ਅੰਤਰਰਾਸ਼ਟਰੀ ਦਿਵਿਆਂਗਤਾ ਦਿਵਸ ਮੌਕੇ ਰਾਮ ਬਾਗ ਫਿਰੋਜ਼ਪੁਰ ਛਾਉਣੀ ਵਿਖੇ ਪ੍ਰੋਗਰਾਮ ਆਯੋਜਿਤ
ਅੰਤਰਰਾਸ਼ਟਰੀ ਦਿਵਿਆਂਗਤਾ ਦਿਵਸ ਮੌਕੇ ਰਾਮ ਬਾਗ ਫਿਰੋਜ਼ਪੁਰ ਛਾਉਣੀ ਵਿਖੇ ਪ੍ਰੋਗਰਾਮ ਆਯੋਜਿਤ
ਫਿਰੋਜ਼ਪੁਰ, 5 ਦਸੰਬਰ 2023.
ਸਮਾਜਿਕ ਸੁਰੱਖਿਆ ਦਫ਼ਤਰ ਵੱਲੋਂ ਜ਼ਿਲ੍ਹਾ ਪੱਧਰ ਤੇ ਵਿਸ਼ਵ ਦਿਵਿਆਂਗਤਾ ਦਿਵਸ ਸ੍ਰੀ ਰਾਮ ਬਾਗ ਬਿਰਧ ਸੇਵਾ ਆਸ਼ਰਮ ਫਿਰੋਜ਼ਪੁਰ ਛਾਉਣੀ ਵਿਖੇ ਮਨਾਇਆ ਗਿਆ। ਇਸ ਸਮਾਗਮ ਵਿੱਚ ਸ੍ਰੀ ਸੂਰਜ ਕੁਮਾਰ ਸਹਾਇਕ ਕਮਿਸ਼ਨਰ (ਜ) ਨੇ ਮੁੱਖ ਮਹਿਮਾਨ ਵਜੋਂ ਸ਼ਾਮਲ ਹੋ ਕੇ ਦਿਵਿਆਂਗ ਬੱਚਿਆਂ ਦਾ ਹੌਂਸਲਾ ਵਧਾਇਆ।
ਇਸ ਮੌਕੇ ਸ੍ਰੀ ਸੂਰਜ ਨੇ ਕਿਹਾ ਕਿ ਸਾਨੂੰ ਦਿਵਿਆਂਗ ਬੱਚਿਆਂ ਨਾਲ ਹਮੇਸ਼ਾ ਮਿਲ-ਜੁਲ ਕੇ ਰਹਿਣਾ ਚਾਹੀਦਾ ਹੈ ਅਤੇ ਇਨ੍ਹਾਂ ਨੂੰ ਕਦੇ ਵੀ ਆਪਣੇ ਦਿਵਿਆਂਗ ਹੋਣ ਦਾ ਅਹਿਸਾਸ ਨਹੀਂ ਹੋਣਾ ਚਾਹੀਦਾ। ਇਸ ਸਮਾਗਮ ਵਿੱਚ ਭਗਤ ਪੂਰਨ ਸਿੰਘ ਸਕੂਲ ਕਟੋਰਾ ਅਤੇ ਮੁਸਕਾਨ ਸਕੂਲ ਦੇ ਬੱਚਿਆਂ ਨੇ ਰੰਗਾਂ ਰੰਗ ਪ੍ਰੋਗਰਾਮ ਪੇਸ਼ ਕੀਤਾ ਅਤੇ ਕਈ ਹੋਰ ਬੱਚਿਆਂ ਵੱਲੋਂ ਆਪਣੀ ਕਲਾ ਦੇ ਜੌਹਰ ਦਿਖਾਏ ਗਏ। ਇਸ ਮੌਕੇ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਸ੍ਰੀਮਤੀ ਰੇਨੂੰ ਬਾਲਾ ਵੱਲੋਂ ਬੱਚਿਆਂ ਨੂੰ ਗਿਫਟ ਵੰਡੇ ਗਏ। ਇਸ ਤੋਂ ਇਲਾਵਾ ਸਰਬੱਤ ਦਾ ਭਲਾ ਵੈਲਵੇਅਰ ਸੁਸਾਇਟੀ ਅਤੇ ਸਮਾਜ ਸੇਵੀ ਵਿਪੁਲ ਨਾਰੰਗ ਵੱਲੋਂ ਬੱਚਿਆਂ ਨੂੰ ਗਰਮ ਕਪੜੇ ਵੰਡੇ ਗਏ। ਸਮਾਗਮ ਦੇ ਅੰਤ ਵਿੱਚ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਸ੍ਰੀਮਤੀ ਰੇਨੂੰ ਬਾਲਾ ਅਤੇ ਉਨ੍ਹਾਂ ਦੇ ਸਟਾਫ ਵੱਲੋਂ ਆਏ ਹੋਏ ਸਾਰੇ ਮਹਿਮਾਨਾਂ ਦਾ ਦਿਲੋਂ ਧੰਨਵਾਦ ਕੀਤਾ ਗਿਆ।
ਇਸ ਮੌਕੇ ਸੈਕਟਰੀ ਰੈੱਡ ਕਰਾਸ ਸ੍ਰੀ ਅਸ਼ੋਕ ਬਹਿਲ, ਹਰੀਸ਼ ਗੋਇਲ ਰਾਮ ਬਾਗ, ਹਰੀਸ਼ ਮੌਂਗਾ ਸਮਾਜ ਸੇਵੀ, ਸਮਾਜ ਸੇਵੀ ਵਿਪੁਲ ਨਾਰੰਗ ਅਤੇ ਪ੍ਰਧਾਨ ਖਾਲਸਾ ਗੁਰਦੁਆਰਾ ਸਾਹਿਬ ਫਿਰੋਜ਼ਪੁਰ ਛਾਉਣੀ ਅਤੇ ਸੈ਼ਲੀ ਕੰਬੋਜ਼, ਸ੍ਰੀ ਹਰਪ੍ਰੀਤ ਸਿੰਘ ਨੇ ਪ੍ਰੋਗਰਾਮ ਵਿੱਚ ਸ਼ਾਮਲ ਹੋ ਕੇ ਬੱਚਿਆਂ ਦਾ ਹੌਸਲਾ ਵਧਾਇਆ।