Ferozepur News

ਡਿਪਟੀ ਕਮਿਸ਼ਨਰ ਨੇ ਕੇਂਦਰੀ ਜੇਲ੍ਹ ਵਿਚ ਕੀਤਾ ਅਚਨਚੇਤ ਨਿਰੀਖਣ,

ਫ਼ਿਰੋਜ਼ਪੁਰ 16 ਅਕਤੂਬਰ (ਅਭਿਸ਼ੇਕ)  ਡਿਪਟੀ ਕਮਿਸ਼ਨਰ ਫ਼ਿਰੋਜ਼ਪੁਰ ਚੰਦਰ ਗੈਂਦ ਨੇ ਮੰਗਲਵਾਰ ਬਾਅਦ ਦੁਪਹਿਰ ਕੇਂਦਰੀ ਜੇਲ੍ਹ ਵਿਚ ਅਚਨਚੇਤ ਨਿਰੀਖਣ ਕੀਤਾ ਅਤੇ ਕਮੀਆਂ ਮਿਲਣ 'ਤੇ ਜੇਲ੍ਹ ਪ੍ਰਸ਼ਾਸਨ ਦੇ ਅਧਿਕਾਰੀਆਂ ਦੀ ਕਲਾਸ ਲਗਾਈ। ਡਿਪਟੀ ਕਮਿਸ਼ਨਰ ਬਿਨਾਂ ਕਿਸੇ ਪੂਰਵ ਸੂਚਨਾ ਦੇ ਸੁਰੱਖਿਆ ਕਾਫ਼ਲੇ ਦੇ ਬਗੈਰ ਅਚਾਨਕ ਜੇਲ੍ਹ ਪਹੁੰਚੇ ਅਤੇ ਅਚਨਚੇਤ ਨਿਰੀਖਣ ਸ਼ੁਰੂ ਕਰ ਦਿੱਤਾ। ਇੱਥੇ ਉਨ੍ਹਾਂ ਬੈਰਕਾਂ ਵਿਚ ਰਹਿ ਰਹੇ ਮਰੀਜ਼ਾਂ ਅਤੇ ਹਵਾਲਾਤੀਆਂ ਨਾਲ ਵੀ ਮੁਲਾਕਾਤ ਕੀਤੀ ਅਤੇ ਉਨ੍ਹਾਂ ਦੀ ਸਮੱਸਿਆ ਸੁਣੀ। ਕੁੱਝ ਮਰੀਜ਼ਾਂ ਨੇ ਦੱਸਿਆ ਕਿ ਜੇਲ੍ਹ ਵਿਚ ਸਕਿਨ ਪ੍ਰਾਬਲਮ ਦੀ ਸਮੱਸਿਆ ਬਹੁਤ ਹੀ ਜ਼ਿਆਦਾ ਹੈ। ਡਾਕਟਰ ਵੱਲੋਂ ਦਵਾਈਆਂ ਲਿਖ ਕੇ ਦਿੱਤੀਆਂ ਗਈਆਂ ਹਨ ਪਰ ਇਹ ਦੁਆਈਆਂ ਉਨ੍ਹਾਂ ਨੂੰ ਮੁਹੱਈਆ ਨਹੀਂ ਕਰਵਾਈਆਂ ਗਈਆਂ। ਇਸ 'ਤੇ ਡਿਪਟੀ ਕਮਿਸ਼ਨਰ ਨੇ ਜੇਲ੍ਹ ਪ੍ਰਸ਼ਾਸਨ ਦੇ ਅਧਿਕਾਰੀਆਂ ਨਾਲ ਨਾਰਾਜ਼ਗੀ ਜਤਾਉਂਦੇ ਹੋਏ ਤੁਰੰਤ ਇਲਾਜ ਮੁਹੱਈਆ ਕਰਵਾਉਣ ਲਈ ਕਿਹਾ। ਉਨ੍ਹਾਂ ਕਿਹਾ ਕਿ ਸਕਿਨ ਪ੍ਰਾਬਲਮ ਵਾਲੇ ਮਰੀਜ਼ਾਂ ਦਾ ਖ਼ਾਸ ਤੌਰ 'ਤੇ ਇਲਾਜ ਕਰਵਾਇਆ ਜਾਵੇ।
