Ferozepur News

ਭਾਸ਼ਾ ਵਿਭਾਗ, ਪੰਜਾਬ ਵੱਲੋਂ ਉਰਦੂ ਕੋਰਸ ਦਾ ਨਵਾਂ ਸੈਸ਼ਨ ਜੁਲਾਈ-2026 ਆਰੰਭ

 ਦਾਖਲਾ ਫਾਰਮ 30 ਜੂਨ ਤੱਕ ਜਮ੍ਹਾਂ ਕਰਵਾਏ ਜਾ ਸਕਦੇ ਹਨ – ਡਾ.ਜਗਦੀਪ ਸਿੰਘ ਸੰਧੂ

 

ਭਾਸ਼ਾ ਵਿਭਾਗ, ਪੰਜਾਬ ਵੱਲੋਂ ਉਰਦੂ ਕੋਰਸ ਦਾ ਨਵਾਂ ਸੈਸ਼ਨ ਜੁਲਾਈ-2026 ਆਰੰਭ

ਭਾਸ਼ਾ ਵਿਭਾਗ, ਪੰਜਾਬ ਵੱਲੋਂ ਉਰਦੂ ਕੋਰਸ ਦਾ ਨਵਾਂ ਸੈਸ਼ਨ ਜੁਲਾਈ-2026 ਆਰੰਭ

 ਦਾਖਲਾ ਫਾਰਮ 30 ਜੂਨ ਤੱਕ ਜਮ੍ਹਾਂ ਕਰਵਾਏ ਜਾ ਸਕਦੇ ਹਨ – ਡਾ.ਜਗਦੀਪ ਸਿੰਘ ਸੰਧੂ

ਫ਼ਿਰੋਜ਼ਪੁਰ, 10 ਜੂਨ, 2026: ਜ਼ਿਲ੍ਹਾ ਭਾਸ਼ਾ ਅਫ਼ਸਰ ਡਾ.ਜਗਦੀਪ ਸਿੰਘ ਸੰਧੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਭਾਸ਼ਾ ਦਫ਼ਤਰ, ਫ਼ਿਰੋਜ਼ਪੁਰ ਵਿਖੇ ਉਰਦੂ ਆਮੋਜ਼ ਸਿਖ਼ਲਾਈ ਕੋਰਸ ਸੈਸ਼ਨ ਜੁਲਾਈ 2026 ਤੋਂ ਦਸੰਬਰ 2026 ਲਈ ਦਾਖ਼ਲਾ ਆਰੰਭ ਹੋ ਚੁੱਕਿਆ ਹੈ, ਇਹ ਕੋਰਸ 6 ਮਹੀਨੇ ਦਾ ਹੈ। ਜਮਾਤ ਦਾ ਸਮਾਂ ਸ਼ਾਮ 05:15 ਵਜੇ ਤੋਂ 06:15 ਵਜੇ ਤੱਕ ਹੋਵੇਗਾ।

