Ferozepur News

ਕੌਮਾਂਤਰੀ ਔਰਤ ਦਿਵਸ ਤੇ ਲਾਲ ਸਿੰਘ ਸੁਲਹਾਣੀ ਦੀ ਕਲਮ ਤੋਂ – ਜਿਤੁ ਜੰਮਹਿ ਰਾਜਾਨ

ਕੌਮਾਂਤਰੀ ਔਰਤ ਦਿਵਸ ਤੇ ਲਾਲ ਸਿੰਘ ਸੁਲਹਾਣੀ ਦੀ ਕਲਮ ਤੋਂ - ਜਿਤੁ ਜੰਮਹਿ ਰਾਜਾਨ

ਕੌਮਾਂਤਰੀ ਔਰਤ ਦਿਵਸ ਤੇ ਲਾਲ ਸਿੰਘ ਸੁਲਹਾਣੀ ਦੀ ਕਲਮ ਤੋਂ – ਜਿਤੁ ਜੰਮਹਿ ਰਾਜਾਨ

ਔਰਤ ਤੇ ਮਰਦ ਮਨੁੱਖਤਾ ਦੇ ਦੋ ਮਹਤਵਪੂਰਣ ਅੰਗ ਹਨ। ਮਰਦ ਲੰਮੇ ਸਮੇਂ ਤੋਂ ਫਿਰਤੂ ਤੇ ਕਾਰੋਬਾਰੀ ਹੋਣ ਕਰਕੇ ਸਰੀਰਕ ਤੌਰ ਤੇ ਸ਼ਕਤੀਸ਼ਾਲੀ, ਕਠੋਰ, ਸਾਹਸੀ, ਦਲੇਰ, ਅਤੇ ਦ੍ਰਿੜ੍ਹ ਵਿਸ਼ਵਾਸੀ ਹੁੰਦਾ ਹੈ। ਜਦੋਂ ਕਿ ਔਰਤ ਗ੍ਰਹਿਣੀ ਹੋਣ ਕਰਕੇ ਕੋਮਲ ਦਿਲ, ਪਿਆਰ ਦਾ ਮੁਜੱਸਮਾ ਅਤੇ ਵਫ਼ਾਦਾਰੀ ਦੀ ਮੂਰਤ ਹੁੰਦੀ ਹੈ। ਔਰਤ ਸਮਾਜਿਕ ਉਸਾਰੀ ਅਤੇ ਸੰਸਾਰ ਉਤਪਤੀ ਦਾ ਅਟੁੱਟ ਅੰਗ ਹੈ।

ਜਦੋਂ ਮਨੁੱਖ ਜੰਗਲੀ ਜੀਵਨ ਬਤੀਤ ਕਰਦੇ ਸਨ ਉਸ ਸਮੇਂ ਮਰਦ ਸ਼ਿਕਾਰ ਕਰਦੇ ਸਨ ਜਾਂ ਕੰਦਮੂਲ ਆਦਿ ਇਕੱਠਾ ਕਰਦੇ ਸਨ ਤੇ ਇਸਤਰੀਆਂ ਗੁਫਾਵਾਂ ਜਾਂ ਕੰਦਰਾਂ ਵਿਚ ਰਹਿ ਕੇ ਮਰਦਾਂ ਦੁਆਰਾ ਮਾਰਕੇ ਲਿਆਂਦੇ ਸ਼ਿਕਾਰ, ਵਸਤੂਆਂ ਅਤੇ ਸੰਤਾਨ ਦੀ ਸੰਭਾਲ ਕਰਦੀਆਂ ਸਨ। ਇਸ ਤਰ੍ਹਾਂ ਔਰਤ ਨੂੰ ਮਰਦ ਤੇ ਨਿਰਭਰ ਰਹਿਣਾ ਪਿਆ ਤੇ ਮਰਦ ਨੇ ਹੌਲੀ ਹੌਲੀ ਉਸ ਨੂੰ ਗ਼ੁਲਾਮ ਸਮਝਣਾ ਸ਼ੁਰੂ ਕਰ ਦਿੱਤਾ। ਜੰਗਾਂ ਦੁਆਰਾ ਇਸਤਰੀਆਂ ਪ੍ਰਾਪਤ ਕੀਤੀਆਂ ਜਾਂਦੀਆਂ ਸਨ ਤਾਂ ਕਿ ਕਬੀਲਾ ਵਧੇ ਅਤੇ ਦੂਜੇ ਕਬੀਲੇ ਤੇ ਭਾਰੂ ਰਹਿ ਸਕੇ। ਇਸ ਤਰ੍ਹਾਂ ਕਈ ਵਾਰ ਤਾਂ ਜੰਗ ਵੀ ਇਸਤਰੀਆਂ ਕਰਕੇ ਹੀ ਹੁੰਦੇ ਸਨ।

