Ferozepur News

ਵਿਗਿਆਨ ਦੇ ਮੁਤਬਾਕ ਜ਼ਿੰਦਗੀ ਵਿਚ ਚਮਤਕਾਰ ਨਾਮ ਦੀ ਕੋਈ ਚੀਜ਼ ਨਹੀਂ :ਵਿਜੈ ਗਰਗ

ਅੱਜ ਕੱਲ ਦੁਨੀਆਂ ਬੜੀ ਤੇਜ਼ੀ ਨਾਲ ਬਦਲ ਰਹੀ ਹੈ। ਜੋ ਨਜ਼ਾਰਾ ਅਸੀਂ ਇਸ ਸਮੇਂ ਦੇਖ ਰਹੇ ਹਾਂ, ਉਹ ਨਜ਼ਾਰਾ ਅਗਲੇ ਪਲ ਨਹੀਂ ਰਹਿਣਾ। ਅਗਲੇ ਪਲ ਇਸ ਧਰਤੀ ਤੇ ਕਈ ਕੁਝ ਬਦਲ ਜਾਣਾ ਹੈ। ਇਹ ਬਦਲਾਵ ਕੁਦਰਤ ਦਾ ਸ਼ੁਰੂ ਤੋਂ ਹੀ ਵਤੀਰਾ ਰਿਹਾ ਹੈ। ਪਹਿਲਾਂ ਸਾਨੂੰ ਇਹ ਬਦਲਾਵ ਬਹੁਤਾ ਮਹਿਸੂਸ ਨਹੀਂ ਸੀ ਹੁੰਦਾ। ਉਦੋਂ ਸਾਡੀ ਆਪਣੀ ਬੁੱਧੀ ਇਸ ਬਦਲਾਵ ਨੂੰ ਮਹਿਸੂਸ ਕਰਨ ਲਈ ਬੜੀ ਸੀਮਤ ਸੀ ਅਤੇ ਅਸੀਂ ਹਨੇਰੇ ਵਿਚ ਹੀ ਭਟਕਦੇ ਰਹਿੰਦੇ ਸਾਂ। ਹੁਣ ਵਿਗਿਆਨ ਦੀ ਉੱਨਤੀ ਕਾਰਨ ਨਿੱਤ ਨਵੀਆਂ ਖੋਜਾਂ ਹੋ ਰਹੀਆਂ ਹਨ। ਵਿਗਿਆਨ ਨੇ ਸਾਨੂੰ ਇਕ ਨਵੀਂ ਰੋਸ਼ਨੀ ਦਿੱਤੀ ਹੈ ਜਿਸ ਕਾਰਨ ਸਾਨੂੰ ਇਹ ਬਦਲਾਵ ਸਪਸ਼ਟ ਨਜ਼ਰ ਆਉਣ ਲਗ ਪਿਆ ਹੈ। ਸਾਡੀ ਸੋਚ ਅਤੇ ਦ੍ਰਿਸ਼ਟੀ ਸੂਖਮ ਅਤੇ ਵਿਸ਼ਾਲ ਹੋ ਗਈ ਹੈ। ਇਹ ਵਿਸ਼ਾਲ ਦੁਨੀਆਂ ਇਕ ਛੋਟੇ ਪਰਿਵਾਰ ਵਿਚ ਸਿਮਟ ਕੇ ਰਹਿ ਗਈ ਹੈ। ਵਿਗਿਆਨ ਨੇ ਸਮੇਂ ਅਤੇ ਸਥਾਨ ਦੀਆਂ ਦੂਰੀਆਂ ਮਿਟਾ ਦਿੱਤੀਆਂ ਹਨ।ਜੇ ਇਕ ਸਮੇਂ ਦੁਨੀਆ ਦੇ ਕਿਸੇ ਸਥਾਨ ਤੇ ਕੋਈ ਘਟਨਾ ਹੁੰਦੀ ਹੈ ਤਾਂ ਉਸੇ ਪਲ ਦੂਜੇ ਕੋਨੇ ਵਿਚ ਉਸ ਦਾ ਪ੍ਰਤੀਕਰਮ ਹੋਣ ਲੱਗ ਪੈਂਦਾ ਹੈ। ਇਸ ਤੇਜ਼ੀ ਨਾਲ ਬਦਲ ਰਹੀ ਦੁਨੀਆਂ ਵਿਚ ਮਨੁੱਖ ਨੂੰ ਵੀ ਆਪਣਾ ਸਰੀਰਕ ਅਤੇ ਮਾਨਸਿਕ ਸੰਤੁਲਨ ਕਾਇਮ ਰੱਖ ਕੇ ਆਪਣੇ ਵਸੀਲਿਆਂ ਅਨੁਸਾਰ ਤਿਆਰ ਬਰ ਤਿਆਰ ਰਹਿਣਾ ਪਵੇਗਾ ਤਾਂ ਹੀ ਉਹ ਜੀਵਨ ਵਿਚ ਇਕ ਸੁਰ ਰਹਿ ਸਕੇਗਾ ਨਹੀਂ ਤਾਂ ਉਹ ਪੱਛੜ ਜਾਵੇਗਾ। ਉਸ ਦੀ ਬੁੱਧੀ ਇਸ ਵਿਕਾਸ ਨਾਲ ਤਾਲ ਮੇਲ ਨਹੀਂ ਰੱਖ ਸਕੇਗੀ ਅਤੇ ਮਨੁੱਖ ਅਲਪ ਬੁੱਧੀ ਹੋ ਕੇ ਹੀ ਰਹਿ ਜਾਵੇਗਾ।

ਪੁਰਾਤਨ ਮਨੁੱਖ ਵਿਗਿਆਨਕ ਦ੍ਰਿਸ਼ਟੀ ਦੀ ਅਣਹੋਂਦ ਕਾਰਨ ਕੁਦਰਤੀ ਕਹਿਰ ਦੇ ਵਰਤਾਰੇ ਜਿਵੇਂ ਹਨੇਰੀ, ਤੁਫਾਨ, ਭੁਚਾਲ ਆਦਿ ਨੂੰ ਹੀ ਕਿਸੇ ਗੈਬੀ ਸ਼ਕਤੀਆਂ ਦੀ ਕਰੋਪੀ ਸਮਝਦਾ ਸੀ ਇਸ ਲਈ ਉਹ ਹਰ ਸਮੇਂ ਡਰਦਾ ਹੀ ਰਹਿੰਦਾ ਸੀ। ਜਦ ਕਦੀ ਉਸ ਨੂੰ ਰਾਤ ਦੇ ਹਨੇਰੇ ਵਿਚ ਜੰਗਲ ਵਿਚੋਂ ਗੁਜ਼ਰਨ ਦਾ ਮੋਕਾ ਮਿਲਦਾ ਤਾਂ ਉਹ ਜਾਨਵਰਾਂ ਦੇ ਚੀਕਣ ਦੀਆਂ ਆਵਾਜ਼ਾ ਅਤੇ ਪੱਤਿਆਂ ਦੀ ਖੜਖੜਾਹਟ ਤੋਂ ਹੀ ਡਰ ਕੇ ਸਹਿਮ ਜਾਂਦਾ ਸੀ। ਇਨ੍ਹਾਂ ਭਿਆਨਕ ਆਵਾਜ਼ਾ ਨੇ ਮਨੁੱਖ ਦੇ ਮਨ ਅੰਦਰ ਭੂਤ ਪ੍ਰੇਤ ਅਤੇ ਚੁੜੇਲਾਂ ਦੀ ਹੋਂਦ ਨੂੰ ਜਨਮ ਦਿੱਤਾ। ਇਨ੍ਹਾਂ ਦੁਸ਼ਵਾਰੀਆਂ ਕਾਰਨ ਮਨੁੱਖ ਵਹਿਮਾ ਭਰਮਾ ਵਿਚ ਹੀ ਉਲਝ ਕੇ ਰਹਿ ਗਿਆ। ਉਹ ਆਪਣੀ ਹਰ ਅਸਫਲਤਾ ਅਤੇ ਮੁਸੀਬਤ ਨੂੰ ਆਪਣੀ ਕਿਸਮਤ ਅਤੇ ਇਨਾਂ੍ਹ ਦੁਸ਼ਟਾਂ ਦੀ ਕਰੋਪੀ ਨੂੰ ਹੀ ਸਮਝਣ ਲੱਗਾ। ਹੁਣ ਉਸ ਨੂੰ ਜ਼ਰੂਰਤ ਸੀ ਕਿਸੇ ਮਸੀਹੇ ਦੀ ਜੋ ਉਸ ਨੂੰ ਇਨ੍ਹਾਂ ਗੈਬੀ ਸ਼ਕਤੀਆਂ ਅਤੇ ਬੁਰੀਆਂ ਆਤਮਾਵਾਂ ਤੋਂ ਨਿਜਾਤ ਦਵਾ ਸਕੇ। ਮਨੁੱਖ ਦੀ ਇਸ ਕਮਜੋਰੀ ਦਾ ਕੁਝ ਸ਼ਾਤਰ ਲੋਕਾਂ ਨੇ ਗਲਤ ਫਾਇਦਾ ਉਠਾਇਆ ਅਤੇ ਉਸ ਨੂੰ ਜੰਤਰਾਂ, ਮੰਤਰਾਂ ਅਤੇ ਤੰਤਰਾਂ ਵਿਚ ਉਲਝਾ ਕੇ ਰੱਖ ਦਿੱਤਾ।