਦਿਨਾਂ ਵਿਚ ਵਾਪਰੀਆਂ ਧਰਮ ਅਤੇ ਸਮਾਜ ਵਿਰੋਧੀ ਘਟਨਾਵਾਂ ਵਿਚ ਸਮੁੱਚੇ ਪੰਜਾਬੀਆਂ ਨੇ ਆਪਸੀ ਭਾਈਚਾਰਕ ਸਾਂਝ ਦੀ ਮਿਸਾਲ ਕਾਇਮ ਕੀਤੀ ਹੈ ਜਿਸ ਨੂੰ ਬਰਕਰਾਰ ਰੱਖਣ ਲਈ ਸਾਰੇ ਵਰਗਾਂ ਨੂੰ ਤਨਦੇਹੀ ਨਾਲ ਕੰਮ ਕਰਨਾ ਚਾਹੀਦਾ ਹੈ। ਉਨ੍ਹਾਂ ਉਪ ਮੁੱਖ ਮੰਤਰੀ ਵੱਲੋਂ ਇਸ ਸਮਾਗਮ ਵਿਚ ਸ਼ਿਰਕਤ ਕਰਨ ਲਈ ਸਮੁੱਚੀ ਸੰਗਤ ਵੱਲੋਂ ਧੰਨਵਾਦ ਕੀਤਾ। ਇਸ ਮੌਕੇ ਗੁਰੂ ਮਹਾਰਾਜ ਦੀ ਹਜ਼ੂਰੀ ਵਿਚ ਸਮੁੱਚੀ ਮਾਨਵਤਾ ਦੇ ਭਲੇ ਲਈ ਅਰਦਾਸ ਕੀਤੀ ਗਈ ਅਤੇ ਇਸ ਉਪਰੰਤ ਉਪ ਮੁੱਖ ਮੰਤਰੀ ਨੇ ਸੰਗਤਾਂ ਨਾਲ ਗੁਰੂ ਕਾ ਲੰਗਰ ਵੀ ਛਕਿਆ।
ਇਸ ਸਮਾਗਮ ਵਿਚ ਵਿਧਾਇਕ ਸ. ਹਰੀ ਸਿੰਘ ਜੀਰਾ,ਸਾਬਕਾ ਵਿਧਾਇਕ ਸ. ਰਵਿੰਦਰ ਸਿੰਘ ਬੱਬਲ, ਸ਼੍ਰੋਮਣੀ ਕਮੇਟੀ ਮੈਂਬਰ ਸ. ਸਤਪਾਲ ਸਿੰਘ ਤਲਵੰਡੀ, ਸ. ਦਰਸ਼ਨ ਸਿੰਘ ਸ਼ੇਰ ਖਾਂ, ਸ. ਪ੍ਰੀਤਮ ਸਿੰਘ ਮਲਸ਼ੀਹਾਂ, ਸ. ਦਰਸ਼ਨ ਸਿੰਘ ਮੋਠਾਂਵਾਲਾ, ਸ. ਬਲਵਿੰਦਰ ਸਿੰਘ ਭੰਮਾਲੰਡਾ, ਸ. ਗੁਰਮੀਤ ਸਿੰਘ ਬੂਹ ਤੋਂ ਇਲਾਵਾ ਮਾਸਟਰ ਗੁਰਨਾਮ ਸਿੰਘ,ਸ. ਬਚਿੱਤਰ ਸਿੰਘ ਮੋਰ ਚੇਅਰਮੈਨ, ਸ. ਭੁਪਿੰਦਰ ਸਿੰਘ ਫਰੀਦੇਵਾਲਾ, ਸ. ਸੁਰਿੰਦਰ ਸਿੰਘ ਬੱਬੂ ਪ੍ਰਧਾਨ ਕੈਂਟ ਬੋਰਡ, ਰੁਪਿੰਦਰ ਸਿੰਘ ਪ੍ਰਧਾਨ ਨਗਰ ਕੌਂਸਲ ਤਲਵੰਡੀ ਭਾਈ, ਸ਼੍ਰੀ ਬਲਦੇਵ ਰਾਜ ਕੰਬੋਜ ਚੇਅਰਮੈਨ ਜਿਲ੍ਹਾ ਪ੍ਰੀਸ਼ਦ ,  ਮਹਿੰਦਰ ਸਿੰਘ ਵਿਰਕ, ਸ਼੍ਰੀ ਨਵਨੀਤ ਗੋਰਾ ਪ੍ਰਧਾਨ ਅਕਾਲੀ ਦਲ ਸ਼ਹਿਰੀ, ਸ. ਹਰਜਿੰਦਰ ਸਿੰਘ ਸੰਧੂ ਚੇਅਰਮੈਨ ਮਾਰਕੀਟ ਕਮੇਟੀ ਗੁਰੂ ਹਰਸਹਾਏ, ਸ. ਭਗਵਾਨ ਸਿੰਘ ਸਾਮਾ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਬਲਵੰਤ ਸਿੰਘ ਰੱਖੜੀ ਚੇਅਰਮੈਨ ਬਲਾਕ ਸੰਮਤੀ, ਚਮਕੌਰ ਸਿੰਘ ਟਿੱਬੀ ਸਮੇਤ ਸਮੁੱਚੇ ਜ਼ਿਲ੍ਹੇ ਦੇ ਅਕਾਲੀ, ਭਾਜਪਾ ਆਗੂ, ਪੰਚ ਸਰਪੰਚ ਅਤੇ ਇਲਾਕਾ ਨਿਵਾਸੀ ਵੱਡੀ ਗਿਣਤੀ ਵਿਚ ਹਾਜਰ ਸਨ।

Related Articles

Back to top button