ਪੂਰਵ ਆਰੀਆ ਕਾਲ ਵਿੱਚ ਭਾਰਤੀ ਔਰਤ ਨੂੰ ਸਤਿਕਾਰਯੋਗ ਸਥਾਨ ਦਿੱਤਾ ਜਾਂਦਾ ਰਿਹਾ ਹੈ। ਪਰ ਭਾਰਤ ਵਿਚ ਆਰੀਅਨ ਦੇ ਪ੍ਰਵੇਸ਼ ਅਤੇ ਕਬਜ਼ੇ ਉਪਰੰਤ ਔਰਤ ਨੂੰ ਬਹੁਤ ਨੀਵੀਂ ਅਤੇ ਘਟੀਆ ਸਮਝਕੇ ਦੁਰਕਾਰਿਆ ਅਤੇ ਤ੍ਰਿਸਕਾਰਿਆ ਗਿਆ। ਆਰੀਅਨ ਸਾਹਿਤ ( ਜਿਸ ਨੂੰ ਧਾਰਮਿਕ ਕਹਿ ਕੇ ਲੋਕਾਂ ਤੇ ਠੋਸਿਆ ਗਿਆ) ਵਿਚ ਔਰਤ ਨੂੰ ਬਹੁਤ ਜ਼ਲੀਲ ਕੀਤਾ ਗਿਆ। ਪ੍ਰਾਚੀਨ ਸਨਾਤਨੀ ਕਵੀਆਂ ਨੇ ਸ਼ੂਦਰ ( ਗੁਲਾਮ ਦ੍ਰਾਵਿੜ) ਲੋਕਾਂ ਦੀ ਦੁਰਦਸ਼ਾ ਕੀਤੀ ਹੈ ਉਵੇਂ ਹੀ ਇਸਤ੍ਰੀ ਨੂੰ ਨੀਚਾ ਦਿਖਾਉਣ ਵਿਚ ਕੋਈ ਕਸਰ ਨਹੀਂ ਛੱਡੀ। ਵੰਨਗੀ ਵਜੋਂ ਕੁਝ ਹਵਾਲੇ ਧਾਰਮਿਕ ਗ੍ਰੰਥਾਂ ਵਿੱਚੋਂ ਮੌਜੂਦ ਹਨ:
ਇਸਤਰੀਆਂ ਵਿਚ ਮੁਹੱਬਤ ਨਹੀਂ ਹੁੰਦੀ। ਇਨ੍ਹਾਂ ਦਾ ਦਿਲ ਲਕੜ ਬੱਘੇ (ਜੰਗਲੀ ਕੁੱਤੀ) ਦਾ ਹੁੰਦਾ ਹੈ।
( ਰਿਗ ਵੇਦ 10.95.15)
ਢੋਰ, ਗਵਾਰ, ਸੂਦਰ, ਅਰ ਨਾਰੀ।
ਏਹ ਸਭ ਤਾੜਨ ਕੇ ਅਧਿਕਾਰੀ।
(ਰਾਮ ਚਰਿਤ ਮਾਨਸ- ਤੁਲਸੀ ਦਾਸ)
“( ਸ੍ਰਿਸ਼ਟੀ ਰਚਨਾ ਸਮੇਂ) ਮਨੂ ਨੇ ਔਰਤ ਨੂੰ (ਭੋਗ ਲਈ) ਬਿਸਤਰਾ (ਉਹਨਾਂ ਵਾਸਤੇ) ਬੈਠਣ ਲਈ ਕੁਰਸੀ, ਟੂੰਬਾਂ, ਬੁਰੀਆਂ ਆਦਤਾਂ, ਇੰਦ੍ਰੀਆਂ ਦਾ ਅਨੰਦ ਅਤੇ ਬੁਰਾ ਚਾਲ ਚਲਣ ਹੀ ਦਿੱਤਾ ਹੈ।”
( ਮਨੂ ਸਿਮਰਤੀ 9.17)
” ਔਰਤ ਸੁੰਦਰਤਾ ਦੀ ਪ੍ਰਵਾਹ ਨਹੀਂ ਕਰਦੀ, ਨਾ ਉਮਰ ਦਾ ਹੀ ਖਿਆਲ ਕਰਦੀ ਹੈ (ਉਸ ਲਈ ਇਹ ਹੀ ਕਾਫੀ ਹੈ ਕਿ ਉਹ ਆਦਮੀ ਹੈ) ਖੂਬਸੂਰਤ ਜਾਂ ਬਦਸ਼ਕਲ ਦੀ ਪ੍ਰਵਾਹ ਨਾ ਕਰਦੀ ਹੋਈ ਉਹ ਆਪਣੇ ਆਪ ਨੂੰ ਉਸਦੇ ਹਵਾਲੇ ਕਰ ਦਿੰਦੀ ਹੈ।”
( ਮਨੂ ਸਿਮਰਤੀ 9.14)
“ਇਸਤਰੀ ਦੀ ਉਸਦੇ ਬਚਪਨ ਵਿਚ ਉਸਦਾ ਪਿਤਾ, ਜੁਆਨੀ ਵਿਚ ਉਸਦਾ ਪਤੀ ਅਤੇ ਬੁਢਾਪੇ ਵਿੱਚ ਉਸਦੇ ਪੁੱਤਰ ਨਿਗਰਾਨੀ ਕਰਨ। ਉਸਨੂੰ ਕਿਸੇ ਸਮੇਂ ਵੀ (ਜਨਮ ਤੋਂ ਮਰਨ ਤੱਕ) ਪੂਰਨ ਆਜ਼ਾਦੀ ਨਹੀਂ ਹੋਣੀ ਚਾਹੀਦੀ।”
(ਮਨੂ ਸਿਮਰਤੀ 9.13)
” ਵਿਧਵਾ ਦੀ ਉਸਦੇ ਮਰੇ ਹੋਏ ਪਤੀ ਦੇ ਭਰਾ ਨਾਲ ਜ਼ਬਰਦਸਤੀ ਚਾਦਰਦਾਰੀ ਕਰ ਦੇਣੀ ਚਾਹੀਦੀ ਹੈ ਅਤੇ ਉਹ ਵੀ ਉਸਦੇ ਮਰੇ ਹੋਏ ਪਤੀ ਦੀ ਲਾਸ਼ ਘਰੋਂ ਉਠਣ ਤੋਂ ਪਹਿਲਾਂ।”
( ਰਿਗ ਵੇਦ 10.18.8)
ਅਜਿਹਾ ਨਾ ਹੋਣ ਦੀ ਸੂਰਤ ਵਿੱਚ ਉਸਨੂੰ ਆਪਣੇ ਪਤੀ ਦੀ ਚਿਖ਼ਾ ਵਿਚ ਜੀਉਂਦਿਆਂ ਸੜ ਮਰਨ ਦਾ ਹੁਕਮ ਚਾੜ੍ਹਿਆ ਗਿਆ ਅਤੇ ਉਸਨੂੰ ਸਤੀ ਦਾ ਲਕਬ ਦਿੱਤਾ ਗਿਆ।
“ਜੇ ਕਿਸੇ ਉਚ ਜਾਤੀ ਦੇ ਹੱਥੋਂ ਕੋਈ ਇਸਤਰੀ ਜਾਂ ਸ਼ੂਦਰ ਜਾਂ ਕੋਈ ਕਾਰੀਗਰ ਮਰ ਜਾਵੇ ਤਾਂ ਉਸਨੂੰ ਚਾਹੀਦਾ ਹੈ ਕਿ ਉਹ ਪਰਜਾਪਤ ਵਰਤ ਰੱਖੇ ਤੇ 10-12 ਬਲਦ ਬ੍ਰਾਹਮਣਾਂ ਨੂੰ ਦਾਨ ਦੇ ਦੇਵੇ ਉਸਦਾ ਪਾਪ ਸਮਾਪਤ ਹੋ ਜਾਵੇਗਾ।”
( ਪ੍ਰਾਸ਼ਰ ਸਿਮਰਤੀ)
ਹਰ ਮਹੀਨੇ ਮਾਂਹਵਾਰੀ ਦੇ ਪਹਿਲੇ ਦਿਨ ਇਸਤਰੀ ਚੰਡਾਲਨੀ ਦੇ ਸਮਾਨ ਹੁੰਦੀ ਹੈ ਦੂਜੇ ਦਿਨ ਹਤਿਆਰੀ ਦੇ ਸਮਾਨ ਅਤੇ ਤੀਜੇ ਦਿਨ ਧੋਬਣ ਦੇ ਸਮਾਨ।”
(ਪਰਾਸ਼ਰ ਸਿਮਰਤੀ 1/20)
ਇਨ੍ਹਾਂ ਗ੍ਰੰਥਾਂ ਦੇ ਉਪਦੇਸ਼ਾਂ ਤੇ ਹਦਾਇਤਾਂ ਦਾ ਇਹ ਸਿੱਟਾ ਨਿਕਲਿਆ ਕਿ ਔਰਤ ਨੂੰ ਘਟੀਆ, ਨੀਚ, ਨਖਿਧ, ਨੀਵੀਂ, ਅਪਵਿੱਤਰ, ਹੀਣੀ ਅਤੇ ਅਬਲਾ ਸਮਝਿਆ ਜਾਣ ਲੱਗ ਪਿਆ। ਔਰਤ ਨੂੰ ਮਰਦ ਦੀ ਉਨਤੀ ਦੇ ਰਾਹ ਵਿੱਚ ਰੁਕਾਵਟ ਮੰਨ ਕੇ ਇਸ ਤੋਂ ਪਿਛਾ ਛੁਡਵਾਉਣ ਵਿਚ ਹੀ ਸਿਆਣਪ ਮੰਨੀ ਗਈ ਅਤੇ ਇਸ ਤਰ੍ਹਾਂ ਬਾਣ ਪ੍ਰਸਤੀ ਅਤੇ ਸੰਨਿਆਸ ਦੇ ਬਹਾਨੇ ਭਗੌੜਾਪਣ ਸ਼ੁਰੂ ਹੋ ਗਿਆ। ਇਸ ਲਈ ਪ੍ਰਾਚੀਨ ਸਾਹਿਤਕਾਰਾਂ ਨੇ ਔਰਤ ਜਾਤ ਨੂੰ ਵਧ ਤੋਂ ਵਧ ਛੁਟਿਆ ਕੇ ਉਸ ਪ੍ਰਤੀ ਘ੍ਰਿਣਾ ਪੈਦਾ ਕੀਤੀ। ਔਰਤ ਨੂੰ ਪੈਰ ਦੀ ਜੁੱਤੀ ਕਹਿ ਕੇ ਮਧੋਲਿਆ ਗਿਆ। ਮੱਖੀ, ਮੱਛੀ ਇਸਤਰੀ ਤਿੰਨੇ ਜਾਤ ਕੁਜਾਤ ਕਹਿ ਕੇ ਭੰਡਿਆ ਗਿਆ।
‘ ਇਸਤਰੀਆਂ ਪਾਪ ਜੋਨੀ ਹਨ’ ਕਹਿ ਕੇ ਤ੍ਰਿਸਕਾਰਿਆ ਗਿਆ। ਬਾਘਣਿ, ਭੰਡਿ, ਸਰਪਣੀ ਅਤੇ ਵਿਸ਼ ਗੰਦਲਾਂ ਕਹਿ ਕੇ ਨਫ਼ਰਤ ਪੈਦਾ ਕੀਤੀ ਗਈ। ਏਸੇ ਕਰਕੇ ਅੱਜ ਵੀ ਕੁੜੀ ਦੇ ਜਨਮ ਸਮੇਂ ਸੋਗ ਮਨਾਇਆ ਜਾਂਦਾ ਹੈ। ਜਦੋਂ ਕਿ ਮੁੰਡੇ ਦੇ ਜਨਮ ਸਮੇਂ ਖੂਬ ਜਸ਼ਨ ਮਨਾਏ ਜਾਂਦੇ ਹਨ, ਵਧਾਈਆਂ ਦਿਤੀਆਂ ਜਾਂਦੀਆਂ ਹਨ। ਲੜਕੀ ਨੂੰ ਪੱਥਰ ਮੱਥੇ ਵਜਿਆ ਕਹਿ ਕੇ ਜਨਮ ਤੋਂ ਹੀ ਨਫ਼ਰਤ ਕੀਤੀ ਜਾਂਦੀ ਹੈ। ਉਸਨੂੰ ਨਿਮਾਣੀ, ਨਿਰਬਲ ਤੇ ਅਬਲਾ ਕਹਿ ਕੇ ਉਸ ਵਿਚ ਹੀਣਤਾਭਾਵ ਪੈਦਾ ਕੀਤਾ ਜਾਂਦਾ ਹੈ।

