Ferozepur News
ਪੀਟੀਆਈ ਤੇ ਆਰਟ ਕਰਾਫਟ ਅਧਿਆਪਕਾਂ ਦਾ ਤਨਖ਼ਾਹ ਗ੍ਰੇਡ ਘਟਾਉਣ ਵਿਰੁੱਧ ਡੀਟੀਐੱਫ ਨੇ ਵਿੱਤ ਮੰਤਰੀ ਨੂੰ ਭੇਜਿਆ ‘ਮੰਗ ਪੱਤਰ’
ਪੀਟੀਆਈ ਤੇ ਆਰਟ ਕਰਾਫਟ ਅਧਿਆਪਕਾਂ ਦਾ ਤਨਖ਼ਾਹ ਗ੍ਰੇਡ ਘਟਾਉਣ ਵਿਰੁੱਧ ਡੀਟੀਐੱਫ ਨੇ ਵਿੱਤ ਮੰਤਰੀ ਨੂੰ ਭੇਜਿਆ ‘ਮੰਗ ਪੱਤਰ’
ਅਧਿਆਪਕਾਂ ਦੀਆਂ ਪ੍ਰੋਮੋਸ਼ਨਾਂ ਦੌਰਾਨ ਸਾਰੇ ਖਾਲੀ ਸਟੇਸ਼ਨ ਨਾ ਦੇਣ ਖਿਲਾਫ ਵਧਿਆ ਰੋਸ
ਮਸਲੇ ਨਾ ਹੱਲ ਹੋਣ ‘ਤੇ 15 ਦਸੰਬਰ ਨੂੰ ਅਮਨ ਅਰੋੜਾ ਦੀ ਸੁਨਾਮ ਰਿਹਾਇਸ਼ ਅੱਗੇ ਹੋਵੇਗਾ ਰੋਸ ਪ੍ਰਦਰਸ਼ਨ-ਮਲਕੀਤ ਹਰਾਜ / ਚਤਰਪਾਲ ਸਿੰਘ
ਫ਼ਿਰੋਜ਼ਪੁਰ 9 ਦਸੰਬਰ, 2024: ਡੈਮੋਕਰੇਟਿਕ ਟੀਚਰਜ਼ ਫਰੰਟ ਪੰਜਾਬ ਦੀ ਸੂਬਾ ਸਕੱਤਰੇਤ ਵਲੋ ਪੀਟੀਆਈ, ਆਰਟ ਕਰਾਫਟ ਅਧਿਆਪਕਾਂ ਦੇ ਤਨਖਾਹ ਗਰੇਡ ਘਟਾਉਣ ਅਤੇ ਪ੍ਰਮੋਸ਼ਨਾਂ ਦੌਰਾਨ ਸਾਰੇ ਖਾਲੀ ਸਟੇਸ਼ਨਾਂ ਵਿੱਚ ਚੋਣ ਦਾ ਮੌਕਾ ਨਾ ਦੇਣ ਵਿਰੁੱਧ 9-10 ਦਸੰਬਰ ਨੂੰ ਜਿਲ੍ਹਾ/ਤਹਿਸੀਲ ਕੇਂਦਰਾਂ ‘ਤੇ ਸਮੂਹਿਕ ਰੂਪ ਵਿੱਚ ਮੰਗ ਪੱਤਰ ਭੇਜਣ ਦੇ ਦਿਤੇ ਸੱਦੇ ਤਹਿਤ ਡੀ.ਟੀ.ਐੱਫ ਦੀ ਸਥਾਨਕ ਇਕਾਈ ਫ਼ਿਰੋਜ਼ਪੁਰ ਵਲੋਂ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ), ਜ਼ਿਲ੍ਹਾ ਸਿੱਖਿਆ ਅਫ਼ਸਰ ਪ੍ਰਾਇਮਰੀ ਫ਼ਿਰੋਜ਼ਪੁਰ ਰਾਹੀਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੂੰ ਮੰਗ ਪੱਤਰ ਭੇਜਿਆ ਗਿਆ ਹੈ। lਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ.ਟੀ.ਐੱਫ ਪੰਜਾਬ ਜ਼ਿਲ੍ਹਾ ਫਿਰੋਜ਼ਪੁਰ ਦੇ ਪ੍ਰਧਾਨ ਮਲਕੀਤ ਸਿੰਘ ਹਰਾਜ ਅਤੇ ਆਰਟ ਐਂਡ ਕਰਾਫਟ / ਪੀ.ਟੀ.