Ferozepur News
ਸਿੱਖਿਆ ਵਿਭਾਗ ਵੱਲੋਂ ਜਾਰੀ ‘ਨੋ ਵਰਕ ਨੋ ਪੇਅ’ ਦਾ ਪੱਤਰ ਨਿੰਦਣਯੋਗ: ਡੀ.ਐੱਮ.ਐੱਫ਼
ਪੰਜਾਬ ਸਰਕਾਰ ਨੇ ਮੁਲਾਜ਼ਮਾਂ, ਪੈਨਸ਼ਨਰਾਂ ਅਤੇ ਮਾਣ-ਭੱਤਾ ਵਰਕਰਾਂ ਦਾ ਵਿਸ਼ਵਾਸ ਗਵਾਇਆ: ਜਰਮਨਜੀਤ
ਡੈਮੋਕ੍ਰੈਟਿਕ ਮੁਲਾਜ਼ਮ ਫੈਡਰੇਸ਼ਨ ਵੱਲੋਂ ਮੁਲਾਜ਼ਮ ਮੰਗਾਂ ਸੰਬੰਧੀ ਮੀਟਿੰਗ
ਸਿੱਖਿਆ ਵਿਭਾਗ ਵੱਲੋਂ ਜਾਰੀ ‘ਨੋ ਵਰਕ ਨੋ ਪੇਅ’ ਦਾ ਪੱਤਰ ਨਿੰਦਣਯੋਗ: ਡੀ.ਐੱਮ.ਐੱਫ਼
ਪੰਜਾਬ ਸਰਕਾਰ ਨੇ ਮੁਲਾਜ਼ਮਾਂ, ਪੈਨਸ਼ਨਰਾਂ ਅਤੇ ਮਾਣ-ਭੱਤਾ ਵਰਕਰਾਂ ਦਾ ਵਿਸ਼ਵਾਸ ਗਵਾਇਆ: ਜਰਮਨਜੀਤ
ਫਿਰੋਜ਼ਪੁਰ, 23 ਦਸੰਬਰ ( ): ਡੈਮੋਕ੍ਰੈਟਿਕ ਮੁਲਾਜ਼ਮ ਫੈਡਰੇਸ਼ਨ ਵੱਲੋਂ ਫ਼ਿਰੋਜ਼ਪੁਰ ਵਿਖੇ ਇੱਕ ਮਹੱਤਵਪੂਰਨ ਮੀਟਿੰਗ ਕੀਤੀ ਗਈ ਜਿਸ ਵਿੱਚ ਵੱਖ ਵੱਖ ਜਥੇਬੰਦੀਆਂ ਦੇ ਆਗੂਆਂ ਵੱਲੋਂ ਸ਼ਮੂਲੀਅਤ ਕੀਤੀ ਗਈ। ਮੀਟਿੰਗ ਵਿੱਚ ਵਿਸ਼ੇਸ਼ ਤੌਰ ਤੇ ਪੁੱਜੇ ਫੈਡਰੇਸ਼ਨ ਦੇ ਸੂਬਾ ਪ੍ਰਧਾਨ ਜਰਮਨਜੀਤ ਸਿੰਘ ਅਤੇ ਸੂਬਾ ਆਗੂ ਮਮਤਾ ਸ਼ਰਮਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਮਾਣ-ਭੱਤਾ ਵਰਕਰਾਂ ਉੱਤੇ ਘੱਟੋ-ਘੱਟ ਉਜਰਤਾਂ ਕਾਨੂੰਨ ਲਾਗੂ ਕਰਨ, ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ, 17 ਜੁਲਾਈ 2020 ਤੋਂ ਬਾਅਦ ਭਰਤੀ ਮੁਲਾਜ਼ਮਾਂ ‘ਤੇ ਪੰਜਾਬ ਦੇ ਸਕੇਲ ਲਾਗੂ ਕਰਨ, ਪਰਖ ਕਾਲ ਦੌਰਾਨ ਮੁੱਢਲੀ ਤਨਖਾਹ ਦੇਣ ਸੰਬੰਧੀ 15-01-2015 ਅਤੇ 05-09-2016 ਦੇ ਪੱਤਰਾਂ ਨੂੰ ਰੱਦ ਕਰਨ, ਬੰਦ ਕੀਤੇ ਗਏ ਪੇਂਡੂ ਤੇ ਬਾਰਡਰ ਏਰੀਆ ਸਮੇਤ ਸਮੁੱਚੇ ਭੱਤੇ ‘ਤੇ ਏ.