Ferozepur News

ਬੇਟੀ ਬਚਾਓ ਬੇਟੀ ਪੜ੍ਹਾਓ-ਨਵੇਂ ਭਾਰਤ ਦੀਆਂ ਧੀਆਂ&#39 ਸਪਤਾਹ ਦਾ ਸਮਾਪਤੀ ਸਮਾਰੋਹ ਦਾ ਆਯੋਜਨ 

ਫ਼ਿਰੋਜ਼ਪੁਰ 14 ਅਕਤੂਬਰ 2017 (Harish Monga )  ਸਮਾਜਿਕ ਸੁਰੱਖਿਆ ਤੇ ਬਾਲ ਵਿਕਾਸ ਵਿਭਾਗ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ,ਸਿਹਤ, ਸਿੱਖਿਆ ਆਦਿ ਵਿਭਾਗਾਂ ਦੇ ਸਹਿਯੋਗ ਨਾਲ ਲੋਕਾਂ ਨੂੰ ਕੰਨਿਆ ਭਰੂਣ ਹੱਤਿਆ ਪ੍ਰਤੀ ਜਾਗਰੂਕ ਕਰਨ ਅਤੇ ਲੜਕੀਆਂ ਨੂੰ ਸਮਾਜ ਵਿਚ ਬਣਦਾ ਮਾਣ ਸਤਿਕਾਰ ਦੇਣ ਦੇ ਮਕਸਦ ਨਾਲ ਫ਼ਿਰੋਜ਼ਪੁਰ ਜ਼ਿਲ੍ਹੇ ਵਿੱਚ 9 ਅਕਤੂਬਰ ਤੋਂ 14 ਅਕਤੂਬਰ ਤੱਕ 'ਬੇਟੀ ਬਚਾਓ ਬੇਟੀ ਪੜ੍ਹਾਓ-ਨਵੇਂ ਭਾਰਤ ਦੀਆਂ ਧੀਆਂ' ਸਪਤਾਹ ਦਾ ਸਮਾਪਤੀ ਸਮਾਰੋਹ ਅੱਜ ਜੈਨਸਿਸ ਇੰਸਟੀਚਿਊਟ ਆਫ਼ ਡੈਂਟਲ ਸਾਇੰਸ ਅਤੇ ਰਿਸਰਚ ਫਿਰੋਜ਼ਪੁਰ-ਮੋਗਾ ਰੋਡ ਵਿਖੇ ਆਯੋਜਿਤ ਕੀਤਾ ਗਿਆ।  ਇਸ ਸਮਾਗਮ ਦੇ ਮੁੱਖ ਮਹਿਮਾਨ ਸ੍ਰੀਮਤੀ ਸਤਿਕਾਰ ਕੋਰ ਗਹਿਰੀ ਵਿਧਾਇਕ ਹਲਕਾ ਫ਼ਿਰੋਜ਼ਪੁਰ ਦਿਹਾਤੀ ਸਨ ਜਦਕਿ ਸਮਾਗਮ ਦੀ ਪ੍ਰਧਾਨਗੀ ਆਈ.ਏ.ਐਸ ਡਿਪਟੀ ਕਮਿਸ਼ਨਰ ਸ੍ਰੀ.ਰਾਮਵੀਰ ਨੇ ਕੀਤੀ।

 ਸਮਾਗਮ ਨੂੰ ਸੰਬੋਧਨ ਕਰਦਿਆਂ ਵਿਧਾਇਕ ਸ੍ਰੀਮਤੀ ਸਤਿਕਾਰ ਕੋਰ ਗਹਿਰੀ  ਨੇ ਦੱਸਿਆ ਕਿ ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ਬੇਟੀ ਬਚਾਓ ਬੇਟੀ ਪੜਾਓ ਸਪਤਾਹ ਮਨਾਉਣਾ ਇੱਕ  ਸ਼ਲਾਘਾਯੋਗ ਕਦਮ ਹੈ; ਜਿਸ ਨਾਲ ਲੜਕੀਆਂ ਦੇ ਮਾਣ ਸਨਮਾਨ ਵਿਚ ਹੋਰ ਵਾਧਾ ਹੋਵੇਗਾ। ਉਨ੍ਹਾਂ ਕਿਹਾ ਕਿ ਸਾਰੇ ਪੰਜਾਬੀਆਂ  ਨੂੰ ਮਿਲਕੇ ਲੜਕੀਆਂ ਦੀ ਜਨਮ ਵਿਚ ਵਾਧੇ ਤੇ ਉਨ੍ਹਾਂ ਨੂੰ ਸਮਾਜ ਵਿਚ ਬਣਦਾ ਮਾਣ ਸਤਿਕਾਰ ਦਿਵਾਉਣ ਵਿਚ ਆਪਣਾ ਵਡਮੁੱਲਾ ਯੋਗਦਾਨ ਪਾਉਣਾ ਚਾਹੀਦਾ ਹੈ ਤੇ ਸਮਾਜ ਦੇ ਮਿਥੇ ਤੇ ਲੱਗੇ ਕੁੜੀਮਾਰਾਂ ਦੇ ਕਲੰਕ ਨੂੰ ਧੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਭਰੂਣ ਹੱਤਿਆ ਕਰਨ ਵਾਲੇ ਲੋਕਾਂ ਨੂੰ ਕਾਨੂੰਨੀ ਸਜਾ ਦੇ ਨਾਲ-ਨਾਲ ਉਨ੍ਹਾਂ ਦਾ ਸਮਾਜਿਕ ਬਾਈਕਾਟ ਵੀ ਹੋਣਾ ਚਾਹੀਦਾ ਹੈ। 

ਡਿਪਟੀ ਕਮਿਸ਼ਨਰ ਸ੍ਰੀ.ਰਾਮਵੀਰ ਨੇ ਆਪਣੇ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਰੇ ਧਰਮ ਲੜਕੀਆਂ ਅਤੇ ਔਰਤਾਂ ਨੂੰ ਸਮਾਜ ਵਿਚ ਬਰਾਬਰ ਦਾ ਸੰਦੇਸ਼ ਦਿੰਦੇ ਹਨ ਪਰ ਸਾਡੇ ਸਮਾਜ ਵਿਚ ਕੰਨ੍ਹਿਆਂ ਭਰੂਣ ਹੱਤਿਆ ਵਰਗੀ ਬਿਮਾਰੀ ਵੱਡਾ ਕਲੰਕ ਹੈ, ਜਿਸ ਨੂੰ ਜੜ੍ਹ ਤੋਂ ਖ਼ਤਮ ਕਰਨ ਦਾ ਸਾਨੂੰ ਪ੍ਰਣ ਕਰਨਾ ਚਾਹੀਦਾ ਹੈ। ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੰਨ੍ਹਿਆਂ ਭਰੂਣ ਹੱਤਿਆ ਖ਼ਿਲਾਫ਼ ਚਲਾਈ ਜਾ ਰਹੀ ਜਾਗਰੂਕਤਾ ਮੁਹਿੰਮ ਦੀ ਪ੍ਰਸੰਸਾ ਕੀਤੀ ਅਤੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਮੁਹਿੰਮ ਦਾ ਹਿੱਸਾ ਬਣ ਕੇ ਇਸ ਕੁਰੀਤੀ ਨੂੰ ਖ਼ਤਮ ਕਰਨ ਵਿਚ ਸਹਿਯੋਗ ਦੇਣ। ਉਨ੍ਹਾਂ ਪੰਜਾਬ ਸਰਕਾਰ ਵੱਲੋਂ ਲੜਕੀਆਂ ਦੀ ਪੜਾਈ ਤੇ ਭਲਾਈ ਲਈ ਚਲਾਈਆਂ ਜਾ ਰਹੀਆਂ ਸਕੀਮਾਂ ਬਾਰੇ ਵੀ ਵਿਸਥਾਰ ਸਹਿਤ ਜਾਣਕਾਰੀ ਦਿੱਤੀ।

          ਇਸ ਮੌਕੇ ਸ੍ਰ: ਰਾਮੇਸ਼ਵਰ ਸਿੰਘ, ਸ੍ਰ: ਸਰਬਜੀਤ ਸਿੰਘ ਬੇਦੀ, ਸ੍ਰ: ਸੁਖਚੈਨ ਸਿੰਘ ਲਾਇਲਪੁਰੀ ਅਤੇ ਵੱਖ-ਵੱਖ ਬੁਲਾਰਿਆਂ ਨੇ ਦੱਸਿਆ ਕਿ ਮਹਿਲਾ ਤੇ ਬਾਲ ਵਿਕਾਸ ਮੰਤਰਾਲਾ ਭਾਰਤ ਸਰਕਾਰ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਵੱਲੋਂ ਸਾਂਝੇ ਤੌਰ 'ਤੇ ਆਰੰਭੇ ਜਾਣ ਵਾਲੇ ਇਸ ਸਪਤਾਹ ਦਾ ਮੁੱਖ ਉਦੇਸ਼ ਲਿੰਗ ਅਨੁਪਾਤ ਵਿੱਚ ਬਰਾਬਰੀ ਲਿਆਉਣਾ, ਲੜਕੀਆਂ ਨੂੰ ਉੱਚ ਸਿੱਖਿਆ ਲਈ ਅਵਸਰ ਮੁਹੱਈਆ ਕਰਵਾਉਣਾ ਅਤੇ ਲੜਕੀਆਂ ਦੇ ਸਸ਼ਕਤੀਕਰਣ ਨੂੰ ਉਭਾਰਨਾ ਹੈ। ਉਨ੍ਹਾਂ ਵੱਖ-ਵੱਖ ਉਦਾਹਰਨਾਂ ਦੇ ਕੇ ਇਸ ਸਬੰਧੀ ਜਾਗਰੂਕ ਕੀਤਾ।

