ਜ਼ਿਲ੍ਹਾ ਭਾਸ਼ਾ ਦਫ਼ਤਰ, ਫ਼ਿਰੋਜ਼ਪੁਰ ਵੱਲੋਂ ਕਰਵਾਇਆ ਗਿਆ ਇੰਜ. ਗੁਰਦਿਆਲ ਸਿੰਘ ਵਿਰਕ ਦੇ ਕਹਾਣੀ ਸੰਗ੍ਰਹਿ ‘ਅੰਤਰੀਵੀ ਵੇਦਨਾ’ ‘ਤੇ ਯਾਦਗਾਰੀ ਸਮਾਗਮ
ਉੱਤਮ ਰਚਨਾ ਕਲਪਨਾ ਵਿੱਚੋਂ ਨਹੀਂ ਸਗੋਂ ਜੀਵਨ ਅਨੁਭਵ ਵਿੱਚੋਂ ਪੈਦਾ ਹੁੰਦੀ ਹੈ... -ਗੁਰਮੀਤ ਕੜਿਆਲਵੀ
ਜ਼ਿਲ੍ਹਾ ਭਾਸ਼ਾ ਦਫ਼ਤਰ, ਫ਼ਿਰੋਜ਼ਪੁਰ ਵੱਲੋਂ ਕਰਵਾਇਆ ਗਿਆ ਇੰਜ. ਗੁਰਦਿਆਲ ਸਿੰਘ ਵਿਰਕ ਦੇ ਕਹਾਣੀ ਸੰਗ੍ਰਹਿ ‘ਅੰਤਰੀਵੀ ਵੇਦਨਾ’ ‘ਤੇ ਯਾਦਗਾਰੀ ਸਮਾਗਮ
ਉੱਤਮ ਰਚਨਾ ਕਲਪਨਾ ਵਿੱਚੋਂ ਨਹੀਂ ਸਗੋਂ ਜੀਵਨ ਅਨੁਭਵ ਵਿੱਚੋਂ ਪੈਦਾ ਹੁੰਦੀ ਹੈ… -ਗੁਰਮੀਤ ਕੜਿਆਲਵੀ
ਫਿਰੋਜ਼ਪੁਰ, 21-12-2024: ਪੰਜਾਬ ਸਰਕਾਰ ਦੀ ਰਹਿਨੁਮਾਈ ਹੇਠ ਨਿਰਦੇਸ਼ਕ ਭਾਸ਼ਾ ਵਿਭਾਗ, ਪੰਜਾਬ ਜੀ ਦੀ ਅਗਵਾਈ ਵਿੱਚ ਭਾਸ਼ਾ ਵਿਭਾਗ, ਪੰਜਾਬ ਵੱਲੋਂ ਵੱਖ-ਵੱਖ ਸਾਹਿਤਕ ਅਤੇ ਕਲਾਤਮਿਕ ਗਤੀਵਿਧੀਆਂ ਸੰਬੰਧੀ ਸਮਾਗਮ ਕਰਵਾਏ ਜਾਂਦੇ ਹਨ। ਇਸੇ ਲੜੀ ਤਹਿਤ ਜ਼ਿਲ੍ਹਾ ਭਾਸ਼ਾ ਦਫ਼ਤਰ, ਫ਼ਿਰੋਜ਼ਪੁਰ ਵੱਲੋਂ ਡੀ.ਡੀ.ਬੀ.ਡੀ.ਏ.ਵੀ. ਸੈਨਟਨਰੀ ਪਬਲਿਕ ਸਕੂਲ ਦੇ ਸਹਿਯੋਗ ਨਾਲ ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਜਗਦੀਪ ਸੰਧੂ ਅਤੇ ਪ੍ਰਿੰਸੀਪਲ ਨਿਸ਼ਾ ਦਿਓੜਾ ਦੀ ਅਗਵਾਈ ਵਿੱਚ ਇੰਜ. ਗੁਰਦਿਆਲ ਸਿੰਘ ਵਿਰਕ ਦੇ ਨਵ-ਪ੍ਰਕਾਸ਼ਿਤ ਕਹਾਣੀ ਸੰਗ੍ਰਹਿ ‘ਅੰਤਰੀਵੀ ਵੇਦਨਾ’ ਉੱਤੇ ਵਿਚਾਰ ਚਰਚਾ ਡੀ.ਡੀ.ਬੀ.ਡੀ.ਏ.ਵੀ. ਸੈਨਟਨਰੀ ਪਬਲਿਕ ਸਕੂਲ ਵਿੱਚ ਕਰਵਾਈ ਗਈ।
