ਫਿਰੋਜ਼ਪੁਰ ਪੁਲਿਸ ਦੀ ਵੱਡੀ ਕਾਮਯਾਬੀ: 3 ਦੋਸ਼ੀ ਗਿਰਫਤਾਰ, 2 ਕਿਲੋ 7 ਗ੍ਰਾਮ ਹੈਰੋਇੰਨ ਬਰਾਮਦ
ਫਿਰੋਜ਼ਪੁਰ ਪੁਲਿਸ ਦੀ ਵੱਡੀ ਕਾਮਯਾਬੀ: 3 ਦੋਸ਼ੀ ਗਿਰਫਤਾਰ, 2 ਕਿਲੋ 7 ਗ੍ਰਾਮ ਹੈਰੋਇੰਨ ਬਰਾਮਦ
ਫਿਰੋਜ਼ਪੁਰ 01 ਮਾਰਚ 2025: ਅੱਜ ਜਿਲ੍ਹਾ ਫਿਰੋਜ਼ਪੁਰ ਪੁਲਿਸ ਵੱਲੋਂ ਮਾੜੇ ਅਨਸਰਾਂ ਵਿਰੁੱਧ ਜਾਰੀ ਮੁਹਿੰਮ ਤਹਿਤ ਵੱਡੀ ਸਫਲਤਾ ਹਾਸਿਲ ਕਰਦਿਆਂ 03 ਦੋਸ਼ੀਆਂ ਨੂੰ ਕਾਬੂ ਕਰਕੇ ਉਹਨਾਂ ਪਾਸੋਂ 02 ਕਿਲੋ 07 ਗ੍ਰਾਮ ਹੈਰੋਇੰਨ ਬਰਾਮਦ ਕੀਤੇ ਜਾਣ ਦੀ ਖਬਰ ਸਾਮਣੇ ਆਈ ਹੈ।
ਪ੍ਰੈਸ ਨੂੰ ਸੰਬੋਧਨ ਕਰਦਿਆਂ ਸ੍ਰੀ ਭੁਪਿੰਦਰ ਸਿੰਘ ਐਸ.ਐਸ.ਪੀ ਫਿਰੋਜ਼ਪੁਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਅਤੇ ਮਾਨਯੋਗ ਡੀ.ਜੀ.ਪੀ. ਪੰਜਾਬ ਜੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਮਾਜ ਵਿਰੋਧੀ ਅਨਸਰਾਂ ਤੇ ਸ਼ਰਾਰਤੀ ਅਨਸਰਾਂ ਦੀਆਂ ਵਾਰਦਾਤਾਂ ਨੂੰ ਪੂਰੀ ਤਰ੍ਹਾਂ ਠੱਲ ਪਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਸੰਬੰਧੀ ਜਿਲ੍ਹਾ ਪੁਲਿਸ ਦੁਆਰਾ ਜਿਲ੍ਹਾ ਦੇ ਸਮੂਹ ਗਜਟਿਡ ਅਧਿਕਾਰੀਆਂ ਦੀ ਨਿਗਰਾਨੀ ਹੇਠ ਸਪੈਸ਼ਲ ਟੀਮਾਂ ਬਣਾਈਆਂ ਗਈਆਂ ਹਨ, ਜੋ ਮੁਸ਼ਤੈਦੀ ਨਾਲ ਪੂਰੇ ਏਰੀਆ ਅੰਦਰ ਮਾੜੇ ਅਨਸਰਾਂ ਖਿਲਾਫ ਕਾਰਵਾਈ ਕਰ ਰਹੀਆਂ ਹਨ।
ਇਸ ਮੁਹਿੰਮ ਤਹਿਤ ਸ਼੍ਰੀ ਮਨਜੀਤ ਸਿੰਘ, ਪੀ.ਪੀ.ਐੱਸ. ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ) ਫਿਰੋਜ਼ਪੁਰ, ਸ੍ਰੀ ਸਤਨਾਮ ਸਿੰਘ ਪੀ.ਪੀ.ਐੱਸ. ਡੀ.ਐੱਸ.ਪੀ. (ਸ:ਡ) ਗੁਰੂਹਰਸਹਾਏ, ਸ਼੍ਰੀ ਧਾਰਾਵੱਥ ਸਾਈ ਪ੍ਰਕਾਸ਼ ਆਈ.ਪੀ.ਐੱਸ. ASPUT ਦੀ ਨਿਗਰਾਨੀ ਵਿੱਚ ਐਸ.ਆਈ ਗੁਰਵਿੰਦਰਪਾਲ ਸਿੰਘ ਮੁੱਖ ਅਫਸਰ ਥਾਣਾ ਲੱਖੋ ਕੇ ਬਹਿਰਾਮ ਸਮੇਤ ਪੁਲਿਸ ਪਾਰਟੀ ਗਸ਼ਤ ਤੇ ਚੈਕਿੰਗ ਦੌਰਾਨ ਸ਼ੱਕੀ ਪੁਰਸ਼ਾਂ ਅਤੇ ਸ਼ੱਕੀ ਵਾਹਨਾਂ ਦੇ ਸਬੰਧ ਵਿੱਚ ਬੱਸ ਅੱਡਾ ਗੁੱਦੜ ਢੰਡੀ ਪਾਸ ਮੌਜੂਦ ਸੀ। ਇਸ ਦੌਰਾਨ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਬਲਕਾਰ ਸਿੰਘ ਪੁੱਤਰ ਰੇਸ਼ਮ ਸਿੰਘ ਵਾਸੀ ਪੋਜੋ ਕੇ ਹਿਠਾੜ ਥਾਣਾ ਮਮਦੋਟ, ਗੁਰਮੀਤ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਘੁਰਕਾ ਥਾਣਾ ਸਦਰ ਫਾਜਿਲਕਾ ਜੋ ਆਪਸ ਵਿੱਚ ਮਿਲ ਕੇ ਹੈਰੋਇੰਨ ਵੇਚਣ ਦਾ ਧੰਦਾ ਕਰਦੇ ਹਨ, ਅੱਜ ਵੀ ਦੋਨੋਂ ਮਿਲ ਕੇ ਆਪਣੇ ਪਾਸ ਭਾਰੀ ਮਾਤਰਾ ਵਿੱਚ ਹੈਰੋਇੰਨ ਲੈ ਕੇ ਆਪਣੇ ਮੋਟਰਸਾਈਕਲ ਬਜਾਜ ‘ਤੇ ਸਵਾਰ ਹੋ ਕੇ ਗੁਰੂਹਰਸਹਾਏ ਦੀ ਤਰਫ ਗੁੱਦੜ ਢੰਡੀ ਰੋਡ ਨੂੰ ਆ ਰਹੇ ਹਨ। ਜੇਕਰ ਪੁਲ ਨਹਿਰ ਗੁੱਦੜ ਢੰਡੀ ‘ਤੇ ਨਾਕਾਬੰਦੀ ਕੀਤੀ ਜਾਵੇ ਤਾਂ ਹੈਰੋਇੰਨ ਸਮੇਤ ਕਾਬੂ ਆ ਸਕਦੇ ਹਨ।
ਇਸ ਦੌਰਾਨ ਬਲਕਾਰ ਸਿੰਘ ਪੁੱਤਰ ਰੇਸ਼ਮ ਸਿੰਘ ਵਾਸੀ ਪੋਜੋ ਕੇ ਹਿਠਾੜ ਥਾਣਾ ਮਮਦੋਟ ਅਤੇ ਗੁਰਮੀਤ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਘੁਰਕਾ ਥਾਣਾ ਸਦਰ ਫਾਜਿਲਕਾ ਨੂੰ ਗਿਰਫਤਾਰ ਕੀਤਾ ਗਿਆ। ਜਦੋਂ ਤਲਾਸ਼ੀ ਲਈ ਗਈ ਤਾਂ ਤਲਾਸ਼ੀ ਦੌਰਾਨ ਬਲਕਾਰ ਸਿੰਘ ਪਾਸੋਂ 506 ਗ੍ਰਾਮ ਹੈਰੋਇੰਨ ਅਤੇ ਗੁਰਮੀਤ ਸਿੰਘ ਪਾਸੋਂ 501 ਗ੍ਰਾਮ ਹੈਰੋਇੰਨ ਤੇ ਇੱਕ ਮੋਟਰਸਾਈਕਲ ਬਜਾਜ ਬਰਾਮਦ ਕੀਤਾ ਗਿਆ।
ਬਲਕਾਰ ਸਿੰਘ ਤੇ ਗੁਰਮੀਤ ਸਿੰਘ ਦੀ ਪੁੱਛ-ਗਿੱਛ ਦੌਰਾਨ ਲਖਵਿੰਦਰ ਸਿੰਘ ਪੁੱਤਰ ਮੁਖਤਿਆਰ ਸਿੰਘ ਵਾਸੀ ਸੇਠਾਂ ਵਾਲਾ ਥਾਣਾ ਮਮਦੋਟ ਨੂੰ ਵੀ ਗਿਰਫਤਾਰ ਕੀਤਾ ਗਿਆ। ਜਦ ਪੁੱਛਗਿੱਛ ਕੀਤੀ ਗਈ ਤਾਂ ਲਖਵਿੰਦਰ ਸਿੰਘ ਪਾਸੋਂ 01 ਕਿਲੋਗ੍ਰਾਮ ਹੈਰੋਇੰਨ ਸਮੇਤ ਇੱਕ ਮੋਟਰਸਾਈਕਲ ਬਰਾਮਦ ਕੀਤਾ ਗਿਆ। ਆਰੋਪੀਆਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਿਲ ਕੀਤਾ ਗਿਆ ਹੈ। ਪੁੱਛਗਿੱਛ ਦੌਰਾਨ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਹੈ।
ਪੁਲਿਸ ਵੱਲੋਂ ਫੜੇ ਗਏ ਤਿੰਨ ਆਰੋਪੀਆਂ ਖਿਲਾਫ ਥਾਣਾ ਲੱਖੋ ਕੇ ਬਹਿਰਾਮ ਵਿਖੇ ਮੁਕੱਦਮਾ ਨੰਬਰ 13 ਮਿਤੀ 27.02.2025 ਅ/ਧ 21,29 ਐਨ.ਡੀ.ਪੀ.ਐਸ.ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਪੜਤਾਲ ਰਿਕਾਰਡ ਦੌਰਾਨ ਉਕਤ ਆਰੋਪੀਆਂ ਦੇ ਖਿਲਾਫ ਕੋਈ ਵੀ ਪੁਰਾਣਾ ਮੁਕੱਦਮਾ ਰਜਿਸਟਰ ਹੋਣਾ ਨਹੀਂ ਪਾਇਆ ਗਿਆ।