ਸਿਵਲ ਡਿਫੈਂਸ ਦਾ ਤਿੰਨ ਦਿਨਾਂ ‘ਰਿਵੇਮਪਿੰਗ ਕੈਂਪ’ ਸ਼ੁਰੂ
ਦੇਵ ਸਮਾਜ ਮਾਡਲ ਸਕੂਲ ਵਿਚ 300 ਵਿਦਿਆਰਥੀ ਲੈ ਰਹੇ ਹਨ ਭਾਗ
ਸਿਵਲ ਡਿਫੈਂਸ ਦਾ ਤਿੰਨ ਦਿਨਾਂ ‘ਰਿਵੇਮਪਿੰਗ ਕੈਂਪ’ ਸ਼ੁਰੂ
-ਦੇਵ ਸਮਾਜ ਮਾਡਲ ਸਕੂਲ ਵਿਚ 300 ਵਿਦਿਆਰਥੀ ਲੈ ਰਹੇ ਹਨ ਭਾਗ
-ਕੁਦਰਤੀ ਆਫਤਾਂ ਅਤੇ ਮਨੁੱਖੀ ਆਫਤਾਂ ਤੋਂ ਬਚਾਅ ਲਈ ਤਕਨੀਕੀ ਜਾਣਕਾਰੀ ਜ਼ਰੂਰੀ: ਚਰਨਜੀਤ ਸਿੰਘ ,ਡਵੀਜ਼ਨਲ ਕਮਾਂਡੈਂਟ
ਫਿਰੋਜ਼ਪੁਰ; 24ਅਪ੍ਰੈਲ, 2023: ਸਿਵਲ ਡਿਫੈਂਸ ਫਿਰੋਜ਼ਪੁਰ ਵੱਲੋਂ ਤਿੰਨ ਦਿਨਾਂ ‘‘ਰਿਵੇਮਪਿੰਗ ਆਫ ਸਿਵਲ ਡਿਫੈਂਸ’’ ਕੈਂਪ ਸਥਾਨਕ ਦੇਵ ਸਮਾਜ ਮਾਡਲ ਸਕੂਲ ਵਿਚ ਸ਼ੁਰੂ ਕੀਤਾ ਗਿਆ। ਇਸ ਕੈਂਪ ਵਿਚ 300 ਦੇ ਕਰੀਬ ਵਲੰਟੀਅਰ ਭਾਗ ਲੈ ਰਹੇ ਹਨ। ਕੈਂਪ ਦੀ ਸ਼ੁਰੂਆਤ ਪੰਜਾਬ ਹੋਮਗਾਰਡ ਅਤੇ ਸਿਵਲ ਡਿਫੈਂਸ ਦੇ ਡਵੀਜ਼ਲਲ ਕਮਾਂਡੈਂਟ ਚਰਨਜੀਤ ਸਿੰਘ ਵੱਲੋਂ ਸ਼ਮਾਂ ਰੋਸ਼ਨ ਕਰਕੇ ਕੀਤੀ ਗਈ। ਇਸ ਮੌਕੇ ਉਨ੍ਹਾਂ ਦੇ ਨਾਲ ਬਟਾਲੀਅਨ ਕਮਾਂਡੈਂਟ ਅਨਿਲ ਪਰੂਥੀ, ਜ਼ਿਲ੍ਹਾ ਕਮਾਂਡੈਂਟ ਰਜਿੰਦਰ ਕ੍ਰਿਸ਼ਨ, ਸਿਵਲ ਡਿਫੈਂਸ ਫਿਰੋਜ਼ਪੁਰ ਦੇ ਚੀਫ ਵਾਰਡਨ ਪਰਮਿੰਦਰ ਸਿੰਘ ਥਿੰਦ, ਡਿਪਟੀ ਚੀਫ ਵਾਰਡਨ ਪ੍ਰੇਮ ਨਾਥ ਸ਼ਰਮਾ ਅਤੇ ਦੇਵ ਸਮਾਜ ਮਾਡਲ ਸਕੂਲ ਦੇ ਪ੍ਰਿੰਸੀਪਲ ਸੁਨੀਤਾ ਰੰਗਬੁਲਾ ਵੀ ਹਾਜ਼ਰ ਸਨ। ਇਸ ਤੋਂ ਪਹਿਲੋਂ ਪ੍ਰਿੰਸੀਪਲ ਸੁਨੀਤਾ ਰੰਗਬੁਲਾ ਦੀ ਅਗਵਾਈ ਵਿਚ ਸਕੂਲ ਵੱਲੋਂ ਕੈਂਪ ਦੇ ਸ਼ਾਨਦਾਰ ਪ੍ਰਬੰਧ ਕੀਤੇ ਗਏ ਸਨ। ਮੁੱਖ ਮਹਿਮਾਨ ਅਤੇ ਵਿਸ਼ੇਸ਼ ਮਹਿਮਾਨਾਂ ਦੀ ਆਮਦ ’ਤੇ ਸਕੂਲ ਬੈਂਡ ਦੇ ਵਿਦਿਆਰਥੀਆਂ ਵੱਲੋਂ ਸਵਾਗਤ ਕੀਤਾ ਗਿਆ। ਕੈਂਪ ਦੌਰਾਨ ਐੱਨਸੀਸੀ ਵਿਦਿਆਰਥੀਆਂ ਅਤੇ ਸਕੂਲ ਸਟਾਫ ਦਾ ਵੀ ਪੂਰਾ ਸਹਿਯੋਗ ਸੀ। ਇਸ ਮੌਕੇ ਆਪਣੇ ਸੰਬੋਧਨ ਵਿਚ ਡਵੀਜ਼ਨਲ ਕਮਾਂਡੈਂਟ ਚਰਨਜੀਤ ਸਿੰਘ ਨੇ ਦੱਸਿਆ ਕਿ ਹੜ੍ਹ, ਭੂਚਾਲ ਜਾਂ ਅਸਮਾਨੀ ਬਿਜਲੀ ਡਿੱਗਣ ਜਿਹੀਆਂ ਕੁਦਰਤੀ ਆਫਤਾਂ ਹੋਣ ਜਾਂ ਕਿਸੇ ਸੜਕੀ ਹਾਦਸੇ ਅਤੇ ਅੱਗਜਨੀ ਜਿਹੀਆਂ ਮਨੁੱਖ ਨਿਰਮਿਤ ਆਫਤਾਂ ਹੋਣ, ਉਨ੍ਹਾਂ ਦਾ ਸਾਹਮਣਾ ਕਰਨ ਲਈ ਤਕਨੀਕੀ ਜਾਣਕਾਰੀ ਅਤੇ ਟਰੇਨਿੰਗ ਹੋਣੀ ਬਹੁਤ ਜ਼ਰੂਰੀ ਹੈ। ਉਨ੍ਹਾਂ ਦੱਸਿਆ ਕਿ ਹਰ ਵਾਰ ਅੱਗ ਨੂੰ ਪਾਣੀ ਨਾਲ ਹੀ ਨਹੀਂ ਬੁਝਾਇਆ ਜਾ ਸਕਦਾ। ਉਨ੍ਹਾਂ ਦੱਸਿਆ ਕਿ ਕਿਵੇਂ ਤੇਲ ਜਾਂ ਸ਼ਾਰਟ ਸਰਕਿਟ ਨਾਲ ਲੱਗੀ ਅੱਗ ’ਤੇ ਪਾਣੀ ਪਾਉਣਾ ਖਤਰਨਾਕ ਹੋ ਸਕਦਾ ਹੈ। ਇਸੇ ਤਰ੍ਹਾਂ ਉਨ੍ਹਾਂ ਦੱਸਿਆ ਕਿ ਸੜਕੀ ਹਾਦਸੇ ਦੇ ਮੌਕੇ ਕਿਸੇ ਨੂੰ ਕਿਵੇਂ ਹਾਦਸਾਗ੍ਰਸਤ ਵਾਹਨ ਵਿਚੋਂ ਕੱਢਣਾ ਹੈ, ਇਹ ਬਹੁਤ ਜ਼ਰੂਰੀ ਹੈ। ਡਵੀਜ਼ਨਲ ਕਮਾਂਡੈਂਟ ਚਰਨਜੀਤ ਸਿੰਘ ਨੇ ਦੱਸਿਆ ਕਿ ਹਾਦਸੇ ਵਿਚ ਬੇਸੁੱਧ ਵਿਅਕਤੀ ਦੇ ਮੂੰਹ ਵਿਚ ਪਾਣੀ ਨਹੀਂ ਪਾਉਣਾ ਚਾਹੀਦਾ। ਕਈ ਵਾਰ ਟੁਟੀਆਂ ਪਸਲੀਆਂ ਦੇ ਦਬਾਅ ਨਾਲ ਪਾਣੀ ਸਿੱਧਾ ਸਾਹ ਨਲੀ ਵਿਚ ਹੀ ਚਲਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਇਸ ਤਿੰਨ ਦਿਨਾਂ ਕੈਂਪ ਵਿਚ ਸਾਰੇ ਵਲੰਟੀਅਰਾਂ ਨੂੰ ਅਜਿਹਾ ਸਭ ਕੁਝ ਹੀ ਦੱਸਿਆ ਜਾਵੇਗਾ। ਇਸ ਮੌਕੇ ਬਟਾਲੀਅਨ ਕਮਾਂਡੈਂਟ ਅਨਿਲ ਪਰੂਥੀ, ਜ਼ਿਲ੍ਹਾ ਕਮਾਂਡੈਂਟ ਰਜਿੰਦਰ ਕ੍ਰਿਸ਼ਨ, ਚੀਫ ਵਾਰਡਨ ਪਰਮਿੰਦਰ ਸਿੰਘ ਥਿੰਦ, ਡਿਪਟੀ ਚੀਫ ਵਾਰਡਨ ਪ੍ਰੇਮ ਨਾਥ ਸ਼ਰਮਾ, ਪੋਸਟ ਵਾਰਡਨ ਹਰੀ ਰਾਮ ਖਿੰਦੜੀ, ਰਮਨ ਵਧਵਾ, ਸਟੋਰ ਸੁਪਰਡੈਂਟ ਰੁਪਿੰਦਰ ਸਿੰਘ, ਪਲਾਟੂਨ ਕਮਾਂਡੈਂਟ ਅਨੀਸ਼ ਗੁਪਤਾ, ਸਤਵੰਤ ਸਿੰਘ ਕੋਹਲੀ ਵੀ ਹਾਜ਼ਰ ਸਨ।