ਬੱਚਿਆਂ ਦੇ ਪਾਲਣ-ਪੋਸ਼ਣ, ਸੁਰੱਖਿਆ ਅਤੇ ਵਿਕਾਸ ਸਾਡੀ ਸਭ ਦੀ ਸਾਂਝੀ ਜ਼ਿੰਮੇਵਾਰੀ : ਰਣਜੀਤ ਸਿੰਘ
ਜ਼ਿਲ੍ਹਾ ਪੱਧਰੀ ‘ਉਡਾਰੀਆਂ‘ ਬਾਲ ਮੇਲੇ ਦਾ ਆਗਾਜ਼
ਬੱਚਿਆਂ ਦੇ ਪਾਲਣ-ਪੋਸ਼ਣ, ਸੁਰੱਖਿਆ ਅਤੇ ਵਿਕਾਸ ਸਾਡੀ ਸਭ ਦੀ ਸਾਂਝੀ ਜ਼ਿੰਮੇਵਾਰੀ : ਰਣਜੀਤ ਸਿੰਘ
ਫਿਰੋਜ਼ਪੁਰ, 16 ਨਵੰਬਰ 2022:
ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਦੇ ਨਿਰਦੇਸ਼ਾਂ ਅਧੀਨ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਸ੍ਰੀਮਤੀ ਅਮ੍ਰਿਤ ਸਿੰਘ ਆਈ.ਏ.ਐਸ. ਦੀ ਯੋਗ ਅਗਵਾਈ ਹੇਠ ਜ਼ਿਲ੍ਹਾ ਪੱਧਰੀ ਬਾਲ ਮੇਲੇ ‘ਉਡਾਰੀਆਂ‘ ਦਾ ਆਯੋਜਨ ਮਾਨਵਤਾ ਸੀਨੀਅਰ ਸਕੈਂਡਰੀ ਸਕੂਲ ਫਿਰੋਜ਼ਪੁਰ ਵਿਖੇ ਕੀਤਾ ਗਿਆ।
ਇਸ ਬਾਲ ਮੇਲੇ ਦਾ ਨਾਅਰਾ “ਹਰ ਮਾਪੇ, ਹਰ ਗਲੀ ,ਹਰ ਪਿੰਡ ਦੀ ਇੱਕੋ ਆਵਾਜ਼, ਹਰ ਬੱਚੇ ਦਾ ਹੋਵੇ ਸੰਪੂਰਨ ਵਿਕਾਸ” ਹੈ ਇਸ ਨਾਅਰੇ ਦਾ ਟੀਚਾ ਬੱਚਿਆ ਦੀਆਂ ਜ਼ਰੂਰਤਾਂ ਪੂਰੀਆਂ ਕਰਨੀਆਂ ਅਤੇ ਉਨ੍ਹਾਂ ਦੇ ਮਾਹੌਲ ਵਿੱਚ ਸੁਧਾਰ ਲਿਆ ਕੇ ਉਨ੍ਹਾਂ ਦਾ ਵਿਕਾਸ ਕਰਨਾ ਹੈ। ਇਸ ਟੀਚੇ ਨੂੰ ਦੇਖਦੇ ਹੋਏ ਸਕੂਲ ਵਿੱਚ ਇੱਕ ਰੰਗਾਰੰਗ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਜਿੱਥੇ ਆਂਗਨਵਾੜੀ ਦੇ ਵਿੱਚ ਦਰਜ ਬੱਚਿਆਂ ਵੱਲੋਂ ਡਾਂਸ ਅਤੇ ਕਵਿਤਾਵਾਂ ਸੁਣਾਈਆਂ ਗਈਆਂ। ਇਸ ਪ੍ਰੋਗਰਾਮ ਵਿੱਚ ਸਕੂਲ ਦੇ ਬੱਚਿਆਂ ਵੱਲੋਂ ਵੀ ਹਿੱਸਾ ਲਿਆ ਗਿਆ।
ਇਸ ਮੌਕੇ ‘ਤੇ ਐਸ.ਡੀ.ਐਮ. ਫ਼ਿਰੋਜ਼ਪੁਰ ਸ. ਰਣਜੀਤ ਸਿੰਘ ਭੁੱਲਰ ਨੇ ਦੱਸਿਆ ਕਿ ਇਹ ਬਾਲ ਮੇਲਾ 17 ਤੋਂ 20 ਨਵੰਬਰ 2022 ਤਕ ਹਰ ਆਂਗਨਵਾੜੀ ਸੈਂਟਰ ਦੇ ਵਿੱਚ ਮਨਾਇਆ ਜਾਵੇਗਾ ਅਤੇ ਹਰ ਦਿਨ ਇਕ ਵੱਖਰੀ ਗਤੀਵਿਧੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਹ ਸਰਕਾਰ ਦਾ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਜਿਸ ਤਹਿਤ ਬੱਚਿਆਂ ਦੇ ਪੋਸ਼ਣ, ਖੇਡ ਅਤੇ ਕਹਾਣੀ ਅਧਾਰਿਤ ਵਿਕਾਸ, ਸੁਰੱਖਿਆ ਅਤੇ ਸਾਧਨ ਤੇ ਸਕਾਰਾਤਮਕ ਪਾਲਣ-ਪੋਸ਼ਣ ਲਈ ਗਤੀਵਿਧੀਆਂ ਕਰਵਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਬੱਚੇ ਹੀ ਸਾਡੇ ਦੇਸ਼ ਤੇ ਸਮਾਜ ਦਾ ਭਵਿੱਖ ਬਣਦੇ ਹਨ। ਇਸ ਲਈ ਇਨ੍ਹਾਂ ਬੱਚਿਆਂ ਦੇ ਪਾਲਣ-ਪੋਸ਼ਣ, ਸੁਰੱਖਿਆ ਅਤੇ ਵਿਕਾਸ ਸਾਡੀ ਸਭ ਦੀ ਸਾਂਝੀ ਜ਼ਿੰਮੇਵਾਰੀ ਬਣਦੀ ਹੈ ਤਾਂ ਕਿ ਕੋਈ ਵੀ ਬੱਚਾ ਇਨ੍ਹਾਂ ਮੁਢਲੀਆਂ ਸਹੂਲਤਾਂ ਤੋਂ ਵਾਂਙਾ ਨਾ ਰਹੇ।
ਇਸ ਦੌਰਾਨ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਵੱਲੋਂ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਆਂਗਨਵਾੜੀ ਕੇਂਦਰ ਵਿੱਚ ਦਰਜ ਜ਼ੀਰੋ ਤੋਂ ਛੇ ਮਹੀਨਿਆਂ ਦੇ ਬੱਚਿਆਂ ਨੂੰ ਕੰਬਲ ਦਿੱਤੇ ਗਏ ਅਤੇ ਆਂਗਨਵਾੜੀ ਵਿੱਚ ਦਰਜ 3-6 ਸਾਲ ਤੱਕ ਦੇ ਬੱਚਿਆਂ ਨੂੰ ਪਾਣੀ ਵਾਲੀਆਂ ਬੋਤਲਾਂ ਵੰਡੀਆਂ ਗਈਆਂ। ਡੀ.ਈ.ਓ. (ਪ੍ਰਾਇਮਰੀ) ਸ੍ਰੀ ਰਾਜੀਵ ਕੁਮਾਰ ਛਾਬੜਾ ਵੱਲੋਂ ਵੀ ਬੱਚਿਆਂ ਨੂੰ ਉਤਸ਼ਾਹਿਤ ਕੀਤਾ ਗਿਆ ਅਤੇ ਹਾਜ਼ਰੀਨ ਨੂੰ ਸੰਦੇਸ਼ ਦਿੱਤਾ ਗਿਆ ਕਿ ਹਰ ਕੋਈ ਆਂਗਨਵਾੜੀ ਸੈਂਟਰ ਦੇ ਵਿੱਚ ਜਾਵੇ ਅਤੇ ਇਸ ਬਾਲ ਮੇਲੇ ਵਿੱਚ ਵੱਧ ਚੜ੍ਹ ਕੇ ਹਿੱਸਾ ਲੈ ਕੇ ਇਸ ਮੁਹਿੰਮ ਨੂੰ ਸਫਲ ਬਣਾਓ।
ਜ਼ਿਲ੍ਹਾ ਪ੍ਰਰੋਗਰਾਮ ਅਫ਼ਸਰ ਮੈਡਮ ਰਤਨਦੀਪ ਸੰਧੂ, ਮਾਨਵਤਾ ਸੀਨੀਅਰ ਸਕੈਂਡਰੀ ਸਕੂਲ ਦੇ ਪ੍ਰਿੰਸੀਪਲ ਅਤੇ ਸਟਾਫ਼, ਸ੍ਰੀਮਤੀ ਆਂਚਲ ਅਤੇ ਸ੍ਰੀ ਅਭਿਸ਼ੇਕ ਬਲਾਕ ਕੋਆਰਡੀਨੇਟਰ, ਸ੍ਰੀਮਤੀ ਸੁਰਿੰਦਰ ਕੌਰ, ਸ੍ਰੀਮਤੀ ਸਰਬਜੀਤ ਕੌਰ, ਮਿਸ ਕੁਲਜਿੰਦਰ ਕੌਰ ਸੁਪਰਵਾਈਜ਼ਰ, ਆਂਗਨਵਾੜੀ ਵਰਕਰਜ਼ ਹਾਜ਼ਰ ਸਨ।