ਸ਼ਮਾਂ ਰੋਸ਼ਨ ਤੋਂ ਬਾਅਦ ਭਾਸ਼ਾ ਵਿਭਾਗ, ਪੰਜਾਬ ਦੀ ਧੁਨੀ ‘ਧਨੁ ਲੇਖਾਰੀ ਨਾਨਕਾ’ ਦੇ ਵਾਦਨ ਨਾਲ ਸਮਾਗਮ ਦੀ ਸ਼ੁਰੂਆਤ ਹੋਈ। ਜ਼ਿਲ੍ਹਾ ਭਾਸ਼ਾ ਅਫ਼ਸਰ ਵੱਲੋਂ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਕਹਾਣੀ ਸੰਗ੍ਰਹਿ ‘ਅੰਤੀਰੀਵੀ ਵੇਦਨਾ’ ਦੀਆਂ ਕਹਾਣੀਆਂ ਬਾਰੇ ਮਹਿਮਾਨਾਂ ਨਾਲ ਮੁੱਢਲੀ ਜਾਣ-ਪਛਾਣ ਕਰਵਾਈ ਅਤੇ ਸਕੂਲ ਵੱਲੋਂ ਸਮਾਗਮ ਲਈ ਮਿਲੇ ਸਾਕਾਰਤਮਿਕ ਸਹਿਯੋਗ ਲਈ ਵਿਸ਼ੇਸ਼ ਧੰਨਵਾਦ ਕੀਤਾ। ਮੁੱਖ ਮਹਿਮਾਨ ਵਜੋਂ ਪਹੁੰਚੇ ਉੱਘੇ ਸ਼ਾਇਰ ਅਤੇ ਅਨੁਵਾਦਕ ਪ੍ਰੋ. ਜਸਪਾਲ ਘਈ ਨੇ ਗੁਰਦਿਆਲ ਸਿੰਘ ਵਿਰਕ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਪੁਸਤਕ ਪੰਜਾਬੀ ਸਾਹਿਤ ਜਗਤ ਵਿੱਚ ਆਉਣੀ ਇੱਕ ਤਸੱਲੀ ਵਾਲਾ ਅਹਿਸਾਸ ਹੈ। ਕਹਾਣੀ ਦੀ ਵਿਧਾ ਬਾਰੇ ਗੱਲ ਕਰਦਿਆਂ ਉਹਨਾਂ ਕਿਹਾ ਕਿ ਕਹਾਣੀ ਦੀ ਕੋਈ ਇੱਕ ਪਰਿਭਾਸ਼ਾ ਨਹੀਂ ਹੋ ਸਕਦੀ ।
ਉਹਨਾਂ ਆਪਣੀ ਗੱਲ ਜਾਰੀ ਰੱਖਦਿਆਂ ਕਿਹਾ ਕਿ ਕਿਸੇ ਵੀ ਸਾਹਿਤਕ ਕਿਰਤ ਦਾ ਮਿਆਰ ਤੈਅ ਕਰਨ ਦਾ ਕੋਈ ਵੀ ਪ੍ਰਮਾਣਿਕ ਮਾਪਦੰਡ ਨਹੀਂ ਹੈ। ਪੰਜਾਬੀ ਸਾਹਿਤ ਜਗਤ ਦੇ ਸਿਰਮੌਰ ਕਹਾਣੀਕਾਰ ਗੁਰਮੀਤ ਕੜਿਆਲਵੀ ਨੇ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਕਾਹਾਣੀ ਦੇ ਨਾਟ-ਸਾਸ਼ਤਰ ਬਾਰੇ ਬਹੁਤ ਹੀ ਗੰਭੀਰ ਅਤੇ ਸਾਰਥਕ ਟਿੱਪਣੀਆਂ ਕਰਦਿਆਂ ਵਿਸ਼ਵ ਪ੍ਰਸਿੱਧ ਚਿੰਤਕਾਂ ਦੇ ਹਵਾਲੇ ਨਾਲ ਗੱਲ ਕਰਦਿਆਂ ਕਿਹਾ ਕਿ ਸਾਹਿਤਕਾਰ ਅੰਦਰ ਪ੍ਰਤਿਭਾ, ਨੀਝ ਅਤੇ ਧੀਰਜ ਤਿੰਨੇ ਗੁਣ ਹੋਣੇ ਚਾਹੀਦੇ ਹਨ ਤਾਂ ਹੀ ਊਹ ਮੁੱਲਵਾਨ ਕਿਰਤਾਂ ਸਮਾਜ ਨੂੰ ਦੇ ਸਕਦਾ ਹੈ। ਉਹਨਾਂ ਕਿਹਾ ਕਿ ਉੱਤਮ ਰਚਨਾ ਕਲਪਨਾ ਵਿੱਚੋਂ ਨਹੀਂ ਸਗੋਂ ਜੀਵਨ ਅਨੁਭਵ ਵਿੱਚੋਂ ਪੈਦਾ ਹੁੰਦੀ ਹੈ। ਇਸ ਹਵਾਲੇ ਨਾਲ ਵਿਰਕ ਦੀਆਂ ਕਹਾਣੀਆਂ ਵਿੱਚ ਜੀਵਨ ਅਨੁਭਵ ਨਜ਼ਰ ਆਉਂਦਾ ਹੈ।
ਉਹਨਾਂ ਵਿਰਕ ਦੀਆਂ ਦੀਆਂ ਕਹਾਣੀਆਂ ਵਿੱਚ ਆਏ ਕਈ ਠੇਠ ਸ਼ਬਦਾਂ (ਵਾਹਤਰੀਂ, ਫੋਟ ਲੜਨਾ) ਦੀ ਵਿਸ਼ੇਸ਼ ਤੌਰ ‘ਤੇ ਪ੍ਰਸ਼ੰਸਾ ਕੀਤੀ। ਵਿਰਕ ਦੀਆਂ ਕਹਾਣੀਆਂ ਉੱਤੇ ਖੋਜ-ਪੱਤਰ ਪੜ੍ਹਦਿਆਂ ਡਾ. ਰਾਮੇਸ਼ਵਰ ਸਿੰਘ ਕਟਾਰਾ ਨੇ ਕਿਹਾ ਕਿ ਵਿਰਕ ਨੇ ਬਹੁਤੀਆਂ ਕਹਾਣੀਆਂ ਵਿੱਚ ਆਪਣੇ ਜੀਵਨ ਅਨੁਭਵਾਂ ਨੂੰ ਕਹਾਣੀ ਦੇ ਮਾਧਿਅਮ ਰਾਹੀਂ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ ਅਤੇ ਵਿਰਕ ਦੀਆਂ ਵੱਖ-ਵੱਖ ਕਹਾਣੀਆਂ ਦੇ ਪਾਤਰਾਂ ਦੀਆਂ ਆਪਸੀ ਸਾਂਝੀਆਂ ਤੰਦਾਂ ਨੂੰ ਤਲਾਸ਼ਦਿਆਂ ਸਥਾਪਿਤ ਕੀਤਾ ਕਿ ਇਹਨਾਂ ਕਹਾਣੀਆਂ ਦੇ ਪਾਤਰ ਜੀਵਨ ਦੇ ਬਹੁਤ ਨੇੜੇ ਹਨ। ਲਵਲੀ ਪ੍ਰੋਫ਼ੈਸ਼ਨਲ ਯੂਨੀਵਰਸਿਟੀ ਦੇ ਖੋਜਾਰਥੀ ਸੁਰਿੰਦਰ ਕੰਬੋਜ਼ ਨੇ ਵਿਗਿਆਨਕ ਢੰਗ ਨਾਲ ਆਪਣਾ ਖੋਜ-ਪੱਤਰ ਪੇਸ਼ ਕਰਦਿਆਂ ਵਿਸ਼ਵੀਕਰਨ ਦੇ ਪ੍ਰਸੰਗ ਵਿੱਚ ਆਲੋਚਨਾਤਮਿਕ ਅਧਿਐਨ ਕਰਦਿਆਂ ਕਿਹਾ ਕਿ ਵਿਰਕ ਦੀਆਂ ਕਹਾਣੀਆਂ ਦੀ ਵਿਸ਼ੇ ਅਤੇ ਰੂਪਕ ਪੱਖੋਂ ਪੰਜਾਬੀ ਕਹਾਣੀ ਵਿੱਚ ਬਣਦੇ ਸਥਾਨ ਦੀ ਨਿਸ਼ਾਨਦੇਹੀ ਕੀਤੀ।
