ਗਗਨ ਮੈਡੀਕੋਜ਼ ਜ਼ੀਰਾ ਸੀਲ, ਜੋਨਲ ਲਾਇਸੰਸਿੰਗ ਅਥਾਰਟੀ ਵੱਲੋਂ ਗਗਨ ਮੈਡੀਕੋਜ਼ ਜ਼ੀਰਾ ਅਤੇ ਤੰਨੂ ਮੈਡੀਕੋਜ਼ ਲੱਖੋ ਕੇ ਬਹਿਰਾਮ ਦਾ ਲਾਇਸੈਂਸ ਕੀਤਾ ਰੱਦ

ਗਗਨ ਮੈਡੀਕੋਜ਼ ਜ਼ੀਰਾ ਸੀਲ, ਜੋਨਲ ਲਾਇਸੰਸਿੰਗ ਅਥਾਰਟੀ ਵੱਲੋਂ ਗਗਨ ਮੈਡੀਕੋਜ਼ ਜ਼ੀਰਾ ਅਤੇ ਤੰਨੂ ਮੈਡੀਕੋਜ਼ ਲੱਖੋ ਕੇ ਬਹਿਰਾਮ ਦਾ ਲਾਇਸੈਂਸ ਕੀਤਾ ਰੱਦ
ਫ਼ਿਰੋਜ਼ਪੁਰ, 27 ਨਵੰਬਰ 2025:ਡਰੱਗ ਕੰਟਰੋਲ ਅਫ਼ਸਰ ਸੋਨੀਆ ਗੁਪਤਾ ਨੇ ਦੱਸਿਆ ਕਿ ਜ਼ਿਲ੍ਹਾ ਮੈਜਿਸਟ੍ਰੇਟ ਫ਼ਿਰੋਜ਼ਪੁਰ ਦੇ ਹੁਕਮਾਂ ਦੀ ਉਲੰਘਣਾ ਕਰਨ ਕਾਰਨ ਜੀਰਾ ਬੱਸ ਅੱਡੇ ਦੇ ਸਾਹਮਣੇ ਸਥਿਤ ਮੈਸ. ਗਗਨ ਮੈਡੀਕੋਜ਼ ਨੂੰ ਤੁਰੰਤ ਪ੍ਰਭਾਵ ਨਾਲ ਜਨਹਿੱਤ ਵਿੱਚ ਸੀਲ ਕਰ ਦਿੱਤਾ ਗਿਆ ਹੈ ਅਤੇ ਸ਼੍ਰੀ ਲਖਵੰਤ ਸਿੰਘ, ਜੋਨਲ ਲਾਇਸੈਂਸਿੰਗ ਅਥਾਰਟੀ ਫ਼ਿਰੋਜ਼ਪੁਰ ਵੱਲੋਂ ਗਗਨ ਮੈਡੀਕੋਜ਼ ਦਾ ਲਾਇਸੈਂਸ ਰੱਦ ਕਰ ਦਿੱਤਾ ਗਿਆ ਹੈ।
ਡਰੱਗ ਕੰਟਰੋਲ ਅਫ਼ਸਰ ਸੋਨੀਆ ਗੁਪਤਾ ਨੇ ਇਸ ਸਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੈਸ ਗਗਨ ਮੈਡੀਕੋਜ਼ ਦੀ ਬੀਤੀ 3 ਅਕਤੂਬਰ ਨੂੰ ਜਾਂਚ ਕੀਤੀ ਗਈ। ਜਾਂਚ ਦੌਰਾਨ ਦੁਕਾਨ ਤੋਂ 1780 ਕੈਪਸੂਲ ਪ੍ਰੈਗਾਬਾਲਿਨ 300 ਮਿ.ਗ੍ਰਾ. ਅਤੇ 570 ਟੈਬਲੇਟ ਟੈਪੈਂਟਾਡੋਲ ਬਿਨਾਂ ਖਰੀਦ ਬਿੱਲਾਂ ਦੇ ਮਿਲੀਆਂ ਸੀ। ਜਿਨ੍ਹਾਂ ਦੀ ਕੁੱਲ ਕੀਮਤ 67,720/- ਰੁਪਏ ਬਣਦੀ ਹੈ। ਦੁਕਾਨ ਦੇ ਮਾਲਕ/ਇੰਚਾਰਜ ਵੱਲੋਂ ਖਰੀਦ ਬਿੱਲਾਂ ਪੇਸ਼ ਨਾ ਕਰਨ ਅਤੇ ਜ਼ਿਲ੍ਹਾ ਮੈਜਿਸਟ੍ਰੇਟ ਫ਼ਿਰੋਜ਼ਪੁਰ ਦੇ ਹੁਕਮਾਂ ਦੀ ਉਲੰਘਣਾ ਕਰਨ ਕਾਰਨ ਦੁਕਾਨ ਨੂੰ ਤੁਰੰਤ ਪ੍ਰਭਾਵ ਨਾਲ ਜਨਹਿੱਤ ਵਿੱਚ ਸੀਲ ਕਰ ਦਿੱਤਾ ਗਿਆ।
ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਡਰੱਗ ਐਕਟ ਦੀ ਉਲੰਘਣਾਂ ਕਾਰਨ ਜੋਨਲ ਲਾਈਸੈਂਸਿੰਗ ਅਥਾਰਟੀ ਵੱਲੋਂ ਤੰਨੂ ਮੈਡੀਕੋਜ਼ ਲੱਖੋ ਕੇ ਬਹਿਰਾਮ ਦਾ ਲਾਈਸੈਂਸ ਵੀ ਰੱਦ ਕੀਤਾ ਗਿਆ ਹੈ
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨਸ਼ਾਖੋਰੀ ਅਤੇ ਦਵਾਈਆਂ ਦੀ ਗੈਰ-ਕਾਨੂੰਨੀ ਵਿਕਰੀ ਖ਼ਿਲਾਫ਼ ਜ਼ੀਰੋ ਟਾਲਰੈਂਸ ਨੀਤੀ ‘ਤੇ ਕਾਇਮ ਹੈ ਅਤੇ ਭਵਿੱਖ ਵਿਚ ਵੀ ਇਨ੍ਹਾਂ ਕਾਰਵਾਈਆਂ ਨੂੰ ਹੋਰ ਸਖ਼ਤੀ ਨਾਲ ਜਾਰੀ ਰੱਖਿਆ ਜਾਵੇਗਾ।





