ਪੰਜਾਬ ਦੇ ਦਸ ਵੱਡੇ ਲੇਖਕਾਂ ਦੇ ਪਿੰਡਾਂ ਵਿੱਚ ਲਾਇਬ੍ਰੇਰੀਆਂ ਖੋਲ੍ਹੀਆਂ ਜਾਣਗੀਆਂ -ਕੁਲਦੀਪ ਸਿੰਘ ਧਾਲੀਵਾਲ
ਪੰਜਾਬ ਦੇ ਦਸ ਵੱਡੇ ਲੇਖਕਾਂ ਦੇ ਪਿੰਡਾਂ ਵਿੱਚ ਲਾਇਬ੍ਰੇਰੀਆਂ ਖੋਲ੍ਹੀਆਂ ਜਾਣਗੀਆਂ-ਕੁਲਦੀਪ ਸਿੰਘ ਧਾਲੀਵਾਲ
ਫ਼ਿਰੋਜ਼ਪੁਰ, 7.2.2022: ਪਿੰਡਾਂ ਵਿੱਚ ਵਿਕਾਸ ਦਾ ਮਤਲਬ ਸਿਰਫ਼ ਗਲੀਆਂ ਨਾਲੀਆਂ ਹੀ ਨਹੀਂ ਹੁੰਦਾ ਸਗੋਂ ਪੇਂਡੂ ਨੌਜਵਾਨਾਂ ਨੂੰ ਸਹੀ ਦਿਸ਼ਾ ਵੱਲ ਤੁਰਨ ਦੇ ਮੌਕੇ ਮੁਹੱਈਆ ਕਰਵਾਉਣਾ ਲਾਜ਼ਮੀ ਹੈਂ ਅਤੇ ਕਿਤਾਬਾਂ ਇਸ ਪਾਸੇ ਮਹੱਤਵਪੂਰਨ ਰੋਲ ਨਿਭਾ ਸਕਦੀਆਂ ਹਨ। ਇਸ ਸੋਚ ਨੂੰ ਲੈ ਕੇ ਪੰਜਾਬੀ ਲੇਖਕਾਂ ਦਾ ਇੱਕ ਵਫ਼ਦ ਪ੍ਰੋ.ਗੁਰਤੇਜ ਕੋਹਾਰਵਾਲਾ,ਪ੍ਰੋ.ਜਸਪਾਲ ਘਈ,ਹਰਮੀਤ ਵਿਦਿਆਰਥੀ ਅਤੇ ਰਾਜੀਵ ਖ਼ਿਆਲ ਦੀ ਅਗਵਾਈ ਹੇਠ ਪੰਜਾਬ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਸ.ਕੁਲਦੀਪ ਸਿੰਘ ਧਾਲੀਵਾਲ ਨੂੰ ਮਿਲਿਆ। ਵਫ਼ਦ ਨੇ ਮੰਗ ਪੱਤਰ ਪੇਸ਼ ਕਰਕੇ ਮੰਗ ਕੀਤੀ ਕਿ ਪੰਜਾਬ ਸਦਾ ਮੁਲਕ ਦੀ ਖੜਗ ਭੁਜਾ ਅਤੇ ਅੰਨਦਾਤਾ ਰਿਹਾ ਹੈ ਪਰ ਬਾਬਾ ਨਾਨਕ ਦੇ ਸ਼ਬਦ ਨਾਲ ਵਰੋਸਾਈ ਇਸ ਧਰਤੀ ਤੇ ਸ਼ਬਦ ਸੱਭਿਆਚਾਰ ਨੂੰ ਪ੍ਰਫੁੱਲਿਤ ਕਰਨ ਉਪਰਾਲੇ ਨਹੀਂ ਹੋਏ। ਪੰਜਾਬੀ ਲੇਖਕਾਂ ਨੇ ਮੰਗ ਕੀਤੀ ਕਿ ਪੰਜਾਬ ਦੇ ਉਹ ਪਿੰਡ ਜਿੰਨਾ ਦੀ ਆਬਾਦੀ 2000 ਤੋਂ ਉੱਤੇ ਹੈ ।
ਉਹਨਾਂ ਵਿੱਚ ਲਾਇਬ੍ਰੇਰੀਆਂ ਖੋਲ੍ਹਣ ਅਤੇ ਉਹਨਾਂ ਦੀ ਸਾਂਭ ਸੰਭਾਲ ਦੇ ਪ੍ਰਬੰਧ ਲਈ ਨੀਤੀ ਬਣਾਈ ਜਾਵੇ। ਫ਼ਿਰੋਜ਼ਪੁਰ ਸ਼ਹਿਰੀ ਦੇ ਐਮ.ਐਲ.ਏ. ਸ.ਰਣਬੀਰ ਸਿੰਘ ਭੁੱਲਰ ਅਤੇ ਗੁਰੂਹਰਸਹਾਏ ਦੇ ਵਿਧਾਇਕ ਸ.ਫੌਜਾ ਸਿੰਘ ਸਰਾਰੀ ਨੇ ਪੰਜਾਬੀ ਲੇਖਕਾਂ ਦੀ ਇਸ ਮੰਗ ਦਾ ਜੋਰਦਾਰ ਸਮਰਥਨ ਕੀਤਾ।
ਇਸ ਮੌਕੇ ਤੇ ਵਫ਼ਦ ਨਾਲ ਗੱਲ ਕਰਦਿਆਂ ਸ.ਕੁਲਦੀਪ ਸਿੰਘ ਧਾਲੀਵਾਲ ਨੇ ਐਲਾਨ ਕੀਤਾ ਕਿ ਪਾਇਲਟ ਪ੍ਰਾਜੈਕਟ ਦੇ ਤੌਰ ਉਹਨਾਂ ਦਾ ਮਹਿਕਮੇ ਵੱਲੋਂ ਪੰਜਾਬ ਦੇ ਦਸ ਵੱਡੇ ਲੇਖਕਾਂ ਦੇ ਪਿੰਡਾਂ ਵਿੱਚ ਲਾਇਬ੍ਰੇਰੀਆਂ ਖੋਲ੍ਹੀਆਂ ਜਾਣਗੀਆਂ ਅਤੇ ਇਸ ਪਾਇਲਟ ਪ੍ਰਾਜੈਕਟ ਦੀ ਜਾਂਚ ਪੜਤਾਲ ਕਰਕੇ ਇਸ ਕਾਰਜ ਨੂੰ ਅੱਗੇ ਵਧਾਇਆ ਜਾਏਗਾ।
ਮੰਤਰੀ ਜੀ ਨੇ ਇਹ ਵੀ ਕਿਹਾ ਕਿ ਇਹਨਾਂ ਲਾਇਬ੍ਰੇਰੀਆਂ ਨੂੰ ਠੀਕ ਢੰਗ ਨਾਲ ਚਲਾਉਣ ਲਈ ਨੀਤੀ ਬਨਾਉਣ ਵਾਸਤੇ ਛੇਤੀ ਹੀ ਪੰਜਾਬ ਦੇ ਬੁੱਧੀਜੀਵੀਆਂ/ਲੇਖਕਾਂ ਨਾਲ ਇੱਕ ਮੀਟਿੰਗ ਕੀਤੀ ਜਾਵੇਗੀ। ਵਫ਼ਦ ਵਿੱਚ ਸ਼ਾਮਲ ਲੇਖਕਾਂ ਨੇ ਮੰਤਰੀ ਜੀ ਅਤੇ ਦੋਵਾਂ ਵਿਧਾਇਕਾਂ ਦਾ ਧੰਨਵਾਦ ਕੀਤਾ ਅਤੇ ਉਮੀਦ ਜਤਾਈ ਕਿ ਛੇਤੀ ਹੀ ਪੰਜਾਬ ਦੇ ਦਸ ਪਿੰਡਾਂ ਵਿੱਚ ਲਾਇਬ੍ਰੇਰੀਆਂ ਸ਼ੁਰੂ ਹੋ ਜਾਣਗੀਆਂ।ਇਸ ਵਫ਼ਦ ਵਿੱਚ ਕਮਲ ਸ਼ਰਮਾ ਗੁਰਬਖਸ਼ ਸਿੰਘ ਸਮੇਤ ਬਹੁਤ ਸਾਰੇ ਲੇਖਕ ਬੁੱਧੀਜੀਵੀ ਸ਼ਾਮਲ ਸਨ।