ਭਗਤ ਪੂਰਨ ਸਿੰਘ ਜੀ ਦੀ ਬਰਸੀ ਮੌਕੇ ਅਟਾਰੀ ਸਕੂਲ’ਚ ਮੁਫਤ ਵਿਸ਼ਾਲ ਮੈਡੀਕਲ ਕੈਂਪ ਆਯੋਜਿਤ
250 ਤੋਂ ਵੱਧ ਮਰੀਜ਼ਾਂ ਦਾ ਮਾਹਿਰ ਡਾਕਟਰਾਂ ਵੱਲੋਂ ਕੀਤਾ ਚੈਕਅੱਪ ਤੇ ਵੰਡੀਆਂ ਦਵਾਈਆਂ। ਵਿਸ਼ਵ ਪੰਜਾਬੀ ਸਭਾ ਕੈਨੇਡਾ ਵੱਲੋਂ ਸਰਹੱਦੀ ਖੇਤਰ'ਚ ਸਮਾਜ ਭਲਾਈ ਦਾ ਉਪਰਾਲਾ
ਭਗਤ ਪੂਰਨ ਸਿੰਘ ਜੀ ਦੀ ਬਰਸੀ ਮੌਕੇ ਅਟਾਰੀ ਸਕੂਲ’ਚ ਮੁਫਤ ਵਿਸ਼ਾਲ ਮੈਡੀਕਲ ਕੈਂਪ ਆਯੋਜਿਤ।
250 ਤੋਂ ਵੱਧ ਮਰੀਜ਼ਾਂ ਦਾ ਮਾਹਿਰ ਡਾਕਟਰਾਂ ਵੱਲੋਂ ਕੀਤਾ ਚੈਕਅੱਪ ਤੇ ਵੰਡੀਆਂ ਦਵਾਈਆਂ।
ਵਿਸ਼ਵ ਪੰਜਾਬੀ ਸਭਾ ਕੈਨੇਡਾ ਵੱਲੋਂ ਸਰਹੱਦੀ ਖੇਤਰ’ਚ ਸਮਾਜ ਭਲਾਈ ਦਾ ਉਪਰਾਲਾ।
ਫਿਰੋਜ਼ਪੁਰ, ਅਗਸਤ 6, 2024: ਉਘੇ ਸਮਾਜ ਸੇਵੀ ਅਤੇ ਵਾਤਾਵਰਨ ਪ੍ਰੇਮੀ ਪਦਮਸ਼੍ਰੀ ਭਗਤ ਪੂਰਨ ਸਿੰਘ ਜੀ ਦੀ 32ਵੀ ਬਰਸੀ ਮੌਕੇ ਮੁਫ਼ਤ ਵਿਸ਼ਾਲ ਮੈਡੀਕਲ ਕੈਂਪ ਲਗਾ ਕੇ ਲੋੜਵੰਦ ਮਰੀਜ਼ਾਂ ਦੀ ਮੱਦਦ ਕਰਕੇ ਭਗਤ ਜੀ ਨੂੰ ਉਨ੍ਹਾਂ ਦੀ ਸੋਚ ਅਨੁਸਾਰ ਸ਼ਰਧਾਂਜਲੀ ਦਿੱਤੀ । ਬਰਸਾਤ ਦੇ ਦਿਨਾਂ ਵਿੱਚ ਚਮੜੀ ਦੇ ਰੋਗਾਂ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੇ ਲੋਕਾਂ ਦੀਆਂ ਸਿਹਤ ਸਮੱਸਿਆਵਾਂ ਨੂੰ ਦੇਖਦੇ ਹੋਏ, ਐਗਰੀਡ ਫਾਉਂਡੇਸ਼ਨ ਦੇ ਪ੍ਰਧਾਨ ਡਾ ਸਤਿੰਦਰ ਸਿੰਘ ਦੀ ਪਹਿਲ ਕਦਮੀ ਤੇ ‘ਵਿਸ਼ਵ ਪੰਜਾਬੀ ਸਭਾ” ਕੈਨੇਡਾ ਦੇ ਚੇਅਰਮੈਨ ਡਾ ਦਲਬੀਰ ਸਿੰਘ ਕਥੁਰੀਆ ਬਰੈਂਪਟਨ ਅਤੇ ਬਲਬੀਰ ਕੌਰ ਰਾਏਕੋਟੀ ਕੋਮੀ ਪ੍ਰਧਾਨ ਦੀ ਅਗਵਾਈ ਵਿੱਚ ਸਮਾਜ ਸੇਵੀ ਸੰਸਥਾ ਐਗਰੀਡ ਫਾਊਂਡੇਸ਼ਨ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਟਾਰੀ ਦੇ ਪ੍ਰਿੰਸੀਪਲ ਕੋਮਲ ਅਰੋੜਾ ਅਤੇ ਸਮੂਹ ਸਟਾਫ ਦੇ ਸਹਿਯੋਗ ਨਾਲ ਚਮੜੀ ਦੇ ਰੋਗਾਂ ਦਾ ਮੁਫ਼ਤ ਵਿਸ਼ਾਲ ਮੈਡੀਕਲ ਕੈਂਪ ਲਗਾਇਆ ਗਿਆ।
