ਪਿੰਡਾਂ ਵਿੱਚ ਖੇਡ ਗਤੀਵਿਧੀਆਂ ਨੂੰ ਉਤਸ਼ਾਹਤ ਕਰਨ ਲਈ 60 ਸਟੇਡੀਅਮ ਬਣਾਏ ਜਾਣਗੇ; ਨੋਂ ਸਟੇਡੀਅਮਾਂ ਦਾ ਕੰਮ ਹੋ ਚੁੱਕਿਆ ਹੈ ਸ਼ੁਰੂ
ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਨੇ ਸਾਰੇ ਛੇ ਬਲਾਕਾਂ ਵਿੱਚ 10-10 ਖੇਡ ਸਟੇਡੀਅਮ ਬਣਾਉਣ ਦੀ ਮੁਹਿੰਮ ਦੀ ਸ਼ੁਰੂਆਤ ਕੀਤੀ, ਵੱਡੀ ਗਿਣਤੀ ਵਿੱਚ ਲੋਕਾਂ ਨੂੰ ਮਨਰੇਗਾ ਤਹਿਤ ਰੁਜ਼ਗਾਰ ਦੇ ਮੌਕੇ ਵੀ ਮਿਲੇ
ਫਿਰੋਜ਼ਪੁਰ, 4 ਅਗਸਤ
ਜ਼ਿਲ੍ਹੇ ਵਿੱਚ ਖੇਡ ਗਤੀਵਿਧੀਆਂ ਨੂੰ ਉਤਸ਼ਾਹਤ ਕਰਨ ਲਈ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਵੱਲੋਂ ਇੱਕ ਵਿਸ਼ੇਸ਼ ਮੁਹਿੰਮ ਆਰੰਭੀ ਗਈ ਹੈ, ਜਿਸ ਤਹਿਤ ਜ਼ਿਲ੍ਹੇ ਵਿੱਚ 60 ਖੇਡ ਸਟੇਡੀਅਮ ਬਣਾਏ ਜਾਣਗੇ। ਇਹ ਜਾਣਕਾਰੀ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਰਵਿੰਦਰਪਾਲ ਸਿੰਘ ਸੰਧੂ ਨੇ ਦਿੱਤੀ। ਉਨ੍ਹਾਂ ਕਿਹਾ ਕਿ ਇਹ ਮੁਹਿੰਮ ਨੌਜਵਾਨਾਂ ਨੂੰ ਨਸ਼ਅਿਾਂ ਤੋਂ ਦੂਰ ਕਰਨ, ਖੇਡਾਂ ਨਾਲ ਜੁੜਨ ਅਤੇ ਉੱਭਰ ਰਹੇ ਖਿਡਾਰੀਆਂ ਨੂੰ ਇੱਕ ਮੰਚ ਪ੍ਰਦਾਨ ਕਰਨ ਲਈ ਆਰੰਭੀ ਗਈ ਹੈ। ਉਨ੍ਹਾਂ ਦੱਸਿਆ ਕਿ ਬਲਾਕ ਫਿਰੋਜ਼ਪੁਰ, ਘੱਲਖੁਰਦ, ਗੁਰੂਹਰਸਹਾਏ, ਜੀਰਾ, ਮਖੂ ਅਤੇ ਮਮਦੋਟ ਵਿੱਚ 10-10 ਖੇਡ ਸਟੇਡੀਅਮ ਤਿਆਰ ਕੀਤੇ ਜਾ ਰਹੇ ਹਨ। ਫਿਲਹਾਲ ਘੱਲਖੁਰਦ ਵਿੱਚ ਇੱਕ ਖੇਡ ਸਟੇਡੀਅਮ ਮੁਕੰਮਲ ਹੋ ਚੁੱਕਾ ਹੈ, ਉਸਾਰੀ ਦੇ ਕੰਮ ‘ਤੇ ਲਗਭਗ 35 ਲੱਖ ਰੁਪਏ ਖਰਚ ਕੀਤੇ ਗਏ ਹਨ।
ਇਸੇ ਤਰ੍ਹਾਂ ਘੱਲਖੁਰਦ ਬਲਾਕ ਵਿੱਚ ਤਿੰਨ, ਗੁਰੂਹਰਸਹਾਏ ਬਲਾਕ ਵਿੱਚ ਇੱਕ, ਜੀਰਾ ਬਲਾਕ ਵਿੱਚ ਇੱਕ ਅਤੇ ਮਮਦੋਟ ਬਲਾਕ ਵਿੱਚ ਤਿੰਨ ਖੇਡ ਸਟੇਡੀਅਮਾਂ ਦੀ ਉਸਾਰੀ ਕੀਤੀ ਜਾ ਰਹੀ ਹੈ। ਜਲਦੀ ਹੀ ਇਹ ਕੰਮ ਖ਼ਤਮ ਹੋ ਜਾਵੇਗਾ ਅਤੇ ਇਸ ਤੋਂ ਬਾਅਦ ਬਾਕੀ ਖੇਡ ਸਟੇਡੀਅਮ ਦਾ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ।
ਵਿਸਥਾਰਪੂਰਵਕ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫਸਰ ਸ੍ਰੀ ਹਰਜਿੰਦਰ ਸਿੰਘ ਨੇ ਕਿਹਾ ਕਿ ਇਹ ਸਟੇਡੀਅਮ ਨਾ ਸਿਰਫ ਪਿੰਡਾਂ ਵਿਚ ਖੇਡ ਗਤੀਵਿਧੀਆਂ ਨੂੰ ਉਤਸ਼ਾਹਤ ਕਰਨ ਅਤੇ ਉਭਰ ਰਹੇ ਖਿਡਾਰੀਆਂ ਨੂੰ ਪਲੇਟਫਾਰਮ ਮੁਹੱਈਆ ਕਰਵਾਉਣ ਲਈ ਵਰਦਾਨ ਸਿੱਧ ਹੋਣਗੇ, ਬਲਕਿ ਇਨ੍ਹਾਂ ਨਿਰਮਾਣ ਮਨਰੇਗਾ ਅਧੀਨ ਹੋਣ ਕਾਰਨ ਵੱੜੀ ਗਿਣਤੀ ਵਿੱਚ ਲੋਕਾਂ ਨੂੰ ਰੁਜ਼ਗਾਰ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਸਟੇਡੀਅਮਾਂ ਦੇ ਨਿਰਮਾਣ ਕਾਰਜਾਂ ਨੂੰ ਲੈ ਕੇ ਪਿੰਡਾਂ ਵਿੱਚ ਲੋਕਾਂ ਨੂੰ ਕੋਰੋਨਾ ਵਾਇਰਸ ਮਹਾਮਾਰੀ ਦੇ ਵਿੱਚ ਲੋਕਾਂ ਨੂੰ ਪਿੰਡਾਂ ਵਿੱਚ ਚੰਗੇ ਰੁਜ਼ਗਾਰ ਦੇ ਮੌਕੇ ਮਿਲ ਰਹੇ ਹਨ, ਜਿਸ ਨਾਲ ਉਨ੍ਹਾਂ ਨੂੰ ਇਸ ਬਿਮਾਰੀ ਦੇ ਪ੍ਰਕੋਪ ਵਿੱਚ ਕਾਫ਼ੀ ਰਾਹਤ ਮਿਲੀ ਹੈ।