Ferozepur News
ਐੱਮ ਐੱਲ ਏ ਵੱਲੋਂ ਅਧਿਆਪਕਾਂ ਦੀ ਕੀਤੀ ਸ਼ਿਕਾਇਤ ਦੀ ਡੀ.ਟੀ.ਐੱਫ ਨੇ ਕੀਤੀ ਨਿਖੇਧੀ
ਸਕੂਲਾਂ ਵਿੱਚ ਰਾਜਨੀਤਕ ਦਖ਼ਲ ਅੰਦਾਜ਼ੀ ਬੰਦ ਕੀਤੀ ਜਾਵੇ : ਡੀ ਟੀ ਐੱਫ
ਐੱਮ ਐੱਲ ਏ ਵੱਲੋਂ ਅਧਿਆਪਕਾਂ ਦੀ ਕੀਤੀ ਸ਼ਿਕਾਇਤ ਦੀ ਡੀ.ਟੀ.ਐੱਫ ਨੇ ਕੀਤੀ ਨਿਖੇਧੀ,
ਅਧਿਆਪਕਾਂ ਦਾ ਕੰਮ ਪੜ੍ਹਾਉਣਾ ਹੈ ਨਾ ਕਿ ਕਿਸੇ ਦੀ ਆਓ ਭਗਤ ਕਰਨਾ
ਸਕੂਲਾਂ ਵਿੱਚ ਰਾਜਨੀਤਕ ਦਖ਼ਲ ਅੰਦਾਜ਼ੀ ਬੰਦ ਕੀਤੀ ਜਾਵੇ : ਡੀ ਟੀ ਐੱਫ
ਫ਼ਿਰੋਜ਼ਪੁਰ 23 ਅਕਤੂਬਰ, 2024: ਜੈਤੋ ਹਲਕੇ ਦੇ ਐੱਮ ਐੱਲ ਏ ਅਮੋਲਕ ਸਿੰਘ ਵੱਲੋਂ ਪਿਛਲੇ ਮਹੀਨੇ ਸਰਕਾਰੀ ਪ੍ਰਾਇਮਰੀ ਸਕੂਲ ਗੋਂਦਾਰਾ ਵਿਖੇ ਚੈਕਿੰਗ ਦੌਰਾਨ ਅਧਿਆਪਕਾਂ ਦੇ ਜਮਾਤਾਂ ਵਿੱਚੋਂ ਬਾਹਰ ਨਾ ਆਉਣ ਅਤੇ ਐੱਮ ਐੱਲ ਏ ਦਾ ਸਵਾਗਤ ਨਾ ਕਰਨ ਨੂੰ ਇੱਕ ਗੰਭੀਰ ਦੋਸ਼ ਬਣਾ ਕੇ ਵਿਧਾਨ ਸਭਾ ਸਪੀਕਰ ਪੰਜਾਬ ਨੂੰ ਲਿਖਤੀ ਸ਼ਿਕਾਇਤ ਦੇ ਕੇ ਉਹਨਾਂ ਉੱਪਰ ਕਾਰਵਾਈ ਕਰਾਉਣ ਨੂੰ ਡੈਮੋਕ੍ਰੈਟਿਕ ਟੀਚਰਜ਼ ਫਰੰਟ ਪੰਜਾਬ ਨੇ ਸਖਤ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ। ਡੈਮੋਕ੍ਰੈਟਿਕ ਟੀਚਰਜ਼ ਫਰੰਟ ਪੰਜਾਬ ਦੇ ਸੂਬਾ ਪ੍ਰਧਾਨ ਵਿਕਰਮਦੇਵ ਸਿੰਘ ਅਤੇ ਸੂਬਾ ਜਨਰਲ ਸਕੱਤਰ ਮਹਿੰਦਰ ਕੋੜਿਆਂਵਾਲੀ ਪ੍ਰੈੱਸ ਸਕੱਤਰ ਪਵਨ ਕੁਮਾਰ ਅਤੇ ਜ਼ਿਲ੍ਹਾ ਪ੍ਰਧਾਨ ਫ਼ਿਰੋਜ਼ਪੁਰ ਮਲਕੀਤ ਸਿੰਘ ਹਰਾਜ ਨੇ ਕਿਹਾ ਕਿ ਅਧਿਆਪਕ ਦਾ ਕੰਮ ਸਕੂਲਾਂ ਵਿੱਚ ਬੱਚਿਆਂ ਨੂੰ ਪੜ੍ਹਾਉਣਾ ਹੁੰਦਾ ਹੈ ਨਾ ਕਿ ਕਿਸੇ ਐੱਮ ਐੱਲ ਏ ਜਾਂ ਕਿਸੇ ਹੋਰ ਦੀ ਆਓ ਭਗਤ ਕਰਨਾ।
