Ferozepur News
ਨੌਜਵਾਨ ਭਾਰਤ ਸਭਾ ਵੱਲੋਂ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਫਿਰੋਜ਼ਪੁਰ ਦੇ ਨੌਜਵਾਨਾਂ ਵੱਲੋਂ ਹੁਸੈਨੀਵਾਲਾ ਤੱਕ ਕੀਤੇ ਮੋਟਰਸਾਈਕਲ ਮਾਰਚ
ਨੌਜਵਾਨ ਭਾਰਤ ਸਭਾ ਵੱਲੋਂ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਫਿਰੋਜ਼ਪੁਰ ਦੇ ਨੌਜਵਾਨਾਂ ਵੱਲੋਂ ਹੁਸੈਨੀਵਾਲਾ ਤੱਕ ਕੀਤੇ ਮੋਟਰਸਾਈਕਲ ਮਾਰਚ
ਫਿਰੋਜ਼ਪੁਰ, 31.7.2023: ਨੌਜਵਾਨ ਭਾਰਤ ਸਭਾ ਵੱਲੋਂ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ, ਤੂੜੀ ਬਜ਼ਾਰ ਫਿਰੋਜ਼ਪੁਰ ਵਿਖੇ ਸ਼ਹੀਦ ਭਗਤ ਸਿੰਘ ਅਤੇ ਸਾਥੀਆਂ ਦੇ ਰੁਲ਼ ਰਹੇ ਇਤਿਹਾਸਕ ਗੁਪਤ ਟਿਕਾਣੇ ਨੂੰ ਲਾਇਬ੍ਰੇਰੀ ਅਤੇ ਮਿਊਜ਼ੀਅਮ ਵਿੱਚ ਤਬਦੀਲ ਕਰਵਾਉਣ ਦੀ ਮੰਗ ਨੂੰ ਲੈਕੇ ਮੁਕਤਸਰ ਸਾਹਿਬ ਫ਼ਰੀਦਕੋਟ, ਫਿਰੋਜ਼ਪੁਰ ਦੇ ਨੌਜਵਾਨਾਂ ਵੱਲੋਂ ਹੁਸੈਨੀਵਾਲਾ ਤੱਕ ਕੀਤੇ ਮੋਟਰਸਾਈਕਲ ਮਾਰਚ।
ਹੁਸੈਨੀਵਾਲਾ ਸ਼ਹੀਦਾਂ ਦੀ ਸਮਾਰਕ ਤੇ ਸੰਬੋਧਨ ਕਰਦਿਆਂ ਨੌਜਵਾਨ ਭਾਰਤ ਸਭਾ ਦੇ ਸੂਬਾ ਆਗੂ ਮੰਗਾ ਸਿੰਘ ਅਜਾਦ, ਨੌਨਿਹਾਲ ਸਿੰਘ ਦੀਪ ਸਿੰਘ ਵਾਲਾ, ਪੰਜਾਬ ਸਟੂਡੈਂਟਸ ਯੂਨੀਅਨ ਦੇ ਸੂਬਾ ਆਗੂ ਕੇਸ਼ਵ ਆਜ਼ਾਦ ਨੇ ਕਿਹਾ ਕਿ ਸ਼ਹੀਦਾਂ ਦੇ ਨਾਂ ਤੇ ਸਿਆਸਤ ਕਰਕੇ ਸੱਤਾ ਵਿੱਚ ਆਈ ਆਮ ਆਦਮੀ ਪਾਰਟੀ ਦੀ ਸਰਕਾਰ, ਉਨ੍ਹਾਂ ਦੀਆਂ ਯਾਦਗਾਰਾਂ ਨੂੰ ਸਾਂਭਣ ਤੋਂ ਭੱਜ ਰਹੀਂ ਹੈ ਉਨ੍ਹਾਂ ਕਿਹਾ ਕਿ ਫਿਰੋਜ਼ਪੁਰ ਤੂੜੀ ਬਜ਼ਾਰ ਵਿੱਚ ਸ਼ਹੀਦ ਭਗਤ ਸਿੰਘ ਅਤੇ ਸਾਥੀਆਂ ਦਾ ਇਤਿਹਾਸਕ ਗੁਪਤ ਟਿਕਾਣਾਂ ਹੈ। ਜਿੱਥੇ ਦਰਜ਼ਨ ਦੇ ਕਰੀਬ ਕ੍ਰਾਂਤੀਕਾਰੀ ਸਾਲ ਭਰ ਰਹੇ ਹਨ। ਇਹ ਟਿਕਾਣਾ ਉਨ੍ਹਾਂ ਦੀ ਕ੍ਰਾਂਤੀਕਾਰੀ ਪਾਰਟੀ ਦਾ ਪੰਜਾਬ ਦਾ ਹੈਡਕੁਆਰਟਰ ਸੀ । ਇਸੇ ਟਿਕਾਣੇ ਤੇ ਸਾਂਡਰਸ ਕਤਲ ਕਾਂਡ ਦੀ ਵਿਉਂਤਬੰਦੀ ਕੀਤੀ ਗਈ ਏਅਰ ਪਿਸਟਲ ਨਾਲ ਨਿਸ਼ਾਨੇਬਾਜ਼ੀ ਸਿੱਖੀ, ਇਥੇ ਹੀ ਰੂਪੋਸ਼ ਹੋਣ ਲਈ ਸ਼ਹੀਦ ਭਗਤ ਸਿੰਘ ਨੇ ਆਪਣੇ ਦਾੜੀ ਕੇਸ ਕਟਵਾਏ ਅਤੇ ਪੰਜਾਹ ਦੇ ਕਰੀਬ ਸ਼ਹੀਦਾਂ ਦੀਆਂ ਜੀਵਨੀਆਂ ਸ਼ਿਵ ਵਰਮਾ ਨੇ ਇਸੇ ਟਿਕਾਣੇ ਤੇ ਲਿਖੀਆਂ। ਪਰ ਕਿਸੇ ਵੀ ਸਰਕਾਰ ਨੇ ਹੁਣ ਤੱਕ ਇਸ ਟਿਕਾਣੇ ਨੂੰ ਨਹੀਂ ਸਾਂਭਿਆ। ਖਟਕੜ ਕਲਾਂ ਵਿਖੇ ਸਹੰ ਚੁੱਕ ਸਮਾਗਮ ਕਰਨ ਵਾਲੀ ਭਗਵੰਤ ਮਾਨ ਸਰਕਾਰ ਨੇ ਇਸ ਵੱਲ ਹੁਣ ਤੱਕ ਕੋਈ ਧਿਆਨ ਨਹੀਂ ਦਿੱਤਾ। ਨਾ ਹੀ ਇਨ੍ਹਾਂ ਨੇ ਇਸ ਮਸਲੇ ਤੇ ਸੰਘਰਸ਼ ਕਰ ਰਹੀ ਨੌਜਵਾਨ ਭਾਰਤ ਸਭਾ ਨੂੰ ਮਿਲਣ ਦਾ ਸਮਾਂ ਦਿੱਤਾ।
ਨੌਜਵਾਨ ਭਾਰਤ ਸਭਾ ਦੇ ਜ਼ਿਲ੍ਹਾ ਆਗੂ ਮਹਾਸ਼ਾ ਸਿੰਘ, ਵਿਜੇ ਕੁਮਾਰ, ਨਗਿੰਦਰ ਸਿੰਘ , ਲਖਵੀਰ ਬੀਹਲੇਵਾਲਾ ਨੇ ਕਿਹਾ ਕਿ ਸ਼ਹੀਦ ਊਧਮ ਸਿੰਘ ਦੀਆਂ ਅਸਥੀਆਂ ਸੁਨਾਮ ਵਿਖੇ ਕਾਲਜ ਵਿੱਚ ਰੁਲ ਰਹੀਆਂ ਹਨ ਉਨ੍ਹਾਂ ਨੂੰ ਸਾਂਭਿਆ ਨਹੀਂ ਜਾ ਰਿਹਾ, ਸ਼ਹੀਦ ਮਦਨ ਲਾਲ ਢੀਂਗਰਾ ਦਾ ਅੰਮ੍ਰਿਤਸਰ ਵਿਖੇ ਜੱਦੀ ਪਿੰਡ ਖੰਡਰ ਬਣ ਚੁੱਕਿਆ ਹੈ, ਸ਼ਹੀਦ ਸੁਖਦੇਵ ਦਾ ਲੁਧਿਆਣਾ ਵਿਖੇ ਘਰ ਖ਼ਸਤਾ ਹਾਲਤ ਵਿੱਚ ਹੈ, ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਘਰ ਦੀ ਰਿਪੇਅਰ ਨਹੀਂ ਕੀਤੀ ਜਾ ਰਹੀ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਸ਼ਹੀਦਾਂ ਦੀਆਂ ਯਾਦਗਾਰਾਂ ਨੂੰ ਰੋਲ ਰਹੀ ਹੈ ਜਿਸਦੇ ਖ਼ਿਲਾਫ਼ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ।