ਇਸੇ ਤਰ੍ਹਾਂ ਜੇਲ੍ਹ ਦੀਆਂ ਸਾਰੀਆਂ ਬੈਰਕਾਂ ਵਿਚ ਪਈਆਂ ਅੰਗੀਠੀਆਂ ਅਤੇ ਉਨ੍ਹਾਂ ਵਿਚ ਪਈ ਲੋਹੇ ਦੀ ਰਾੜ ਦੇਖ ਕੇ ਡਿਪਟੀ ਕਮਿਸ਼ਨਰ ਨੇ ਕਾਫ਼ੀ ਹੈਰਾਨੀ ਜਿਤਾਈ। ਡਿਪਟੀ ਕਮਿਸ਼ਨਰ ਨੇ ਪੁੱਛਿਆ ਕਿ ਜਦੋਂ ਜੇਲ੍ਹ ਦੀ ਰਸੋਈ ਵਿਚ ਖਾਣਾ ਬਣਦਾ ਹੈ ਤਾਂ ਹਰੇਕ ਬੈਰਕ ਵਿਚ ਅੰਗੀਠੀ ਦਾ ਕੀ ਕੰਮ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਅੰਗੀਠੀਆਂ ਵਿਚ ਪਈ ਲੋਹੇ ਦੀ ਰਾੜ ਦਾ ਗ਼ਲਤ ਇਸਤੇਮਾਲ ਕੀਤਾ ਜਾ ਸਕਦਾ ਹੈ, ਇਸ ਲਈ ਇਨ੍ਹਾਂ ਨੂੰ ਤੁਰੰਤ ਇੱਥੋਂ ਹਟਾਇਆ ਜਾਵੇ। ਜੇਲ੍ਹ ਵਿਚ ਖੁੱਲ੍ਹੇ ਗੰਦੇ ਨਾਲੇ ਨਾਲ ਡੇਂਗੂ ਮੱਛਰ ਪੈਦਾ ਹੋਣ ਦੀ ਆਸ਼ੰਕਾ ਜਤਾਉਂਦੇ ਹੋਏ ਡਿਪਟੀ ਕਮਿਸ਼ਨਰ ਨੇ ਜੇਲ੍ਹ ਅਧਿਕਾਰੀਆਂ ਨੂੰ ਇਸ ਨੂੰ ਠੀਕ ਕਰਨ ਲਈ ਕਿਹਾ ਤਾਂ ਜੋ ਇਸ ਦੀ ਵਜ੍ਹਾ ਨਾਲ ਕੋਈ ਬਿਮਾਰੀ ਨਾ ਫੈਲੇ।
ਡਿਪਟੀ ਕਮਿਸ਼ਨਰ ਦਾ ਦੌਰਾ ਪੂਰੀ ਤਰ੍ਹਾਂ ਨਾਲ ਅਚਨਚੇਤ ਸੀ ਅਤੇ ਡੀ.ਸੀ. ਆਪਣੇ ਨਾਲ ਸੁਰੱਖਿਆ ਕਾਫ਼ਲੇ ਨੂੰ ਵੀ ਲੈ ਕੇ ਨਹੀਂ ਆਇਆ। ਡਿਪਟੀ  ਕਮਿਸ਼ਨਰ ਨੇ ਕੁੱਝ ਜੇਲ੍ਹ ਅਧਿਕਾਰੀਆਂ ਦੇ ਗੈਰ-ਹਾਜ਼ਰ ਹੋਣ 'ਤੇ ਵੀ ਨਾਰਾਜ਼ਗੀ ਜਿਤਾਈ ਪਰ ਉਨ੍ਹਾਂ ਦੱਸਿਆ ਕਿ ਸਬੰਧਿਤ ਅਧਿਕਾਰੀਆਂ ਦੀ ਤਬੀਅਤ ਠੀਕ ਨਾ ਹੋਣ ਦੀ ਵਜ੍ਹਾ ਨਾਲ ਉਹ ਰੈਸਟ 'ਤੇ ਹਨ। ਡਿਪਟੀ ਕਮਿਸ਼ਨਰ ਨੇ ਨਿਰੀਖਣ ਵਿਚ ਸਾਹਮਣੇ ਆਈ ਸਾਰੀ ਕਮੀਆਂ ਨੂੰ ਜੇਲ੍ਹ ਦੀ ਵਿਜ਼ਟਰ ਬੁੱਕ ਵਿਚ ਦਰਜ ਕਰ ਦਿੱਤਾ ਹੈ ਅਤੇ ਅਧਿਕਾਰੀਆਂ ਨੂੰ ਅਗਲੇ ਅਚਨਚੇਤ ਨਿਰੀਖਣ ਤੋਂ ਪਹਿਲਾ ਗ਼ਲਤੀਆਂ ਸੁਧਾਰਨ ਲਈ ਕਿਹਾ ਗਿਆ ਹੈ।

Related Articles

Back to top button