ਮਨੁੱਖ ਨੂੰ ਠੱਗਣ ਲਈ ਉਨ੍ਹਾਂ ਨੇ ਧਰਮ ਦੇ ਨਾਮ ਤੇ ਅਲੱਗ ਅਲੱਗ ਦੁਕਾਨਾ ਖੋਲ੍ਹ ਲਈਆਂ। ਉਹ ਆਪਣੇ ਆਪ ਨੂੰ ਰੱਬ ਦਾ ਏਜੰਟ ਦੱਸਣ ਲੱਗੇ ਅਤੇ ਭੋਲੇ ਭਾਲੇ ਲੋਕਾਂ ਨੂੰ ਉਨ੍ਹਾਂ ਦੇ ਦੁੱਖਾਂ ਤੋਂ ਛੁਟਕਾਰਾ ਦੁਵਾਉਣ ਦੇ ਬਹਾਨੇ ਉਨ੍ਹਾਂ ਦੀ ਮਿਹਨਤ ਦੀ ਕਮਾਈ ਦੀ ਲੁੱਟ ਮਾਰ ਕਰਨ ਲੱਗ ਪਏ ਹਨ। ਹੋਲੀ ਹੋਲੀ ਇਹ ਵਹਿਮ ਭਰਮ ਅਤੇ ਤੰਤਰ ਮੰਤਰ ਆਮ ਮਨੁੱਖ ਦੀ ਜ਼ਿੰਦਗੀ ਦਾ ਹਿੱਸਾ ਹੀ ਬਣ ਗਏ।

ਵਿਗਿਆਨ ਦੀ ਉਨਤੀ ਨੇ ਮਨੁੱਖ ਨੂੰ ਦਿਬ ਦ੍ਰਿਸ਼ਟੀ ਦਿੱਤੀ ਅਤੇ ਉਸ ਨੂੰ ਹਨੇਰੇ ਵਿਚੋਂ ਚਾਨਣ ਵਿਚ ਲਿਆਉਂਦਾ। ਵਿਗਿਆਨ ਨੇ ਇਹ ਸਾਬਤ ਕਰ ਦਿੱਤਾ ਕਿ ਜ਼ਿੰਦਗੀ ਵਿਚ ਚਮਤਕਾਰ ਨਾਮ ਦੀ ਕੋਈ ਚੀਜ਼ ਨਹੀਂ ਹੁੰਦੀ। ਕਿਸੇ ਗੈਬੀ ਸ਼ਕਤੀ ਨੇ ਤੁਹਾਡੀ ਕਿਸਮਤ ਨਹੀਂ ਬਦਲ ਦੇਣੀ। ਇਸ ਲਈ ਆਪਣੀ ਮਿਹਨਤ ਦਾ ਫ਼ਲ ਖਾਓ। ਮਿਹਨਤ ਦਾ ਫ਼ਲ ਹਮੇਸ਼ਾਂ ਮਿੱਠਾ ਹੁੰਦਾ ਹੈ। ਮੁਫ਼ਤ ਵਿਚ ਕਿਸੇ ਤੋਂ ਕੋਈ ਵਸਤੂ ਪ੍ਰਾਪਤ ਕਰਨ ਦੀ ਇੱਛਾ ਨਾ ਰੱਖੋ।ਬੰਦਾ ਕੇਵਲ ਮਿਹਨਤ ਨਾਲ ਹੀ ਆਪਣੀ ਕਿਸਮਤ ਬਦਲ ਸਕਦਾ ਹੈ। ਇਸ ਲਈ ਉੱਦਮ ਕਰਨ ਦੀ ਲੋੜ ਹੈ। ਉੱਦਮੀ ਮਨੁੱਖ ਕਦੀ ਬਦਕਿਸਮਤ ਨਹੀਂ ਹੁੰਦਾ। ਪੁਰਾਣੇ ਵਹਿਮਾ ਭਰਮਾ ਦੇ ਵਿਚਾਰ ਸਮਾਂ ਪੈਣ ਤੇ ਜ਼ਿੰਦਗੀ ਦੀ ਕਸੌਟੀ ਤੇ ਪੂਰੇ ਨਹੀਂ ਉਤਰਦੇ। ਇਨ੍ਹਾਂ ਨੂੰ ਛੱਡਣ ਵਿਚ ਹੀ ਭਲਾ ਹੈ। ਕਿਸੇ ਵਿਚਾਰ ਨੂੰ ਅਪਨਾਉਣ ਤੋਂ ਪਹਿਲਾਂ ਉਸ ਨੂੰ ਵਿਗਿਆਨ ਦੀ ਕਸੌਟੀ ਤੇ ਪਰਖ ਲੈਣਾ ਚਾਹੀਦਾ ਹੈ। ਹਨੇਰੇ ਵਿਚ ਭਟਕਣ ਦਾ ਕੀ ਫਾਇਦਾ? ਸਾਨੂੰ ਰੋਸ਼ਨੀ ਵਿਚ ਆਉਣਾ ਚਾਹੀਦਾ ਹੈ। ਇਸ ਨਾਲ ਹਰ ਚੀਜ਼ ਪਰਤੱਖ ਨਜ਼ਰ ਆਉਂਦੀ ਜਾਵੇਗੀ। ਪ੍ਰਤੱਖ ਨੂੰ ਪ੍ਰਮਾਣ ਦੀ ਕੋਈ ਜ਼ਰੂਰਤ ਨਹੀਂ ਹੁੰਦੀ।

ਅੰਧਵਿਸ਼ਵਾਸ਼ ਦਾ ਪੱਲਾ ਛੱਡੋ। ਅੰਧਵਿਸ਼ਵਾਸ਼ ਸਾਨੂੰ ਇਕੋ ਕਿੱਲੇ ਨਾਲ ਬੰਨੀ ਰੱਖਦਾ ਹੈ ਅਤੇ ਉੱਚੀਆਂ ਉਡਾਰੀਆਂ ਲਾਣ ਤੋ ਰੋਕਦਾ ਹੈ। ਵਹਿਮਾ ਭਰਮਾ ਨੂੰ ਮੰਨਣ ਵਾਲਾ ਬੰਦਾ ਢਾਊ ਵਿਚਾਰਾਂ ਦਾ ਹੁੰਦਾ ਹੈ। ਉਹ ਕਦੀ ਉਨਤੀ ਨਹੀਂ ਕਰ ਸਕਦਾ। ਉਹ ਹਰ ਕੰਮ ਕਰਨ ਲੱਗਿਆਂ ਕਿਸੇ ਬਾਹਰੀ ਮਦਦ ਦਾ ਆਸਰਾ ਭਾਲਦਾ ਹੈ।ਉਸ ਨੂੰ ਆਪਣੀ ਖੁਦ ਦੀ ਸ਼ਕਤੀ ਤੇ ਭਰੋਸਾ ਨਹੀਂ ਹੁੰਦਾ।ਜਾਦੂ, ਟੂਣਾ, ਭੂਤ-ਪ੍ਰੇਤ ਸਭ ਦੁਰਲੱਭ ਲੋਕਾਂ ਦੇ ਮਾਨਸਿਕ ਵਿਕਾਰ ਹਨ। ਇਹ ਕਿਸੇ ਦੀ ਕਿਸਮਤ ਨਹੀਂ ਬਦਲ ਸਕਦੇ। ਆਪਣੀ ਕਿਸਮਤ ਬਦਲਣ ਲਈ ਤੁਹਾਨੂੰ ਆਪ ਹੀ ਕਰਮ ਕਰਨਾ ਪਵੇਗਾ।ਜੇ ਅਸੀਂ ਆਪਣੇ ਅੰਦਰੋਂ ਪੁਰਾਣੇ ਦਕਿਆਨੂਸੀ ਅਤੇ ਬੇਕਾਰ ਵਿਚਾਰ ਕੱਢਾਂਗੇ ਤਾਂ ਹੀ ਨਵੇਂ ਵਿਚਾਰਾਂ ਦੇ ਧਾਰਨੀ ਬਣਾਗੇ ਅਤੇ ਸਮੇਂ ਦੇ ਕਦਮ ਨਾਲ ਕਦਮ ਮਿਲਾ ਕੇ ਚਲ ਸਕਾਂਗੇ। ਉਤਰਾ ਚੜ੍ਹਾ ਤਾਂ ਜ਼ਿੰਦਗੀ ਦਾ ਹਿੱਸਾ ਹਨ। ਦੁੱਖ ਸੁੱਖ ਤਾਂ ਜ਼ਿੰਦਗੀ ਵਿਚ ਆਉਂਦੇ ਹੀ ਰਹਿੰਦੇ ਹਨ ਇਸ ਲਈ ਹਮੇਸ਼ਾਂ ਸਹਿਜ ਵਿਚ ਰਹਿਣਾ ਚਾਹੀਦਾ ਹੈ। ਦੂਜੇ ਪਾਸੇ ਜੋ ਆਪਣੇ ਬਲ ਤੇ ਭਰੋਸਾ ਰੱਖਦੇ ਹਨ ਉਹ ਹੀ ਬੁਲੰਦੀਆਂ ਨੂੰ ਛੂੰਹਦੇ ਹਨ। ਪ੍ਰਮਾਤਮਾ ਵੀ ਉਨ੍ਹਾਂ ਦਾ ਹੀ ਸਾਥ ਦਿੰਦਾ ਹੈ। ਅਜਿਹੇ ਲੋਕਾਂ ਨੇ ਅੰਧਵਿਸ਼ਵਾਸ਼ਾ ਨੂੰ ਨਕਾਰ ਕੇ ਮਿਹਨਤ ਦਵਾਰਾ ਆਪਣੀ ਜ਼ਿੰਦਗੀ ਬਦਲ ਲਈ ਹੈ। ਉਹ ਇਕ ਸਫ਼ਲ ਜ਼ਿੰਦਗੀ ਬਸਰ ਕਰ ਰਹੇ ਹਨ।

ਹੈਰਾਨੀ ਦੀ ਗੱਲ ਹੈ ਕਿ ਅੱਜ 21ਵੀ ਸਦੀ ਵਿਚ ਜਦ ਕਈ ਦੇਸ਼ ਮੰਗਲ ਗ੍ਰਹਿ ਤੇ ਪੁੱਜਣ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਨਿੱਤ ਨਵੀਆਂ ਖੋਜਾਂ ਕਰ ਰਹੇ ਹਨ ਪਰ ਸਾਡੇ ਭਾਰਤ ਦੇ ਕੁਝ ਭੁੱਲੜ ਲੋਕ ਹਾਲੀ ਵੀ ਇਨ੍ਹਾਂ ਜੋਤਸ਼ੀਆਂ, ਪੰਡਤਾਂ ਅਤੇ ਢੋਂਗੀ ਬਾਬਿਆਂ ਦੇ ਮਗਰ ਲੱਗੇ ਹੋਏ ਹਨ। ਇਸੇ ਕਾਰਨ ਸਾਡਾ ਦੇਸ਼ ਉਨਤੀ ਨਹੀਂ ਕਰ ਰਿਹਾ ਅਤੇ ਬਾਕੀ ਦੁਨੀਆਂ ਤੋਂ ਪੱਛੜ ਰਿਹਾ ਹੈ। ਢੋਂਗੀ ਬਾਬਿਆਂ ਦੇ ਡੇਰੇ ਦੇਸ਼ ਵਿਚ ਖੁੰਬਾਂ ਦੀ ਤਰ੍ਹਾਂ ਵਧ ਰਹੇ ਹਨ ਅਤੇ ਉਨ੍ਹਾਂ ਦੇ ਵਿਭਚਾਰ ਅਤੇ ਭ੍ਰਿਸ਼ਟਾਚਾਰ ਦੇ ਨਿੱਤ ਨਵੇਂ ਕਾਂਡ ਜਨਤਾ ਦੇ ਸਾਹਮਣੇ ਆ ਰਹੇ ਹਨ। ਅਸੀਂ ਅੰਧਵਿਸ਼ਵਾਸ਼ੀ ਹੋ ਕੇ ਫੋਕੇ ਕਰਮ ਕਾਂਡਾਂ ਵਿਚ ਫਸੇ ਪਏ ਹਾਂ ਅਤੇ ਇਨਸਾਨੀਅਤ ਨੂੰ ਵਿਸਾਰੀ ਬੈਠੇ ਹਾਂ। ਅਸੀ ਮੰਦਰਾਂ ਵਿਚ ਪੱਥਰਾਂ ਨੂੰ ਦੁੱਧ ਪਿਆ ਸਕਦੇ ਹਾਂ (ਜੋ ਗਟਰ ਵਿਚ ਰੁੜ ਕੇ ਬਰਬਾਦ ਹੋ ਰਿਹਾ ਹੈ) ਪਰ ਜੋ ਲੱਖਾਂ ਬੱਚੇ ਕੁਪੋਸ਼ਨ ਦਾ ਸ਼ਿਕਾਰ ਹੋ ਕੇ ਮਰ ਰਹੇ ਹਨ ਸਾਨੂੰ ਉਨ੍ਹਾਂ ਦਾ ਧਿਆਨ ਨਹੀਂ ਆਉਂਦਾ। ਅਸੀਂ ਪੀਰਾਂ ਦੀਆਂ ਮਜ਼ਾਰਾਂ ਤੇ ਜਾ ਕੇ ਕੀਮਤੀ ਚਾਦਰਾਂ ਚੜ੍ਹਾਂ ਸਕਦੇ ਹਾਂ ਪਰ ਉਨ੍ਹਾਂ ਔਰਤਾਂ ਅਤੇ ਬੱਚਿਆਂ ਦੇ ਤਨ ਢੱਕਣ ਦਾ ਖਿਆਲ ਨਹੀਂ ਆਉਂਦਾ ਜੋ ਬਿਨਾ ਕੱਪੜਿਆਂ ਤੋਂ ਠੰਡ ਨਾਲ ਠਰ ਕੇ ਮਰ ਰਹੇ ਹਨ। ਅਸੀ ਵਿਆਹਾਂ, ਸ਼ਾਦੀਆਂ ਅਤੇ ਪਾਰਟੀਆਂ ਵਿਚ ਕਿਤਨਾ ਹੀ ਭੋਜਨ ਜੂੱਠਾ ਛੱਡ ਕੇ ਬਰਬਾਦ ਕਰ ਦਿੰਦੇ ਹਾਂ ਜੋ ਕਿਤਨੇ ਬੰਦਿਆਂ ਦੇ ਢਿੱਡ ਭਰਨ ਦੇ ਕੰਮ ਆ ਸਕਦਾ ਹੈ। ਸਾਨੂੰ ਅਜਿਹੀਆਂ ਫਜੂਲ ਦੀਆਂ ਆਦਤਾਂ ਨੂੰ ਬਦਲਨਾ ਚਾਹੀਦਾ ਹੈ।ਭਾਰਤ ਵਿਚ ਚੰਡੀਗੜ੍ਹ ਅਤੇ ਕੁਝ ਹੋਰ ਵੱਡੇ ਸ਼ਹਿਰਾਂ ਦੇ ਹਸਪਤਾਲਾਂ ਵਿਚ ਦੁੱਧ ਬੈਂਕ ਖੁਲ੍ਹ ਗਏ ਹਨ। ਕਈ ਨਵੀਆਂ ਮਾਵਾਂ ਜਿਨ੍ਹਾਂ ਦੇ ਛੋਟੇ ਬੱਚੇ ਉਨ੍ਹਾਂ ਦਾ ਦੁੱਧ ਨਹੀਂ ਚੁੰਘ ਸਕਦੇ , ਆਪ ਉਨ੍ਹਾਂ ਦੁਧ ਬੈਂਕਾਂ ਵਿਚ ਜਾ ਕੇ ਦੂਸਰਿਆਂ ਦੇ ਮਾਸੂਮ ਬੱਚਿਆਂ ਲਈ ਆਪਣਾ ਦੁੱਧ ਦਾਨ ਕਰਦੀਆਂ ਹਨ। ਇਸ ਨਾਲ ਉਨ੍ਹਾਂ ਬੱਚਿਆਂ ਨੂੰ ਨਰੋਈ ਅਤੇ ਪੋਸ਼ਟਿਕ ਖੂਰਾਕ ਮਿਲਦੀ ਹੈ। ਸਰੀਰਕ ਤੋਰ ਤੇ ਉਨ੍ਹਾਂ ਬੱਚਿਆਂ ਦਾ ਸਰਬਪੱਖੀ ਵਿਕਾਸ ਹੁੰਦਾ ਹੈ। ਜੇ ਅਜਿਹੀਆਂ ਧਰਮੀ ਮਾਵਾਂ ਸ਼ਰਮ ਕਾਰਨ ਜਾਂ ਕਿਸੇ ਵਹਿਮ ਕਾਰਨ ਆਪਣਾ ਦੁੱਧ ਦਾਨ ਨਾ ਕਰਨ ਤਾਂ ਉਹ ਬੇਕਾਰ ਹੀ ਜਾਣਾ ਸੀ। ਉਨ੍ਹਾਂ ਦੇ ਇਸ ਕੰਮ ਨਾਲ ਮਨੁੱਖਤਾ ਦਾ ਭਲਾ ਹੁੰਦਾ ਹੈ। ਇਹ ਉੱਦਮ ਪੱਥਰਾਂ ਨੂੰ ਦੁੱਧ ਪਿਆਉਣ ਨਾਲੋਂ ਕਿਤੇ ਚੰਗਾ ਹੈ।

