Ferozepur News

ਜ਼ੀਰਾ ਸ਼ਰਾਬ ਫੈਕਟਰੀ ਮਾਮਲਾ: ਸਾਂਝਾ ਮੋਰਚਾ ਵੱਲੋਂ ਮੁੱਖ ਮੰਤਰੀ ਤੋਂ ਪੱਕਾ ਲਿਖਤੀ ਫੈਸਲਾ ਲਿਆਉਣ ਦੀ ਮੰਗ

ਜ਼ੀਰਾ ਸ਼ਰਾਬ ਫੈਕਟਰੀ ਮਾਮਲਾ: ਸਾਂਝਾ ਮੋਰਚਾ ਵੱਲੋਂ ਮੁੱਖ ਮੰਤਰੀ ਤੋਂ ਪੱਕਾ ਲਿਖਤੀ ਫੈਸਲਾ ਲਿਆਉਣ ਦੀ ਮੰਗ

ਜ਼ੀਰਾ ਸ਼ਰਾਬ ਫੈਕਟਰੀ ਮਾਮਲਾ: ਸਾਂਝਾ ਮੋਰਚਾ ਵੱਲੋਂ ਮੁੱਖ ਮੰਤਰੀ ਤੋਂ ਪੱਕਾ ਲਿਖਤੀ ਫੈਸਲਾ ਲਿਆਉਣ ਦੀ ਮੰਗ

ਫਿਰੋਜ਼ਪੁਰ, 4 ਸਤੰਬਰ 2026: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ 6 ਸਤੰਬਰ ਨੂੰ ਜ਼ੀਰਾ ਦੌਰੇ ਦੇ ਮੱਦੇਨਜ਼ਰ ਸਾਂਝਾ ਮੋਰਚਾ ਜ਼ੀਰਾ ਨੇ ਮੰਗ ਕੀਤੀ ਹੈ ਕਿ ਮੁੱਖ ਮੰਤਰੀ ਜ਼ੀਰਾ ਆਉਂਦੇ ਸਮੇਂ ਸ਼ਰਾਬ ਫੈਕਟਰੀ ਨੂੰ ਪੱਕੇ ਤੌਰ ’ਤੇ ਬੰਦ ਕਰਨ ਸਬੰਧੀ ਲਿਖਤੀ ਹੁਕਮ ਜਾਂ ਫੈਸਲਾ ਨਾਲ ਲੈ ਕੇ ਆਉਣ। ਇਹ ਮੰਗ ਅੱਜ ਸਾਂਝਾ ਮੋਰਚਾ ਜ਼ੀਰਾ ਦੀ ਹੋਈ ਅਹਿਮ ਮੀਟਿੰਗ ਦੌਰਾਨ ਉਠਾਈ ਗਈ।

ਮੋਰਚੇ ਦੇ ਆਗੂ ਰੋਮਨ ਬਰਾੜ ਨੇ ਕਿਹਾ ਕਿ ਜ਼ੀਰਾ ਅਤੇ ਆਸ-ਪਾਸ ਦੇ ਪਿੰਡਾਂ ਦੇ ਲੋਕ ਲੰਮੇ ਸਮੇਂ ਤੋਂ ਫੈਕਟਰੀ ਨੂੰ ਪੂਰਨ ਤੌਰ ’ਤੇ ਬੰਦ ਕਰਨ ਦੀ ਮੰਗ ਨੂੰ ਲੈ ਕੇ ਸੰਘਰਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਹੁਣ ਲੋਕਾਂ ਨੂੰ ਸਿਰਫ਼ ਬਿਆਨਾਂ ਅਤੇ ਵਾਅਦਿਆਂ ਦੀ ਬਜਾਏ ਫੈਕਟਰੀ ਦੀ ਪੱਕੀ ਬੰਦਸ਼ ਸਬੰਧੀ ਲਿਖਤੀ ਅਤੇ ਅੰਤਿਮ ਫੈਸਲਾ ਚਾਹੀਦਾ ਹੈ।

ਮੋਰਚੇ ਵੱਲੋਂ ਸਰਕਾਰ ਤੋਂ ਪ੍ਰਭਾਵਿਤ ਲੋਕਾਂ ਦੇ ਪੀਣ ਵਾਲੇ ਪਾਣੀ, ਸਿਹਤ ਅਤੇ ਕਥਿਤ ਨੁਕਸਾਨ ਸਬੰਧੀ ਚੁੱਕੇ ਜਾਣ ਵਾਲੇ ਠੋਸ ਕਦਮਾਂ ਬਾਰੇ ਵੀ ਸਪੱਸ਼ਟ ਜਵਾਬ ਮੰਗਿਆ ਗਿਆ। ਇਸ ਤੋਂ ਇਲਾਵਾ ਸਾਰੇ ਸਿਆਸੀ ਆਗੂਆਂ ਨੂੰ ਵੀ ਆਪਣਾ ਸਟੈਂਡ ਸਪੱਸ਼ਟ ਕਰਨ ਅਤੇ ਇਹ ਭਰੋਸਾ ਦੇਣ ਦੀ ਅਪੀਲ ਕੀਤੀ ਗਈ ਕਿ ਸੱਤਾ ਵਿੱਚ ਆਉਣ ਦੀ ਸੂਰਤ ਵਿੱਚ ਜ਼ੀਰਾ ਫੈਕਟਰੀ ਨੂੰ ਕਿਸੇ ਵੀ ਹਾਲਤ ਵਿੱਚ ਮੁੜ ਚੱਲਣ ਨਹੀਂ ਦਿੱਤਾ ਜਾਵੇਗਾ।