ਆਈ ਦੇ ਆਗੂ ਚਤਰਪਾਲ ਸਿੰਘ ਨੇ ਸਾਥੀਆਂ ਸਮੇਤ ਗੱਲਬਾਤ ਕਰਦਿਆਂ ਦੱਸਿਆ ਕਿ ਸਿੱਖਿਆ ਵਿਭਾਗ (ਡੀਐਸਸੀ ਸੈਕੰਡਰੀ) ਵੱਲੋਂ ਪੀਟੀਆਈ ਅਧਿਆਪਕ ਅਤੇ ਆਰਟ ਐਂਡ ਕਰਾਫਟ ਅਧਿਆਪਕਾਂ ਦੀ ਤਨਖਾਹ ਰਿਵਾਈਜ ਕਰਕੇ ਤਨਖਾਹ ਸਕੇਲ 4400 ਤੋਂ ਘਟਾ ਕੇ 3200 ਕਰ ਦਿੱਤੇ ਗਏ ਹਨ ਅਤੇ ਇਹਨਾਂ ਅਧਿਆਪਕਾਂ ਤੋਂ ਰਿਕਵਰੀ ਕਰਨ ਸਬੰਧੀ ਵਿੱਤ ਵਿਭਾਗ ਦੇ ਹਵਾਲੇ ਰਾਹੀਂ ਮਾਰੂ ਪੱਤਰ ਜਾਰੀ ਕਰ ਦਿੱਤਾ ਗਿਆ ਹੈ। ਇਸੇ ਤਰ੍ਹਾਂ ਸਿੱਖਿਆ ਤੇ ਅਧਿਆਪਕ ਵਿਰੋਧੀ ਪ੍ਰਮੋਸ਼ਨ ਨੀਤੀ ਤਹਿਤ ਪ੍ਰਾਇਮਰੀ ਤੋਂ ਮਾਸਟਰ ਕਾਰਡਰ, ਮਾਸਟਰ ਕਾਰਡ ਤੋਂ ਲੈਕਚਰਾਰ, ਪੀਟੀਆਈ ਤੋਂ ਡੀਪੀਈ, ਨਾਨ ਟੀਚਿੰਗ ਤੋਂ ਮਾਸਟਰ ਕਾਰਡ ਸਮੇਤ ਬਾਕੀ ਪ੍ਰਮੋਸ਼ਨਾਂ ਵਿੱਚ ਸਾਰੇ ਸਕੂਲਾਂ ਦੀਆਂ ਖਾਲੀ ਪੋਸਟਾਂ ਨਾ ਦਿਖਾਉਣ ਦੇ ਕਾਰਨ ਸੈਂਕੜੇ ਅਧਿਆਪਕਾਂ ਨੂੰ ਪ੍ਰਮੋਸ਼ਨਾਂ ਤੋਂ ਵਾਂਝੇ ਕਰ ਦਿਤਾ ਹੈ ਅਤੇ ਮੋਦੀ ਸਰਕਾਰ ਦੀ ਨਵੀਂ ਸਿੱਖਿਆ ਨੀਤੀ 2020 ਤਹਿਤ ਵਿਦਿਆਰਥੀਆਂ ਦੀ ਗਿਣਤੀ ਦੇ ਆਧਾਰ ਤੇ ਹਜ਼ਾਰਾਂ ਸਕੂਲਾਂ ਵਿੱਚ ਖਾਲੀ ਪੋਸਟਾਂ ਰੱਖ ਕੇ ਸਿੱਖਿਆ ਦਾ ਉਜਾੜਾ ਕਰਨਾ ਸ਼ੁਰੂ ਕਰ ਦਿੱਤਾ। ਡੀ.ਟੀ.ਐਫ.ਆਗੂਆਂ ਨੇ ਮੰਗ ਕੀਤੀ ਕਿ ਪੀ.ਟੀ.ਆਈ ਅਤੇ ਡਰਾਇੰਗ ਅਧਿਆਪਕਾਂ ਦਾ ਤਨਖਾਹ ਕਟੌਤੀ ਦਾ ਪੱਤਰ ਵਾਪਸ ਲਿਆ ਜਾਵੇ, ਪੀਟੀਆਈ, ਖੇਤੀਬਾੜੀ ਟੀਚਰ, ਸਲਾਈ ਟੀਚਰ, ਸੰਗੀਤ ਟੀਚਰ ਅਤੇ ਤਬਲਾ ਪਲੇਅਰ ਟੀਚਰਾਂ ਦੀਆਂ ਅਸਾਮੀਆਂ ਨੂੰ ਡਾਇੰਗ ਕਾਡਰ ਵਿੱਚ ਪਾਉਣ ਦਾ ਗੈਰ ਵਾਜਬ ਫੈਸਲਾ ਵਾਪਸ ਲਿਆ ਜਾਵੇ, ਇਹਨਾਂ ਕਾਡਰਾਂ ਦੀਆਂ ਪੁਰਾਣੀਆਂ ਪੋਸਟਾਂ ਬਹਾਲ ਕਰਕੇ ਲੋੜ ਅਨੁਸਾਰ ਸਾਰੇ ਸਕੂਲਾਂ ਵਿੱਚ ਨਵੀਆਂ ਅਸਾਮੀਆਂ ਦਿੱਤੀਆਂ ਜਾਣ, ਨਿਜੀਕਰਨ, ਕੇਂਦਰੀਕਰਨ ਤੇ ਭਗਵਾਂਕਰਨ ਪੱਖੀ ਕੌਮੀ ਸਿਖਿਆ ਨੀਤੀ 2020 ਨੂੰ ਲਾਗੂ ਕਰਨ ਤੇ ਰੋਕ ਲਗਾਈ ਜਾਵੇ ਤੇ ਪੰਜਾਬ ਸਰਕਾਰ ਸਥਾਨਕ ਹਾਲਾਤਾਂ ਅਨੁਸਾਰ ਸੂਬੇ ਦੇ ਸਿੱਖਿਆ ਸ਼ਾਸਤਰੀਆਂ ਅਤੇ ਅਧਿਆਪਕ ਜਥੇਬੰਦੀਆਂ ਦੇ ਸੁਝਾਅ ਲੈ ਕੇ ਆਪਣੀ ਸਿੱਖਿਆ ਨੀਤੀ ਤਿਆਰ ਕਰੇ। ਉਹਨਾ ਕਿਹਾ ਕਿ ਜੇਕਰ ਸਰਕਾਰ ਅਤੇ ਸਿਖਿਆ ਵਿਭਾਗ ਵਲੋ ਤਨਖਾਹ ਕਟੌਤੀ ਵਾਲਾ ਮਾਰੂ ਪੱਤਰ ਵਾਪਸ ਨਾ ਲਿਆ ਅਤੇ ਤਰੱਕੀਆ ਲੈਣ ਵਾਲੇ ਅਧਿਆਪਕਾ ਲਈ ਸਾਰੇ ਸ਼ਟੇਸ਼ਨ ਨਾ ਖੋਲੇ ਅਤੇ 14 ਦਸੰਬਰ ਤਕ ਦੋਵਾ ਮਸਲਿਆ ਦਾ ਕੋਈ ਹੱਲ ਨਾ ਕੀਤਾ ਤਾਂ 15 ਦਸੰਬਰ ਦਿਨ ਐਤਵਾਰ ਨੂੰ ਸਵੇਰੇ 11 ਵਜੇ ਸੁਨਾਮ ਵਿਖੇ ਆਮ ਆਦਮੀ ਪਾਰਟੀ ਤੇ ਪੰਜਾਬ ਦੇ ਪ੍ਰਧਾਨ ਅਤੇ ਕੈਬਨਟ ਸਬ ਕਮੇਟੀ ਦੇ ਮੈਂਬਰ ਅਮਨ ਅਰੋੜਾ ਦੀ ਰਿਹਾਇਸ਼ ਵੱਲ ਸੂਬਾ ਪੱਧਰੀ ਰੋਸ ਮਾਰਚ ਕਰਕੇ ਐਕਸ਼ਨ ਕੀਤਾ ਜਾਵੇਗਾ। ਇਸ ਸਮੇਂ ਅਮਿਤ ਕੁਮਾਰ, ਗੁਰਵਿੰਦਰ ਸਿੰਘ ਖੋਸਾ, ਸਰਬਜੀਤ ਸਿੰਘ ਭਾਵੜਾ,ਚਤਰਪਾਲ ਸਿੰਘ,ਜਰਨੈਲ ਸਿੰਘ, ਸੁਨੀਤਾ ਰਾਣੀ,ਤਜਿੰਦਰ ਕੌਰ,ਮੀਨਾ ਕੁਮਾਰੀ ਹਰਜੀਤ ਕੌਰ,ਇੰਦਰ ਸਿੰਘ ਸੰਧੂ, ਅਰਵਿੰਦ ਗਰਗ, ਨਰਿੰਦਰ ਸਿੰਘ, ਬਲਜਿੰਦਰ ਸਿੰਘ, ਗੁਰਪ੍ਰੀਤ ਸਿੰਘ, ਸੁਰਿੰਦਰ ਸਿੰਘ, ਰਾਘਵ ਕਪੂਰ ਆਦਿ ਹਾਜ਼ਰ ਸਨ।
ਕੈਪਸ਼ਨ – ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਪੰਜਾਬ ਜ਼ਿਲ੍ਹਾ ਫਿਰੋਜ਼ਪੁਰ ਦੇ ਆਗੂਆਂ ਵਲੋਂ ਜ਼ਿਲ੍ਹਾ ਸਿੱਖਿਆ ਅਫ਼ਸਰ ਪ੍ਰਾਇਮਰੀ ਸ਼੍ਰੀ ਸੁਨੀਤਾ ਰਾਣੀ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਤਿੰਦਰ ਸਿੰਘ ਰਾਹੀਂ ਵਿੱਤ ਮੰਤਰੀ ਸ਼੍ਰੀ ਹਰਪਾਲ ਸਿੰਘ ਚੀਮਾ ਦੇ ਨਾਂ ਮੰਗ ਪੱਤਰ ਦਿੰਦੇ ਹੋਏ।