ਸੁਰਿੰਦਰ ਨੇ ਵਿਰਕ ਦੀਆਂ ਕਹਾਣੀਆਂ ਦੀ ਪਿੱਠਭੂਮੀ ਬਾਰੇ ਚਰਚਾ ਕਰਦਿਆਂ ਕਿਹਾ ਕਿ ਇਹਨਾਂ ਧਰਾਤਲ ਪੇਂਡੂ ਜਨ-ਜੀਵਨ ਹੈ ਅਤੇ ਪਿੰਡ ਮਨੁੱਖ ਦੇ ਅਵਚੇਤਨ ਵਿੱਚ ਹਮੇਸ਼ਾ ਵੱਸਿਆ ਰਹਿੰਦਾ ਹੈ। ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ ਸ਼ਾਇਰ ਡਾ. ਹਰੀਸ਼ ਗਰੋਵਰ ਨੇ ਵਿਰਕ ਦੀਆਂ ਕਹਾਣੀਆਂ ਵਿੱਚ ਮਾਨਵੀ ਸਰੋਕਾਰ ਅਤੇ ਸਰਬੱਤ ਦੇ ਭਲੇ ਦੀ ਜੁਸਤਜੂ ਨੂੰ ੳਭਾਰਦਿਆਂ ਕਿਹਾ ਕਿ ਵਿਰਕ ਕੋਲੋਂ ਭਵਿੱਖ ਦੇ ਇੱਕ ਸਮਰੱਥ ਕਹਾਣੀਕਾਰ ਦੀ ਕਨਸੋਅ ਮਿਲਦੀ ਹੈ। ਵਿਸ਼ੇਸ਼ ਮਹਿਮਾਨ ਸਾਹਿਤਕਾਰ ਬਲਵਿੰਦਰ ਪਨੇਸਰ ਨੇ ਵਿਰਕ ਦੀ ਸਖਸ਼ੀਅਤ ਦੇ ਕਈ ਮਹੱਤਵਪੂਰਨ ਪੱਖਾਂ ਬਾਰੇ ਚਾਨਣਾ ਪਾਇਆ।
ਇਸ ਮੌਕੇ ਉੇੱਘੇ ਪੱਤਰਕਾਰ ਕੁਲਦੀਪ ਭੁੱਲਰ ਨੇ ਗੁਰਦਿਆਲ ਸਿੰਘ ਵਿਰਕ ਦੀ ਸਾਹਿਤਕ ਪ੍ਰਤਿਭਾ, ਨਿਸ਼ਠਾ ਅਤੇ ਸਖਸ਼ੀਅਤ ਦੀ ਵਿਸ਼ੇਸ਼ ਤੌਰ ‘ਤੇ ਪ੍ਰਸ਼ੰਸਾ ਕੀਤੀ। ਇੰਜ. ਗੁਰਦਿਆਲ ਸਿੰਘ ਵਿਰਕ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਅੱਜ ਦੇ ਇਸ ਸਮਾਗਮ ਦੀ ਵਿਚਾਰ ਚਰਚਾ ਦੌਰਾਨ ਉਸਨੂੰ ਕਹਾਣੀ ਦੀ ਵਿਧਾ ਬਾਰੇ ਬਹੁਤ ਨਵੀਆਂ ਅੰਤਰਦ੍ਰਿਸ਼ਟੀਆਂ ਮਿਲੀਆਂ ਹਨ ਅਤੇ ਉਹਨਾਂ ਨੇ ਆਪਣੀਆਂ ਕਹਾਣੀਆਂ ਦੀ ਸਿਰਜਨ ਪ੍ਰਕਿਰਿਆ ਬਾਰੇ ਸੰਖੇਪ ਵਿੱਚ ਗੱਲਬਾਤ ਕੀਤੀ। ਮੰਚ ਸੰਚਾਲਨ ਸ਼ਾਇਰ ਅਤੇ ਚਿੰਤਕ ਸੁਖਜਿੰਦਰ ਨੇ ਢੁੱਕਵੇ ਅਤੇ ਸਾਹਿਤਕ ਅੰਦਾਜ਼ ਵਿੱਚ ਬਾਖੂਬੀ ਕੀਤਾ।
ਇਸ ਮੌਕੇ ਲੋਕ ਚੇਤਨਾ ਮੰਚ ਦੇ ਪ੍ਰਧਾਨ ਲਾਲ ਸਿੰਘ ਸੁਲਹਾਣੀ, ਰਿਟ. ਜੱਜ ਬਲਦੇਵ ਸਿੰਘ ਭੁੱਲਰ, ਡਾ. ਜੀ.ਐੱਸ. ਢਿੱਲੋਂ, ਮੰਗਤ ਬਜ਼ੀਦਪੁਰੀ, ਅਵਤਾਰ ਪੁਰੀ, ਜਬਰਜੰਗ, ਪ੍ਰੋ. ਐੱਸ.ਐੱਸ. ਸੰਧੂ, ਸੁਖਦੇਵ ਭੱਟੀ, ਕਾਬਲ ਸਿੰਘ,ਦਰਸ਼ਨ ਸਿੰਘ ਸੰਧੂ, ਮਨਪ੍ਰੀਤ ਸਿੰਘ ਸੰਧੂ, ਅਮਰਜੀਤ ਸਿੰਘ,ਅੰਮ੍ਰਿਤਪਾਲ ਸਿੰਘ ਸੰਧੂ, ਭਗਵਾਨ ਸਿੰਘ, ਨਰਿੰਦਰ ਸਿੰਘ, ਕਰਨੈਲ ਸਿੰਘ ਸੰਧੂ, ਸ਼ਵਿੰਦਰ ਸਿੰਘ ਤੋਂ ਇਲਾਵਾ ਸਕੂਲ ਦਾ ਸਮੂਹ ਸਟਾਫ਼ ਹਾਜ਼ਰ ਸੀ।
ਸਮਾਗਮ ਦੇ ਅੰਤ ਸਕੂਲ ਦੇ ਪ੍ਰਿੰਸੀਪਲ ਮੈਡਮ ਨਿਸ਼ਾ ਦਿਓੜਾ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਅੱਜ ਦੇ ਇਸ ਸਾਹਿਤਕ ਸਮਾਗਮ ਵਿੱਚ ਉਹਨਾਂ ਲਈ ਬਹੁਤ ਕੁਝ ਨਵਾਂ ਸਿੱਖਣ ਨੂੰ ਮਿਲਿਆ ਅਤੇ ਉਹਨਾਂ ਜ਼ਿਲ੍ਹਾ ਭਾਸ਼ਾ ਦਫ਼ਤਰ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੇ ਸਾਹਿਤਕ ਅਤੇ ਸਾਰਥਿਕ ਸਮਾਗਮਾਂ ਲਈ ਇਹ ਸਕੂਲ ਹਮੇਸ਼ਾ ਤਿਆਰ ਹੈ। ਸਮਾਗਮ ਨੂੰ ਸਫ਼ਲਤਾ ਪੂਰਵਕ ਨੇਪਰੇ ਚਾੜਣ ਵਿੱਚ ਖੋਜ ਅਫ਼ਸਰ ਦਲਜੀਤ ਸਿੰਘ, ਸੀ.ਸਹਾ. ਰਮਨ ਕੁਮਾਰ ਅਤੇ ਸਕੂਲ ਦੇ ਸਮੂਹ ਸਟਾਫ਼ ਦਾ ਵਿਸ਼ੇਸ਼ ਯੋਗਦਾਨ ਰਿਹਾ।