ਨਰੇਗਾ ਕਰਮਚਾਰੀ ਯੂਨੀਅਨ ਪੰਜਾਬ ਦਾ ਸੂਬਾ ਪੱਧਰੀ ਇਜਲਾਸ 7 ਮਈ ਨੂੰ ਕਾਮਰੇਡ ਨਛੱਤਰ ਸਿੰਘ ਧਾਲੀਵਾਲ ਹਾਲ ਮੋਗਾ ਵਿਖੇ
ਨਰੇਗਾ ਕਰਮਚਾਰੀ ਯੂਨੀਅਨ ਪੰਜਾਬ ਦਾ ਸੂਬਾ ਪੱਧਰੀ ਇਜਲਾਸ 7 ਮਈ ਨੂੰ ਕਾਮਰੇਡ ਨਛੱਤਰ ਸਿੰਘ ਧਾਲੀਵਾਲ ਹਾਲ ਮੋਗਾ ਵਿਖੇ
Ferozepur, May 3,2022: ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਵਿੱਚ ਪਿਛਲੇ ਲਗਭਗ 14 ਸਾਲਾਂ ਤੋਂ ਕੱਚੀਆਂ ਅਸਾਮੀਆਂ ਤੇ ਕੰਮ ਕਰ ਰਹੇ ਨਰੇਗਾ ਮੁਲਾਜ਼ਮਾਂ ਦੀ ਜਥੇਬੰਦੀ ਨਰੇਗਾ ਕਰਮਚਾਰੀ ਯੂਨੀਅਨ ਪੰਜਾਬ ਦਾ ਸੂਬਾ ਪੱਧਰੀ ਇਜਲਾਸ 7 ਮਈ ਨੂੰ ਕਾਮਰੇਡ ਨਛੱਤਰ ਸਿੰਘ ਧਾਲੀਵਾਲ ਹਾਲ ਮੋਗਾ ਵਿਖੇ ਕਰਨ ਦਾ ਐਲਾਨ ਕੀਤਾ ਗਿਆ ਹੈ।
ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਵੱਲੋਂ ਸਾਂਝਾ ਪ੍ਰੈੱਸ ਬਿਆਨ ਜਾਰੀ ਕਰਦਿਆਂ ਜਾਣਕਾਰੀ ਦਿੱਤੀ ਕਿ ਪੰਜਾਬ ਸਰਕਾਰ ਬਦਲ ਚੁੱਕੀ ਹੈ। ਪਿਛਲੀਆਂ ਸਰਕਾਰਾਂ ਵੱਲੋਂ ਵਾਰੀ-ਵਾਰੀ ਪੰਜ ਸਾਲ ਸਿਰਫ਼ ਝੂਠੇ ਲਾਰਿਆਂ ਵਿੱਚ ਲੰਘਾ ਲਏ ਜਾਂਦੇ ਰਹੇ ਹਨ। ਅੱਜ ਨਰੇਗਾ ਮੁਲਾਜ਼ਮਾਂ ਦੇ ਹਾਲਾਤ ਬਦ ਤੋਂ ਬਦਤਰ ਹੁੰਦੇ ਜਾ ਰਹੇ ਹਨ। ਕੰਮ ਦੇ ਲੋੜ ਤੋਂ ਵੱਧ ਬੋਝ ਕਾਰਨ ਬਹੁਤੇ ਨਰੇਗਾ ਮੁਲਾਜ਼ਮ ਨੌਕਰੀ ਛੱਡ ਰਹੇ ਹਨ। ਕਈਆਂ ਨੇ ਦੁਰਘਟਨਾਵਾਂ ਵਿੱਚ ਆਪਣੀ ਜਾਨ ਦੇ ਦਿੱਤੀ ਹੈ। ਬਹੁਤ ਸਾਰੇ ਨਰੇਗਾ ਮੁਲਾਜ਼ਮ ਮਾਨਸਿਕ ਰੋਗੀ ਹੋ ਚੁੱਕੇ ਹਨ। ਬਹੁਤ ਸਾਰੇ ਦਵਾਈਆਂ ਸਹਾਰੇ ਜ਼ਿੰਦਗੀ ਜਿਊਂਦੇ ਹਨ। ਦੇਸ਼ ਦੀ ਸਭ ਤੋਂ ਪਾਰਦਰਸ਼ੀ ਅਤੇ ਭ੍ਰਿਸ਼ਟਾਚਾਰ ਰਹਿਤ ਸਕੀਮ ਹੋਣ ਦੇ ਬਾਵਜੂਦ ਵੀ 14 ਸਾਲਾਂ ਦੀ ਨੌਕਰੀ ਤੋਂ ਬਾਅਦ ਵੀ ਅੱਜ ਤੱਕ ਨਰੇਗਾ ਮੁਲਾਜ਼ਮਾਂ ਨੂੰ ਬਣਦੇ ਸਕੇਲ ਨਾਲ ਤਨਖ਼ਾਹਾਂ ਨਹੀਂ ਦਿੱਤੀਆਂ ਜਾ ਰਹੀਆਂ।ਮਾਨ ਸਰਕਾਰ ਵੱਲੋਂ ਸੱਤਾ ਵਿੱਚ ਆਉਣ ਤੋਂ ਪਹਿਲਾਂ ਅਤੇ ਹੁਣ ਸਰਕਾਰ ਬਣਦਿਆਂ ਹੀ ਕੱਚੇ ਮੁਲਾਜ਼ਮਾਂ ਨੂੰ ਜੂਨ ਸ਼ੈਸ਼ਨ ਵਿੱਚ ਰੈਗੂਲਰ ਕਰਨ ਦਾ ਐਲਾਨ ਕੀਤਾ ਹੈ ਪਰ ਦੂਜੇ ਪਾਸੇ ਹਾਲਾਤ ਬਿਲਕੁਲ ਉਲਟ ਹਨ।
ਪੰਚਾਇਤ ਵਿਭਾਗ ਵਿੱਚ ਪਿਛਲੇ ਪੰਦਰਾਂ ਸਾਲਾਂ ਵਿੱਚ ਕਈ ਵਾਰ ਭਰਤੀਆਂ ਹੋ ਚੁੱਕੀਆਂ ਹਨ ਜਿਨ੍ਹਾਂ ਵਿੱਚ ਨਰੇਗਾ ਮੁਲਾਜ਼ਮਾਂ ਨੂੰ ਵਿਚਾਰਿਆ ਨਹੀਂ ਗਿਆ।ਹੁਣ ਫਿਰ ਜੂਨੀਅਰ ਇੰਜੀਨੀਅਰਾਂ ਅਤੇ ਗਰਾਮ ਸੇਵਕਾਂ ਦੀ ਨਵੀਂ ਭਰਤੀ ਕੱਢਣ ਦੀ ਬਿਲਕੁਲ ਤਿਆਰੀ ਹੈ ਜਦਕਿ ਅੱਜ ਵਿਭਾਗ ਦਾ ਉਕਤ ਅਸਾਮੀਆਂ ਦਾ ਸਾਰਾ ਕੰਮ ਨਰੇਗਾ ਮੁਲਾਜ਼ਮਾਂ ਜੁੰਮੇ ਹੈ।
ਉਹਨਾਂ ਜਾਣਕਾਰੀ ਦਿੰਦਿਆਂ ਕਿਹਾ ਕਿ ਸਾਰੀਆਂ ਕੈਟਾਗਰੀਆਂ ਦੇ ਮੁਲਾਜ਼ਮਾਂ ਵਿੱਚੋਂ ਨੁਮਾਇੰਦਿਆਂ ਦੀ ਚੋਣ ਕਰਕੇ ਸੂਬਾ ਕਮੇਟੀ ਦਾ ਪੁਨਰਗਠਨ ਹੋਵੇਗਾ,ਪਿਛਲੇ ਪ੍ਰੋਗਰਾਮਾਂ ਦਾ ਲੇਖਾ-ਜੋਖਾ ਹੋਵੇਗਾ। ਇਸਤੋਂ ਬਾਅਦ ਅਗਲੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ। ਸਮੂਹ ਆਗੂਆਂ ਨੇ ਪੰਜਾਬ ਦੇ ਹਰ ਇੱਕ ਨਰੇਗਾ ਮੁਲਾਜ਼ਮ ਨੂੰ ਇਜਲਾਸ ਵਿੱਚ ਵਧ ਚੜ੍ਹ ਕੇ ਹਿੱਸਾ ਲੈਣ ਦੀ ਬੇਨਤੀ ਵੀ ਕੀਤੀ |