  ਇਸ ਮੌਕੇ ਸ੍ਰੀਮਤੀ ਗੁਰਜੀਤ ਕੌਰ ਬਾਲ ਵਿਕਾਸ ਪ੍ਰੋਜੈਕਟ ਅਫ਼ਸਰ ਨੇ ਦੱਸਿਆ ਕਿ ਇਸ ਸਪਤਾਹ ਦੌਰਾਨ ਧੀਆਂ ਨੂੰ ਜਿਊਣ ਦਾ ਹੱਕ ਦੇਣ,  ਲਿੰਗ ਅਨੁਪਾਤ ਵਿਚ ਸਮਾਨਤਾ ਲਿਆਉਣ, ਉੱਚ ਸਿੱਖਿਆ ਦੇ ਬਰਾਬਰ ਮੌਕੇ ਮੁਹੱਈਆ ਕਰਵਾਉਣ ਅਤੇ ਦਾਜ-ਦਹੇਜ ਜਿਹੀਆਂ ਸਮਾਜਿਕ ਬੁਰਾਈਆਂ ਵਿਰੁੱਧ ਲੋਕਾਂ ਨੂੰ ਵੱਖ-ਵੱਖ ਸਮਾਗਮਾਂ, ਪ੍ਰਭਾਤ ਫੇਰੀਆਂ, ਨੁੱਕੜ ਨਾਟਕਾਂ ਅਤੇ ਪੇਂਟਿੰਗ ਮੁਕਾਬਲਿਆਂ ਆਦਿ ਰਾਹੀਂ ਜਾਗਰੂਕ ਕੀਤਾ ਗਿਆ।

ਇਸ ਸਮਾਪਤੀ ਸਮਾਗਮ ਦੌਰਾਨ ਵੱਖ-ਵੱਖ ਕਾਲਜਾਂ ਦੇ ਵਿਦਿਆਰਥੀਆਂ ਵੱਲੋਂ ਕੋਰੀਓਗ੍ਰਾਫੀ, ਗਿੱਧਾ ਅਤੇ ਕਈ ਹੋਰ ਕਲਚਰਲ ਆਈਟਮਾਂ ਦੁਆਰਾਂ ਬੇਟੀ ਬਚਾਓ ਬੇਟੀ ਪੜਾਓ ਦਾ ਸੰਦੇਸ਼ ਦਿੱਤਾ ਗਿਆ। ਪ੍ਰੋਗਰਾਮ ਦੌਰਾਨ ਬੇਟੀ ਬਚਾਓ ਬੇਟੀ ਪੜਾਓ ਮੁਹਿੰਮ ਵਿੱਚ ਸਹਿਯੋਗ ਦੇਣ ਵਾਲੀਆਂ ਸ਼ਖ਼ਸੀਅਤਾਂ ਨੂੰ ਸਨਮਾਨਿਤ ਵੀ ਕੀਤੀ ਗਿਆ।

ਇਸ ਮੌਕੇ ਐਸ.ਡੀ.ਐਮ ਫ਼ਿਰੋਜ਼ਪੁਰ ਸ੍ਰ: ਹਰਜੀਤ ਸਿੰਘ ਸੰਧੂ, ਸ਼੍ਰੀਮਤੀ ਕਸ਼ਮੀਰ ਕੌਰ ਐਸ.ਪੀ, ਸ੍ਰ: ਚਰਨਦੀਪ ਸਿੰਘ, ਡਾ: ਅਨਿਲ ਬਾਗ਼ੀ ਚੇਅਰਮੈਨ ਜੈਨਸਿਸ ਇੰਸਟੀਚਿਊਟ, ਸ੍ਰੀ ਅਸ਼ੋਕ ਬਹਿਲ ਸਕੱਤਰ ਰੈੱਡ ਕਰਾਸ, ਸ੍ਰ: ਲਾਡੀ ਗਹਿਰੀ, ਡਾ: ਸਤਿੰਦਰ ਸਿੰਘ, ਡਾ: ਤਰੁਣਪ੍ਰੀਤ ਕੌਰ, ਡਾ: ਅਰੁਣ ਡਾਬਰ ਸਮੇਤ ਕਾਲਜ ਵਿਦਿਆਰਥੀ, ਸਮਾਜ ਸੇਵੀ ਸੰਸਥਾ ਦੇ ਨੁਮਾਇੰਦੇ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।

Related Articles

Back to top button