14 ਅਗਸਤ ਨੂੰ ਕਰਤਾਰਪੁਰ ਲਾਂਘੇ ‘ਤੇ ਦੀਵੇ ਜਗਾ ਕੇ ਦਿੱਤਾ ਜਾਵੇਗਾ ਬਾਬੇ ਨਾਨਕ ਦਾ ਪਿਆਰ ਤੇ ਸਾਂਝੀ-ਵਾਲਤਾ ਦਾ ਸੰਦੇਸ਼
14 ਅਗਸਤ ਨੂੰ ਕਰਤਾਰਪੁਰ ਲਾਂਘੇ ‘ਤੇ ਦੀਵੇ ਜਗਾ ਕੇ ਦਿੱਤਾ ਜਾਵੇਗਾ ਬਾਬੇ ਨਾਨਕ ਦਾ ਪਿਆਰ ਤੇ ਸਾਂਝੀ-ਵਾਲਤਾ ਦਾ ਸੰਦੇਸ਼
ਫ਼ਿਰੋਜ਼ਪੁਰ, 9 ਅਗਸਤ 2022: ਰਾਸ਼ਟਰੀ ਕਿਸਾਨ ਆਗੂ (SKM) ਰਾਜ ਕੁਮਾਰ ਭਾਰਤ (ਸੰਯੋਜਕ ਰਾਸ਼ਟਰੀ ਆਮ ਜਨ ਬ੍ਰਿਗੇਡ) ਅਤੇ ਬੰਗਲਾਦੇਸ਼, ਭਾਰਤ, ਪਾਕਿਸਤਾਨ ਪੀਪਲਜ਼ ਫੋਰਮ (BBPPF) ਪੰਜਾਬ ਦੇ ਕਨਵੀਨਰ ਗੁਰਮੀਤ ਸਿੰਘ ਜੱਜ ਨੇ ਪ੍ਰੈੱਸ ਦੇ ਨਾਂ ਬਿਆਨ ਜਾਰੀ ਕਰਦਿਆਂ ਵੰਡ ਦੇ ਦਰਦ ਨੂੰ ਯਾਦ ਕੀਤਾ।
ਉਹਨਾਂ ਕਿਹਾ ਕਿ ਇੱਸ ਆਜਾਦੀ ਲਈ ਸਭ ਤੋਂ ਵੱਧ ਕੁਰਬਾਨੀਆਂ ਦੇਣ ਵਾਲੇ ਪੰਜਾਬੀਆਂ ਦਾ ਹੀ ਸਭ ਤੋਂ ਵੱਧ ਲਹੂ ਵਹਾਇਆ ਗਿਆ। ਇੱਸ ਦਿਨ ਪੰਜਾਬ ਦੇ ਟੋਟੇ ਕੀਤੇ ਗਏ, ਪੰਜਾਬੀਆਂ ਦੇ ਟੋਟੇ ਕੀਤੇ ਗਏ, ਤੇ ਦੁਨੀਆਂ ਦੀ ਸਭ ਤੋਂ ਉਪਜਾਊ ਧਰਤੀ ਤੇ ਪੰਜਾਬੀਆਂ ਦੇ ਲਹੂ ਦੀਆਂ ਨਦੀਆਂ ਵਹਾਈਆਂ ਗਈਆਂ। ਦੁਨੀਆਂ ਦੇ ਸਭ ਤੋਂ ਮਿਹਨਤੀ ਤੇ ਖੁਸ਼ਹਾਲ ਲੋਕਾਂ ਤੇ ਸਭ ਤੋਂ ਦਰਦਨਾਕ ਵੰਡ ਦਾ ਖੂਨੀ ਕਹਿਰ ਵਰਸਾਇਆ ਗਿਆ। ਬਾਬੇ ਦੀ ਕਰਮਭੂਮੀ ਤੇ ਖੇਤ ਉੱਸਦੇ ਹੀ ਪੁੱਤਰ ਧੀਆਂ ਦੇ ਲਹੂ ਵਿੱਚ ਡੋਬੇ ਗਏ। ਬਾਬੇ ਦੀ ਸੋਚ ਤੇ ਸੱਚ ਦੇ ਪੈਰੋਕਾਰਾਂ ਦੇ ਦਿਲ ਵਿਚੋਂ ਦਰਦ ਤੇ ਅੱਖਾਂ ਵਿੱਚੋਂ ਲਹੂ ਸਿੰਮਿਆਂ।
ਆਗੂਆਂ ਨੇ ਉੱਸ ਵੰਡ ਦੇ ਦਰਦ ਨੂੰ ਹੰਢਾਉਂਦੇ ਪੰਜਾਬੀਆਂ ਦੇ ਦਿਲਾਂ ਵਿੱਚ ਪਿਆਰ ਤੇ ਉਦਰੇਵਾਂ ਵੇਖਣ ਲਈ ਕਰਤਾਰਪੁਰ ਸਾਹਿਬ ਕਾਰੀਡੋਰ ਤੇ ਖਲੋ ਕੇ ਦੀਵੇ ਤੇ ਮੋਮਬੱਤੀਆਂ ਜਗਾਉਣ ਦਾ ਸੱਦਾ ਦਿੱਤਾ। ਜ਼ਿੰਦਗੀ ਤੇ ਇਤਿਹਾਸ ਤੇ ਝਾਤ ਪਾਉੱਦਿਆਂ ਪਤਾ ਚੱਲਦਾ ਹੈ ਕਿ ਬਾਬੇ ਨਾਨਕ ਦੇ ਖੇਤਾਂ ਵਿੱਚ ਵਾਹੇ ਹਲ਼ ਨਾਲ ਉੱਗੇ ਅਨਾਜ, ਫਸਲਾਂ, ਲੰਗਰ, ਤ੍ਰਿਪਤੀ ਅਤੇ ਬਾਬੇ ਦੀ ਵਾਹੀ ਕਲਮ ਤੇ ਇਲਾਹੀ ਬਾਣੀ ਚੋਂ ਉਪਜਿਆ ਕਿਰਤੀਆਂ ਲਾਲੋਆਂ ਲਈ ਪਿਆਰ, ਲੁਟੇਰੇ ਮਲਕ ਭਾਗੋਆਂ, ਬਾਬਰਾਂ ਤੇ ਜਾਬਰਾਂ ਲਈ ਫਿਟਕਾਰ। ਬਾਬੇ ਦੀਆਂ ਸੋਚਾਂ ਚੋਂ ਉਪਜੇ ਖਾਲਸੇ, ਗਦਰੀ, ਬੱਬਰ, ਭਗਤ ਸਰਾਭੇ ਤੇ ਲੋਕ ਹਿਤਾਂ ਲਈ ਜੂਝਣ ਵਾਲੇ ਵਾਰਿਸ।ਅੱਜ ਉਹਨਾਂ ਦੀਆਂ ਸੋਚਾਂ ਨੂੰ ਮਨੀਂ ਵਸਾਉਣ ਤੇ ਲੋਕ ਵਿਰੋਧੀਆਂ ਨੂੰ ਭਾਂਜ ਦੇਣ ਦੀ ਲੋੜ ਹੈ। ਪੱਕੀਆਂ ਕੀਤੀਆਂ ਜਾ ਰਹੀਆਂ ਫਿਰਕੂ ਵੰਡਾਂ ਤੇ ਨਫਰਤੀ ਗੰਢਾਂ ਦੇ ਅੰਧਕਾਰ ਨੂੰ ਮਿਟਾਉਣ ਲਈ ਇੱਕਮਿਕ ਹੋ ਕੇ ਅੱਗੇ ਵਧਣ ਵਾਲਾ ਚਾਨਣ ਫੈਲਾਉਣ ਦੀ ਲੋੜ ਹੈ।
ਉਹਨਾਂ ਮੰਗ ਕੀਤੀ ਕਿ ਲਾਂਘੇ ਰਾਹੀਂ ਬਾਬੇ ਨਾਨਕ ਦੇ ਖੇਤਾਂ ਵਿੱਚ ਗੁਰਦੁਆਰਾ ਸਾਹਿਬ ਦੇ ਖੁੱਲ੍ਹੇ ਦਰਸ਼ਨ ਦੀਦਾਰੇ ਹੋਣ। ਪਾਸਪੋਰਟ ਤੇ ਫੀਸਾਂ ਦੀਆਂ ਸ਼ਰਤਾਂ ਖਤਮ ਹੋਣ ਤਾਂ ਜੋ ਗਰੀਬ ਕਿਰਤੀ ਜੋ ਇਹ ਬੋਝ ਨਹੀਂ ਚੁੱਕ ਸਕਦੇ ਬਾਬੇ ਦੇ ਖੇਤਾਂ ਤੇ ਕਰਮਭੂਮੀ ਦੇ ਦਰਸ਼ਨਾਂ ਤੋਂ ਵਾਂਝੇ ਨਾ ਰਹਿਣ। ਭਾਰਤ ਪਾਕਿਸਤਾਨ ਵੀਜ਼ਾ ਅਤੇ ਪਾਸਪੋਰਟ ਫ੍ਰੀ ਆਵਾਜਾਈ ਪਛਾਣ ਪੱਤਰ ਦੇ ਅਧਾਰ ਤੇ ਯਕੀਨੀ ਬਣਾਈ ਜਾਵੇ। ਗੁਰੂ ਅਸਥਾਨਾਂ ਤੇ ਗੁਰੂ ਦੇ ਅਤੁੱਟ ਲੰਗਰ ਤੇ ਖੁੱਲ੍ਹੇ ਦਰਸ਼ਨ ਦੀਦਾਰੇ ਦੀ ਤਾਂਘ ਤੇ ਅਰਦਾਸ ਪੂਰੀ ਹੋਵੇ। ਉਹਨਾਂ ਬੁੱਧੀਜੀਵੀਆਂ, ਲੇਖਕਾਂ, ਕਲਾਕਾਰਾਂ ਸਮੇਤ ਸੂਝਵਾਨ ਲੋਕਾਂ ਤੇ ਲੋਕ ਪੱਖੀ ਜਥੇਬੰਦੀਆਂ ਨੂੰ ਪਹੁੰਚਣ ਲਈ ਸੱਦਾ ਦਿੱਤਾ। ਹੋਰ ਜਾਣਕਾਰੀ ਤੇ ਸੁਝਾਵਾਂ ਲਈ ਦੋ ਸੰਪਰਕ ਅਤੇ ਵਟਸਐਪ ਨੰਬਰ ਵੀ ਜਾਰੀ ਕੀਤੇ – 9255246238, 9465806990