ਸੀ.ਪੀ. ਬਹਾਲ ਕਰਨ, ਰੋਕੇ ਗਏ ਮਹਿੰਗਾਈ ਭੱਤੇ ਦੀਆਂ ਕਿਸ਼ਤਾਂ ਤੇ ਬਕਾਏ ਜਾਰੀ ਕਰਨ ਅਤੇ ਥੋਪੇ ਗਏ ਜ਼ਜੀਆ ਰੂਪੀ ਡਿਵੈਲਪਮੈਂਟ ਟੈਕਸ ਨੂੰ ਬੰਦ ਕਰਨ ਤੋਂ ਲਗਾਤਾਰ ਟਾਲ-ਮਟੋਲ ਕਰ ਰਹੀ ਹੈ ਜਦਕਿ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਇਸ ਪਾਰਟੀ ਵੱਲੋਂ ਮੁਲਾਜ਼ਮ ਵਰਗ ਨੂੰ ਇਹ ਸਾਰੇ ਮਸਲੇ ਹੱਲ ਕਰਨ ਸੰਬੰਧੀ ਵਾਅਦੇ ਅਤੇ ਗਰੰਟੀਆਂ ਦਿੱਤੀਆਂ ਗਈਆਂ ਸਨ।
ਉਹਨਾਂ ਨੇ ਆਖਿਆ ਕਿ ਜਿੱਥੇ ਪੰਜਾਬ ਸਰਕਾਰ ਮੁਲਾਜ਼ਮਾਂ ਦੀਆਂ ਮੰਗਾਂ ਪੂਰੀਆਂ ਕਰਨ ਤੋਂ ਟਾਲਾ ਵੱਟ ਰਹੀ ਹੈ ਉੱਥੇ ਆਪਣੀਆਂ ਨੌਕਰੀਆਂ ਰੈਗੂਲਰ ਕਰਵਾਉਣ ਲਈ ਸੰਘਰਸ਼ ਕਰ ਰਹੇ ਸਿੱਖਿਆ ਵਿਭਾਗ ਦੇ ਦਫ਼ਤਰੀ ਕਰਮਚਾਰੀਆਂ ਅਤੇ ਕੰਪਿਊਟਰ ਅਧਿਆਪਕਾਂ ਦੀ ਆਵਾਜ਼ ਨੂੰ ਦਬਾਉਣ ਲਈ ‘ਨੋ ਵਰਕ ਨੋ ਪੇਅ’ ਸੰਬੰਧੀ ਪੱਤਰ ਜਾਰੀ ਕਰ ਦਿੱਤਾ ਗਿਆ ਹੈ ਜੋ ਕਿ ਘੋਰ ਨਿੰਦਣਯੋਗ ਹੈ। ਉਹਨਾਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਵੱਲੋਂ ਮੁਲਾਜ਼ਮ ਵਰਗ ਦੀਆਂ ਮੰਗਾਂ ਦੀ ਪੂਰਤੀ ਨਾ ਕੀਤੀ ਗਈ ਤਾਂ ਆਮ ਆਦਮੀ ਪਾਰਟੀ ਨੂੰ ਇਸਦੀ ਸਿਆਸੀ ਕੀਮਤ ਦੇਣੀ ਪਵੇਗੀ।
ਉਹਨਾਂ ਕਿਹਾ ਕਿ ਆਦਰਸ਼ ਮਾਡਲ ਸਕੂਲਾਂ ਵਿੱਚ ਕੰਮ ਕਰਦੇ ਮਾਲੀ, ਸੇਵਾਦਾਰਾਂ, ਕਲਾਸ ਫੋਰ, ਚੌਂਕੀਦਾਰ ਆਦਿ ਜੋ ਕਿ ਲੰਬੇ ਸਮੇਂ ਤੋਂ ਸੇਵਾਵਾਂ ਨਿਭਾਅ ਰਹੇ ਹਨ ਅਤੇ ਆਪਣੀਆਂ ਹੱਕੀ ਅਤੇ ਜਾਇਜ ਮੰਗਾਂ ਲਈ ਸੰਘਰਸ਼ ਕਰ ਰਹੇ ਹਨ ਦੀਆਂ ਮੰਗਾਂ ਵੀ ਬਿਨਾਂ ਦੇਰੀ ਤੋਂ ਪੂਰੀਆਂ ਕੀਤੀਆਂ ਜਾਣ। ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਆਗੂ ਗੁਰਮੀਤ ਸਿੰਘ ਮਹਿਮਾ ਅਤੇ ਅਵਤਾਰ ਸਿੰਘ ਮਹਿਮਾ ਨੇ ਕਿਹਾ ਕਿ ਜਿੱਥੇ ਉਹ ਕਿਸਾਨਾਂ, ਮਜ਼ਦੂਰਾਂ ਲਈ ਸੰਘਰਸ਼ ਕਰਦੇ ਹਨ ਓਥੇ ਮੁਲਾਜ਼ਮਾਂ ਲਈ ਸੰਘਰਸ਼ੀਲ ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ ਅਤੇ ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਪੰਜਾਬ ਦੇ ਹਰ ਸੰਘਰਸ਼ ਦੇ ਨਾਲ ਹਨ ਅਤੇ ਜਿੱਥੇ ਵੀ ਸਾਡੀ ਜਰੂਰਤ ਹੋਵੇਗੀ ਅਸੀਂ ਹਰ ਤਰ੍ਹਾਂ ਇਹਨਾਂ ਸਾਥੀਆਂ ਦੇ ਨਾਲ ਹਾਂ।
ਇਸ ਮੌਕੇ ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਪੰਜਾਬ ਜ਼ਿਲ੍ਹਾ ਪ੍ਰਧਾਨ ਫਿਰੋਜ਼ਪੁਰ ਮਲਕੀਤ ਸਿੰਘ ਹਰਾਜ, ਜਨਰਲ ਸਕੱਤਰ ਅਮਿਤ ਕੁਮਾਰ, ਸਵਰਨ ਸਿੰਘ ਜੋਸਨ, ਮਨੋਜ ਕੁਮਾਰ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਤੋਂ ਜਥੇਬੰਦੀ ਦੇ ਜਨਰਲ ਸਕੱਤਰ ਗੁਰਮੀਤ ਸਿੰਘ ਮਹਿਮਾ, ਸੂਬਾਈ ਆਗੂ ਅਵਤਾਰ ਸਿੰਘ ਮਹਿਮਾਂ,ਸੂਬਾ ਕਮੇਟੀ ਮੈਂਬਰ ਡੀਟੀਐੱਫ ਪੰਜਾਬ ਸਰਬਜੀਤ ਸਿੰਘ ਭਾਵੜਾ, ਕਿਰਪਾਲ ਸਿੰਘ, ਇੰਦਰ ਸਿੰਘ ਸੰਧੂ, ਲਖਵਿੰਦਰ ਸਿੰਘ, ਤਰਸੇਮ ਸਿੰਘ, ਕੁਲਵਿੰਦਰ ਸਿੰਘ, ਮਿਡ ਡੇ ਮੀਲ ਵਰਕਰ ਆਗੂ ਸੀਤਾ, ਬਿੰਦਰ, ਜੋਤੀ, ਰੀਨਾ, ਰਮਨਦੀਪ ਕੌਰ, ਪੰਜਾਬ ਦੇ ਆਦਰਸ਼ ਮਾਡਲ ਸਕੂਲਾਂ ਤੋਂ ਨਾਜ਼ਮ ਸਿੰਘ,ਜਸਵਿੰਦਰ ਸਿੰਘ, ਲਵਪ੍ਰੀਤ ਸਿੰਘ, ਰਾਜਵਿੰਦਰ ਕੌਰ,ਸੂਬਾ ਸਿੰਘ, ਗੁਲਸ਼ਨ, ਗੁਰਪ੍ਰੀਤ ਸਿੰਘ, ਸੁਖਵੰਤ ਸਿੰਘ, ਤਰਸੇਮ ਪਾਲ ਸਿੰਘ,ਗੁਰਮੇਲ ਸਿੰਘ, ਖੇਮ ਚੰਦ ਆਦਿ ਵੱਡੀ ਗਿਣਤੀ ਵਿੱਚ ਹਾਜ਼ਰ ਸਨ।