ਮਨੁੱਖ ਨੂੰ ਸ਼ਾਂਤ ਅਤੇ ਸਫ਼ਲ ਜ਼ਿੰਦਗੀ ਜਿਉਣ ਲਈ ਕਦਮ ਕਦਮ ਤੇ ਕਈ ਸਮਝੌਤੇ ਕਰਨੇ ਪੈਂਦੇ ਹਨ। ਜਦ ਕਿਸੇ ਲੜਕੇ ਲੜਕੀ ਦੀ ਸ਼ਾਦੀ ਹੁੰਦੀ ਹੈ ਤਾਂ ਉਨ੍ਹਾਂ ਨੂੰ ਵੀ ਨਵੇਂ ਰਿਸ਼ਤਿਆਂ ਅਤੇ ਨਵੇਂ ਵਾਤਾਵਰਨ ਮੁਤਾਬਕ ਆਪਣੇ ਆਪ ਨੂੰ ਕੁਝ ਬਦਲ ਕੇ ਹੀ ਜ਼ਿੰਦਗੀ ਬਸਰ ਕਰਨੀ ਪੈਂਦੀ ਹੈ। ਇਸੇ ਤਰਾਂ ਜਦ ਅਸੀ ਮਕਾਨ ਬਦਲਦੇ ਹਾਂ ਜਾਂ ਕਿਸੇ ਨਵੇਂ ਸ਼ਹਿਰ ਵਿਚ ਜਾਂਦੇ ਹਾਂ ਤਾਂ ਵੀ ਸਾਨੂੰ ਉਥੋਂ ਦੇ ਮਾਹੋਲ ਅਤੇ ਲੋਕਾਂ ਮੁਤਾਬਕ ਆਪਣੇ ਆਪ ਨੂੰ ਬਦਲਣਾ ਹੀ ਪੈਂਦਾ ਹੈ। ਅੱਜ ਕੱਲ ਸਾਡੀ ਨਵੀ ਪੀੜ੍ਹੀ ਆਪਣੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਲਈ ਵਿਦੇਸ਼ਾਂ ਵਲ ਉਡਾਰੀਆਂ ਮਾਰ ਰਹੀ ਹੈ। ਉੱਥੇ ਵੀ ਉਹ ਲੋਕ ਹੀ ਕਾਮਯਾਬ ਹੁੰਦੇ ਹਨ ਜੋ ਉੱਥੋਂ ਦੇ ਵਾਤਾਵਰਨ, ਰਹਿਣ ਸਹਿਣ, ਬੋਲੀ ਅਤੇ ਰਸਮੋ ਰਿਵਾਜ ਮੁਤਾਬਿਕ ਆਪਣੇ ਆਪ ਨੂੰ ਬਦਲ ਕੇ ਰਹਿੰਦੇ ਹਨ। ਉਹ ਨਿੱਤ ਨਵੀਆਂ ਮੱਲਾਂ ਮਾਰਦੇ ਹਨ। ਉਹ ਆਪਣੀ ਜ਼ਿੰਦਗੀ ਨੂੰ ਖ਼ੁਸ਼ਹਾਲ ਬਣਾਉਂਦੇ ਹਨ ਅਤੇ ਆਪਣੇ ਦੇਸ਼ ਦਾ ਵੀ ਨਾਮ ਰੋਸ਼ਨ ਕਰਦੇ ਹਨ।

ਕਈ ਵਾਰੀ ਜਦ ਅਸੀਂ 60 ਸਾਲ ਤੋਂ ਉੱਪਰ ਟੱਪ ਜਾਂਦੇ ਹਾਂ ਤਾਂ ਅਸੀਂ ਸਮਝਦੇ ਹਾਂ ਕਿ ਅਸੀਂ ਹੁਣ ਬਜ਼ੁਰਗੀ ਵਿਚ ਆ ਗਏ ਹਾਂ ਅਤੇ ਸਾਡੀਆਂ ਆਦਤਾਂ ਪੱਕ ਗਈਆਂ ਹਨ। ਅਸੀਂ ਇਨ੍ਹਾਂ ਨੂੰ ਬਦਲ ਨਹੀਂ ਸਕਦੇ। ਇਸ ਕਰ ਕੇ ਸਾਨੂੰ ਨਵੀਂ ਪੀੜ੍ਹੀ ਦੀਆਂ ਆਦਤਾਂ ਨੂੰ ਅਪਣਾਉਣ ਵਿਚ ਦਿੱਕਤ ਆਉਂਦੀ ਹੈ। ਅਸੀਂ ਨਵੀਆਂ ਉਪਲਭਦੀਆਂ ਨੂੰ ਪੀੜ੍ਹੀ ਦਾ ਪਾੜਾ ਕਹਿ ਕੇ ਘੇਸਲ ਵੱਟ ਲੈਂਦੇ ਹਾਂ। ਇਸ ਤਰ੍ਹਾਂ ਅਸੀਂ ਬਾਕੀ ਸਮਾਜ ਤੋਂ ਪਿਛੇ ਰਹਿ ਜਾਂਦੇ ਹਾਂ। ਮਿਸਾਲ ਦੇ ਤੋਰ ਤੇ ਸਾਇੰਸ ਦੀਆਂ ਉਪਲਭਦੀਆਂ ਨੇ ਵੀ ਸਾਡੀ ਜ਼ਿੰਦਗੀ ਤੇਜ਼ ਅਤੇ ਸੋਖੀ ਕਰ ਦਿੱਤੀ ਹੈ। ਅੱਜ ਤੋਂ ਪੰਜਾਹ ਸਾਲ ਪਹਿਲਾਂ ਗੈਸ, ਕੁੱਕਰ, ਫਰਿਜ ਅਤੇ ਮਾਈਕਰੋਵੇਵ ਓਵਨ ਵਿਰਲੇ ਘਰਾਂ ਵਿਚ ਹੀ ਹੁੰਦਾ ਸੀ। ਇਨ੍ਹਾਂ ਵਸਤੂਆਂ ਦੇ ਆਉਣ ਨਾਲ ਸਾਡੀ ਜ਼ਿੰਦਗੀ ਕਾਫੀ ਸੋਖੀ ਹੋ ਗਈ ਅਤੇ ਸਮੇਂ ਦੀ ਵੀ ਕਾਫੀ ਬੱਚਤ ਹੋਣ ਲੱਗੀ ਹੈ। ਹੁਣ ਕਰੀਬ ਹਰ ਘਰ ਵਿਚ ਇਨ੍ਹਾਂ ਚੀਜ਼ਾਂ ਦਾ ਪ੍ਰਯੋਗ ਹੁੰਦਾ ਹੈ।ਇਸੇ ਤਰ੍ਹਾਂ ਇਕ ਸਥਾਨ ਤੋਂ ਦੂਜੇ ਸਥਾਨ ਤੇ ਜਾਣ ਲਈ ਆਪਣੀ ਸਵਾਰੀ ਦੇ ਤੋਰ ਤੇ ਕੇਵਲ ਸਾਈਕਲ ਹੀ ਹੁੰਦਾ ਸੀ। ਹੁਣ ਘਰ ਘਰ ਵਿਚ ਸਕੂਟਰ ਅਤੇ ਕਾਰਾਂ ਹਨ। ਇਨ੍ਹਾਂ ਦੇ ਆਉਣ ਨਾਲ ਸਾਡਾ ਸਫਰ ਕਾਫ਼ੀ ਸੌਖਾ ਹੋ ਗਿਆ ਹੈ ਅਤੇ ਸਮੇਂ ਦੀ ਵੀ ਬਹੁਤ ਬੱਚਤ ਹੋਣ ਲਗ ਪਈ ਹੈ। ਇਸੇ ਤਰ੍ਹਾਂ ਮੁਬਾਇਲ, ਕੰਪਿਉਟਰ ਅਤੇ ਇੰਟਰਨੈੱਟ  ਨੇ ਵੀ ਸਾਨੂੰ ਇਕ ਦੂਜੇ ਦੇ ਕਾਫੀ ਨੇੜੇ ਲੈ ਆਉਂਦਾ ਹੈ।ਸਾਰੀ ਦੁਨੀਆਂ ਇਕ ਛੋਟੇ ਜਹੇ ਪਿੰਡ ਦੀ ਤਰ੍ਹਾਂ ਹੀ ਬਣ ਕੇ ਰਹਿ ਗਈ ਹੈ। ਦੂਰੀਆਂ ਘਟ ਗਈਆਂ ਹਨ। ਜੇ ਅਸੀਂ ਇਨ੍ਹਾਂ ਚੀਜ਼ਾਂ ਨੂੰ ਨਾ ਅਪਣਾਉਂਦੇ ਤਾਂ ਸਾਡੀ ਜ਼ਿੰਦਗੀ ਦੀ ਰਫਤਾਰ ਕਿਤੇ ਮੱਠੀ ਹੋਣੀ ਸੀ। ਅਸੀ ਇਨ੍ਹਾਂ ਸੁੱਖਾਂ ਤੋਂ ਵਾਂਝੇ ਹੀ ਰਹਿ ਜਾਣਾ ਸੀ।

Related Articles

Back to top button