ਪ੍ਰੋਜੈਕਟ ਇੰਚਾਰਜ ਬਲਵਿੰਦਰ ਸਿੰਘ ਭੱਠਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੈਂਪ ਵਿੱਚ ਚਮੜੀ ਰੋਗਾਂ ਦੇ ਮਾਹਿਰ ਡਾ. ਜੀ. ਐਸ. ਢਿੱਲੋਂ ਸਾਬਕਾ ਮੈਡੀਕਲ ਕਮਿਸ਼ਨਰ ਫਿਰੋਜ਼ਪੁਰ ਅਤੇ ਹਾਰਮੋਨੀ ਆਯੁਰਵੈਦਿਕ ਮੈਡੀਕਲ ਕਾਲਜ ਅਤੇ ਹਸਪਤਾਲ ਤੋਂ ਡਾਕਟਰ ਅਲਕਾ ਐਮ ਡੀ ਅਤੇ ਉਨ੍ਹਾਂ ਦੀ ਟੀਮ ਵੱਲੋਂ 250 ਤੋਂ ਵੱਧ ਮਰੀਜ਼ਾਂ ਦਾ ਚੈੱਕਅਪ ਕੀਤਾ ਗਿਆ ਅਤੇ 30 ਹਜ਼ਾਰ ਰੁਪਏ ਤੋਂ ਵੱਧ ਦੀਆਂ ਦਵਾਈਆਂ ਮੁਫਤ ਵੰਡੀਆਂ ਗਈਆਂ।
ਕੈਂਪ ਵਿੱਚ ਸੋਹਣ ਸਿੰਘ ਗੱਦੂ ਸੀਨੀਅਰ ਮੀਤ ਪ੍ਰਧਾਨ ਵਿਸ਼ਵ ਪੰਜਾਬੀ ਸਭਾ, ਧਰਮਪਾਲ ਬਾਂਸਲ ਚੇਅਰਮੈਨ ਹਾਰਮੋਨੀ ਆਯੁਰਵੈਦਿਕ ਕਾਲਜ ਅਤੇ ਅਸ਼ੋਕ ਬਹਿਲ ਇਹ ਸਕੱਤਰ ਰੈਡ ਕਰਾਸ ਵਿਸ਼ੇਸ਼ ਤੌਰ ਤੇ ਪਹੁੰਚੇ।
ਕੈਂਪ ਨੂੰ ਸਫਲ ਬਣਾਉਣ ਵਿੱਚ ਕਮਲੇਸ਼ ਭਾਰਦਵਾਜ ਹੈਲਥ ਸੁਪਰਵਾਈਜਰ, ਹਾਰਮੋਨੀ ਕਾਲਜ ਤੋਂ ਕਰਨਜੋਤ ਸਿੰਘ, ਦੀਪਕ ਸਿੰਘ, ਰੀਆ ਬਾਂਸਲ ਅਤੇ ਨੈਨਸੀ ਚੋਹਾਨ ਨੇ ਵਿਸ਼ੇਸ਼ ਤੌਰ ਤੇ ਸੇਵਾਵਾਂ ਨਿਭਾਈਆਂ।
ਬਲਬੀਰ ਕੌਰ ਰਾਏਕੋਟੀ ਨੇ ਮੈਡੀਕਲ ਟੀਮਾਂ, ਅਟਾਰੀ ਸਕੂਲ ਦੇ ਸਟਾਫ ਅਤੇ ਐਗਰੀਡ ਫਾਉਂਡੇਸ਼ਨ ਵੱਲੋਂ ਕੈਂਪ ਨੂੰ ਸਫਲਤਾ ਪੂਰਵਕ ਨੇਪਰੇ ਚਾੜ੍ਹਨ ਵਿੱਚ ਪਾਏ ਜਾਏ ਰਹੇ ਯੋਗਦਾਨ ਦੀ ਪ੍ਰਸ਼ੰਸਾ ਕਰਦਿਆਂ, ਇਸ ਇਲਾਕੇ ਵਿੱਚ ਸਿੱਖਿਆ ਅਤੇ ਸਿਹਤ ਦੇ ਖੇਤਰ ਵਿੱਚ ਭਵਿੱਖ ਵਿੱਚ ਵੀ ਹਰ ਸੰਭਵ ਸਹਿਯੋਗ ਕਰਨ ਦਾ ਵਿਸ਼ਵਾਸ ਪ੍ਰਗਟਾਇਆ।