ਜਗਤ ਗੁਰੂ ਬਾਬੇ ਨਾਨਕ ਨੇ ਇਸਤਰੀ ਦੀ ਇਸ ਹੋ ਰਹੀ ਅਧੋਗਤੀ ਵਿਰੁੱਧ ਅੱਜ ਤੋਂ ਸਾਢੇ ਪੰਜ ਸਦੀਆਂ ਪਹਿਲਾਂ ਜ਼ੋਰਦਾਰ ਆਵਾਜ਼ ਬੁਲੰਦ ਕਰਕੇ ਔਰਤ ਨੂੰ ਬਰਾਬਰਤਾ ਦਾ ਦਰਜਾ ਦੇਣ ਦੀ ਪੁਰਜ਼ੋਰ ਵਕਾਲਤ ਕੀਤੀ ਅਤੇ ਇਸਤਰੀ ਨਿੰਦਕਾਂ ਨੂੰ ਗਰਜਵੀਂ ਆਵਾਜ਼ ਵਿਚ ਵੰਗਾਰਿਆ:
।। ਮ:੧।। ਭੰਡਿ ਜੰਮੀਐ ਭੰਡਿ ਨਿੰਮੀਐ ਭੰਡਿ ਮੰਗਣੁ ਵੀਆਹੁ।।
ਭੰਡਹੁ ਹੋਵੈ ਦੋਸਤੀ ਭੰਡੈ ਚਲੈ ਰਾਹੁ।।
ਭੰਡੁ ਮੁਆ ਭੰਡੁ ਭਾਲੀਐ ਭੰਡਿ ਹੋਵੈ ਬੰਧਾਨੁ।। ਸੋ ਕਿਉਂ ਮੰਦਾ ਆਖੀਐ ਜਿਤ ਜੰਮਹਿ ਰਾਜਾਨ।।
(ਗੁਰੂ ਗ੍ਰੰਥ ਸਾਹਿਬ ਜੀ ਰਾਗ ਆਸਾ
ਅੰਗ ੪੭੩)
ਇਹ ਪਵਿੱਤਰ ਸ਼ਬਦ ਉਹਨਾਂ ਲੋਕਾਂ ਦੇ ਗ਼ਲਤ ਖਿਆਲ ਨੂੰ ਭੰਡਦੇ ਹਨ ਜੋ ਇਹ ਮੰਨਦੇ ਹਨ ਕਿ ਇਸਤ੍ਰੀ ਅਪਵਿੱਤਰ ਹੈ ਤੇ ਮਰਦ ਜਾਤ ਤੋਂ ਨੀਵਾਂ ਦਰਜਾ ਰੱਖਦੀ ਹੈ। ਗੁਰੂ ਸਾਹਿਬ ਠੋਸ ਦਲੀਲ ਦਿੰਦੇ ਹਨ ਕਿ ਇਸਤ੍ਰੀ ਤੋਂ ਹੀ ਜਨਮ ਲਈਦਾ ਹੈ, ਇਸਤ੍ਰੀ ਦੇ ਪੇਟ ਵਿੱਚ ਹੀ ਪ੍ਰਾਣੀ ਪਲਦਾ ਜਾਂ ਬਣਦਾ ਹੈ। ਪੁਰਖ ਦੀ ਇਸਤ੍ਰੀ ਨਾਲ ਕੁੜਮਾਈ ਹੁੰਦੀ ਹੈ, ਇਸਤਰੀ ਨਾਲ ਵਿਆਹ ਹੁੰਦਾ ਹੈ। ਇਸ ਨਾਲ ਹੀ ਜਗਤ ਵਿੱਚ ਭਾਈਚਾਰਾ ਚਲਦਾ ਹੈ। ਇਸਤ੍ਰੀ ਰਾਹੀਂ ਹੀ ਮਨੁੱਖਤਾ ਦਾ ਘਰ ਬੱਝਦਾ ਹੈ ਤੇ ਹੋਰ ਰਿਸ਼ਤੇਦਾਰੀਆਂ ਕਾਇਮ ਹੁੰਦੀਆਂ ਹਨ। ਜਿਸ ਇਸਤ੍ਰੀ ਤੋੱ ਸੰਸਾਰ ਦੇ ਮਹਾਂਪੁਰਖਾਂ ਅਤੇ ਏਥੋਂ ਤਕ ਸਰਬ ਸ੍ਰੇਸ਼ਟ ਅਖਵਾਉਣ ਵਾਲੇ ਰਾਜਿਆਂ ਮਹਾਰਾਜਿਆਂ ਨੇ ਜਨਮ ਲਿਆ ਹੈ ਉਸਨੂੰ ਮਾੜਾ ਕਿਉਂ ਕਿਹਾ ਜਾਵੇ।

