Ferozepur News

ਫ਼ਿਰੋਜ਼ਪੁਰ ਵਿੱਚ ਪੰਜਾਬੀ ਵਿਸ਼ੇ ਦੀਆਂ ਪੋਸਟ ਗ੍ਰੈਜੂਏਟ ਜਮਾਤਾਂ ਬੰਦ ਹੋਣਾ ਚਿੰਤਾਜਨਕ- ਡਾ. ਜਗਦੀਪ ਸੰਧੂ

ਫ਼ਿਰੋਜ਼ਪੁਰ ਵਿੱਚ ਪੰਜਾਬੀ ਵਿਸ਼ੇ ਦੀਆਂ ਪੋਸਟ ਗ੍ਰੈਜੂਏਟ ਜਮਾਤਾਂ ਬੰਦ ਹੋਣਾ ਚਿੰਤਾਜਨਕ- ਡਾ. ਜਗਦੀਪ ਸੰਧੂ
ਫ਼ਿਰੋਜ਼ਪੁਰ ਵਿੱਚ ਪੰਜਾਬੀ ਵਿਸ਼ੇ ਦੀਆਂ ਪੋਸਟ ਗ੍ਰੈਜੂਏਟ ਜਮਾਤਾਂ ਬੰਦ ਹੋਣਾ ਚਿੰਤਾਜਨਕ- ਡਾ. ਜਗਦੀਪ ਸੰਧੂ
ਫਿਰੋਜ਼ਪੁਰ, 30 ਜੁਲਾਈ 2023 : ਪੰਜਾਬ ਗੁਰੂਆਂ-ਪੀਰਾਂ ਦੀ ਵਰੋਸਾਈ ਧਰਤ ਹੈ।  ਜਿਸ ਦਾ ਵਜੂਦ ਪੰਜਾਬੀਅਤ ਤੋੰ ਬਿਨ੍ਹਾਂ ਅਧੂਰਾ ਹੈ। ਇਸੇ ਧਰਤ ‘ਤੇ ਦੁਨੀਆਂ ਦੀ ਦੂਜੀ ਅਜਿਹੀ ਯੂਨੀਵਰਸਿਟੀ (ਪੰਜਾਬੀ ਯੂਨੀਵਰਸਿਟੀ, ਪਟਿਆਲਾ) ਵੀ ਹੈ, ਜਿਸਦਾ ਨਾਮ ਹੀ ਮਾਤ ਭਾਸ਼ਾ ਦੇ ਨਾਮ ‘ਤੇ ਹੈ ਅਤੇ ਇਸਦੀ ਸਥਾਪਨਾ ਦਾ ਉਦੇਸ਼ ਵੀ ਪੰਜਾਬੀ ਭਾਸ਼ਾ ਦਾ ਪ੍ਰਚਾਰ, ਪਾਸਾਰ ਅਤੇ ਇਸ ਭਾਸ਼ਾ ਵਿੱਚ ਖੋਜ ਕਾਰਜ ਕਰਵਾਉਣਾ ਹੈ। ਅਨੇਕਾਂ ਵਿਦਿਆਰਥੀ ਹਨ ਜੋ ਮਾਤ ਭਾਸ਼ਾ ਵਿੱਚ ਉਚੇਰੀ ਵਿੱਦਿਆ ਹਾਸਲ ਕਰ ਕੇ ਜਿੱਥੇ ਸਾਹਿਤ ਦੇ ਖੇਤਰ ਵਿੱਚ ਵਡਮੁੱਲਾ ਯੋਗਦਾਨ ਪਾ ਰਹੇ ਹਨ ਓਥੇ ਬਹੁਤ ਸਾਰੇ ਸਨਮਾਣਯੋਗ ਅਹੁਦਿਆਂ ‘ਤੇ ਪਹੁੰਚ ਕੇ ਪੰਜਾਬੀਅਤ ਲਈ ਕੰਮ ਕਰ ਰਹ ਹਨ। ਮਾਤ ਭਾਸ਼ਾ ਮਨੁੱਖ ਦੀ ਸਖਸ਼ੀਅਤ ਦੇ ਉਸਾਰ,ਆਤਮ ਵਿਸ਼ਵਾਸ਼ ਅਤੇ ਸਵੈ-ਪ੍ਰਗਟਾਵੇ ਦਾ ਸਭ ਤੋੰ ਸ਼ਕਤੀਸ਼ਾਲੀ ਮਾਧਿਅਮ ਹੁੰਦੀ ਹੈ। ਰਸੂਲ ਹਮਜ਼ਾਤੋਵ ਨੇ ਵੀ ਆਪਣੀ ਪੁਸਤਕ ‘ਮੇਰਾ ਦਾਗਿਸਤਾਨ’ ਵਿੱਚ ਮਾਤ ਭਾਸ਼ਾ ਦੀ ਅਹਿਮੀਅਤ ਨੂੰ ਵਡਿਆਇਆ ਹੈ। ਜਿੱਥੇ ਵਿਸ਼ਵ ਪੱਧਰ ‘ਤੇ ਹੁਣ ਇਹ ਗੱਲ ਚਰਚਾ ਵਿੱਚ ਹੈ ਕਿ ਮਾਤ-ਭਾਸ਼ਾ ਤੋੰ ਬਿਨ੍ਹਾਂ ਮਨੁੱਖੀ ਵਜੂਦ ਖ਼ਤਰੇ ਵਿੱਚ ਹੈ ਓਥੇ ਪੰਜਾਬੀ ਵਿਸ਼ੇ ਦੀਆਂ ਪੋਸਟ ਗ੍ਰੈਜੂਏਟ ਕੋਰਸ ਦੀਆਂ ਜਮਾਤਾਂ ਬੰਦ ਹੋ ਜਾਣਾ ਗੰਭੀਰ ਚਿੰਤਾ ਦਾ ਵਿਸ਼ਾ ਹੈ।
ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਜ਼ਿਲ੍ਹਾ ਭਾਸ਼ਾ ਅਫ਼ਸਰ ਫ਼ਿਰੋਜ਼ਪੁਰ ਡਾ. ਜਗਦੀਪ ਸੰਧੂ ਕਿਹਾ ਕਿ ਉਨ੍ਹਾਂ ਦੇ ਧਿਆਨ ਵਿੱਚ ਆਇਆ ਹੈ ਕਿ ਫ਼ਿਰੋਜ਼ਪੁਰ ਸ਼ਹਿਰ ਦੇ ਚਾਰ ਵੱਡੇ ਕਾਲਜਾਂ ਵਿੱਚ ਇਸ ਸਾਲ ਤੋੰ ਐੱਮ.ਏ. (ਪੰਜਾਬੀ) ਦੀ ਜਮਾਤ ਦੇ ਦਾਖ਼ਲੇ ਬੰਦ ਕੀਤੇ ਜਾ ਰਹੇ ਹਨ ਅਤੇ ਫ਼ਿਰੋਜ਼ਪੁਰ ਦੇ ਵਿਦਿਆਰਥੀਆਂ ਨੂੰ ਦੂਰ-ਦੁਰਾਡੇ ਜਾ ਕੇ ਦਾਖ਼ਲਾ ਲੈਣਾ ਪੈ ਰਿਹਾ ਹੈ।
ਉਨ੍ਹਾਂ ਕਿਹਾ ਕਿ ਇਹ ਬਹੁਤ ਹੀ ਚਿੰਤਾ ਵਾਲੀ ਗੱਲ ਹੈ ਕਿ ਪੰਜਾਬ ਵਿੱਚ ਹੀ ਆਪਣੀ ਮਾਤ ਭਾਸ਼ਾ ਵਿੱਚ ਸਿੱਖਿਆ ਪ੍ਰਾਪਤ ਕਰਨ ਲਈ ਵਿਦਿਆਰਥੀਆਂ ਨੂੰ ਅਜਿਹੇ ਸੰਕਟ ਵਿੱਚੋਂ ਗੁਜ਼ਰਨਾ ਪਵੇਗਾ। ਇਸ ਸੰਬੰਧੀ ਉਹਨਾਂ ਨੇ ਜਦੋਂ ਪ੍ਰਿੰਸੀਪਲ ਆਰ.ਐੱਸ.ਡੀ. ਕਾਲਜ ਨੂੰ ਮਿਲ ਕੇ ਇਹ ਜਮਾਤਾਂ ਸ਼ੁਰੂ ਕਰਨ ਲਈ ਅਪੀਲ ਕੀਤੀ ਤਾਂ ਪ੍ਰਿੰਸੀਪਲ ਵੱਲੋਂ ਧਿਆਨ ਵਿੱਚ ਲਿਆਂਦਾ ਗਿਆ ਕਿ ਦਾਖ਼ਲਾ ਲੈਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਬਹੁਤ ਹੀ ਜਿਆਦਾ ਘੱਟ ਗਈ ਹੈ।  ਜਿਸ ਕਰਕੇ ਯੂਨੀਵਰਸਿਟੀ ਦੇ ਨਿਯਮਾਂ ਅਤੇ ਮੈਨੇਜ਼ਮੈੰਟ ਲਈ ਵਿੱਤੀ ਸੰਕਟ ਦੀ ਮਜ਼ਬੂਰੀ  ਸਦਕਾ ਇਹ ਜਮਾਤਾਂ ਬੰਦ ਕੀਤੀਆਂ ਜਾ ਰਹੀਆਂ ਹਨ। ਪ੍ਰਿੰਸੀਪਲ ਵੱਲੋਂ ਇਹ ਵਿਸ਼ਵਾਸ਼ ਦਿਵਾਇਆ ਗਿਆ ਕਿ ਉਹ ਖੁਦ ਦਿਲੋੰ ਚਾਹੁੰਦੇ ਹਨ ਕਿ ਇਹ ਜਮਾਤਾਂ ਸ਼ੁਰੂ ਹੋਣ ਤਾਂ ਆਰ.