ਵਿਧਾਇਕ ਵੱਲੋਂ ਸਕੂਲਾਂ ਵਿੱਚ ਇਸ ਤਰ੍ਹਾਂ ਬਿਨਾਂ ਜਾਣਕਾਰੀ ਦਿੱਤਿਆਂ ਜਾਣਾ ਅਤੇ ਫਿਰ ਅਧਿਆਪਕਾਂ ਦੀ ਸ਼ਿਕਾਇਤ ਕਰਨਾ ਸਿਰਫ ਗੈਰ ਜਿੰਮੇਵਾਰਾਨਾ ਵਿਵਹਾਰ ਦੀ ਉਦਾਹਰਣ ਹੀ ਹੈ। ਆਗੂਆਂ ਨੇ ਪ੍ਰੈੱਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਪਹਿਲਾਂ ਵਾਲੀਆਂ ਅਕਾਲੀ ਅਤੇ ਕਾਂਗਰਸ ਸਰਕਾਰਾਂ ਵੀ ਇਸ ਤਰ੍ਹਾਂ ਦੀ ਘਟੀਆ ਹਰਕਤਾਂ ਕਰਦੀਆਂ ਰਹੀਆਂ ਹਨ, ਹੁਣ ਦੀ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਐੱਮ ਐੱਲ ਏ ਵੀ ਉਹਨਾਂ ਲੀਹਾਂ ‘ਤੇ ਤੁਰੇ ਹੋਏ ਹਨ। ਆਗੂਆਂ ਨੇ ਦੱਸਿਆ ਕਿ ਇਹ ਉਹੀ ਵਿਧਾਇਕ ਹੈ ਜਿਸਨੇ ਪਿਛਲੇ ਦਿਨੀਂ ਸਟੇਜ ਤੋਂ ਬਿਆਨ ਦਿੱਤਾ ਸੀ ਕਿ ‘ਅਸੀਂ ਤੈਅ ਕਰਾਂਗੇ ਕਿ ਪਿੰਡਾਂ ਵਿੱਚ ਕੌਣ ਸਰਪੰਚ ਬਣੇਗਾ ਅਤੇ ਕਿਸ ਤਰ੍ਹਾਂ ਦੀ ਪੰਚਾਇਤ ਚੁਣੀ ਜਾਏਗੀ।’ ਆਪਣੇ ਵਿਧਾਇਕ ਦੇ ਇਸ ਬਿਆਨ ਬਾਰੇ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਚੁੱਪੀ ਧਾਰ ਲਈ। ਡੀ ਟੀ ਐੱਫ ਦੇ ਆਗੂਆਂ ਨੇ ਕਿਹਾ ਕਿ ਲੋਕਤੰਤਰ ਦੀ ਮਰਿਆਦਾ ਘਾਣ ਕਰਨ ਵਾਲੇ ਇਹੋ ਜਿਹੇ ਵਿਧਾਇਕਾਂ ‘ਤੇ ਲਾਹਣਤ ਹੀ ਪਾਈ ਜਾ ਸਕਦੀ।
ਇਸ ਤੋਂ ਵੀ ਉੱਪਰ ਪੰਜਾਬ ਵਿਧਾਨ ਸਭਾ ਦਾ ਸਪੀਕਰ ਇਹੋ ਜਿਹੇ ਛੋਟੇ ਮਸਲਿਆਂ ਤੇ ਨੋਟਿਸ ਲੈਂਦਾ ਹੈ ਜਦਕਿ ਪੰਜਾਬ ਦੀਆਂ ਅਨੇਕਾਂ ਸਮੱਸਿਆਵਾਂ ਜਿੰਨ੍ਹਾਂ ਕਰਕੇ ਲੋਕਾਂ ਦੀਆਂ ਜ਼ਿੰਦਗੀਆਂ ਤਬਾਹ ਹੋ ਰਹੀਆਂ ਹਨ, ਉਨ੍ਹਾਂ ਬਾਰੇ ਕੱਖ ਵੀ ਬੋਲਦੇ ਨਹੀਂ। ਇਸ ਮੌਕੇ ਜਨਰਲ ਸਕੱਤਰ ਅਮਿਤ ਕੁਮਾਰ, ਸਰਬਜੀਤ ਸਿੰਘ, ਗੁਰਵਿੰਦਰ ਸਿੰਘ ਖੋਸਾ, ਸਵਰਨ ਸਿੰਘ ਜੋਸਨ, ਇੰਦਰ ਸਿੰਘ, ਅਰਸ਼ਦੀਪ ਸਿੰਘ, ਅਰਵਿੰਦਰ ਕੁਮਾਰ, ਨਰਿੰਦਰ ਸਿੰਘ ਜੰਮੂ, ਭਗਵਾਨ ਸਿੰਘ, ਕਰਤਾਰ ਸਿੰਘ, ਸੰਜੀਵ ਕੁਮਾਰ, ਕਿਰਪਾਲ ਸਿੰਘ, ਹੀਰਾ ਸਿੰਘ, ਸੁਖਜਿੰਦਰ ਸਿੰਘ, ਲਖਵਿੰਦਰ ਸਿੰਘ, ਗੁਰਪ੍ਰੀਤ ਸਿੰਘ ਆਦਿ ਹਾਜ਼ਰ ਸਨ