ਗੁਰੂ ਨਾਨਕ ਜੀ ਅਨੁਸਾਰ ਇਸਤ੍ਰੀ ਨੂੰ ਮਾੜਾ ਜਾਂ ਨੀਵਾਂ ਸਮਝਣ ਦਾ ਸਿਧਾਂਤ ਮੁਢੋਂ ਹੀ ਗ਼ਲਤ ਹੈ। ਸਤੀ ਦੀ ਰਸਮ ਨੂੰ ਸ਼ਹਿ ਦੇ ਕੇ ਭਾਰਤੀ ਸਮਾਜ ਅੰਦਰ ਔਰਤ ਨੂੰ ਹੋਰ ਜ਼ਲੀਲ ਕੀਤਾ ਜਾਂਦਾ ਰਿਹਾ ਹੈ। ਇਸਤ੍ਰੀਆਂ ਨੂੰ ਦੇਵ ਦਾਸੀਆਂ ਬਣਾ ਕੇ ਉਹਨਾਂ ਨੂੰ ਪੁਜਾਰੀਆਂ ਨੂੰ ਖੁਸ਼ ਕਰਨ ਅਤੇ ਉਹਨਾਂ ਪੁਜਾਰੀਆਂ ਦੇ ਰਹਿਮੋ ਕਰਮ ਤੇ ਜਿਉਣ ਲਈ ਮਜ਼ਬੂਰ ਕੀਤਾ ਗਿਆ। ਇਸਤ੍ਰੀ ਦੀ ਗੁਲਾਮੀ ਦੇ ਚਿੰਨ੍ਹ ਘੁੰਡ, ਪਰਦਾ, ਅਤੇ ਸਤੀ ਦੀ ਰਸਮ ਦੀ ਗੁਰੂ ਅਮਰ ਦਾਸ ਜੀ ਨੇ ਜ਼ੋਰਦਾਰ ਵਿਰੋਧਤਾ ਕੀਤੀ। ਗੁਰੂ ਗੋਬਿੰਦ ਸਿੰਘ ਜੀ ਨੇ ਗੈਰ ਬਰਾਬਰੀ ਦੇ ਅੰਤ ਲਈ ਅਕਸੀਰ ਦੁਆਈ ਅੰਮ੍ਰਿਤ ਦੀ ਤਿਆਰੀ ਸਮੇਂ ਮਾਤਾ ਸਾਹਿਬ ਕੌਰ ਤੋਂ ਬਾਟੇ ਵਿਚ ਪਤਾਸੇ ਪੁਆ ਕੇ ਨਾ ਸਿਰਫ ਔਰਤ ਦੀ ਮਹਾਨਤਾ ਨੂੰ ਹੀ ਸਵੀਕਾਰਿਆ ਬਲਕਿ ਉਸਨੂੰ ਯੋਗ ਆਦਰ ਵੀ ਦਿਤਾ। ਇਹ ਹੀ ਕਾਰਨ ਹੈ ਕਿ ਇਤਿਹਾਸ ਵਿਚ ਪਹਿਲੀ ਵਾਰ ਇਸਤਰੀਆਂ ਨੇ ਮਹਾਨ ਕਾਰਨਾਮੇ ਕਰ ਦਿਖਾਏ ਤੇ ਇਹ ਕਥਨ ਸਚ ਸਾਬਤ ਕਰ ਦਿਤਾ ਕਿ ਕਿਸੇ ਮਹਾਨ ਮਨੁੱਖ ਦੀ ਮਹਾਨਤਾ ਪਿੱਛੇ ਕਿਸੇ ਨਾ ਕਿਸੇ ਇਸਤਰੀ ਦਾ ਹੱਥ ਹੁੰਦਾ ਹੈ।

ਬੇਬੇ ਨਾਨਕੀ, ਮਾਤਾ ਖੀਵੀ, ਬੀਬੀ ਭਾਨੀ, ਮਾਂ ਗੁਜਰੀ, ਬੀਬੀ ਲਾਜਵੰਤੀ (ਮਾਤਾ ਪ੍ਰੇਮੋ), ਬੀਬੀ ਸ਼ਰਨ ਕੌਰ, ਬੀਬੀ ਅਨੂਪ ਕੌਰ, ਬੀਬੀ ਦੀਪ ਕੌਰ ਵਰਗੀਆਂ ਸਖਸ਼ੀਅਤਾਂ ਨੇ ਆਦਰਸ਼ ਸਮਾਜ ਦੀ ਉਸਾਰੀ ਵਿਚ ਮਹੱਤਵਪੂਰਨ ਯੋਗਦਾਨ ਪਾਇਆ ਪ੍ਰੰਤੂ ਫੇਰ ਵੀ ਸਮਾਜ ਵਿਚ ਔਰਤ ਨੂੰ ਬਰਾਬਰੀ ਵਾਲਾ ਦਰਜਾ ਅਜੇ ਤੱਕ ਵੀ ਨਸੀਬ ਨਹੀਂ ਹੋ ਸਕਿਆ।

