ਗ੍ਰਾਮ ਪੰਚਾਇਤ ਜੰਗ ਦਾ ਯੁਵਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਖੇਡਾਂ ‘ਚ ਨਿਵੇਸ਼: ਅਗਲੇ ਸਾਲ ਖੇਡਾਂ ਦਾ ਸਮੂਚਾ ਖਰਚ ਕੱਢਣ ਦਾ ਐਲਾਨ
ਗ੍ਰਾਮ ਪੰਚਾਇਤ ਜੰਗ ਦਾ ਯੁਵਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਖੇਡਾਂ ‘ਚ ਨਿਵੇਸ਼: ਅਗਲੇ ਸਾਲ ਖੇਡਾਂ ਦਾ ਸਮੂਚਾ ਖਰਚ ਕੱਢਣ ਦਾ ਐਲਾਨ
ਫਿਰੋਜ਼ਪੁਰ, 27 ਅਕਤੂਬਰ 2024: ਨੌਜਵਾਨਾਂ ਨੂੰ ਸਿਹਤਮੰਦ ਅਤੇ ਨਸ਼ਿਆਂ ਤੋਂ ਦੂਰ ਰੱਖਣ ਦੀ ਕੋਸ਼ਿਸ਼ ਕਰਦਿਆਂ, ਗ੍ਰਾਮ ਪੰਚਾਇਤ ਜੰਗ ਨੇ ਐਲਾਨ ਕੀਤਾ ਹੈ ਕਿ ਅਗਲੇ ਸਾਲ ਦੀਆਂ ਖੇਡਾਂ ਦਾ ਸਾਰਾ ਖਰਚਾ ਪੰਚਾਇਤ ਵੱਲੋਂ ਉਠਾਇਆ ਜਾਵੇਗਾ। ਇਹ ਫੈਸਲਾ ਗਰਾਮ ਪੰਚਾਇਤ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਜੰਗ ਵਿਖੇ ਦੋ ਦਿਨਾਂ ਚੱਲੀਆਂ ਬਲਾਕ ਫਿਰੋਜ਼ਪੁਰ-1 ਦੀਆਂ ਸਕੂਲ ਖੇਡਾਂ ਦੇ ਸਮਾਪਤੀ ਮੌਕੇ ਲਿਆ ਗਿਆ।
ਇਸ ਸਮਾਰੋਹ ‘ਚ ਬਲਾਕ ਫਿਰੋਜ਼ਪੁਰ-1 ਦੇ ਸੈਂਟਰ ਕਰੀ ਕਲਾਂ, ਭੂਰੇ ਖੁਰਦ, ਕੈਨਾਲ ਕਲੋਨੀ, ਝੋਕ ਹਰੀਹਰ, ਰੁਕਣਾ ਬੇਗੂ ਅਤੇ ਸੈਂਟਰ ਮਾਡਲ ਸਕੂਲ ਦੇ ਵਿਦਿਆਰਥੀਆਂ ਨੇ ਕਈ ਖੇਡਾਂ ਵਿੱਚ ਭਾਗ ਲਿਆ, ਜਿਵੇਂ ਕਿ ਅਥਲੈਟਿਕਸ, ਕਬੱਡੀ, ਖੋ-ਖੋ, ਗੋਲਾ ਸੁੱਟਣਾ, ਹੈਂਡਬਾਲ, ਰੱਸਾਕਸ਼ੀ, ਤੈਰਾਕੀ ਅਤੇ ਬੈਡਮਿੰਟਨ। ਡਿਪਟੀ ਡੀ.ਈ.ਓ ਸ੍ਰੀ ਕੋਮਲ ਅਰੋੜਾ ਨੇ ਖੇਡਾਂ ਦਾ ਆਗਾਜ਼ ਕੀਤਾ।
ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਮੈਡਮ ਸੁਮਨਦੀਪ ਕੌਰ ਅਤੇ ਪਿੰਡ ਜੰਗ ਦੇ ਸਰਪੰਚ ਸਰਦਾਰ ਰਾਜ ਸਿੰਘ ਸੰਧੂ ਨੇ ਖੇਡਾਂ ‘ਚ ਅਹਿਮ ਪੁਜੀਸ਼ਨਾਂ ਹਾਸਲ ਕਰਨ ਵਾਲੇ ਬੱਚਿਆਂ ਨੂੰ ਸਨਮਾਨਿਤ ਕੀਤਾ। ਬਲਾਕ ਖੇਡਾਂ ਦੇ ਨੋਡਲ ਇੰਚਾਰਜ ਗੁਰਬਚਨ ਸਿੰਘ ਭੁੱਲਰ ਅਤੇ ਅਧਿਆਪਕ ਕੁਲਦੀਪ ਸਿੰਘ ਨੇ ਵੀ ਪੰਚਾਇਤ ਦੇ ਇਸ ਯਤਨ ਨੂੰ ਸ਼ਲਾਘਾ ਅਤੇ ਧੰਨਵਾਦ ਪ੍ਰਗਟਾਇਆ।
ਇਸ ਸਮਾਰੋਹ ਵਿੱਚ ਕਈ ਸਕੂਲਾਂ ਦੇ ਅਧਿਆਪਕਾਂ, ਜਿਵੇਂ ਕਿ ਰਾਜੇਸ਼ ਕੁਮਾਰ (ਕਰੀ ਕਲਾਂ), ਗੁਰਬਚਨ ਸਿੰਘ ਭੁੱਲਰ (ਭੂਰੇ ਖੁਰਦ), ਹਰਦੀਪ ਸਿੰਘ ਤੂਰ (ਕੈਨਾਲ ਕਲੋਨੀ), ਪੂਜਾ ਅਰੋੜਾ (ਝੋਕ ਹਰੀ ਹਰ) ਅਤੇ ਜਸਵਿੰਦਰ ਕੌਰ (ਸੈਂਟਰ ਮਾਡਲ ਸਕੂਲ) ਸਮੇਤ ਹੋਰ ਕਈ ਮਹਾਨੁਭਾਵ ਹਾਜ਼ਰ ਸਨ।