ਵੱਖ ਵੱਖ ਥਾਂਵਾ ਤੋਂ ਫਿਰੋਜ਼ਪੁਰ ਜ਼ਿਲ੍ਹੇ ਵਿਚ ਆਏ ਵਿਅਕਤੀਆਂ ਨੂੰ 3 ਥਾਂਵਾਂ ਤੇ ਕੀਤਾ ਗਿਆ ਹੈ ਕੁਆਰਨਟਾਈਨ – ਡਿਪਟੀ ਕਮਿਸ਼ਨਰ
ਹਜ਼ੂਰ ਸਾਹਿਬ ਤੋਂ ਪਰਤੇ 86 ਸ਼ਰਧਾਲੂਆਂ ਨੂੰ ਐਸਬੀਐਸ ਕਾਲਜ ਵਿਖੇ ਕੁਆਰਨਟਾਈਨ ਕੀਤਾ ਗਿਆ ਹੈ, ਸਾਰਿਆਂ ਦੇ ਸੈਂਪਲ ਟੈਸਟ ਲਈ ਲੈਬ ਵਿਚ ਭੇਜੇ ਗਏ
ਫਿਰੋਜਪੁਰ 29 ਅਪ੍ਰੈਲ ਬਾਹਰ ਦੇ ਸੂਬਿਆਂ ਤੋਂ ਜ਼ਿਲ੍ਹੇ ਵਿਚ ਪਰਤੇ ਵੱਖ ਵੱਖ ਵਿਅਕਤੀਆਂ ਨੂੰ 14 ਦਿਨਾਂ ਲਈ ਕੁਆਰਟਾਈਨ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਦੀ ਸੈਂਪਲਿੰਗ ਕਰਵਾਈ ਜਾ ਰਹੀ ਹੈ।
ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰ: ਕੁਲਵੰਤ ਸਿੰਘ ਨੇ ਦਿੱਤੀ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਵਿਚ 3 ਕੁਆਰਨਟਾਈਨ ਸੈਂਟਰ ਬਣਾਏ ਗਏ ਹਨ, ਜਿਸ ਵਿਚੋਂ ਇੱਕ ਵਿਚ 86, ਦੂਜੇ ਵਿਚ 60 ਅਤੇ ਤੀਜੇ ਵਿਚ 24 ਵਿਅਕਤੀ ਕੁਆਰਨਾਈਨ ਹਨ। ਉਨ੍ਹਾਂ ਦੱਸਿਆ ਕਿ ਹਜ਼ੂਰ ਸਾਹਿਬ ਤੋਂ ਫਿਰੋਜ਼ਪੁਰ ਜ਼ਿਲ੍ਹੇ ਵਿਚ ਆਏ 86 ਸ਼ਰਧਾਲੂਆਂ ਨੂੰ ਐਸਬੀਐਸ ਕਾਲਜ ਵਿਖੇ ਕੁਆਰਨਟਾਈਨ ਕੀਤਾ ਗਿਆ ਹੈ ਜਿਨ੍ਹਾਂ ਦੇ ਸੈਂਪਲ ਲੈ ਕੇ ਟੈੱਸਟ ਲਈ ਲੈਬ ਵਿਖੇ ਭੇਜੇ ਗਏ ਹਨ। ਇਸ ਤੋਂ ਪਹਿਲਾਂ ਜ਼ੀਰਾ ਵਿਚ ਆਏ 60 ਵਿਅਕਤੀਆਂ ਨੂੰ ਨਵੋਦਿਆ ਵਿਦਿਆਲਿਆ ਮਹੀਆਂ ਵਾਲਾ ਵਿਖੇ ਕੁਆਰਨਟਾਈਨ ਕੀਤਾ ਗਿਆ ਹੈ ਜਿਨ੍ਹਾਂ ਦੀ ਸੈਂਪਲਿੰਗ ਜਾਰੀ ਹੈ। ਇਸ ਤੋਂ ਇਲਾਵਾ ਤੀਸਰੀ ਥਾਂ ਲਖਮੀਰ ਪੁਰੇ ਵਿਖੇ 24 ਵਿਅਕਤੀਆਂ ਨੂੰ ਕੁਆਰਨਟਾਈਨ ਕੀਤਾ ਗਿਆ ਹੈ ਅਤੇ ਉਨ੍ਹਾਂ ਦੇ ਵੀ ਸੈਂਪਲ ਲਏ ਜਾ ਰਹੇ ਹਨ।
ਉਨ੍ਹਾਂ ਦੱਸਿਆ ਕਿ ਕੁਆਰਨਟਾਈਨ ਸੈਂਟਰਾ ਵਿਖੇ ਪੁਖਤਾ ਪ੍ਰਬੰਧ ਕੀਤੇ ਗਏ ਹਨ ਜਿਨ੍ਹਾਂ ਵਿਅਕਤੀਆਂ ਨੂੰ ਕੁਆਰਨਟਾਈਨ ਕੀਤਾ ਗਿਆ ਹੈ ਉਨ੍ਹਾਂ ਨੂੰ ਖਾਣਾ ਵਗੇਰਾ ਉਥੇ ਹੀ ਮੁਹੱਈਆ ਕਰਵਾਇਆ ਜਾ ਰਿਹਾ ਹੈ ਤੇ ਕਿਸੇ ਨੂੰ ਵੀ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਸਾਰੇ ਵਿਅਕਤੀਆਂ ਦੀ ਰਿਪੋਰਟ ਆਉਣ ਤੋਂ ਬਾਅਦ ਪਰੋਟੋਕਾਲ ਅਨੁਸਾਰ ਕਾਰਵਾਈ ਕੀਤੀ ਜਾਵੇਗੀ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਰਕਾਰ ਦੇ ਹੁਕਮਾਂ ਮੁਤਾਬਕ ਬਾਹਰੋਂ ਆਏ ਵਿਅਕਤੀਆਂ ਨੂੰ ਕੁਆਰਨਟਾਈਨ ਕਰਨਾ ਜ਼ਰੂਰੀ ਹੈ। ਜੇਕਰ ਕੋਈ ਵੀ ਵਿਅਕਤੀ ਬਾਹਰੋਂ ਕਿਸੇ ਹੋਰ ਸੂਬੇ ਤੋਂ ਆਉਂਦਾ ਹੈ ਤਾਂ ਉਹ ਆਪਣੇ ਬਾਰੇ ਪ੍ਰਸ਼ਾਸਨ ਨੂੰ ਜ਼ਰੂਰ ਸੂਚਿਤ ਕਰੇ। ਉਨ੍ਹਾਂ ਕਿਹਾ ਅਸੀਂ ਆਸ ਕਰਦੇ ਹਾਂ ਕਿ ਸਾਡਾ ਜ਼ਿਲ੍ਹਾ ਕੋਰੋਨਾ ਮੁਕਤ ਜ਼ਿਲ੍ਹਾ ਬਣਿਆ ਰਹੇ ਇਸ ਲਈ ਸਮੂਹ ਲੋਕ ਪ੍ਰਸ਼ਾਸਨ ਦਾ ਸਾਥ ਦੇਣ ਤਾਂ ਜੋ ਕੋਰੋਨਾ ਨੂੰ ਫੈਲਣ ਤੋਂ ਰੋਕਿਆ ਜਾ ਸਕੇ।