ਉਨ੍ਹੀਵੀਂ ਸਦੀ ਦੇ ਯੁੱਗ ਪੁਰਸ਼ ਤੇ ਮਹਾਨ ਕ੍ਰਾਂਤੀਕਾਰੀ ਮਹਾਤਮਾ ਜੋਤੀ ਬਾ ਫੂਲੇ ਨੇ ਨਵੇਂ ਸਿਰਿਉਂ ਸਮਾਜਕ ਇਨਕਲਾਬ ਲਈ ਜਦੋਜਹਿਦ ਸ਼ੁਰੂ ਕੀਤੀ ਅਤੇ ਔਰਤ ਦੀ ਆਜ਼ਾਦੀ ਲਈ ਜ਼ਬਰਦਸਤ ਅੰਦੋਲਨ ਛੇੜਿਆ। ਸਮਾਜ ਦੇ ਠੇਕੇਦਾਰਾਂ ਤੇ ਇਸਤਰੀ ਨਿੰਦਕਾਂ ਨੇ ਇਸਤਰੀ ਵਿੱਦਿਆ ਦਾ ਵਿਰੋਧ ਕੀਤਾ ਪਰ ਮਾਨਵ ਹਿਤੈਸ਼ੀ ਮਹਾਤਮਾ ਜੋਤੀ ਬਾ ਫੂਲੇ ਨੇ ਹਰ ਵਿਰੋਧ ਦੇ ਬਾਵਜੂਦ ਆਪਣੀ ਸੁਪਤਨੀ ਬੀਬੀ ਸਵਿਤਰੀ ਬਾਈ ਫੂਲੇ ਨੂੰ ਭਾਰਤ ਦੀ ਪਹਿਲੀ ਅਧਿਆਪਕਾ ਵਜੋਂ ਉਭਾਰ ਕੇ ਇਸਤਰੀ ਨਿੰਦਕਾਂ ਨੂੰ ਕਰਾਰੀ ਹਾਰ ਦਿੱਤੀ ਅਤੇ ਔਰਤ ਦੀ ਤਰੱਕੀ ਅਤੇ ਬਰਾਬਰਤਾ ਦੇ ਰਸਤੇ ਖੋਲ੍ਹ ਦਿਤੇ।
ਵੀਹਵੀਂ ਸਦੀ ਦੇ ਮਹਾਨ ਚਿੰਤਕ, ਵਿਸ਼ਵ ਰਤਨ ਅਤੇ ਗਿਆਨ ਦੇ ਪ੍ਰਤੀਕ ਵਜੋਂ ਜਾਣੇ ਜਾਂਦੇ ਮਹਾਨ ਯੁਗ ਪੁਰਸ਼ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਨੇ ਸਦੀਆਂ ਤੋਂ ਮਿੱਧੀ ਮਧੋਲੀ ਜਾ ਰਹੀ ਨੀਵੀਂ ਤੇ ਅਬਲਾ ਸਮਝੀ ਜਾਂਦੀ ਭਾਰਤੀ ਨਾਰੀ ਨੂੰ ਕਾਨੂੰਨੀ ਤੌਰ ਤੇ ਮਾਨਤਾ ਤੇ ਹੱਕ ਦਿਵਾਉਣ ਲਈ ਲੱਗਭਗ 40 ਵਰ੍ਹੇ ਸੰਘਰਸ਼ ਕੀਤਾ। ਜਿਸਦੇ ਫਲਸਰੂਪ ਘਰੇਲੂ ਚਾਰਦੀਵਾਰੀ ਦੀ ਕੈਦ ਵਿੱਚੋਂ ਨਿਕਲ ਕੇ ਇਸਤਰੀ ਅੱਜ ਜ਼ਿੰਦਗੀ ਦੇ ਹਰ ਖੇਤਰ ਵਿੱਚ ਮੱਲਾਂ ਮਾਰ ਰਹੀ ਹੈ। ਪੈਰ ਦੀ ਜੁੱਤੀ ਵਜੋਂ ਜਾਣੀ ਜਾਂਦੀ ਔਰਤ ਅੱਜ ਸਫਲ ਜੱਜ, ਡਾਕਟਰ, ਅਧਿਕਾਰੀ ਅਤੇ ਰਾਜਨੀਤੀਵਾਨ ਦੇ ਰੂਪ ਵਿੱਚ ਮਰਦ ਦੇ ਮੋਢੇ ਨਾਲ ਮੋਢਾ ਜੋੜ ਕੇ ਚੱਲਣ ਦੇ ਸਮਰਥ ਹੋ ਚੁੱਕੀ ਹੈ ਤੇ ਕਈ ਖੇਤਰਾਂ ਵਿੱਚ ਤਾਂ ਮਰਦਾਂ ਨੂੰ ਪਿੱਛੇ ਵੀ ਧੱਕ ਰਹੀ ਹੈ। ਮਸਲਾ ਤਾਂ ਸਿਰਫ ਮੌਕਿਆਂ ਦੀ ਪ੍ਰਾਪਤੀ ਦਾ ਹੈ। ਇਥੋਂ ਤੱਕ ਕਿ ਵਿਧਵਾ ਔਰਤ ਜਿਸਨੂੰ ਸਨਾਤਨੀ ਸ਼ਾਸਤਰਾਂ ਅਨੁਸਾਰ ਮਨਹੂਸ, ਕਲੰਕਣੀ, ਕੁਲਹਿਣੀ ਤੇ ਚੰਡਾਲਣੀ ਕਹਿ ਕਿ ਤ੍ਰਿਸਕਾਰਿਆ ਜਾਂਦਾ ਸੀ ਤੇ ਉਸਦੇ ਮੱਥੇ ਲੱਗਣ ਤੋਂ ਵੀ ਗੁਰੇਜ਼ ਕੀਤਾ ਜਾਂਦਾ ਸੀ ਉਸਨੂੰ ਬਾਬਾ ਸਾਹਿਬ ਅੰਬੇਡਕਰ ਦੀ ਕ੍ਰਿਪਾ ਸਦਕਾ ਭਾਰਤ ਦੀ ਪਹਿਲੀ ਇਸਤਰੀ ਪ੍ਰਧਾਨ ਮੰਤਰੀ ਹੋਣ ਦਾ ਮਾਣ ਪ੍ਰਾਪਤ ਹੋ ਸਕਿਆ।