ਜ਼ਿਲ੍ਹਾ ਭਾਸ਼ਾ ਅਫ਼ਸਰ ਨੇ ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਉਰਦੂ ਭਾਸ਼ਾ ਸਿੱਖਣ ਦੇ ਚਾਹਵਾਨ 30 ਜੂਨ ਤੱਕ ਦਾਖਲਾ ਫਾਰਮ ਜਮ੍ਹਾਂ ਕਰਵਾ ਸਕਦੇ ਹਨ। ਇਸ ਕੋਰਸ ਵਿੱਚ ਦਾਖ਼ਲੇ ਲਈ ਯਕਮੁਸ਼ਤ ਫ਼ੀਸ 500/- ਰੁਪਏ ਦੇਣ ਯੋਗ ਹੈ। ਇਹ ਕੋਰਸ ਪੰਜਾਬੀ ਮਾਧਿਅਮ ਨਾਲ ਸਿਖਾਇਆ ਜਾਂਦਾ ਹੈ ਅਤੇ ਇਸ ਵਿੱਚ ਵਿਦਿਆਰਥੀ ਵਰਗ, ਸਰਕਾਰੀ ਕਰਮਚਾਰੀ, ਰਿਟਾਇਰੀ ਜਾਂ ਆਮ ਨਾਗਰਿਕ ਵੀ ਦਾਖ਼ਲਾ ਲੈ ਸਕਦੇ ਹਨ। ਇਸ ਸਿਖ਼ਲਾਈ ਕੋਰਸ ਲਈ ਕੋਈ ਵੀ ਉਮਰ, ਵਰਗ ਦਾ ਵਿਅਕਤੀ ਅਪਲਾਈ ਕਰ ਸਕਦੇ ਹਨ। ਇਸ ਕੋਰਸ ਨੂੰ ਕਰਨ ਦੇ ਚਾਹਵਾਨ ਵਿਅਕਤੀ ਆਪਣਾ ਫ਼ਾਰਮ ਦਫ਼ਤਰ ਦੇ ਪਤੇ ਜ਼ਿਲ੍ਹਾ ਭਾਸ਼ਾ ਦਫ਼ਤਰ, ਫ਼ਿਰੋਜ਼ਪੁਰ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਦੂਸਰੀ ਮੰਜ਼ਿਲ, ਬਲਾਕ-ਬੀ, ਕਮਰਾ ਨੰ. 208-210 ਫ਼ਿਰੋਜ਼ਪੁਰ ਛਾਉਣੀ ਤੋਂ ਕਿਸੇ ਵੀ ਕੰਮ-ਕਾਜ ਵਾਲੇ ਦਿਨ ਮੁਫ਼ਤ ਪ੍ਰਾਪਤ ਕਰ ਸਕਦੇ ਹਨ। ਫ਼ਾਰਮ ਭਰਨ ਸਮੇਂ ਸਿੱਖਿਆਰਥੀ ਆਪਣਾ ਆਧਾਰ ਕਾਰਡ, ਯੋਗਤਾ ਸਰਟੀਫ਼ਿਕੇਟ ਅਤੇ ਪਾਸਪੋਰਟ ਸਾਈਜ਼ ਫੋਟੋ ਲੈ ਕੇ ਭਰ ਸਕਦਾ ਹੈ। ਉਹਨਾਂ ਵੱਲੋਂ ਜ਼ਿਲ੍ਹੇ ਦੇ ਸਮੂਹ ਸਰਕਾਰੀ/ਪ੍ਰਾਈਵੇਟ ਅਦਾਰਿਆਂ ਦੇ ਕਰਮਚਾਰੀਆਂ ਅਤੇ ਵਿਦਿਆਰਥੀਆਂ ਨੂੰ ਵੀ ਇਸ ਕੋਰਸ ਦਾ ਲਾਭ ਉਠਾਉਣ ਲਈ ਅਪੀਲ ਕੀਤੀ ਗਈ। ਇਸ ਕੋਰਸ ਦੇ ਪੂਰੇ ਹੋਣ ਉਪਰੰਤ ਵਿਭਾਗੀ ਪ੍ਰੀਖਿਆ ਪਾਸ ਕਰਨ ਤੇ ਭਾਸ਼ਾ ਵਿਭਾਗ, ਪੰਜਾਬ ਵੱਲੋਂ ਪ੍ਰਮਾਣਿਤ ਸਰਟੀਫਿਕੇਟ ਦਿੱਤਾ ਜਾਂਦਾ ਹੈ। ਫਾਰਮ ਜਮਾਂ ਕਰਵਾਉਣ ਦੀ ਆਖਰੀ ਮਿਤੀ 30 ਜੂਨ, 2026 ਨਿਰਧਾਰਿਤ ਕੀਤੀ ਗਈ ਹੈ।

