Ferozepur News

ਡਿਪਟੀ ਕਮਿਸ਼ਨਰ ਵੱਲੋਂ ਮ੍ਰਿਤਕ ਪ੍ਰਵਾਸੀ ਲੜਕੀਆਂ ਦੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਜ਼ਖ਼ਮੀਆਂ ਦਾ ਇਲਾਜ ਤੇ ਹੋਰ ਖ਼ਰਚ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀਤਾ ਜਾਵੇਗਾ-ਰਾਮਵੀਰ ਪੀੜਤ ਪਰਿਵਾਰ ਨੂੰ ਪੰਜਾਬ ਸਰਕਾਰ ਵੱਲੋਂ ਯੋਗ ਮੁਆਵਜ਼ਾ ਦਿੱਤਾ ਜਾਵੇਗਾ

ਫਿਰੋਜ਼ਪੁਰ 3 ਜੁਲਾਈ 2018 ( ) ਬੀਤੀ ਰਾਤ ਫਾਜ਼ਿਲਕਾ ਰੋਡ ਤੇ ਪੈਂਦੇ ਪਿੰਡ ਖਾਈ ਫੇਮੇ ਕੀ ਵਿਖੇ ਇੱਕ ਗਰੀਬ ਪ੍ਰਵਾਸੀ ਮਜ਼ਦੂਰ ਦੇ ਕਮਰੇ ਦੀ ਛੱਤ ਭਾਰੀ ਮੀਂਹ ਅਤੇ ਹਨੇਰੀ ਆਉਣ ਨਾਲ ਡਿੱਗਣ ਦੀ ਮੰਦਭਾਗੀ ਘਟਨਾ ਵਾਪਰੀ। ਜਿਸ  'ਚ  ਉਸ ਦੀਆਂ ਦੋ ਨਬਾਲਗ ਧੀਆਂ ਦੀ ਮੌਤ ਹੋ ਗਈ ਅਤੇ ਪਤਨੀ, ਬੇਟੇ ਸਮੇਤ ਉਹ ਖੁਦ ਜ਼ਖਮੀ ਹੋ ਗਿਆ। ਇਨ੍ਹਾਂ ਜ਼ਖਮੀਆਂ ਦਾ ਹਾਲ ਚਾਲ-ਪੁੱਛਣ ਲਈ ਡਿਪਟੀ ਕਮਿਸ਼ਨਰ ਸ੍ਰੀ. ਰਾਮਵੀਰ ਆਈ.ਏ.ਐੱਸ. ਵੱਲੋਂ ਅੱਜ ਸਿਵਲ ਹਸਪਤਾਲ ਫਿਰੋਜ਼ਪੁਰ ਦਾ ਦੌਰਾ ਕੀਤਾ ਗਿਆ।
ਡਿਪਟੀ ਕਮਿਸ਼ਨਰ ਵੱਲੋਂ ਜ਼ਖਮੀਆਂ ਦਾ ਹਾਲ ਚਾਲ ਪੁੱਛਣ ਤੇ ਪਤਾ ਲੱਗਾ ਕਿ ਇਹ ਗਰੀਬ ਪਰਿਵਾਰ ਬਿਹਾਰ ਵਾਸੀ ਸੰਜੀਤ ਯਾਦਵ ਪੁੱਤਰ ਹਰੀ ਰਾਮ ਆਪਣੇ ਪਰਿਵਾਰ ਸਮੇਤ ਪਿੰਡ ਖਾਈ ਫੇਮੇ ਕੀ ਵਿਖੇ ਕਿਰਾਏ ਦੇ ਮਕਾਨ 'ਚ ਰਹਿ ਰਿਹਾ ਸੀ। ਬੀਤੀ ਰਾਤ ਆਏ ਹਨੇਰ ਅਤੇ ਭਾਰੀ ਮੀਂਹ ਦੌਰਾਨ ਜਦੋਂ ਉਕਤ ਪਰਿਵਾਰ ਕਮਰੇ ਦੇ ਅੰਦਰ ਗਿਆ ਤਾਂ ਕਮਰੇ ਦੀ ਛੱਤ ਡਿੱਗ ਪਈ। ਜਿਸ ਹੇਠ ਦੱਬਣ ਨਾਲ ਉਸ ਦੀਆਂ ਦੋ ਨਬਾਲਗ ਧੀਆਂ ਕਾਜਲ (11 ਸਾਲ) ਅਤੇ ਮੋਨਿਕਾ (7 ਸਾਲ) ਦੀ ਮੌਤ ਹੋ ਗਈ ਅਤੇ ਸੁਰਜੀਤ ਕੁਮਾਰ ਉਸ ਦੀ ਪਤਨੀ ਰੂਪਨ ਦੇਵੀ ਅਤੇ 9 ਸਾਲਾ ਬੇਟਾ ਗੋਲੂ ਜ਼ਖਮੀ ਹੋ ਗਏ। 
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਘਟਨਾ ਵਿੱਚ ਜ਼ਖ਼ਮੀਆਂ ਦੇ ਇਲਾਜ ਲਈ ਦਵਾਈਆਂ, ਖਾਣ-ਪੀਣ ਅਤੇ ਹੋਰ ਲੋੜੀਂਦਾ ਖਰਚ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀਤਾ ਜਾਵੇਗਾ। ਡਿਪਟੀ ਕਮਿਸ਼ਨਰ ਵੱਲੋਂ ਪੀੜਤ ਪਰਿਵਾਰ ਨੂੰ ਭਰੋਸਾ ਦਿਵਾਇਆ ਗਿਆ ਕਿ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਨੂੰ ਬਣਦਾ ਮੁਆਵਜ਼ਾ ਵੀ ਦਿੱਤਾ ਜਾਵੇਗਾ। ਉਨ੍ਹਾਂ ਹਸਪਤਾਲ ਦੇ ਡਾਕਟਰਾਂ ਨੂੰ ਆਦੇਸ਼ ਦਿੱਤੇ ਕਿ ਜ਼ਖ਼ਮੀਆਂ ਦੇ ਇਲਾਜ ਲਈ ਕੋਈ ਕਸਰ ਨਾ ਛੱਡੀ ਜਾਵੇ। ਉਨ੍ਹਾਂ ਪੀੜਤ ਪਰਿਵਾਰ ਨਾਲ ਇਸ ਘਟਨਾ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਤੇ ਕਿਹਾ ਕਿ ਇਸ ਦੁੱਖ ਦੀ ਘੜੀ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਪੂਰੀ ਤਰ੍ਹਾਂ ਪੀੜਤ ਪਰਿਵਾਰ ਨਾਲ ਹੈ। 

Related Articles

Back to top button