ਇਸ ਮੌਕੇ ਧਰਮਪਾਲ ਬਾਂਸਲ ਅਤੇ ਅਸ਼ੋਕ ਬਹਿਲ ਨੇ ਸਰਹੱਦੀ ਖੇਤਰ ਦੇ ਲੋਕਾਂ ਲਈ ਸਿਹਤ ਸਮੱਸਿਆਵਾਂ ਲਈ ਕੀਤੇ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ।
ਡਾ ਸਤਿੰਦਰ ਸਿੰਘ ਨੇ ਭਗਤ ਪੂਰਨ ਸਿੰਘ ਜੀ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਉਨ੍ਹਾਂ ਨੂੰ ਮਹਾਨ ਚਿੰਤਕ, ਉਘੇ ਸਮਾਜ ਸੇਵੀ ਅਤੇ ਵਾਤਾਵਰਨ ਪ੍ਰੇਮੀ ਦੱਸਿਆ ਅਤੇ ਉਨ੍ਹਾਂ ਦੀ ਸੋਚ ਅਨੁਸਾਰ ਜੀਵਨ ਜਿਊਣ ਦੀ ਪ੍ਰੇਰਨਾ ਦਿੱਤੀ। ਉਨ੍ਹਾਂ ਨੇ ਵਿਸ਼ਵ ਪੰਜਾਬੀ ਸਭਾ ਕੈਨੇਡਾ ਦੇ ਚੇਅਰਮੈਨ ਡਾ ਦਲਬੀਰ ਸਿੰਘ ਕਥੂਰੀਆ, ਬਲਬੀਰ ਕੌਰ ਰਾਏਕੋਟੀ ਅਤੇ ਡਾਕਟਰਾਂ ਦੀ ਸਮੁੱਚੀ ਟੀਮ ਦਾ ਧੰਨਵਾਦ ਕਰਦਿਆਂ ਕਿਹਾ ਕਿ ਪ੍ਰਦੂਸ਼ਿਤ ਪਾਣੀ ਕਾਰਨ ਬਰਸਾਤ ਦੇ ਮੌਸਮ ਵਿੱਚ ਚਮੜੀ ਦੇ ਰੋਗ ਬਹੁਤ ਤੇਜ਼ੀ ਨਾਲ ਵੱਧਣ ਕਾਰਨ ਅਜਿਹੇ ਕੈਂਪ ਇਸ ਇਲਾਕੇ ਲਈ ਬੇਹੱਦ ਲਾਹੇਵੰਦ ਸਾਬਿਤ ਹੋ ਰਹੇ ਹਨ।
ਕੈਂਪ ਨੂੰ ਸਫਲ ਬਣਾਉਣ ਵਿੱਚ ਸਕੂਲ ਸਟਾਫ ਮੰਜੂ ਬਾਲਾ ਲੈਕਚਰਾਰ , ਕਮਲਪ੍ਰੀਤ ਸਿੰਘ, ਗੁਰਸੇਵਕ ਸਿੰਘ,ਤਨਵੀਰ ਸਿੰਘ,ਗੁਰਦੇਵ ਸਿੰਘ,ਸਿੰਘ, ਸੁਖਦੇਵ ਸਿੰਘ ਸਿੰਘ ਕੈਪਸ ਮੈਨੇਜਰ ਨੇ ਵਿਸ਼ੇਸ਼ ਯੋਗਦਾਨ ਪਾਇਆ।
ਕੈਂਪ ਦੇ ਅੰਤ ਵਿੱਚ ਸਕੂਲ ਪ੍ਰਿੰਸੀਪਲ ਕੋਮਲ ਅਰੋੜਾ ਨੇ ਆਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਯਾਦਗਾਰੀ ਚਿੰਨ੍ਹ ਭੇਟ ਕੀਤੇ।