ਆਗੂਆਂ ਕਿਹਾ ਕਿ ਅੱਜ ਕੇਂਦਰ ਵਿੱਚ ਜਿਸ ਤਰ੍ਹਾਂ ਭਾਜਪਾ ਦੀ ਸਰਕਾਰ ਘੱਟ ਗਿਣਤੀਆਂ ਨੂੰ ਟਾਰਗੇਟ ਕਰ ਰਹੀਂ ਹੈ । ਦਲਿਤਾਂ, ਅੰਬੇਡਕਰਵਾਦੀਆਂ, ਕਮਿਊਨਿਸਟਾਂ ਨੂੰ ਨਿਸ਼ਾਨਾਂ ਬਣਾਇਆ ਜਾ ਰਿਹਾ ਹੈ। ਔਰਤਾਂ ਤੇ ਜ਼ੁਲਮਾਂ ਨੇ ਹੱਦਾਂ ਪਾਰ ਕਰ ਦਿੱਤੀਆਂ ਹਨ । ਇਸ ਸਮੇਂ ਸ਼ਹੀਦਾਂ ਦੀ ਵਿਚਾਰਧਾਰਾ ਹੀ ਟਾਕਰਾ ਕਰ ਸਕਦੀ ਹੈ ਅਤੇ ਜਵਾਨੀ ਲਈ ਰਾਹ ਦਸੇਰਾ ਬਣ ਸਕਦੀ ਹੈ । ਯਾਦਗਾਰਾਂ ਨੂੰ ਸਾਂਭਣ ਦੀ ਮੰਗ ਨੂੰ ਲੈਕੇ 28 ਸਤੰਬਰ ਨੂੰ ਸ਼ਹੀਦ ਭਗਤ ਸਿੰਘ ਅਤੇ ਜਨਮਦਿਨ ਤੇ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਦੇ ਘਰ ਦਾ ਘਿਰਾਓ ਕੀਤਾ ਜਾਵੇਗਾ ਜਿਸਦੀਆਂ ਤਿਆਰੀਆਂ ਹੁਣ ਤੋਂ ਹੀ ਸ਼ੁਰੂ ਕਰ ਦਿੱਤੀਆਂ ਹਨ।
ਇਸ ਮੌਕੇ ਭਰਾਤਰੀ ਜਥੇਬੰਦੀਆਂ ਕਿਰਤੀ ਕਿਸਾਨ ਯੂਨੀਅਨ ਦੇ ਆਗੂ ਹਰਪ੍ਰੀਤ ਸਿੰਘ ਝਬੇਲਵਾਲੀ, ਗੁਰਜੀਤ ਸਿੰਘ, ਬਲਵਿੰਦਰ ਸਿੰਘ, ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂ ਅੰਗਰੇਜ਼ ਸਿੰਘ ਗੋਰਾ ਮੱਤਾ, ਲਖਵੰਤ ਸਿੰਘ ਕਿਰਤੀ, ਨੌਜਵਾਨ ਭਾਰਤ ਸਭਾ ਦੇ ਆਗੂ ਜਸਵੰਤ ਸਿੰਘ ਜਵਾਏ ਸਿੰਘ ਵਾਲਾ, ਰਾਜਦੀਪ ਸਿੰਘ ਸਮਾਘ, ਕੁਲਵੰਤ ਸਿੰਘ ਬੀਹਲੇਵਾਲਾ, ਰਾਜਪ੍ਰੀਤ ਸਿੰਘ ਚੱਕ ਆਦਿ ਨੇ ਵੀ ਸੰਬੋਧਨ ਕੀਤਾ।
ਜਾਰੀ ਕਰਤਾ
ਨੌਨਿਹਾਲ ਸਿੰਘ ਦੀਪ ਸਿੰਘ ਵਾਲਾ
77106-41591