ਤੰਬਾਕੂ ਦੀ ਆਦਤ ਬੀਮਾਰੀ ਨੂੰ ਦਾਅਵਤ-ਡਾ.ਅਰੋੜਾ
ਤੰਬਾਕੂ ਦੀ ਆਦਤ ਬੀਮਾਰੀ ਨੂੰ ਦਾਅਵਤ-ਡਾ.ਅਰੋੜਾ
ਫਿਰੋਜ਼ਪੁਰ, 31 ਮਈ 2022 ਸਿਹਤ ਵਿਭਾਗ ਫਿਰੋਜ਼ਪੁਰ ਵੱਲੋਂ ਸਿਵਲ ਸਰਜਨ ਡਾ. ਰਾਜਿੰਦਰ ਅਰੋੜਾ ਦੀ ਰਹਿਨੁਮਾਈ ਹੇਠ ਵੱਖ–ਵੱਖ ਸਿਹਤ ਗਤਵਿਧੀਆਂ ਲਗਾਤਾਰ ਜਾਰੀ ਹਨ ਇਸੇ ਸਿਲਸਿਲੇ ਤਹਿਤ ਜ਼ਿਲ੍ਹਾ ਸਿਹਤ ਅਫਸਰ ਡਾ. ਰਵੀ ਰਾਮ ਸ਼ਰਣ ਖੇੜਾ ਦੀ ਅਗਵਾਈ ਹੇਠ ਤੰਬਾਕੂ ਵਿਰੋਧੀ ਪੰਦਰਵਾੜੇ ਦੌਰਾਨ ਢੁਕਵੀਆਂ ਗਤੀਵਿਧੀਆਂ ਜਾਰੀ ਹਨ। ਇਸੇ ਲੜੀ ਵਿੱਚ ਯੂਨੀਵਰਸਿਟੀ ਕੰਸਟੀਚਿਊਐਂਟ ਕਾਲਜ ਫਿਰੋਜ਼ਪੁਰ ਵਿਖੇ ਇੱਕ ਜਾਗਰੂਕਤਾ ਸਭਾ ਆਯੋਜਿਤ ਕੀਤੀ ਗਈ ਜਿਸ ਵਿੱਚ ਜ਼ਿਲ੍ਹਾ ਫੂਡ ਸੇਫਟੀ ਅਫਸਰ ਹਰਵਿੰਦਰ ਸਿੰਘ ਨੇ ਜਾਣਕਾਰੀ ਦਿੱਤੀ ਕਿ ਜ਼ਿਲ੍ਹੇ ਅੰਦਰ ਕੋਟਪਾ ਐਕਟ-2003 ਨੂੰ ਲਾਗੂ ਕਰਵਾਉਣ ਲਈ ਲਗਾਤਾਰ ਢੁਕਵੀਆਂ ਕਾਰਵਾਈਆਂ ਕੀਤੀਆਂ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਫੂਡ ਸੇਫਟੀ ਐਂਡ ਸਟੈਂਡਰਡ ਐਕਟ-2006 ਅਧੀਨ ਰਾਜ ਵਿੱਚ ਗੁਟਕਾ, ਪਾਨ-ਮਸਾਲਾ, ਫਲੇਵਰਡ ਸੈਂਟਿਡ ਚਬਾਉਣ ਵਾਲਾ ਤੰਬਾਕੂ ਅਤੇ ਕੋਈ ਵੀ ਖਾਣ ਵਾਲਾ ਪਦਾਰਥ, ਜਿਸ ਵਿੱਚ ਤੰਬਾਕੂ ਅਤੇ ਨਿਕੋਟੀਨ ਹੋਵੇ ਨੂੰ ਬਣਾਉਣਾ, ਜਮ੍ਹਾ ਕਰਨ ਵੇਚਣ ਅਤੇ ਵੰਡਣ ਤੇ ਪਾਬੰਦੀ ਲਗਾਈ ਗਈ ਹੈ। ਉਨ੍ਹਾਂ ਕਿਹਾ ਕਿ ਜਨਤਕ ਸਥਾਨਾਂ ਤੇ ਤੰਬਾਕੂ ਨੋਸ਼ੀ ਇੱਕ ਸਜ਼ਾਯੋਗ ਅਪਰਾਧ ਹੈ ਅਤੇ ਵਿਭਾਗ ਵੱਲੋਂ ਸਮੇਂ–ਸਮੇਂ ‘ਤੇ ਇਸ ਸਬੰਧੀ ਚਲਾਨ ਵੀ ਕੱਟੇ ਜਾਂਦੇ ਹਨ। ਫੂਡ ਸੇਫਟੀ ਅਫਸਰ ਨੇ ਅੱਗੇ ਖੁਲਾਸਾ ਕੀਤਾ ਕਿ ਤੰਬਾਕੂ ਦੇ ਸੇਵਨ ਕਾਰਨ ਹਰ ਸਾਲ ਦੁਨੀਆਂ ਭਰ ਵਿੱਚ ਲੱਖਾਂ ਲੋਕ ਕੈਂਸਰ ਕਾਰਨ ਮਰਦੇ ਹਨ। ਇਸ ਲਈ ਤੰਬਾਕੂਨੋਸ਼ੀ ਨਾਲ ਹੋਣ ਵਾਲੇ ਨੁਕਸਾਨਾਂ ਤੋਂ ਜਾਣੂ ਹੋਣਾ ਬਹੁਤ ਜ਼ਰੂਰੀ ਹੈ। ਮੂੰਹ ਦੇ ਕੈਂਸਰ ਨਾਲ ਸਬੰਧਤ ਬਿਮਾਰੀਆਂ ਵਿੱਚ ਵਾਧਾ ਜ਼ਿਆਦਾਤਰ ਸਿਗਰਟਨੋਸ਼ੀ ਕਾਰਨ ਹੁੰਦਾ ਹੈ।
ਇਸ ਅਵਸਰ ਤੇ ਮਾਸ ਮੀਡੀਆ ਅਫਸਰ ਰੰਜੀਵ ਸ਼ਰਮਾ ਨੇ ਕਿਹਾ ਕਿ ਤੰਬਾਕੂ ਸੇਵਨ ਸਮੁੱਚੇ ਮਨੁੱਖੀ ਸ਼ਰੀਰ ਤੇ ਬਹੁਤ ਮਾੜੇ ਪ੍ਰਭਾਵ ਪਾਉਂਦਾ ਹੈ। ਉਨ੍ਹਾਂ ਕਿਹਾ ਕਿ ਇਸ ਦੀ ਵਰਤੋਂ ਨਾਲ ਦਿਲ, ਦਿਮਾਗ, ਗੁਰਦਿਆਂ, ਮਿਹਦੇ, ਸਾਹ ਪ੍ਰਣਾਲੀ ਅਤੇ ਪ੍ਰਜਨਣ ਪ੍ਰਣਾਲੀ ਉਤੇ ਮਾਰੂ ਪ੍ਰਭਾਵ ਪੈਂਦੇ ਹਨ। ਤੰਬਾਕੂ ਸੇਵਨ ਫੇਫੜਿਆਂ ਦੇ ਕੈਂਸਰ ਦਾ ਮੁੱਖ ਕਾਰਨ ਵੀ ਬਣਦਾ ਹੈ। ਤੰਬਾਕੂ ਸੇਵਨ ਨਾਲ ਸ਼ਰੀਰ ਦੀ ਇਮੂਨਿਟੀ ਘੱਟਦੀ ਹੈ ਅਤੇ ਇਸਦਾ ਲੰਬਾ ਸਮਾਂ ਸੇਵਨ ਸਮੁੱਚੀ ਸਿਹਤ ਵਿੱਚ ਨਿਘਾਰ ਦਾ ਕਾਰਨ ਬਣਦਾ ਹੈ। ਫੂਡ ਸੇਫਟੀ ਅਫਸਰ ਨੇ ਕਿਹਾ ਕਿ ਜ਼ਿਲ੍ਹਾ ਹਸਪਤਾਲ ਫਿਰੋਜ਼ਪੁਰ ਵਿਖੇ ਤੰਬਾਕੂ ਸੇਵਨ ਛੁਡਾਉਣ ਲਈ ਮਾਹਿਰ ਡਾਕਟਰਾਂ ਦੀਆਂ ਸੇਵਾਵਾਂ ਮੁਫਤ ਉਪਲੱਬਧ ਹਨ। ਇੱਥੇ ਮੁਫਤ ਕਾਊਸਲਿੰਗ ਅਤੇ ਦਵਾਈਆਂ ਦੀ ਸਹੂਲਤ ਮੁਹੱਈਆ ਕਰਵਾਈ ਜਾਂਦੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਕੋਈ ਵੀ ਵਿਅਕਤੀ ਮਜ਼ਬੂਤ ਇੱਛਾਸ਼ਕਤੀ ਅਤੇ ਢੁਕਵੇਂ ਡਾਕਟਰੀ ਇਲਾਜ਼ ਨਾਲ ਤੰਬਾਕੂ ਸੇਵਨ ਦੀ ਭੈੜੀ ਆਦਤ ਤੋਂ ਛੁਟਕਾਰਾ ਪਾ ਸਕਦਾ ਹੈ।
ਇਸ ਅਵਸਰ ਤੇ ਸੰਬੋਧਨ ਕਰਦਿਆਂ ਕਾਲਜ ਦੇ ਟੀਚਰ ਇੰਚਾਰਜ ਜਸਮੀਤ ਸਿੰਘ ਨੇ ਵਿਸ਼ਵ ਤੰਬਾਕੂ ਵਿਰੋਧੀ ਦਿਵਸ ਦੇ ਇਸ ਵਾਰ ਦੇ ਥੀਮ ‘ਤੇ ਚਰਚਾ ਕਰਦਿਆਂ ਕਿਹਾ ਕਿ ਤੰਬਾਕੂ ਦੀ ਵਰਤੋਂ ਸਾਡੇ ਵਾਤਾਵਰਣ ਲਈ ਵੱਡਾ ਖਤਰਾ ਸਾਬਿਤ ਹੋ ਰਹੀ ਹੈ। ਸਿਗਰੇਟਾਂ ਦੇ ਬਚੇ ਹੋਏ ਬਡਜ਼ ਅਤੇ ਤਬਾਕੂ ਪਦਾਰਥਾਂ ਦੀ ਪੈਕਿੰਗ ਜ਼ਮੀਨੀ ਅਤੇ ਜਲ ਸੋਮਿਆਂ ਦੇ ਪ੍ਰਦੂਸ਼ਨ ਦਾ ਕਾਰਨ ਬਣਦੇ ਹਨ। ਕਾਲਜ ਦੇ ਹੀ ਪ੍ਰੋਫੈਸਰ ਧਰਮਿੰਦਰ ਸਿੰਘ ਇਸ ਮੌਕੇ ਕਿਹਾ ਕਿ ਮੂੰਹ ਦੇ ਕੈਂਸਰ ਦੇ ਸਭ ਤੋਂ ਵੱਧ ਕੇਸ ਭਾਰਤ ਵਿੱਚ ਹਨ ਜਿਸਦਾ ਵੱਡਾ ਕਾਰਨ ਤੰਬਾਕੂ ਸੇਵਨ ਹੈ। ਉਨ੍ਹਾਂ ਇਹ ਵੀ ਕਿਹਾ ਕਿ ਤੰਬਾਕੂ ਇੱਕ ਵਧੇਰੇ ਪਾਣੀ ਦੀ ਲਾਗਤ ਵਾਲੀ ਖੇਤੀ ਹੈ ਅਤੇ ਜੇਕਰ ਇਸ ਦੀ ਜਗ੍ਹਾ ਅਨਾਜ ਉਗਾਇਆ ਜਾਵੇ ਤਾਂ ਵਾਤਾਵਰਣ ਦੀ ਸੁਰੱਖਿਆ ਦੇ ਨਾਲ–ਨਾਲ ਇੱਕ ਵੱਡੀ ਵੱਸੋਂ ਦਾ ਪੇਟ ਭਰਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਮੌਜੂਦ ਸਮੂਹ ਵਿਦਿਆਰਥੀਆਂ ਨੂੰ ਤੰਬਾਕੂ ਸੇਵਨ ਵਿਰੁੱਧ ਸਹੁੰ ਚੁਕਵਾਈ ਗਈ ਅਤੇ ਤੰਬਾਕੂ ਵਿਰੋਧੀ ਸਿਗਨੇਚਰ ਕੰਪੇਨ ਸ਼ੁਰੂ ਕੀਤੀ ਗਈ। ਇਸ ਮੌਕੇ ਫਡ ਸੇਫਟੀ ਟੀਮ ਵਿੱਚ ਸੁਖਚੈਨ ਸਿੰਘ ਅਤੇ ਗੁਰਵਿੰਦਰ ਅਤੇ ਕਈ ਹੋਰ ਹਾਜ਼ਰ ਸਨ।