ਬੇਸ਼ਕ ਅੱਜ ਬਾਬਾ ਸਾਹਿਬ ਦੁਆਰਾ ਰਚਿਤ ਸੰਵਿਧਾਨ ਅਨੁਸਾਰ ਇਸਤਰੀ ਬਰਾਬਰਤਾ ਦੀ ਅਧਿਕਾਰੀ ਹੈ ਪਰੰਤੂ ਅਮਲੀ ਤੌਰ ਤੇ ਉਸਨੂੰ ਅੱਜ ਵੀ ਅਬਲਾ ਤੇ ਗ਼ੁਲਾਮ ਹੀ ਸਮਝਿਆ ਜਾਂਦਾ ਹੈ। ਮੱਧ ਤੇ ਨਿਮਨ ਵਰਗ ਵਿਚ ਤਾਂ ਔਰਤ ਦੀ ਹਾਲਤ ਹੋਰ ਵੀ ਤਰਸਯੋਗ ਹੈ। ਕਾਮਪੂਰਤੀ ਦਾ ਸਾਧਨ ਸਮਝ ਕੇ ਔਰਤਾਂ ਨਾਲ ਕੀਤੇ ਜਾਂਦੇ ਬਲਾਤਕਾਰ ਆਮ ਜਿਹੀ ਗੱਲ ਬਣ ਕੇ ਰਹਿ ਗਈ ਹੈ। ਇਕ ਸਰਵੇਖਣ ਮੁਤਾਬਕ 20 ਲੱਖ ਇਸਤਰੀਆਂ ਜਿਸਮ ਫਰੋਸ਼ੀ ਲਈ ਕੋਠਿਆਂ ਤੇ ਬਹਿਣ ਲਈ ਮਜ਼ਬੂਰ ਹਨ, ਜੋ ਕਿ ਮਰਦ ਪ੍ਰਧਾਨ ਸਮਾਜ ਦੇ ਮੱਥੇ ਤੇ ਬੜਾ ਵੱਡਾ ਕਲੰਕ ਹੈ। ਘੁੰਡ , ਰੱਖੜੀ , ਟਿੱਕਾ, ਵਰਤ, ਕਰਵਾ ਚੌਥ ਤੇ ਦਹੇਜ ਵਰਗੀਆਂ ਸਮਾਜਿਕ ਬੁਰਾਈਆਂ ਰਾਹੀਂ ਔਰਤ ਨੂੰ ਅਬਲਾ ਤੇ ਹੀਣੀ ਹੋਣ ਦਾ ਅਹਿਸਾਸ ਬਾਰ ਬਾਰ ਕਰਵਾਇਆ ਜਾਂਦਾ ਹੈ ਤੇ ਕਿਸੇ ਨਾ ਕਿਸੇ ਰੂਪ ਵਿਚ ਜੁੱਤੀ ਹੇਠ ਰਹਿਣ ਲਈ ਮਜ਼ਬੂਰ ਕੀਤਾ ਜਾਂਦਾ ਹੈ।
ਇਸਤਰੀ ਪ੍ਰਤੀ ਮਾਪਿਆਂ ਦੀ ਘਟੀਆ ਸੋਚ ਤੇ ਨਫ਼ਰਤ ਭਰਪੂਰ ਰਵੱਈਏ ਸਦਕਾ ਚੰਦ ਸਿੱਕਿਆਂ ਦੀ ਟੁਣਕਾਰ ਵਿੱਚ ਰੁਚਿਤ ਡਾਕਟਰਾਂ ਦੇ ਲਾਲਚੀ ਸੁਭਾਅ ਕਾਰਨ ਕੁੜੀਆਂ ਦਾ ਦਿਨੋ ਦਿਨ ਘਟ ਰਿਹਾ ਅਨੁਪਾਤ ਮਨੁੱਖਤਾ ਲਈ ਘਾਤਕ ਸਿੱਧ ਹੋਵੇਗਾ। ਵਿਗਿਆਨ ਦੀ ਮਹੱਤਵਪੂਰਨ ਖੋਜ ਅਲਟਰਾਸਾਊਂਡ ਮਸ਼ੀਨਾਂ ਦੀ ਅੰਧਾ ਧੁੰਦ ਦੁਰਵਰਤੋਂ ਕਰਕੇ ਪੰਜਾਬੀਆਂ ਨੇ ਕੁੜੀਮਾਰਾਂ ਵਜੋਂ ਪਹਿਲਾ ਦਰਜਾ ਹਾਸਲ ਕਰ ਲਿਆ ਹੈ। ਗੁਰੂਆਂ ਦੇ ਨਾਮ ਤੇ ਵੱਸਦੇ ਪੰਜਾਬ ਵਿੱਚ ਢਿੱਡਾਂ ‘ਚ ਖੋਰੀਆਂ ਜਾ ਰਹੀਆਂ ਕੁੜੀਆਂ ਜਾਂ ਮਾਦਾ ਭਰੂਣ ਹੱਤਿਆਂਵਾਂ ਦੇ ਅੰਕੜੇ ਚੌਂਕਾਅ ਦੇਣ ਵਾਲੇ ਹਨ। ਜਦੋਂ ਮਨੁੱਖਤਾ ਜੁਆਬ ਮੰਗੇਗੀ ਅਸੀਂ ਕਿਹੜਾ ਮੂੰਹ ਦਿਖਾਵਾਂਗੇ। ਮਾਦਾ ਭਰੂਣ ਹੱਤਿਆ ਇਕੀਵੀਂ ਸਦੀ ਦਾ ਬਦਨੁਮਾ ਦਾਗ਼/ਕਲੰਕ ਹੈ।

ਅਜੋਕੇ ਯੁੱਗ ਵਿਚ ਔਰਤ ਇਕ ਭੋਗ ਵਸਤੂ ਅਤੇ ਇਸ਼ਤਿਹਾਰ ਬਣਦੀ ਜਾ ਰਹੀ ਹੈ। ਜਿਸਮਾਂ ਦੀ ਨੁਮਾਇਸ਼ ਅਤੇ ਕਾਮੁਕ ਖੁਲ੍ਹਾਂ ਨੂੰ ਔਰਤ ਦੀ ਆਜ਼ਾਦੀ ਦਾ ਨਾਂ ਦਿਤਾ ਜਾ ਰਿਹਾ ਹੈ। ਸਮੁੱਚੇ ਸੰਸਾਰ ਦੀ ਔਰਤ ਅੱਜ ਵੀ ਆਪਣੀ ਹੋਂਦ ਦੀ ਬਹਾਲੀ ਲਈ ਅਤੇ ਆਪਣੀ ਹੋਣੀ ਲਈ ਸੰਘਰਸ਼ਸ਼ੀਲ ਹੈ।
ਜੇ ਅਸੀਂ ਗੁਰੂ ਰਵਿਦਾਸ ਦਾ ਚਿਤਵਿਆ “ਬੇਗਮਪੁਰਾ”, ਗੁਰੂ ਅਰਜਨ ਦੇਵ ਦੇ ਸੁਪਨਿਆਂ ਦਾ “ਹਲੇਮੀ ਰਾਜ” ਅਤੇ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਦੀ ਰੀਝ ਦਾ ਆਦਰਸ਼ਕ ਸਮਾਜ ਸਿਰਜਣਾ ਚਾਹੁੰਦੇ ਹਾਂ ਤਾਂ ਸਾਨੂੰ “ਅਰਧ ਸਰੀਰੀ, ਮੋਖ ਦੁਆਰੀ” ਇਸਤਰੀ ਨੂੰ ਸਮਾਜ ਵਿਚ ਸਤਿਕਾਰਯੋਗ ਤੇ ਬਰਾਬਰੀ ਵਾਲ਼ਾ ਸਥਾਨ ਦਿਵਾਉਣ ਲਈ ਵਧੇਰੇ ਉਦਮੀ ਉਪਰਾਲੇ ਜੁਟਾਉਣੇ ਪੈਣਗੇ।

ਲਾਲ ਸਿੰਘ ਸੁਲਹਾਣੀ
9872155120

 

Related Articles

Leave a Reply

Your email address will not be published. Required fields are marked *

Back to top button