ਐੱਸ.ਡੀ. ਕਾਲਜ ਵਰਗੀ ਵੱਡੀ ਸੰਸਥਾ ਮਾਤ-ਭਾਸ਼ਾ ਪ੍ਰਤੀ ਆਪਣੀ ਬਣਦੀ ਜ਼ਿੰਮੇਵਾਰੀ ਨਿਭਾਵੇ। ਉਹਨਾਂ ਵਿਸ਼ਵਾਸ਼ ਦਿਵਾਇਆ ਕਿ ਮੈਨੇਜ਼ਮੈੰਟ ਅਤੇ ਕਾਲਜ ਵਿੱਚ ਪੰਜਾਬੀ ਵਿਸ਼ਾ ਪੜ੍ਹਾ ਰਹੇ ਅਧਿਆਪਕਾਂ ਦੇ ਸਹਿਯੋਗ ਨਾਲ ਐੱਮ.ਏ. (ਪੰਜਾਬੀ) ਦੀਆਂ ਜਮਾਤਾਂ ਵਿੱਚ ਵਿਦਿਆਰਥੀਆਂ ਨੂੰ ਦਾਖ਼ਲਾ ਲੈਣ ਲਈ ਪ੍ਰੇਰਿਤ ਕਰਣਗੇ।
ਇਸ ਮੌਕੇ ਜ਼ਿਲ੍ਹਾ ਭਾਸ਼ਾ ਅਫ਼ਸਰ ਨੇ ਕਿਹਾ ਕਿ ਬੇਸ਼ੱਕ ਇਹ ਸੰਕਟ ਦਾ ਦੌਰ ਹੈ ਜਿੱਥੇ ਕਾਲਜਾਂ ਅਤੇ ਮੈਨੇਜ਼ਮੈੰਟਾਂ ਦੀਆਂ ਆਪਣੀਆਂ ਮਜ਼ਬੂਰੀਆਂ ਹਨ ਪ੍ਰੰਤੂ ਇਸ ਸਮੇੰ ਸਾਰਿਆਂ ਨੂੰ ਸਾਕਾਰਤਮਕ ਦ੍ਰਿਸ਼ਟੀਕੋਣ ਅਪਣਾਉੰਦਿਆਂ ਇਸ ਸਮੱਸਿਆ ਵੱਲ ਧਿਆਨ ਦੇਣ ਦੀ ਲੋੜ ਹੈ। ਉਹਨਾਂ ਵੱਲੋਂ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਬਾਕੀ ਕਾਲਜਾਂ ਦੀਆਂ ਮੈਨੇਜ਼ਮੈੰਟਾਂ, ਪ੍ਰਿੰਸੀਪਲ, ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਐੱਮ.ਏ. (ਪੰਜਾਬੀ)  ਵਿੱਚ ਵੱਧ ਤੋੰ ਵੱਧ ਦਾਖ਼ਲੇ ਕਰਵਾਉਣ ਲਈ ਹਰ ਸੰਭਵ ਉਪਰਾਲੇ ਕੀਤੇ ਜਾਣ ਤਾਂ ਜੋ ਅਸੀਂ ਵਿਦਿਆਰਥੀਆਂ ਨੂੰ ਮਾਤ ਭਾਸ਼ਾ ਵਿੱਚ ਉੱਚ ਸਿੱਖਿਆ ਦੇ ਕੇ ਪੰਜਾਬ ਅਤੇ ਪੰਜਾਬੀਅਤ ਨਾਲ ਜੋੜ ਸਕੀਏ ।

Related Articles

Leave a Reply

Your email address will not be published. Required fields are marked *

Back to top button