ਸਾਕਾ ਸ੍ਰੀ ਨਨਕਾਣਾ ਸਾਹਿਬ ਨੂੰ ਸਮਰਪਿਤ ਅਵਾਜ਼ ਏ ਪੰਥ ਸੰਮੇਲਨ ਹੋਇਆ ਆਯੋਜਿਤ।
ਸਾਕਾ ਸ੍ਰੀ ਨਨਕਾਣਾ ਸਾਹਿਬ ਨੂੰ ਸਮਰਪਿਤ ਅਵਾਜ਼ ਏ ਪੰਥ ਸੰਮੇਲਨ ਹੋਇਆ ਆਯੋਜਿਤ।
ਸਮੂੰਹ ਪੰਥ ਦਰਦੀ ਸਿੱਖਾਂ ਅਤੇ ਜੱਥੇਬੰਦੀਆਂ ਦੀ ਅਵਾਜ਼ ਪੰਥਕ ਤਾਲਮੇਲ ਸੰਗਠਨ ਵਲੋਂ ਸਾਕਾ ਸ੍ਰੀ ਨਨਕਾਣਾ ਸਾਹਿਬ ਨੂੰ ਸਮਰਪਿਤ ਸਲਾਨਾ ਅਵਾਜ਼ ਏ ਪੰਥ ਸੰਮੇਲਨ ਦਾ ਆਯੋਜਨ ਖਾਲਸਾ ਗੁਰਦੁਆਰਾ ਫਿਰੋਜਪੁਰ ਛਾਉਣੀ ਵਿਖੇ ਕੀਤਾ ਗਿਆ।
ਸੰਗਠਨ ਦੇ ਕਨਵੀਨਰ ਗਿਆਨੀ ਕੇਵਲ ਸਿੰਘ ਸਾਬਕਾ ਜੱਥੇਦਾਰ ਤਖਤ ਸ੍ਰੀ ਦਮਦਮਾ ਸਾਹਿਬ ਨੇ ਕਿਹਾ ਤਖਤ ਸਾਹਿਬਾਨ ਦੇ ਪ੍ਰਬੰਧ, ਕਾਰਜ-ਵਿਧੀ ਅਤੇ ਢੰਗ ਨੂੰ ਅੱਜ ਪੜਚੋਲਣ ਦੀ ਲੋੜ ਹੈ ਤਾਂ ਕਿ ਵਿਸ਼ਵ ਭਰ ਦੇ ਸਿੱਖਾਂ ਨੂੰ ਅਤੇ ਸਮੁੱਚੀ ਮਾਨਵਤਾ ਨੂੰ ਪਿਆਰ ਦੀ ਗਲਵਕੜੀ ਵਿਚ ਲਿਆ ਜਾ ਸਕੇ। ਉਨ੍ਹਾਂ ਕਿਹਾ ਕਿ ਸਿੱਖ ਵਿਦਿਅਕ ਅਤੇ ਧਾਰਮਿਕ ਸੰਸਥਾਵਾਂ ਦੇ ਸੁਚੱਜੇ ਪ੍ਰਬੰਧ ਅਤੇ ਸੁਧਾਰ ਲਈ ਪੀਰੀ ਦੇ ਸਿਧਾਂਤ ਨੂੰ ਸਨਮਾਨਯੋਗ ਸਥਾਨ ਦੇਣਾ ਹੋਵੇਗਾ। ਗੁਰੂ ਗ੍ਰੰਥ ਅਤੇ ਗੁਰੂ ਪੰਥ ਦੀ ਜੁਗਤ ਨਾਲ ਕੌਮ ਦੀ ਲਾਮਬੰਦੀ ਲਈ ਪਹਿਰੇਦਾਰੀ ਕਰਨੀ ਹੋਵੇਗੀ।
ਗਿਆਨੀ ਹਰਬੰਸ ਸਿੰਘ ਤੇਗ ਨੇ ਕਿਹਾ ਕਿ ਇੱਛਾਦਾਰੀ ਖਾਲਸੇ ਤੋਂ ਸੁਚੇਤ ਹੋਣ ਦੀ ਲੋੜ ਹੈ ਅਤੇ ਰੱਛਿਆਧਾਰੀ ਖਾਲਸੇ ਦੇ ਤਾਲਮੇਲ ਨਾਲ ਗੁਰਦੁਆਰਾ ਪ੍ਰਬੰਧ ਦੇ ਸੁਧਾਰ ਲਈ ਅੱਗੇ ਆਉਣਾ ਹੋਵੇਗਾ।
