ਵਿਧਾਇਕ ਸ: ਪਰਮਿੰਦਰ ਸਿੰਘ ਪਿੰਕੀ ਵੱਲੋਂ ਬਸਤੀ ਟੈਂਕਾਂ ਵਾਲੀ ਰੇਲਵੇ ਅੰਡਰ ਬ੍ਰਿਜ ਦਾ ਜਾਇਜ਼ਾ
ਫਿਰੋਜ਼ਪੁਰ 23 ਮਈ 2017 ( ) ਫਿਰੋਜ਼ਪੁਰ ਨਿਵਾਸੀਆਂ ਦੀ ਮੰਗ ਤੇ ਬਸਤੀ ਟੈਂਕਾਂ ਵਾਲੀ ਰੇਲਵੇ ਫਾਟਕ ਤੇ ਅੰਡਰ ਬ੍ਰਿਜ ਬਣਾਉਣ ਦਾ ਕੰਮ ਸ਼ੁਰੂ ਹੋ ਗਿਆ ਹੈ ਅਤੇ ਨਿਰਮਾਣ ਕਾਰਜ ਜੰਗੀ ਪੱਧਰ ਤੇ ਜਾਰੀ ਹਨ। ਇਹ ਜਾਣਕਾਰੀ ਫਿਰੋਜ਼ਪੁਰ ਸ਼ਹਿਰੀ ਵਿਧਾਨ ਸਭਾ ਹਲਕੇ ਦੇ ਵਿਧਾਇਕ ਸ: ਪਰਮਿੰਦਰ ਸਿੰਘ ਪਿੰਕੀ ਨੇ ਬਸਤੀ ਟੈਂਕਾਵਾਲੀ ਵਿੱਚ ਪੁੱਲ ਬਣਾਉਣ ਦੇ ਕੰਮ ਦਾ ਜਾਇਜ਼ਾ ਲੈਣ ਮੌਕੇ ਦਿੱਤੀ।
ਸ: ਪਰਮਿੰਦਰ ਸਿੰਘ ਪਿੰਕੀ ਨੇ ਕਿਹਾ ਕਿ ਪੁੱਲ ਨਿਰਮਾਣ ਦੇ ਲਈ ਜਿੱਥੇ ਪੰਜਾਬ ਸਰਕਾਰ ਨੇ ਰੇਲਵੇ ਵਿਭਾਗ ਨੂੰ ਗ੍ਰਾਂਟ ਦੇ ਦਿੱਤੀ ਹੈ ਉੱਥੇ ਸਾਰੇ ਤਕਨੀਕੀ ਕੰਮ ਵੀ ਪੂਰੇ ਕਰ ਲਏ ਗਏ ਹਨ ਅਤੇ ਕੰਮ ਸ਼ੁਰੂ ਹੋ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਬਸਤੀ ਟੈਂਕਾਂ ਵਾਲੀ ਵਿੱਚ ਏ-ਕਲਾਸ ਪੁੱਲ ਬਣਾਇਆ ਜਾ ਰਿਹਾ ਹੈ ਅਤੇ ਪੁੱਲ ਦੇ ਨਾਲ ਅਪਰੋਚ ਸੜਕ, ਪੈਦਲ ਚੱਲਣ ਲਈ ਫੁੱਟਪਾਥ ਅਤੇ ਲਾਈਟਾਂ ਦਾ ਪੂਰਾ ਪ੍ਰਬੰਧ ਹੋਵੇਗਾ ਅਤੇ ਪੁੱਲ ਦੇ ਨਿਰਮਾਣ ਦਾ ਕੰਮ ਲੱਗਭਗ 9 ਮਹੀਨੇ ਵਿੱਚ ਪੂਰਾ ਹੋ ਜਾਵੇਗਾ॥
ਉਨ੍ਹਾਂ ਦੱਸਿਆ ਕਿ ਇਸ ਪ੍ਰੋਜੈਕਟ ਨੂੰ ਮੁਕੰਮਲ ਕਰਨ ਲਈ ਜੇਕਰ ਰੇਲਵੇ ਵਿਭਾਗ ਨੂੰ ਹੋਰ ਫੰਡ ਦੀ ਲੋੜ ਹੋਵੇਗੀ ਤਾਂ ਉਹ ਫੰਡ ਵੀ ਉਪਲੱਬਧ ਕਰਵਾਇਆ ਜਾਵੇਗਾ। ਪੁੱਲ ਦੇ ਨਿਰਮਾਣ ਕਾਰਜ ਨੂੰ ਸ਼ੁਰੂ ਹੋਣ ਤੇ ਪੂਰੇ ਨਗਰ ਨਿਵਾਸੀਆਂ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਬਸਤੀ ਟੈਂਕਾਂ ਵਾਲੀ ਦੇ ਲੋਕਾਂ ਨੇ ਇਸ ਪ੍ਰੋਜੈਕਟ ਦੇ ਸ਼ੁਰੂ ਹੋਣ ਤੇ ਵਿਧਾਇਕ ਸ: ਪਰਮਿੰਦਰ ਸਿੰਘ ਪਿੰਕੀ ਦਾ ਧੰਨਵਾਦ ਕੀਤਾ।
