
ਵਿਆਹ-ਸ਼ਾਦੀਆਂ ਦੀ ਭਾਜੀ ਤਿਆਰ ਕਰਨ ਵਾਲੀ ਜਗ੍ਹਾ ’ਤੇ ਫੂਡ ਸੇਫਟੀ ਵਿਭਾਗ ਵੱਲੋਂ ਸਖ਼ਤ ਕਾਰਵਾਈ ਦੀ ਤਿਆਰੀ, ਗੰਦਗੀ ਅਤੇ ਅਣਹਾਈਜੈਨਿਕ ਹਾਲਾਤਾਂ ’ਤੇ ਜਤਾਈ ਨਾਰਾਜ਼ਗੀ

ਵਿਆਹ-ਸ਼ਾਦੀਆਂ ਦੀ ਭਾਜੀ ਤਿਆਰ ਕਰਨ ਵਾਲੀ ਜਗ੍ਹਾ ’ਤੇ ਫੂਡ ਸੇਫਟੀ ਵਿਭਾਗ ਵੱਲੋਂ ਸਖ਼ਤ ਕਾਰਵਾਈ ਦੀ ਤਿਆਰੀ, ਗੰਦਗੀ ਅਤੇ ਅਣਹਾਈਜੈਨਿਕ ਹਾਲਾਤਾਂ ’ਤੇ ਜਤਾਈ ਨਾਰਾਜ਼ਗੀ
10-11-2026: ਫੂਡ ਸੇਫਟੀ ਵਿਭਾਗ ਵੱਲੋਂ ਇੱਕ ਅਜਿਹੀ ਜਗ੍ਹਾ ਦਾ ਨਿਰੀਖਣ ਕੀਤਾ ਗਿਆ, ਜਿੱਥੇ ਪੂਰੇ ਸ਼ਹਿਰ ਵਿੱਚ ਹੋਣ ਵਾਲੀਆਂ ਵਿਆਹ-ਸ਼ਾਦੀਆਂ ਅਤੇ ਹੋਰ ਸਮਾਗਮਾਂ ਲਈ ਭਾਜੀ ਤਿਆਰ ਕੀਤੀ ਜਾਂਦੀ ਹੈ। ਮੌਕੇ ’ਤੇ ਪਾਏ ਗਏ ਸਫ਼ਾਈ ਦੇ ਹਾਲਾਤ ਬੇਹੱਦ ਚਿੰਤਾਜਨਕ ਸਨ। ਰਸੋਈ ਅਤੇ ਖਾਣ-ਪੀਣ ਵਾਲੀਆਂ ਚੀਜ਼ਾਂ ਤਿਆਰ ਕਰਨ ਵਾਲੇ ਸਥਾਨ ’ਤੇ ਸਫ਼ਾਈ ਦੀ ਘਾਟ ਅਤੇ ਅਣਹਾਈਜੈਨਿਕ ਹਾਲਾਤ ਸਪੱਸ਼ਟ ਤੌਰ ’ਤੇ ਦੇਖਣ ਨੂੰ ਮਿਲੇ।
ਇਸ ਤੋਂ ਇਲਾਵਾ ਮੌਕੇ ’ਤੇ ਤੰਬਾਕੂ, ਬੀੜੀ ਅਤੇ ਸਿਗਰਟ ਆਦਿ ਦੀ ਵਰਤੋਂ ਵੀ ਕੀਤੀ ਜਾ ਰਹੀ ਸੀ, ਜੋ ਕਿ ਖਾਣ-ਪੀਣ ਵਾਲੀਆਂ ਵਸਤੂਆਂ ਦੀ ਤਿਆਰੀ ਵਾਲੀ ਜਗ੍ਹਾ ਲਈ ਬਹੁਤ ਹੀ ਗੰਭੀਰ ਅਤੇ ਅਸਵੀਕਾਰਯੋਗ ਲਾਪਰਵਾਹੀ ਹੈ।
ਵਿਭਾਗ ਵੱਲੋਂ ਸਪੱਸ਼ਟ ਕੀਤਾ ਗਿਆ ਕਿ ਵਿਆਹ-ਸ਼ਾਦੀਆਂ ਵਿੱਚ ਹਜ਼ਾਰਾਂ ਲੋਕਾਂ ਦੇ ਘਰਾਂ ਤੱਕ ਪਹੁੰਚਣ ਵਾਲੀ ਭਾਜੀ ਅਤੇ ਹੋਰ ਖੁਰਾਕੀ ਪਦਾਰਥਾਂ ਦੀ ਤਿਆਰੀ ਦੌਰਾਨ ਸਫ਼ਾਈ ਅਤੇ ਫੂਡ ਸੇਫਟੀ ਦੇ ਨਿਯਮਾਂ ਦੀ ਪਾਲਣਾ ਕਰਨਾ ਬਹੁਤ ਜ਼ਰੂਰੀ ਹੈ। ਅਜਿਹੀ ਲਾਪਰਵਾਹੀ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਦੇ ਬਰਾਬਰ ਹੈ।
ਫੂਡ ਸੇਫਟੀ ਵਿਭਾਗ ਵੱਲੋਂ ਸਬੰਧਤ ਇਕਾਈ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ ਅਤੇ ਅਣਹਾਈਜੈਨਿਕ ਹਾਲਾਤਾਂ ਸਬੰਧੀ ਚਲਾਨ ਵੀ ਜਾਰੀ ਕੀਤਾ ਜਾਵੇਗਾ। ਵਿਭਾਗ ਵੱਲੋਂ ਚਿਤਾਵਨੀ ਦਿੱਤੀ ਗਈ ਕਿ ਖਾਣ-ਪੀਣ ਵਾਲੀਆਂ ਵਸਤੂਆਂ ਤਿਆਰ ਕਰਨ ਵਾਲੇ ਕਿਸੇ ਵੀ ਅਦਾਰੇ ਵਿੱਚ ਸਫ਼ਾਈ ਨਾਲ ਸਮਝੌਤਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਫੂਡ ਸੇਫਟੀ ਵਿਭਾਗ ਨੇ ਸਮੂਹ ਕੈਟਰਿੰਗ ਯੂਨਿਟਾਂ, ਹਲਵਾਈਆਂ ਅਤੇ ਭਾਜੀ ਤਿਆਰ ਕਰਨ ਵਾਲਿਆਂ ਨੂੰ ਅਪੀਲ ਕੀਤੀ ਕਿ ਉਹ ਫੂਡ ਸੇਫਟੀ ਅਤੇ ਹਾਈਜੀਨ ਦੇ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਤਾਂ ਜੋ ਆਮ ਲੋਕਾਂ ਦੀ ਸਿਹਤ ਸੁਰੱਖਿਅਤ ਰਹਿ ਸਕੇ।