ਸ. ਜਸਵਿੰਦਰ ਸਿੰਘ ਐਡਵੋਕੇਟ ਅਕਾਲ ਪੁਰਖ ਕੀ ਫ਼ੌਜ ਨੇ ਕਿਹਾ ਕਿ ਪੰਥ ਅਤੇ ਰਾਸ਼ਟਰ ਦੀ ਪਰਿਭਾਸ਼ਾ ਦਾ ਠੇਕਾ ਸਰਕਾਰਾਂ ਕੋਲ ਹੈ ਅਤੇ ਭਾਵਨਾਵਾਂ ਦੀ ਤਰਜਮਾਨੀ ਕਰਨ ਵਾਲਿਆਂ ਨੂੰ ਦੇਸ਼-ਧ੍ਰੋਹੀ ਕਰਾਰ ਦੇਣ ਦਾ ਪ੍ਰਚਲੰਤ ਅੱਤ ਮੰਦਭਾਗਾ ਹੈ। ਅਤੀਤ ਵਿਚ ਹੋਏ ਸਰਬੱਤ ਖਾਲਸਾ ਦੇ ਨਾਮ ਉਤੇ ਅਤੇ ਢੰਗ ਉਪਰ ਮਤ-ਭੇਦ ਹੋ ਸਕਦੇ ਹਨ ਪਰ ਇਸ ਆੜ ਵਿਚ ਹੋ ਰਹੀਆਂ ਵਧੀਕੀਆਂ ਨੂੰ ਧੜੇਬੰਦੀਆਂ ਤੋਂ ਉਪਰ ਉੱਠ ਕੇ ਰੋਕਿਆ ਜਾਣਾ ਚਾਹੀਦਾ ਸੀ।
ਸ. ਹਰਜੀਤ ਸਿੰਘ ਮੁੱਖ ਸੰਪਾਦਕ ਸਿੱਖ ਫੁਲਵਾੜੀ ਨੇ ਕਿਹਾ ਕਿ ਇਹ ਕੌਮ ਦੀ ਬਦ-ਕਿਸਮਤੀ ਰਹੀ ਹੈ ਕਿ ਜਦੋਂ ਵੀ ਸਿੱਖ ਰਾਜ ਆਇਆ ਉਦੋਂ ਹੀ ਸਿੱਖ ਸਿਧਾਂਤ ਮਜਬੂਤ ਹੋਣ ਦੀ ਥਾਂ ਕਮਜੋਰ ਹੋਇਆ। ਪਰ ਪੰਥ-ਦਰਦੀ ਸਿੱਖਾਂ ਨੇ ਕਦੇ ਵੀ ਗੁਰਧਾਮਾਂ ਤੇ ਗੁਰਦੁਆਰਿਆਂ ਦੀ ਗੁਲਾਮੀ ਨੂੰ ਕਬੂਲ ਨਹੀ ਕੀਤਾ। ਜਿਸ ਦੀ ਬਦੌਲਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਹੋਂਦ ਵਿਚ ਆਏ। ਪਰ ਅੱਜ ਫਿਰ ਧਰਮ ਅਤੇ ਧਾਰਮਿਕ ਸੰਸਥਾਵਾਂ ਉਪਰ ਰਾਜਨੀਤੀ ਭਾਰੂ ਹੈ ਤਖਤਾਂ ਤੇ ਗੁਰਦੁਆਰਿਆਂ ਨੂੰ ਸੱਤਾਧਾਰੀ ਸਰਕਾਰਾਂ ਚਲਾ ਰਹੀਆਂ ਹਨ।
ਸ. ਜਸਪਾਲ ਸਿੰਘ ਨਾਭਾ ਸਾਹਿਬਜ਼ਾਦਾ ਜੁਝਾਰ ਸਿੰਘ ਗੁਰਮਤਿ ਮਿਸ਼ਨਰੀ ਕਾਲਜ ਨੇ ਕਿਹਾ ਕਿ ਪਰਿਵਾਰਿਕ ਸੰਪਰਕ ਮੁਹਿਮ ਰਾਹੀਂ ਘਰ ਘਰ ਸ਼ਬਦ ਗੁਰੂ ਦੇ ਸਿਧਾਂਤ ਨੂੰ ਪਹੁੰਚਾ ਕੇ ਜਾਗਰੂਕ ਕਰਕੇ ਧਾਰਮਿਕ ਅਤੇ ਸਿਆਸੀ ਪਰਿਵਰਤਨ ਲਈ ਕਾਰਜਸ਼ੀਲ ਹਾਂ ਅਤੇ ਵਚਨਬੱਧ ਹਾਂ।
ਮਾਸਟਰ ਗੁਰਚਰਨ ਸਿੰਘ ਬਸਿਆਲਾ ਨੇ ਕਿਹਾ ਕਿ ਸਿੱਖ ਜੱਥੇਬੰਦੀਆਂ ਦੇ ਮਜਬੂਤ ਤਾਲਮੇਲ ਨਾਲ ਮੀਰੀ ਪੀਰੀ ਦੇ ਸਿਧਾਂਤ ਨੂੰ ਉਭਾਰਨਾ ਹੈ। ਅਜ ਵਰਤਮਾਨ ਦੀ ਮੰਗ ਹੈ ਕਿ ਕੌਮ ਅਤੇ ਪੰਜਾਬ ਦੀ ਸਿਹਤਮੰਦੀ ਲਈ ਮਾਨਸਕਿ ਗੁਲਾਮੀ ਦਾ ਤਿਆਗ ਕਰਕੇ ਪੰਥ ਵਿਰੋਧੀ ਤਾਕਤਾਂ ਨੂੰ ਭਾਂਜ ਪਾਈਏ।
ਭਾਈ ਸਤਨਾਮ ਸਿੰਘ ਖੰਡਾ ਪੰਜ ਪਿਆਰੇ ਸ੍ਰੀ ਅਕਾਲ ਤਖਤ ਸਾਹਿਬ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਥਾਪਨਾ ਦੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਦਾ ਵਿਧਾਨ ਜਿਸ ਰੌਸ਼ਨੀ ਵਿਚ ਸਿਰਜਿਆ ਸੀ ਉਹ ਅੱਜ ਸੰਭਾਲਣ ਦੀ ਲੋੜ ਪੂਰੀ ਕੀਤੀ ਜਾਵੇਗੀ ਅਤੇ ਸ਼੍ਰੋਮਣੀ ਅਕਾਲੀ ਦਲ ਅਤੇ ਸੱਰਬਤ ਖਾਲਸਾ ਦੀ ਮੁੜ ਸੁਰਜੀਤੀ ਲਈ ਨਿਰਭਉ ਤੇ ਨਿਰਵੈਰ ਹੋ ਕੇ ਨਿਤਰਨਾ ਹੋਵੇਗਾ।