ਬਸਤੀ ਨਿਵਾਸੀ ਸ੍ਰੀ ਹਰੀਸ਼ ਕੁਮਾਰ, ਸ੍ਰੀ ਕਪਿਲ ਜੈਨ, ਸ੍ਰੀ ਸੁਸ਼ੀਲ ਜੈਨ, ਡਾ. ਕੇ.ਸੀ. ਅਰੋੜਾ ਅਤੇ ਬਸਤੀ ਦੇ ਦੁਕਾਨਦਾਰਾਂ ਨੇ ਕਿਹਾ ਕਿ ਇਸ ਪੁੱਲ ਦੇ ਨਿਰਮਾਣ ਦੀ ਲੰਬੇ ਸਮੇਂ ਤੋਂ ਮੰਗ ਸੀ ਅਤੇ ਇਸ ਪੁੱਲ ਦੀ ਸਮੱਸਿਆ ਲਈ ਕਈ ਨੇਤਾਵਾਂ ਅਤੇ ਮੰਤਰੀਆਂ ਨੂੰ ਜਾਣੂੰ ਕਰਵਾਇਆ ਗਿਆ ਸੀ, ਪਰ ਉਨ੍ਹਾਂ ਦੀ ਕਾਰਵਾਈ ਸਿਰਫ ਵਾਅਦਿਆਂ ਤੱਕ ਹੀ ਸੀਮਿਤ ਰਹੀ ਪਰ ਵਿਧਾਇਕ ਸ: ਪਰਮਿੰਦਰ ਸਿੰਘ ਪਿੰਕੀ ਦੀਆਂ ਅਣਥੱਕ ਕੋਸ਼ਿਸ਼ਾ ਸਦਕਾ ਪੁੱਲ ਦੇ ਨਿਰਮਾਣ ਕਾਰਜ ਸ਼ੁਰੂ ਹੋ ਚੁੱਕੇ ਹਨ। ਪੁੱਲ ਬਣਨ ਨਾਲ ਜਿੱਥੇ ਲੋਕਾਂ ਨੂੰ ਟ੍ਰੈਫਿਕ ਦੀ ਸਮੱਸਿਆ ਤੋਂ ਰਾਹਤ ਮਿਲੇਗੀ ਉੱਥੇ ਬਸਤੀ ਟੈਂਕਾਂਵਾਲੀ ਦੇ ਬਾਜ਼ਾਰ ਵਿੱਚ ਵਾਪਾਰ ਵੀ ਵਧੇਗਾ। ਉਨ੍ਹਾਂ ਕਿਹਾ ਕਿ ਜ਼ਿਆਦਾ ਦੇਰ ਤੱਕ ਫਾਟਕ ਬੰਦ ਹੋਣ ਕਾਰਨ ਲੋਕ ਇਸ ਰਸਤੇ ਤੋਂ ਆਉਣਾ-ਜਾਣਾ ਪਸੰਦ ਨਹੀਂ ਕਰਦੇ ਸੀ ਅਤੇ ਜ਼ਿਆਦਾ ਟ੍ਰੈਫਿਕ ਹੋਣ ਕਾਰਨ ਦੁਕਾਨਾਂ ਅੱਗੇ ਭੀੜ ਲੱਗੀ ਰਹਿੰਦੀ ਸੀ। ਆਜ਼ਾਦੀ ਤੋਂ ਬਾਅਦ ਫਿਰੋਜ਼ਪੁਰ ਦੇ ਲੋਕਾਂ ਨੂੰ ਇਹ ਸਭ ਤੋਂ ਵੱਡੀ ਰਾਹਤ ਮਿਲਣ ਜਾ ਰਹੀ ਹੈ।
ਇਸ ਮੌਕੇ ਸ੍ਰੀ ਬਲਬੀਰ ਬਾਠ, ਸ: ਦਲਜੀਤ ਸਿੰਘ, ਸ੍ਰੀ. ਪਰਮਿੰਦਰ ਹਾਂਡਾ, ਸ: ਸੁਖਵਿੰਦਰ ਸਿੰਘ ਅਟਾਰੀ, ਸ੍ਰੀ ਸੁਰਜੀਤ ਸੇਠੀ ਸਮੇਤ ਵੱਡੀ ਗਿਣਤੀ ਵਿੱਚ ਕਾਂਗਰਸੀ ਆਗੂ ਵੀ ਹਾਜ਼ਰ ਸਨ।