ਸਾਂਝਾ ਮੋਰਚਾ ਨੇ ਐਲਾਨ ਕੀਤਾ ਕਿ ਜਦੋਂ ਤੱਕ ਫੈਕਟਰੀ ਨੂੰ ਪੂਰਨ ਤੌਰ ’ਤੇ ਬੰਦ ਕਰਨ ਸਬੰਧੀ ਲਿਖਤੀ ਫੈਸਲਾ ਨਹੀਂ ਹੁੰਦਾ, ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ।

ਜ਼ਿਕਰਯੋਗ ਹੈ ਕਿ ਮਨਸੂਰਵਾਲ ਕਲਾਂ ਸਥਿਤ ਮਾਲਬਰੋਸ ਇੰਟਰਨੈਸ਼ਨਲ ਡਿਸਟਿਲਰੀ ਅਤੇ ਐਥਨਾਲ ਯੂਨਿਟ ਖ਼ਿਲਾਫ਼ ਸਾਂਝਾ ਮੋਰਚਾ ਜ਼ੀਰਾ ਦੀ ਅਗਵਾਈ ਹੇਠ ਸੰਘਰਸ਼ 24 ਜੁਲਾਈ 2022 ਨੂੰ ਸ਼ੁਰੂ ਹੋਇਆ ਸੀ। ਸਥਾਨਕ ਲੋਕਾਂ ਅਤੇ ਕਿਸਾਨਾਂ ਵੱਲੋਂ ਫੈਕਟਰੀ ਕਾਰਨ ਧਰਤੀ ਹੇਠਲੇ ਪਾਣੀ ਅਤੇ ਹਵਾ ਦੇ ਪ੍ਰਦੂਸ਼ਣ ਦੇ ਦੋਸ਼ ਲਗਾਏ ਗਏ ਸਨ। ਜਨਵਰੀ 2023 ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਯੂਨਿਟ ਬੰਦ ਕਰਨ ਦਾ ਐਲਾਨ ਕੀਤਾ ਸੀ ਅਤੇ ਬਾਅਦ ਵਿੱਚ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਇਸ ਨੂੰ ਚਲਾਉਣ ਲਈ ਸਹਿਮਤੀ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ। ਇਸ ਦੇ ਬਾਵਜੂਦ ਮੋਰਚਾ ਪੱਕੇ ਅਤੇ ਕਾਨੂੰਨੀ ਤੌਰ ’ਤੇ ਲਾਗੂ ਹੋਣ ਵਾਲੇ ਬੰਦਸ਼ ਦੇ ਹੁਕਮ ਅਤੇ ਵਾਤਾਵਰਣੀ ਨੁਕਸਾਨ ਸਬੰਧੀ ਕਾਰਵਾਈ ਦੀ ਮੰਗ ਕਰਦਾ ਆ ਰਿਹਾ ਹੈ। ਜ਼ੀਰਾ ਫੈਕਟਰੀ ਮਾਮਲੇ ਦੀ ਨੈਸ਼ਨਲ ਗ੍ਰੀਨ ਟ੍ਰਿਬਿਊਨਲ (ਐਨਜੀਟੀ) ਵਿੱਚ ਅਗਲੀ ਸੁਣਵਾਈ 11 ਸਤੰਬਰ 2026 ਨੂੰ ਨਿਰਧਾਰਤ ਹੈ।

ਮੀਟਿੰਗ ਵਿੱਚ ਰੋਮਨ ਬਰਾੜ, ਗੁਰਮੇਲ ਸਿੰਘ ਸਰਪੰਚ ਮਨਸੂਰਵਾਲ ਕਲਾਂ, ਪ੍ਰੀਤਮ ਸਿੰਘ ਮਹੀਆਂ ਵਾਲਾ ਕਲਾਂ, ਗੁਰਸੇਵਕ ਸਿੰਘ ਨੰਬਰਦਾਰ, ਬਚਿੱਤਰ ਸਿੰਘ ਮਨਸੂਰਵਾਲ ਕਲਾਂ, ਬਲਵਿੰਦਰ ਸਿੰਘ ਲੋਂਗੋ, ਸੇਵਾ ਮੰਨਾ ਸਿੰਘ, ਚੈਨ ਸਿੰਘ ਵਾੜਾ, ਹਰਮਨ ਸਿੰਘ ਰਟੌਲ ਰੋਹੀ, ਮੁਖਤਿਆਰ ਸਿੰਘ ਫੌਜੀ, ਬਾਬਾ ਮੁਲਤਾਨ ਸਿੰਘ, ਰੂਪ ਸਿੰਘ ਅਤੇ ਹੋਰ ਆਗੂ ਹਾਜ਼ਰ ਸਨ।

“ਲੋਕਾਂ ਦੇ ਹੱਕ ਅਤੇ ਸਾਫ਼ ਪਾਣੀ ਲਈ ਸੰਘਰਸ਼ ਜਾਰੀ ਰਹੇਗਾ,” ਸਾਂਝਾ ਮੋਰਚਾ ਨੇ ਕਿਹਾ।

Related Articles

Leave a Reply

Your email address will not be published. Required fields are marked *

Back to top button