ਗਿਆਨੀ ਬਲਵੰਤ ਸਿੰਘ ਨੰਦਗੜ੍ਹ ਸਾਬਕਾ ਜੱਥੇਦਾਰ ਤਖਤ ਸ੍ਰੀ ਦਮਦਮਾ ਸਾਹਿਬ ਨੇ ਕਿਹਾ ਕਿ ਬੌਧਿਕ ਅੱਤਵਾਦ ਨੂੰ ਬਰਦਾਸ਼ਤ ਨਹੀ ਕੀਤਾ ਜਾਵੇਗਾ ਅਤੇ ਕੌਮੀ ਵਿਚਾਰਧਾਰਾ ਨੂੰ ਕਾਇਮ ਰੱਖਣ ਲਈ ਸਭ ਤੋਂ ਪਹਿਲਾਂ ਪੰਜਾਬ ਵਿਚ ਚੇਤਨਾ ਪੈਦਾ ਕੀਤੀ ਜਾਵੇਗੀ। ਸਿੱਖ ਨੌਜਵਾਨੀ ਨੂੰ ਸਰਕਾਰੀ ਸਰਪ੍ਰਸਤੀ ਵਾਲੇ ਕਲੱਬਾਂ ਦੀ ਥਾਂ ਗੁਰਦੁਆਰਿਆਂ ਨਾਲ ਜੋੜਿਆ ਜਾਵੇਗਾ।
ਭਾਈ ਸੁਖਜੀਤ ਸਿੰਘ ਖੋਸਾ ਨੇ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਕੁਰਬਾਨੀ ਤੋਂ ਬਾਅਦ ਅੱਜ ਫੈਸਲਾ ਸਿੱਖ ਸੰਗਤ ਦੇ ਹੱਥ ਆ ਚੁੱਕਾ ਹੈ। ਸਿੱਖ ਕੌਮ ਨੂੰ ਪੰਜ ਪਿਆਰੇ ਮਿਲ ਚੁੱਕੇ ਹਨ ਅਤੇ ਸੰਪ੍ਰਦਾਈ ਵਿਵਾਦਾਂ ਤੋਂ ਉਪਰ ਉੱਠ ਕੇ ਗੁਰੂ ਪੰਥ ਦੀ ਚੜਦੀਕਲਾ ਲਈ ਹੋਰ ਅੱਗੇ ਵੱਧਦੇ ਜਾਈਏ।
ਭਾਈ ਭਰਪੂਰ ਸਿੰਘ ਮੈਂਬਰ ਧਰਮ ਪ੍ਰਚਾਰ ਕਮੇਟੀ ਸ਼੍ਰੋਮਣੀ ਕਮੇਟੀ ਨੇ ਕਿਹਾ ਕਿ ਸਿਆਸੀ ਅਤੇ ਸੱਤਾ ਦੇ ਨਸ਼ੇ ਵਿਚ ਸਿੱਖੀ ਸਿਧਾਂਤਾਂ ਤੇ ਪਹਿਰੇਦਾਰੀ ਕਰ ਰਹੇ ਪੰਜ ਪਿਆਰਿਆਂ ਦੀ ਤੌਹੀਨ ਕਰਨ ਲਈ ਪੂਰੀ ਵਾਅ ਲਾਈ ਹੈ ਪਰ ਕੌਮ ਡੱਟ ਕੇ ਮੁਕਾਲਬਲਾ ਕਰ ਰਹੀ ਹੈ।
ਸਰਦਾਰਾ ਸਿੰਘ ਜੌਹਲ ਚਾਂਸਲਰ ਅਤੇ ਕਨਵੀਨਰ ਇੰਟਰਨੈਸ਼ਨਲ ਸਿੱਖ ਕਨਫੈਡਰੇਸ਼ਨ ਨੇ ਕਿਹਾ ਕਿ ਤਖਤ ਸਾਹਿਬਾਨ ਗੁਰਦੁਆਰਾ ਅਤੇ ਪੰਜ ਪਿਆਰੇ ਸੰਸਥਾਵਾਂ ਨੂੰ ਨਿਘਾਰ ਵਲ ਧੱਕਿਆ। ਜਿਨ੍ਹਾਂ ਨੂੰ ਸਿੱਖ ਸੰਗਤ ਪੰਜ ਪਿਆਰਿਆਂ ਦਾ ਮਾਣ ਬਖਸ਼ ਦੇਵੇ ਉਸ ਤੇ ਕਿੰਤੂ ਪ੍ਰੰਤੂ ਨਹੀ ਕੀਤਾ ਜਾ ਸਕਦਾ। ਕਿਉਂਕਿ ਉਨ੍ਹਾਂ ਨੂੰ ਪੰਜ ਪਿਆਰਿਆਂ ਦਾ ਨਾਮ ਦਿਤਾ ਗਿਆ ਹੈ। ਭਾਵੇਂ ਕਿਸੇ ਵੀ ਪ੍ਰਣਾਲੀ ਰਾਹੀਂ ਦਿਤਾ ਗਿਆ ਹੋਵੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਰਾਜਨੀਤਕ ਆਧਾਰ ਤੇ ਹੁੰਦੀ ਹੈ। ਇਸ ਸੰਸਥਾ ਉਪਰੋਂ ਰੁਹਾਨੀ ਰੰਗ ਰੁੜਦਾ ਜਾ ਰਿਹਾ ਹੈ। ਜੇਕਰ ਸ਼੍ਰੋਮਣੀ ਕਮੇਟੀ ਵਿਚ ਪਰਿਵਰਤਨ ਲਿਆਉਣਾ ਹੈ ਤਾਂ ਸੁਚੇਤ ਵੋਟਰ ਪੈਦਾ ਕਰਨਾ ਹੋਵੇਗਾ ਅਤੇ ਵੋਟ ਦਾ ਅਧਿਕਾਰ ਗੁਰੂ ਕੇ ਸਿੱਖ ਵਜੋਂ ਨਿਭਾਉਣਾ ਹੋਵੇਗਾ। ਵਰਤਮਾਨ ਚੋਣ ਪ੍ਰਣਾਲੀ ਅੰਦਰ ਸੁਚੇਤ ਵੋਟਰਾਂ ਵਲੋਂ ਚੁਣੀ ਕਮੇਟੀ ਵਿਸ਼ਵ ਭਰ ਦੇ ਵੱਖ ਵੱਖ ਖੇਤਰਾਂ ਦੇ ਮਾਹਿਰਾਂ ਦੀ ਸਾਂਝ ਨਾਲ ਕੌਮ ਨੂੰ ਪ੍ਰੋਗਰਾਮ ਦੇਵੇ ਅਤੇ ਅਗਵਾਈ ਕਰੇ। ਸਿੱਖ ਕੌਮ ਅਹਿਦ ਕਰੇ ਕਿ ਸਿੱਖ ਜਿੰਨੀ ਬੀੜੀ ਸਿਰਗੇਟ ਨਾਲ ਨਫਰਤ ਕਰਦਾ ਹੈ ਉਨੀ ਹੀ ਸ਼ਰਾਬ ਨਾਲ ਨਫਰਤ ਕਰੇ। ਸਿੱਖ ਅਨਪੜ੍ਹ ਨਹੀ ਹੁੰਦਾ ਹੈ ਅਤੇ ਨਾ ਹੀ ਅਨਪੜ੍ਹ ਰਹੇਗਾ।
ਡਾ. ਗੁਰਨਾਮ ਸਿੰਘ ਪ੍ਰਧਾਨ ਖਾਲਸਾ ਗੁਰਦੁਆਰਾ ਫਿਰੋਜਪੁਰ ਛਾਉਣੀ ਨੇ ਧੰਨਵਾਦ ਕਰਦਿਆਂ ਕਿਹਾ ਕਿ ਸਿੱਖ ਰਹਿਤ ਮਰਿਆਦਾ ਅਤੇ ਸਿੱਖੀ ਸੋਚ ਰਾਹੀਂ ਕੌਮ ਦੀ ਚੜਦੀਕਲਾ ਪੱਕੀ ਹੈ। ਇਸ ਮੌਕੇ ਸਿੱਖ ਕੌਮ ਦੇ ਨਿਆਰੇਪਨ ਅਤੇ ਵਿਲਖਣਤਾ ਦਾ ਪ੍ਰਤੀਕ ਮੂਲ ਨਾਨਕਸ਼ਾਹੀ ਕੈਲੰਡਰ ਜਾਰੀ ਕੀਤਾ ਗਿਆ।