ਉਨ੍ਹਾਂ ਕਿਹਾ ਕਿ ਉਰਦੂ ਭਾਸ਼ਾ ਦਾ ਇਤਿਹਾਸ, ਸਾਹਿਤ ਅਤੇ ਸੱਭਿਆਚਾਰ ਵਿੱਚ ਇੱਕ ਬਹੁਤ ਹੀ ਮਹੱਤਵਪੂਰਨ ਅਤੇ ਵਿਲੱਖਣ ਸਥਾਨ ਹੈ। ਇਹ ਭਾਸ਼ਾ ਆਪਣੀ ਮਿਠਾਸ, ਨਫ਼ਾਸਤ (ਨਰਮੀ) ਅਤੇ ਤਹਿਜ਼ੀਬ ਲਈ ਪੂਰੀ ਦੁਨੀਆ ਵਿੱਚ ਜਾਣੀ ਜਾਂਦੀ ਹੈ। ਪੰਜਾਬ ਵਿੱਚ ਅੱਜ ਵੀ ਜ਼ਮੀਨ-ਜਾਇਦਾਦ ਦੇ ਪੁਰਾਣੇ ਸਰਕਾਰੀ ਰਿਕਾਰਡ, ਅਦਾਲਤੀ ਦਸਤਾਵੇਜ਼ ਅਤੇ ਪੁਰਾਣੀਆਂ ਇਤਿਹਾਸਕ ਲਿਖਤਾਂ ਉਰਦੂ ਵਿੱਚ ਹਨ। ਉਰਦੂ ਸਿੱਖ ਕੇ ਤੁਸੀਂ ਇਨ੍ਹਾਂ ਪੁਰਾਣੇ ਦਸਤਾਵੇਜ਼ਾਂ ਨੂੰ ਖ਼ੁਦ ਪੜ੍ਹ ਸਕਦੇ ਹੋ, ਜਿਸ ਦੀ ਵਕਾਲਤ, ਪੱਤਰਕਾਰੀ ਜਾਂ ਇਤਿਹਾਸ ਦੇ ਖੇਤਰ ਵਿੱਚ ਬਹੁਤ ਲੋੜ ਪੈਂਦੀ ਹੈ। ਕਈ ਵਿਭਾਗਾਂ, ਅਦਾਲਤਾਂ ਅਤੇ ਮਾਲ ਮਹਿਕਮੇ ਵਿੱਚ ਉਰਦੂ ਭਾਸ਼ਾ ਦਾ ਇਸਤੇਮਾਲ ਕੀਤਾ ਜਾਂਦਾ ਹੈ, ਬਤੌਰ ਅਨੁਵਾਦਕ ਕੰਮ ਦੇ ਨਵੇਂ ਸਾਧਨ ਵਜੋਂ ਵੀ ਉਰਦੂ ਭਾਸ਼ਾ ਬਹੁਤ ਸਹਾਈ ਹੋ ਸਕਦੀ ਹੈ। ਉਰਦੂ ਸਿੱਖਣਾ ਸਿਰਫ਼ ਇੱਕ ਭਾਸ਼ਾਈ ਗਿਆਨ ਨਹੀਂ, ਸਗੋਂ ਆਪਣੀ ਗੱਲਬਾਤ ਨੂੰ ਖ਼ੂਬਸੂਰਤ ਬਣਾਉਣ ਅਤੇ ਭਾਰਤੀ ਉਪਮਹਾਂਦੀਪ ਦੇ ਸਾਂਝੇ ਸੱਭਿਆਚਾਰ ਨੂੰ ਨੇੜਿਓਂ ਮਹਿਸੂਸ ਕਰਨ ਦਾ ਸਭ ਤੋਂ ਵਧੀਆ ਤਰੀਕਾ ਹੈ।

ਕੋਰਸ ਬਾਰੇ ਹੋਰ ਜਾਣਕਾਰੀ ਲਈ ਇਸ ਦਫ਼ਤਰ ਦੇ ਸ਼੍ਰੀ ਚੇਤਨ ਕੁਮਾਰ (ਕਲਰਕ) ਦੇ ਮੋਬਾਈਲ ਨੰਬਰ 90411-10786 ’ਤੇ ਸੰਪਰਕ ਕੀਤਾ ਜਾ ਸਕਦਾ ਹੈ।

Related Articles

Leave a Reply

Your email address will not be published. Required fields are marked *

Back to top button